ਰਾਜਕੋਟ- ਬੰਗਾਲ ਦੇ ਤਜਰਬੇਕਾਰ ਬੱਲੇਬਾਜ਼ ਮਨੋਜ ਤਿਵਾੜੀ ਅਤੇ ਸੁਦੀਪ ਚੈਟਰਜੀ ਦੀ ਸੰਘਰਸ਼ਪੂਰਨ ਸਾਂਝੇਦਾਰੀ ਦੇ ਬਾਵਜੂਦ ਸੌਰਾਸ਼ਟਰ ਨੇ ਰਣਜੀ ਟਰਾਫੀ ਫਾਈਨਲ ਦੇ ਤੀਜੇ ਦਿਨ ਬੁੱਧਵਾਰ ਇਥੇ ਆਪਣਾ ਪੱਲੜਾ ਭਾਰੀ ਰੱਖਿਆ। ਚੈਟਰਜੀ (145 ਗੇਂਦਾਂ 'ਤੇ ਅਜੇਤੂ 47) ਅਤੇ ਤਿਵਾੜੀ (116 ਗੇਂਦਾਂ 'ਤੇ 35) ਨੇ 86 ਦੌੜਾਂ ਦੀ ਸਾਂਝੇਦਾਰੀ ਕਰ ਕੇ ਬੰਗਾਲ ਨੂੰ 2 ਵਿਕਟਾਂ 'ਤੇ 35 ਦੌੜਾਂ ਦੀ ਖਰਾਬ ਸ਼ੁਰੂਆਤ ਤੋਂ ਉਭਾਰਨ ਵਿਚ ਵਧੀਆ ਯਤਨ ਕੀਤਾ, ਇਸ ਦੇ ਬਾਵਜੂਦ ਬੰਗਾਲ ਸਾਹਮਣੇ ਸੌਰਾਸ਼ਟਰ ਦੀਆਂ ਪਹਿਲੀ ਪਾਰੀ ਦੀਆਂ 425 ਦੌੜਾਂ ਨੂੰ ਪਾਰ ਕਰਨਾ ਵੱਡੀ ਚੁਣੌਤੀ ਹੈ। ਬੰਗਾਲ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ 65 ਓਵਰਾਂ ਵਿਚ 3 ਵਿਕਟਾਂ 'ਤੇ 134 ਦੌੜਾਂ ਬਣਾਈਆਂ ਹਨ ਅਤੇ ਉਹ ਸੌਰਾਸ਼ਟਰ ਤੋਂ 291 ਦੌੜਾਂ ਪਿੱਛੇ ਹੈ। ਚੈਟਰਜੀ ਅਤੇ ਰਿਧੀਮਾਨ ਸਾਹਾ ਮੈਦਾਨ 'ਤੇ ਖੇਡ ਰਹੇ ਹਨ।
ਸੌਰਾਸ਼ਟਰ ਨੇ ਸਵੇਰੇ 8 ਵਿਕਟਾਂ 'ਤੇ 384 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਸਵੇਰ ਦੇ ਸੈਸ਼ਨ ਵਿਚ 1 ਘੰਟਾ 10 ਮਿੰਟ ਤੱਕ ਬੱਲੇਬਾਜ਼ੀ ਕੀਤੀ। ਇਸ ਦੌਰਾਨ ਉਸ ਨੇ 41 ਦੌੜਾਂ ਜੋੜੀਆਂ। ਜੈਦੇਵ ਉਨਾਦਕਤ (20) ਅਤੇ ਧਰਮਿੰਦਰ ਸਿੰਘ ਜਡੇਜਾ (33) ਨੇ ਆਖਰੀ ਵਿਕਟ ਲਈ 38 ਮਹੱਤਵਪੂਰਨ ਦੌੜਾਂ ਜੋੜੀਆਂ। ਪੁਜਾਰਾ ਅਤੇ ਅਰਪਿਤ ਬਾਸਵਦਾ ਨੇ ਦੂਜੇ ਦਿਨ 5 ਘੰਟੇ ਤਕ ਬੱਲੇਬਾਜ਼ੀ ਕਰ ਕੇ ਸੌਰਾਸ਼ਟਰ ਨੂੰ ਚੰਗੀ ਸਥਿਤੀ ਵਿਚ ਪਹੁੰਚਾਇਆ ਸੀ। ਹੁਣ ਬੰਗਾਲ ਨੂੰ ਵੀ ਮੈਚ ਵਿਚ ਬਣੇ ਰਹਿਣ ਲਈ ਕੁਝ ਖਾਸ ਕਰਨਾ ਹੋਵੇਗਾ। ਸੌਰਾਸ਼ਟਰ ਦੀਆਂ ਨਜ਼ਰਾਂ ਜਿੱਥੇ ਆਪਣੇ ਪਹਿਲੇ ਰਣਜੀ ਖਿਤਾਬ 'ਤੇ ਟਿਕੀਆਂ ਹਨ, ਉਥੇ ਹੀ ਬੰਗਾਲ ਨੇ 1989-90 ਤੋਂ ਟਰਾਫੀ ਨਹੀਂ ਜਿੱਤੀ ਹੈ। ਸੌਰਾਸ਼ਟਰ ਦੇ ਗੇਂਦਬਾਜ਼ ਚੌਥੇ ਦਿਨ ਵੀ ਪਿੱਚ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ।
9 ਓਲੰਪਿਕ ਕੋਟਾ ਨਾਲ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ
NEXT STORY