ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ਼ ਅਤੇ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 'ਚ ਇਕ ਅਜਿਹਾ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ ਹੈ, ਜੋ ਹੁਣ ਤੱਕ ਪੁਰਸ਼ ਜਾਂ ਮਹਿਲਾ ਕ੍ਰਿਕਟ 'ਚ ਕੋਈ ਵੀ ਬੱਲੇਬਾਜ਼ ਹਾਸਲ ਨਹੀਂ ਕਰ ਸਕਿਆ ਸੀ। ਲੀਡਜ਼ ਦੇ ਹੈਡਿੰਗਲੇ ਮੈਦਾਨ 'ਤੇ ਨੀਦਰਲੈਂਡ ਵਿਰੁੱਧ ਖੇਡੇ ਗਏ ਮੁਕਾਬਲੇ 'ਚ ਮੰਧਾਨਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ 600 ਚੌਕੇ ਪੂਰੇ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ।
ਸਮ੍ਰਿਤੀ ਮੰਧਾਨਾ ਦੇ ਨਾਮ ਹੁਣ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਕੁੱਲ 604 ਚੌਕੇ ਦਰਜ ਹੋ ਗਏ ਹਨ। ਉਹ ਇਸ ਫਾਰਮੈਟ 'ਚ 600 ਤੋਂ ਵੱਧ ਚੌਕੇ ਲਗਾਉਣ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟਰ ਬਣ ਗਈ ਹੈ। ਇਸ ਸੂਚੀ 'ਚ ਉਹ ਪੁਰਸ਼ ਕ੍ਰਿਕਟ ਦੇ ਦਿੱਗਜਾਂ ਤੋਂ ਵੀ ਕਾਫੀ ਅੱਗੇ ਹੈ, ਪਾਕਿਸਤਾਨ ਦੇ ਬਾਬਰ ਆਜ਼ਮ, ਜੋ ਪੁਰਸ਼ਾਂ 'ਚ ਸਭ ਤੋਂ ਵੱਧ ਚੌਕੇ ਲਗਾਉਣ ਵਾਲੇ ਬੱਲੇਬਾਜ਼ ਹਨ, ਉਨ੍ਹਾਂ ਦੇ ਨਾਮ 477 ਚੌਕੇ ਹਨ। ਮਹਿਲਾ ਕ੍ਰਿਕਟ 'ਚ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ 521 ਚੌਕਿਆਂ ਨਾਲ ਦੂਜੇ ਸਥਾਨ 'ਤੇ ਹੈ।
ਮੰਧਾਨਾ ਨੇ ਨੀਦਰਲੈਂਡ ਦੇ ਗੇਂਦਬਾਜ਼ਾਂ ਦੇ ਰੱਜ ਕੇ ਛੱਕੇ ਛੁਡਾਏ ਅਤੇ 47 ਗੇਂਦਾਂ 'ਚ 74 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ 'ਚ 11 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ 20 ਓਵਰਾਂ 'ਚ 209 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਮੈਚ 95 ਦੌੜਾਂ ਦੇ ਵੱਡੇ ਅੰਤਰ ਨਾਲ ਜਿੱਤ ਲਿਆ। ਮੰਧਾਨਾ ਨੂੰ ਉਨ੍ਹਾਂ ਦੀ ਇਸ ਇਤਿਹਾਸਕ ਪਾਰੀ ਲਈ 'ਪਲੇਅਰ ਆਫ ਦ ਮੈਚ' ਚੁਣਿਆ ਗਿਆ।
ਇਸ ਮੈਚ 'ਚ ਸਿਰਫ਼ ਮੰਧਾਨਾ ਹੀ ਨਹੀਂ, ਸਗੋਂ ਗੇਂਦਬਾਜ਼ ਦੀਪਤੀ ਸ਼ਰਮਾ ਨੇ ਵੀ ਇਤਿਹਾਸ ਰਚਿਆ। ਦੀਪਤੀ ਨੇ ਇੱਕ ਵਿਕਟ ਝਟਕਾ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ 355 ਵਿਕਟਾਂ ਲੈਣ ਦੇ ਮਾਮਲੇ 'ਚ ਦਿੱਗਜ ਝੂਲਨ ਗੋਸਵਾਮੀ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਆਸਟ੍ਰੇਲੀਆ ਨੂੰ ਪਛਾੜ ਕੇ ਗਰੁੱਪ-ਏ ਦੀ ਅੰਕ ਸੂਚੀ 'ਚ ਪਹਿਲੇ ਨੰਬਰ 'ਤੇ ਪਹੁੰਚ ਗਈ ਹੈ।
ਭਾਰਤੀ ਕ੍ਰਿਕਟ 'ਚ 15 ਸਾਲਾਂ ਤੋਂ ਨਹੀਂ ਟੁੱਟਾ ਇਹ ਰਿਕਾਰਡ, ਗਿੱਲ-ਕੋਹਲੀ ਤੋਂ ਰੋਹਿਤ ਸ਼ਰਮਾ ਤਕ ਸਭ ਰਹਿ ਗਏ ਪਿੱਛੇ
NEXT STORY