ਨਵੀਂ ਦਿੱਲੀ— ਖੇਡ ਮੰਤਰਾਲੇ ਨੇ ਮੰਗਲਵਾਰ ਨੂੰ ਪਹਿਲਵਾਨ ਬਜਰੰਗ ਪੂਨੀਆ ਦੀ ਪੈਰਿਸ ਓਲੰਪਿਕ ਦੀ ਦੌੜ ਤੋਂ ਬਾਹਰ ਹੋਣ ਦੇ ਬਾਵਜੂਦ ਵਿੱਤੀ ਸਹਾਇਤਾ ਦੇਣ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਨਾਲ ਹੀ ਉਨ੍ਹਾਂ ਦੇ 'ਕੰਡੀਸ਼ਨਿੰਗ ਕੋਚ' ਕਾਜ਼ੀ ਕਿਰਨ ਮੁਸਤਫਾ ਹਸਨ ਦੇ ਕਾਰਜਕਾਲ ਨੂੰ ਮਈ ਦੇ ਅੰਤ ਤੱਕ ਵਧਾ ਦਿੱਤਾ। ਪੂਨੀਆ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਖਿਡਾਰੀਆਂ 'ਚ ਸ਼ਾਮਲ ਸੀ। ਉਹ ਹਾਲ ਹੀ ਵਿੱਚ ਹੋਏ ਟਰਾਇਲਾਂ ਵਿੱਚ 65 ਕਿਲੋ ਭਾਰ ਵਰਗ ਵਿੱਚ ਚੋਟੀ ਦੇ ਚਾਰ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਿਹਾ ਸੀ। ਇਨ੍ਹਾਂ ਟਰਾਇਲਾਂ ਦੇ ਆਧਾਰ 'ਤੇ ਟੀਮ ਨੂੰ ਏਸ਼ੀਅਨ ਚੈਂਪੀਅਨਸ਼ਿਪ ਅਤੇ ਏਸ਼ੀਅਨ ਓਲੰਪਿਕ ਕੁਆਲੀਫਾਇਰ ਲਈ ਚੁਣਿਆ ਗਿਆ।
ਮੰਤਰਾਲੇ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ, 'ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਕੰਡੀਸ਼ਨਿੰਗ ਕੋਚ ਕਾਜ਼ੀ ਕਿਰਨ ਮੁਸਤਫਾ ਹਸਨ ਦੇ ਕਾਰਜਕਾਲ ਨੂੰ ਮਈ ਦੇ ਅੰਤ ਤੱਕ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।' ਹਾਲਾਂਕਿ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਰਕਮ ਮਨਜ਼ੂਰ ਕੀਤੀ ਗਈ ਸੀ।
ਪੂਨੀਆ ਤੋਂ ਇਲਾਵਾ, ਮੰਤਰਾਲੇ ਨੇ ਓਲੰਪਿਕ ਤੋਂ ਪਹਿਲਾਂ ਚੀਨੀ ਤਾਈਪੇ ਵਿੱਚ ਅਭਿਆਸ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਟੇਬਲ ਟੈਨਿਸ ਖਿਡਾਰੀ ਸ਼੍ਰੀਜਾ ਅਕੁਲਾ ਦੀ ਬੇਨਤੀ ਨੂੰ ਵੀ ਮਨਜ਼ੂਰੀ ਦਿੱਤੀ। ਜੂਡੋ ਖਿਡਾਰਨ ਤੁਲਿਕਾ ਮਾਨ ਦੀ ਅੰਤਾਲਿਆ, ਤੁਰਕੀ ਵਿੱਚ ਇੱਕ ਮੁਕਾਬਲੇ ਵਿੱਚ ਭਾਗ ਲੈਣ ਅਤੇ ਉਸ ਤੋਂ ਬਾਅਦ ਉੱਥੇ ਅਭਿਆਸ ਕਰਨ ਲਈ ਵਿੱਤੀ ਸਹਾਇਤਾ ਦੇਣ ਦੀ ਬੇਨਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਐਮਓਸੀ ਨੇ ਟੇਬਲ ਟੈਨਿਸ ਖਿਡਾਰੀਆਂ ਮਾਨਵ ਠੱਕਰ ਅਤੇ ਪਯਾਸ ਜੈਨ ਨੂੰ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਵਿੱਤੀ ਸਹਾਇਤਾ ਦੇ ਪ੍ਰਸਤਾਵਾਂ ਨੂੰ ਵੀ ਪ੍ਰਵਾਨਗੀ ਦਿੱਤੀ।
IPL 2024 : ਗੁਜਰਾਤ ਖਿਲਾਫ ਮੈਚ ਤੋਂ ਪਹਿਲਾਂ ਫਲੇਮਿੰਗ ਨੇ ਰਚਿਨ ਦੀ ਕੀਤੀ ਤਾਰੀਫ, ਦਿੱਤਾ ਇਹ ਬਿਆਨ
NEXT STORY