ਬਰਮਿੰਘਮ- ਦੱਖਣੀ ਅਫਰੀਕਾ ਨੂੰ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਫੈਸਲਾਕੁੰਨ ਮੌਕਿਆਂ 'ਤੇ ਲੜਖੜਾਉਣ ਲਈ ਚੋਕਰਸ ਕਿਹਾ ਜਾਂਦਾ ਹੈ ਪਰ ਇਸ ਵਿਸ਼ਵ ਕੱਪ ਵਿਚ ਟੀਮ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ ਹੈ। ਦੱਖਣੀ ਅਫਰੀਕਾ ਜਿਹੀ ਟੀਮ ਤੋਂ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਉਹ ਵਿਸ਼ਵ ਕੱਪ ਦੇ ਮੰਚ 'ਤੇ ਇੰਨਾ ਖਰਾਬ ਪ੍ਰਦਰਸ਼ਨ ਕਰੇਗੀ। ਦੱਖਣੀ ਅਫਰੀਕਾ ਨੂੰ ਬੁੱਧਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਦੱਖਣੀ ਅਫਰੀਕਾ ਦੇ ਖਿਡਾਰੀਆਂ ਨੇ ਕੈਚ ਛੱਡੇ, ਰਨ ਆਉੂਟ ਕਰਨੇ ਮਿਸ ਕੀਤੇ, ਡੀ. ਆਰ. ਐੱਸ. ਨਹੀਂ ਲਿਆ ਤੇ ਬਾਊਂਡਰੀ 'ਤੇ ਖਰਾਬ ਫੀਲਡਿੰਗ ਕੀਤੀ, ਜਿਸ ਦਾ ਫਾਇਦਾ ਨਿਉੂਜ਼ੀਲੈਂਡ ਦੇ ਕਪਤਾਨ ਕੇਨ ਵਿਲਿਅਮਸ ਨੇ ਖੂਬ ਲਿਆ ਤੇ ਸੈਂਕੜਾ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਡੇਵਿਡ ਮਿਲਰ ਨੇ ਵਿਲੀਅਮਸ ਨੂੰ ਨਾਨ-ਸਟ੍ਰਾਈਕਰ ਐਂਡ 'ਤੋਂ ਰਨ ਆਉੂਟ ਕਰਨ ਦਾ ਮੌਕਾ ਗੁਆ ਦਿੱਤਾ।
ਇਸ ਤੋਂ ਪਹਿਲਾਂ ਮਿਲਰ ਨੇ ਕੋਲਿਨ ਡੀ. ਗ੍ਰੈਂਡਹੋਮ ਨੂੰ ਰਨ ਆਉੂਟ ਕਰਨ ਦਾ ਮੌਕਾ ਗੁਆ ਦਿੱਤਾ, ਜਦੋਂ ਉਸ ਦਾ ਸਕੋਰ 14 ਦੌੜਾਂ ਸੀ। ਮਿਲਰ ਨੇ ਹੀ ਲੈੱਗ ਸਪਿਨਰ ਇਮਰਾਨ ਤਾਹਿਰ ਦੀ ਗੇਂਦ ਤੇ ਗ੍ਰੈਂਡਹੋਮ ਦਾ ਕੈਚ ਛੱਡਿਆ ਸੀ। ਦੱਖਣੀ ਅਫਰੀਕਾ ਨੇ ਇਸ ਮੁਕਾਬਲੇ 'ਚ ਮੈਚ ਜਿੱਤਣ ਦੇ ਕਈ ਮੌਕੇ ਗੁਆਏ।
ਨਿਊਜ਼ੀਲੈਂਡ ਵਿਰੁੱਧ ਮੁਕਾਬਲੇ 'ਚ ਵਿਲੀਅਮਸ 76 'ਤੇ ਸੀ ਤੇ ਟੀਮ ਨੂੰ 70 ਦੌੜਾਂ ਚਾਹੀਦੀਆਂ ਸਨ। ਤਾਹਿਰ ਦੀ ਗੇਂਦ ਵਿਲੀਅਮਸ ਦੇ ਬੱਲੇ ਦਾ ਕਿਨਾਰਾ ਲੈ ਕੇ ਵਿਕਟ ਕੀਪਰ ਦੇ ਦਸਤਾਨਿਆਂ 'ਚ ਚਲੀ ਗਈ। ਤਾਹਿਰ ਨੇ ਅਪੀਲ ਕੀਤੀ ਪਰ ਵਿਕਟ ਕੀਪਰ ਕਵਿੰਟਨ ਡੀਕੌਕ ਖਾਮੋਸ਼ ਰਿਹਾ। ਕਪਤਾਨ ਫਾਫ ਡੂ ਪਲੇਸਿਸ ਨੇ ਵੀ ਡੀ. ਆਰ. ਐੱਸ. ਬਾਰੇ ਨਹੀਂ ਸੋਚਿਆ। ਇਕ ਮਿੰਟ ਬਾਅਦ ਟੀ. ਵੀ. ਸਕਰੀਨ 'ਤੇ ਦਿਖਾਇਆ ਗਿਆ ਕਿ ਬੱਲੇ ਦਾ ਅਲਟ੍ਰਾ ਐੱਜ ਸੀ ਤੇ ਦੱਖਣੀ ਅਫਰੀਕਾ ਹੱਥੋਂ ਸੁਨਹਿਰੀ ਮੌਕਾ ਨਿਕਲ ਗਿਆ। ਦੱਖਣੀ ਅਫਰੀਕਾ ਲਈ ਵਿਸ਼ਵ ਕੱਪ ਦੇ ਮੌਕੇ ਗੁਆਉਣ ਦੀ ਮਾੜੀ ਆਦਤ ਤੋਂ ਮੁਕਤ ਹੋਣਾ ਮੁਸ਼ਕਿਲ ਲੱਗ ਰਿਹਾ ਹੈ। ਉਸ ਕੋਲ ਅਜੇ ਤਿੰਨ ਬਚੇ ਹਨ ਤੇ ਉਸ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ।
ਦੱਖਣੀ ਅਫਰੀਕਾ ਦਾ ਵਿਸ਼ਵ ਕੱਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ
ਦੱਖਣੀ ਅਫਰੀਕਾ ਦਾ ਵਿਸ਼ਵ ਕੱਪ ਇਤਿਹਾਸ ਇਸੇ ਤਰ੍ਹਾਂ ਹੀ ਮਾੜੇ ਸੁਪਨੇ ਵਰਗਾ ਰਿਹਾ ਹੈ। 1992 ਦੇ ਵਿਸ਼ਵ ਕੱਪ ਵਿਚ ਪਹਿਲੀ ਵਾਰ ਖੇਡਦੇ ਹੋਏ ਉਸ ਨੇ ਇੰਗਲੈਂਡ ਵਿਰੁੱਧ ਸੈਮੀਫਾਈਨਲ 'ਚ ਬਾਰਿਸ਼ ਨੇ ਰੁਲਾ ਦਿੱਤਾ ਸੀ। ਦੱਖਣੀ ਅਫਰੀਕਾ ਨੂੰ 13 ਗੇਂਦਾਂ 'ਤੇ 22 ਦੌੜਾਂ ਦੀ ਲੋੜ ਸੀ ਤਾਂ ਬਾਰਿਸ਼ ਆ ਗਈ। ਬਾਰਿਸ਼ ਰੁਕਣ ਤੋਂ ਬਾਅਦ ਜਦੋਂ ਖੇਡ ਸ਼ੁਰੂ ਹੋਈ ਤਾਂ ਡਕਵਰਥ ਲੂਈਸ ਨਿਯਮ ਤਹਿਤ ਦੱਖਣੀ ਅਫਰੀਕਾ ਨੂੰ ਇਕ ਗੇਂਦ 'ਤੇ 22 ਦੌੜਾਂ ਬਣਾਉਣ ਦਾ ਟੀਚਾ ਦਿੱਤਾ ਗਿਆ ਜੋ ਅਸੰਭਵ ਸੀ।
1999 ਦੇ ਵਿਸ਼ਵ ਕੱਪ ਵਿਚ ਐਲਨ ਡੋਨਾਲਡ ਦੇ ਰਨ ਆਊਟ ਹੋਣ ਨਾਲ ਦੱਖਣੀ ਅਫਰੀਕਾ ਸੈਮੀਫਾਈਨਲ ਵਿਚ ਆਸਟਰੇਲੀਆ ਤੋਂ ਹਾਰ ਗਿਆ, ਜਦਕਿ 2011 ਵਿਚ ਮੀਰਪੁਰ 'ਚ ਏ. ਬੀ. ਡਿਵੀਲੀਅਰਸ ਦਾ ਰਨ ਆਉੂਟ ਹੋਣਾ ਦੱਖਣੀ ਅਫਰੀਕਾ ਨੂੰ ਮਹਿੰਗਾ ਪਿਆ।
11 ਸਾਲ ਬਾਅਦ ਆਪਣੀ ਮੇਜ਼ਬਾਨੀ ਵਿਚ 2003 ਵਿਚ ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਨੂੰ ਸ਼੍ਰੀਲੰਕਾ ਵਿਰੁੱਧ ਬਾਰਿਸ਼ ਤੋਂ ਪ੍ਰਭਾਵਿਤ ਮੈਚ ਵਿਚ ਮੁਕਾਬਲਾ ਜਿੱਤਣ ਲਈ ਆਖਰੀ ਦੋ ਗੇਂਦਾਂ 'ਤੇ 7 ਦੌੜਾਂ ਚਾਹੀਦੀਆਂ ਸਨ। ਮਾਰਕ ਬਾਊਚਰ ਨੇ ਇਕ ਗੇਂਦ 'ਤੇ ਛੱਕਾ ਮਾਰਿਆ ਤੇ ਅਗਲੀ ਗੇਂਦ 'ਤੇ ਕੋਈ ਦੌੜ ਨਹੀਂ ਬਣਾ ਸਕਿਆ ਤੇ ਮੈਚ ਹਾਰ ਗਏ।
ਇੰਗਲੈਂਡ ਨੇ ਜਾਪਾਨ ਨੂੰ 2-0 ਨਾਲ ਹਰਾਇਆ
NEXT STORY