ਸਪੋਰਟਸ ਡੈਸਕ : ਪੈਰਿਸ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਨੇਸ਼ ਫੋਗਾਟ ਨੇ ਐਲਾਨ ਕੀਤਾ ਸੀ ਕਿ ਇਹ ਉਨ੍ਹਾਂ ਦਾ ਆਖਰੀ ਓਲੰਪਿਕ ਹੈ। ਓਲੰਪਿਕ ਵਿਨੇਸ਼ ਲਈ ਹੁਣ ਤੱਕ ਚੰਗੀਆਂ ਯਾਦਾਂ ਲੈ ਕੇ ਨਹੀਂ ਆਇਆ ਹੈ। ਉਹ ਰੀਓ ਓਲੰਪਿਕ 2016 ਦੇ ਕੁਆਰਟਰ ਫਾਈਨਲ ਵਿਚ ਜ਼ਖ਼ਮੀ ਹੋ ਗਈ ਸੀ। ਇਸ ਕਾਰਨ ਉਹ ਚੀਨ ਦੀ ਸੁਨ ਯਾਨਾਨ ਤੋਂ ਮੈਚ ਹਾਰ ਗਈ। 2020 ਵਿਚ ਉਹ ਕੁਆਰਟਰ ਫਾਈਨਲ ਵਿਚ ਬੇਲਾਰੂਸ ਦੀ ਵੈਨੇਸਾ ਵੈਲੇਰੀਉਇਨਾ ਕਲਾਦਝਿਯਸਕਾਯਾ ਤੋਂ ਹਾਰ ਗਈ ਸੀ। ਹੁਣ ਪੈਰਿਸ ਓਲੰਪਿਕ ਵਿਚ ਫਾਈਨਲ ਵਿਚ ਪਹੁੰਚਣ ਦੇ ਬਾਵਜੂਦ ਭਾਰ ਵਰਗ ਵਿਚ ਫੇਲ੍ਹ ਹੋਣ ਕਾਰਨ ਉਹ ਅੱਗੇ ਖੇਡਣ ਤੋਂ ਅਯੋਗ ਹੋ ਗਈ।
ਵਿਨੇਸ਼ ਦੇ ਚਾਚਾ ਮਹਾਵੀਰ ਸਿੰਘ ਫੋਗਾਟ ਵੀ ਵਿਨੇਸ਼ ਦੀਆਂ ਲਗਾਤਾਰ ਅਸਫਲਤਾਵਾਂ ਤੋਂ ਕਾਫੀ ਨਿਰਾਸ਼ ਨਜ਼ਰ ਆਏ। ਵਿਨੇਸ਼ ਨੂੰ ਅਯੋਗ ਠਹਿਰਾਏ ਜਾਣ 'ਤੇ ਉਨ੍ਹਾਂ ਕਿਹਾ ਕਿ ਕਹਿਣ ਨੂੰ ਕੁਝ ਨਹੀਂ ਬਚਿਆ। ਪੂਰੇ ਦੇਸ਼ ਨੂੰ ਸੋਨੇ ਦੀ ਉਮੀਦ ਹੈ...ਨਿਯਮ ਤਾਂ ਹਨ ਪਰ ਜੇਕਰ ਕੋਈ ਪਹਿਲਵਾਨ 50-100 ਗ੍ਰਾਮ ਜ਼ਿਆਦਾ ਭਾਰ ਵਾਲਾ ਹੋਵੇ ਤਾਂ ਉਸ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਮੈਂ ਦੇਸ਼ ਦੇ ਲੋਕਾਂ ਨੂੰ ਕਹਾਂਗਾ ਕਿ ਨਿਰਾਸ਼ ਨਾ ਹੋਵੋ, ਇਕ ਦਿਨ ਉਹ ਜ਼ਰੂਰ ਮੈਡਲ ਲੈ ਕੇ ਆਵੇਗੀ...ਮੈਂ ਉਸ ਨੂੰ ਅਗਲੇ ਓਲੰਪਿਕ ਲਈ ਤਿਆਰ ਕਰਾਂਗਾ।
ਵਜ਼ਨ ਘਟਾਉਣ ਲਈ ਵਿਨੇਸ਼ ਸਾਰੀ ਰਾਤ ਜਾਗਦੀ ਰਹੀ
ਮੰਗਲਵਾਰ ਰਾਤ ਵਿਨੇਸ਼ ਦਾ ਭਾਰ 2 ਕਿਲੋ ਵੱਧ ਸੀ। ਉਸ ਨੇ ਇਸ ਨੂੰ ਘਟਾਉਣ ਲਈ ਕੋਈ ਆਰਾਮ ਨਹੀਂ ਕੀਤਾ। ਸਾਰੀ ਰਾਤ ਜਾਗਦੀ ਰਹੀ ਅਤੇ ਭਾਰ ਘਟਾਉਣ ਲਈ ਸਾਈਕਲ ਚਲਾਇਆ। ਇੱਥੋਂ ਤੱਕ ਕਿ ਉਸਦੇ ਵਾਲ ਅਤੇ ਨਹੁੰ ਵੀ ਕੱਟ ਦਿੱਤੇ। ਵੱਡੀ ਗੱਲ ਇਹ ਹੈ ਕਿ ਸੈਮੀਫਾਈਨਲ ਮੈਚ ਜਿੱਤਣ ਸਮੇਂ ਉਸ ਦਾ ਭਾਰ 52 ਕਿਲੋ ਦੇ ਕਰੀਬ ਸੀ ਅਤੇ ਫਿਰ ਆਪਣਾ ਵਜ਼ਨ 2 ਕਿਲੋ ਘਟਾਉਣ ਲਈ ਉਸ ਨੇ ਆਪਣਾ ਖੂਨ ਵੀ ਕੱਢਿਆ, ਪਰ ਇਹ ਘੱਟ ਨਹੀਂ ਹੋਇਆ।
ਵਿਨੇਸ਼ ਨੇ ਰਾਸ਼ਟਰਮੰਡਲ 'ਚ ਜਿੱਤੇ ਹਨ 3 ਗੋਲਡ
ਵਿਨੇਸ਼ ਫੋਗਾਟ ਨੇ ਰਾਸ਼ਟਰਮੰਡਲ ਖੇਡਾਂ 'ਚ ਲਗਾਤਾਰ 3 ਸੋਨ ਤਮਗਾ ਜਿੱਤਿਆ ਹੈ। ਉਸ ਨੇ 2014 ਗਲਾਸਗੋ, 2018 ਗੋਲਡ ਕੋਸਟ ਅਤੇ 2022 ਬਰਮਿੰਘਮ ਖੇਡਾਂ ਵਿਚ ਇਹ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਵਿਨੇਸ਼ ਨੇ 2018 ਜਕਾਰਤਾ ਏਸ਼ਿਆਈ ਖੇਡਾਂ ਵਿਚ ਵੀ ਸੋਨ ਤਮਗਾ ਜਿੱਤਿਆ ਸੀ।
ਵਿਨੇਸ਼ ਨੇ ਕੁਸ਼ਤੀ ਤੋਂ ਲੈ ਲਿਆ ਹੈ ਸੰਨਿਆਸ
ਪੈਰਿਸ ਓਲੰਪਿਕ 'ਚ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਦਾ ਫਾਈਨਲ ਖੇਡਣ ਤੋਂ ਪਹਿਲਾਂ ਹੀ ਵਿਨੇਸ਼ ਫੋਗਾਟ ਨੂੰ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਇਸ ਤੋਂ ਇੰਨੀ ਨਿਰਾਸ਼ ਸੀ ਕਿ ਉਸ ਨੇ ਅਗਲੇ ਹੀ ਦਿਨ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਹ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਦਿੱਤੀ। ਵਿਨੇਸ਼ ਫੋਗਾਟ ਨੇ ਕਿਹਾ ਕਿ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ। ਮੈਂ ਹਾਰ ਗਈ ਹਾਂ, ਮੁਆਫ਼ ਕਰਨਾ, ਤੇਰਾ ਸੁਪਨਾ, ਮੇਰੇ ਹੌਸਲੇ ਸਭ ਟੁੱਟ ਗਏ ਹਨ। ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ। ਅਲਵਿਦਾ ਕੁਸ਼ਤੀ 2001-2024। ਉਸ ਨੇ ਮੁਆਫੀ ਮੰਗਦਿਆਂ ਕਿਹਾ ਕਿ ਉਹ ਹਮੇਸ਼ਾ ਤੁਹਾਡੇ ਸਾਰਿਆਂ ਦੀ ਰਿਣੀ ਰਹੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੂੰ ਸਿਲਵਰ ਮੈਡਲ ਦੀ ਆਸ ਟੁੱਟੀ, CAS ਵੱਲੋਂ ਵਿਨੇਸ਼ ਫੋਗਾਟ ਦੀ ਅਪੀਲ ਖਾਰਜ
NEXT STORY