ਜੈਪੁਰ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਦੋ ਸਟਾਰ ਖਿਡਾਰਨਾਂ ਮਿਤਾਲੀ ਰਾਜ ਤੇ ਹਰਮਨਪ੍ਰੀਤ ਕੌਰ ਵਿਚਾਲੇ ਆਪਸੀ ਮੱਤਭੇਦ ਕਿਸੇ ਤੋਂ ਛੁਪੇ ਨਹੀਂ ਹਨ ਤੇ ਹੁਣ ਇਹ ਦੋਵੇਂ ਖਿਡਾਰਨਾਂ ਆਪਣੀ-ਆਪਣੀ ਕਪਤਾਨੀ ਵਿਚ ਸੁਪਰਨੋਵਾਜ਼ ਤੇ ਵੇਲੋਸਿਟੀ ਟੀਮਾਂ ਨੂੰ ਮਹਿਲਾ ਟੀ-20 ਚੈਲੰਜਰ ਟੂਰਨਾਮੈਂਟ ਦਾ ਖਿਤਾਬ ਦਿਵਾਉਣ ਲਈ ਸ਼ਨੀਵਾਰ ਮੈਦਾਨੀ ਜੰਗ ਵਿਚ ਉਤਰਨਗੀਆਂ।
ਹਰਮਨਪ੍ਰੀਤ ਸੁਪਰਨੋਵਾਜ਼ ਟੀਮ ਦੀ ਕਪਤਾਨੀ ਸੰਭਾਲ ਰਹੀ ਹੈ ਤੇ ਪਿਛਲੇ ਮੁਕਾਬਲੇ ਵਿਚ ਜੈਪੁਰ ਦੇ ਇਸੇ ਮੈਦਾਨ 'ਤੇ ਹੀ ਉਸ ਨੇ ਤਜਰਬੇਕਾਰ ਬੱਲੇਬਾਜ਼ ਮਿਤਾਲੀ ਦੀ ਕਪਤਾਨੀ ਵਿਚ ਵੇਲੋਸਿਟੀ ਵਿਰੁੱਧ ਆਪਣੀ ਟੀਮ ਨੂੰ 12 ਦੌੜਾਂ ਨਾਲ ਜਿੱਤ ਦਿਵਾਈ ਸੀ। ਇਸ ਤੋਂ ਪਹਿਲਾਂ ਵੇਲੋਸਿਟੀ ਨੇ ਆਪਣਾ ਮੈਚ ਤਿੰਨ ਵਿਕਟਾਂ ਨਾਲ ਟ੍ਰੇਬਲੇਜ਼ਰਸ ਤੋਂ ਜਿੱਤਿਆ ਸੀ ਤੇ ਫਾਈਨਲ ਵਿਚ ਜਗ੍ਹਾ ਬਣਾਈ। ਵੇਲੋਸਿਟੀ ਤੇ ਸੁਪਰਨੋਵਾਜ਼ ਹੁਣ ਫਾਈਨਲ 'ਚ ਹਨ, ਜਿਥੇ ਉਹ ਖਿਤਾਬ ਲਈ ਭਿੜਨਗੀਆਂ ਪਰ ਸਾਰਿਆਂ ਦੀਆਂ ਨਜ਼ਰਾਂ ਮਿਤਾਲੀ ਤੇ ਹਰਮਨਪ੍ਰੀਤ ਵਿਚਾਲੇ ਮੁਕਾਬਲੇ 'ਤੇ ਲੱਗੀਆਂ ਹਨ। ਦੋਵੇਂ ਖਿਡਾਰਨਾਂ ਰਾਸ਼ਟਰੀ ਟੀਮ ਵਿਚ ਭਾਵੇਂ ਹੀ ਇਕੱਠੀਆਂ ਖੇਡਦੀਆਂ ਹੋਣ ਪਰ ਟੀ-20 ਟੂਰਨਾਮੈਂਟ ਵਿਚ ਆਹਮੋ-ਸਾਹਮਣੇ ਹੋਣਗੀਆਂ, ਜਿਥੇ ਉਨ੍ਹਾਂ ਦੀ ਕੋਸ਼ਿਸ਼ ਹਰ ਹਾਲ ਵਿਚ ਜਿੱਤ ਦਰਜ ਕਰ ਕੇ ਖੁਦ ਨੂੰ ਸਾਬਤ ਕਰਨ ਦੀ ਹੋਵੇਗੀ।
ਪਿਛਲੇ ਸਾਲ ਵੈਸਟਇੰਡੀਜ਼ ਵਿਚ ਹੋਏ ਟੀ-20 ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿਚ ਸਾਬਕਾ ਕਪਤਾਨ ਤੇ ਸੀਨੀਅਰ ਖਿਡਾਰੀ ਮਿਤਾਲੀ ਨੂੰ ਆਖਰੀ-11 ਵਿਚ ਨਾ ਖਿਡਾਉਣ ਤੋਂ ਬਾਅਦ ਹਰਮਨਪ੍ਰੀਤ 'ਤੇ ਕਾਫੀ ਸਵਾਲ ਉੱਠੇ ਸਨ, ਜਦਕਿ ਕੋਚ ਰਮੇਸ਼ ਪੋਵਾਰ ਦਾ ਕਾਰਜਕਾਲ ਵੀ ਮਿਤਾਲੀ ਦੇ ਉਸ 'ਤੇ ਪੱਖਪਾਤੀ ਵਤੀਰੇ ਦੇ ਦੋਸ਼ਾਂ ਕਾਰਨ ਨਹੀਂ ਵਧਾਇਆ ਗਿਆ ਸੀ। ਇਸ ਮਾਮਲੇ ਨੇ ਰਾਸ਼ਟਰੀ ਮੀਡੀਆ ਵਿਚ ਕਾਫੀ ਸੁਰਖੀਆਂ ਬਟੋਰੀਆਂ ਸਨ, ਜਿਸ ਤੋਂ ਬਾਅਦ ਦੋਵੇਂ ਹੀ ਸਟਾਰ ਬੱਲੇਬਾਜ਼ਾਂ ਵਿਚਾਲੇ ਆਪਸੀ ਮੱਤਭੇਦ ਜਨਤਕ ਹੋ ਗਏ ਸਨ।
ਫਾਈਨਲ ਵਿਚ ਸੁਪਰਨੋਵਾਜ਼ ਵੱਡੇ ਮਨੋਬਲ ਨਾਲ ਉਤਰੇਗੀ, ਜਿਸ ਨੇ ਵੀਰਵਾਰ ਮੈਚ ਵਿਚ ਵੇਲੋਸਿਟੀ ਨੂੰ ਹਰਾਇਆ ਸੀ। ਇਸ ਮੈਚ ਵਿਚ ਸੁਪਰਨੋਵਾਜ਼ ਲਈ ਜੇਮਿਮਾ ਰੋਡ੍ਰਿਗਜ਼ ਨੇ ਅਜੇਤੂ 77 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਸੀ ਤੇ 48 ਗੇਂਦਾਂ 'ਤੇ 10 ਚੌਕੇ ਤੇ 1 ਛੱਕਾ ਲਾਇਆ ਸੀ, ਉਥੇ ਹੀ ਚਮਾਰੀ ਅਟਾਪਟੂ ਨੇ 31 ਦੌੜਾਂ ਦੀ ਉਪਯੋਗੀ ਪਾਰੀ ਖੇਡ ਕੇ ਟੀਮ ਨੂੰ 3 ਵਿਕਟਾਂ 'ਤੇ 142 ਦੇ ਮਜ਼ਬੂਤ ਸਕੋਰ ਤਕ ਪਹੁੰਚਾਇਆ ਸੀ।
ਦੂਜੇ ਪਾਸੇ ਵੇਲੋਸਿਟੀ ਨੂੰ ਆਪਣੀਆਂ ਬੱਲੇਬਾਜ਼ਾਂ ਕਪਤਾਨ ਮਿਤਾਲੀ, ਵੇਦਾ ਕ੍ਰਿਸ਼ਣਾਮੂਰਤੀ ਤੇ ਡੇਨੀਅਲ ਵਾਟ ਤੋਂ ਕਾਫੀ ਉਮੀਦਾਂ ਹੋਣਗੀਆਂ ਹਾਲਾਂਕਿ ਓਪਨਰਾਂ ਨੂੰ ਚੰਗੀ ਸ਼ੁਰੂਆਤ ਦਿਵਾਉਣੀ ਪਵੇਗੀ। ਗੇਂਦਬਾਜ਼ਾਂ ਵਿਚ ਟੀਮ ਕੋਲ ਸ਼ਿਖਾ ਪਾਂਡੇ, ਜਹਾਂਨਾਰਾ ਆਲਮ ਰੂਪ ਵਿਚ ਚੰਗੀਆਂ ਖਿਡਾਰਨਾਂ ਹਨ, ਜਿਨ੍ਹਾਂ ਤੋਂ ਖਿਤਾਬੀ ਮੁਕਾਬਲੇ ਵਿਚ ਹੋਰ ਕਿਫਾਇਤੀ ਪ੍ਰਦਰਸ਼ਨ ਦੀ ਉਮੀਦ ਰਹੇਗੀ।
ਸਮਿਥ ਦੀਆਂ ਅਜੇਤੂ 91 ਦੌੜਾਂ ਨਾਲ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ
NEXT STORY