ਨਿਊਯਾਰਕ— ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਤੇ ਉਸ ਦੀ ਚੀਨੀ ਜੋੜੀਦਾਰ ਸ਼ੂਆਈ ਪੇਂਗ ਨੇ ਇਥੇ ਜੇਤੂ ਪ੍ਰਦਰਸ਼ਨ ਬਰਕਰਾਰ ਰੱਖਦਿਆਂ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।
ਭਾਰਤੀ-ਚੀਨੀ ਖਿਡਾਰੀਆਂ ਦੀ ਚੌਥੀ ਦਰਜਾ ਪ੍ਰਾਪਤ ਜੋੜੀ ਨੇ ਮਹਿਲਾ ਡਬਲਜ਼ ਕੁਆਰਟਰ ਫਾਈਨਲ 'ਚ ਟਿਮੀਆ ਬਾਬੋਸ ਤੇ ਆਂਦ੍ਰਿਯਾ ਲਾਵਾਕੋਵਾ ਦੀ ਜੋੜੀ ਨੂੰ ਲਗਾਤਾਰ ਸੈੱਟਾਂ 'ਚ 7-6, 6-4 ਨਾਲ ਹਰਾ ਕੇ ਆਖਰੀ-4 'ਚ ਜਗ੍ਹਾ ਪੱਕੀ ਕਰ ਲਈ ਹੈ।
ਪੰਜਵੀਂ ਸੀਡ ਹੰਗਰੀ-ਚੈੱਕ ਜੋੜੀ ਵਿਰੁੱਧ ਭਾਰਤੀ-ਚੀਨੀ ਖਿਡਾਰੀਆਂ ਦਾ ਸੰਘਰਸ਼ ਇਕ ਘੰਟਾ 56 ਮਿੰਟ ਤਕ ਚੱਲਿਆ। ਇਸ ਨੂੰ ਸਾਨੀਆ ਦਾ ਇਸ ਸਾਲ ਗ੍ਰੈਂਡ ਸਲੈਮ ਵਿਚ ਹੁਣ ਤਕ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਆਸਟ੍ਰੇਲੀਅਨ ਓਪਨ ਤੇ ਵਿੰਬਲਡਨ ਦੇ ਤੀਜੇ ਦੌਰ ਵਿਚ ਹੀ ਹਾਰ ਕੇ ਬਾਹਰ ਹੋ ਗਈ ਸੀ, ਜਦਕਿ ਫ੍ਰੈਂਚ ਓਪਨ ਵਿਚ ਤਾਂ ਉਹ ਪਹਿਲਾ ਹੀ ਦੌਰ ਪਾਰ ਨਹੀਂ ਕਰ ਸਕੀ ਸੀ।
ਸਾਨੀਆ-ਸ਼ੂਆਈ ਸਾਹਮਣੇ ਹਾਲਾਂਕਿ ਹੁਣ ਫਾਈਨਲ 'ਚ ਪਹੁੰਚਣ ਲਈ ਮੁਸ਼ਕਿਲ ਚੁਣੌਤੀ ਹੋਵੇਗੀ, ਜਿਥੇ ਉਹ ਆਪਣੀ ਸਾਬਕਾ ਜੋੜੀਦਾਰ ਤੇ ਦੂਜਾ ਦਰਜਾ ਪ੍ਰਾਪਤ ਮਾਰਟਿਨਾ ਹਿੰਗਿਸ ਤੇ ਯੰਗ ਜਾਨ ਚਾਨ ਨਾਲ ਭਿੜੇਗੀ।
ਵਿੰਬਲਡਨ ਵਿਚ ਵੀ ਸਾਨੀਆ ਨੂੰ ਹਿੰਗਿਸ ਨੇ ਹੀ ਹਰਾਇਆ ਸੀ ਤੇ ਅਜਿਹੇ ਵਿਚ ਇਸ ਵਾਰ ਉਸ ਨੂੰ ਚੌਕਸ ਰਹਿਣਾ ਪਵੇਗਾ ਕਿਉਂਕਿ ਫਿਲਹਾਲ ਗ੍ਰੈਂਡ ਸਲੈਮ ਵਿਚ ਉਹ ਇਕੱਲੀ ਭਾਰਤੀ ਚੁਣੌਤੀ ਦੀ ਪ੍ਰਤੀਨਿਧਤਾ ਕਰ ਰਹੀ ਹੈ।
ਇਸ ਸੈਸ਼ਨ ਵਿਚ ਭਾਰਤੀ ਖਿਡਾਰਨ ਦਾ ਪ੍ਰਦਰਸ਼ਨ ਕਾਫੀ ਔਸਤ ਰਿਹਾ ਤੇ ਉਹ ਬ੍ਰਿਸਬੇਨ ਤੋਂ ਇਲਾਵਾ ਕੋਈ ਖਿਤਾਬ ਨਹੀਂ ਜਿੱਤ ਸਕੀ ਹੈ। ਉਸ ਨੇ ਨਾਲ ਹੀ ਕਈ ਜੋੜੀਦਾਰ ਵੀ ਬਦਲੇ ਹਨ। ਉਹ 2016 ਸੈਸ਼ਨ ਵਿਚ ਨੰਬਰ ਵਨ ਰਹੀ ਸੀ ਤੇ ਉਸ ਨੇ 8 ਖਿਤਾਬ ਜਿੱਤੇ ਸਨ, ਜਿਸ ਵਿਚੋਂ ਪੰਜ ਉਸ ਨੇ ਹਿੰਗਿਸ ਨਾਲ ਜਿੱਤੇ ਪਰ ਉਸ ਤੋਂ ਵੱਖ ਹੋਣ ਤੋਂ ਬਾਅਦ ਉਹ ਰੈਂਕਿੰਗ ਵਿਚ ਵੀ ਖਿਸਕ ਕੇ ਨੌਵੇਂ ਨੰਬਰ 'ਤੇ ਆ ਗਈ ਹੈ, ਜਦਕਿ ਹੁਣ ਤਕ ਉਹ ਕੋਈ ਵੱਡਾ ਖਿਤਾਬ ਨਹੀਂ ਜਿੱਤ ਸਕੀ ਹੈ।
ਅੰਸ਼ੂ ਨੇ ਵਿਸ਼ਵ ਕੈਡਿਟ ਕੁਸ਼ਤੀ 'ਚ ਜਿੱਤਿਆ ਸੋਨਾ
NEXT STORY