ਸਪੋਰਟਸ ਡੈਸਕ– ਸ਼ਾਈ ਹੋਪ ਨੇ ਵਨ-ਡੇ ਕਪਤਾਨ ਦੇ ਰੂਪ ’ਚ ਆਪਣੇ ਪਹਿਲੇ ਮੈਚ ’ਚ ਸੈਂਕੜਾ ਲਾਇਆ, ਜਿਸ ਨਾਲ ਵੈਸਟਇੰਡੀਜ਼ ਨੇ ਦੱਖਣੀ ਅਫਰੀਕਾ ਵਿਰੁੱਧ ਦੂਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ’ਚ ਇੱਥੇ 48 ਦੌੜਾਂ ਨਾਲ ਜਿੱਤ ਦਰਜ ਕੀਤੀ। ਹੋਪ ਨੇ 115 ਗੇਂਦਾਂ ’ਤੇ 5 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ ਅਜੇਤੂ 128 ਦੌੜਾਂ ਬਣਾਈਆਂ, ਜਿਸ ਨਾਲ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ’ਤੇ 335 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ।
ਦੱਖਣੀ ਅਫਰੀਕਾ ਦੀ ਟੀਮ ਇਸਦੇ ਜਵਾਬ ’ਚ ਕਪਤਾਨ ਤੇਂਬਾ ਬਾਵੂਮਾ ਦੀ 118 ਗੇਂਦਾਂ ’ਤੇ 114 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਬਾਵਜੂਦ 41.4 ਓਵਰਾਂ ’ਚ 287 ਦੌੜਾਂ ’ਤੇ ਆਊਟ ਹੋ ਗਈ। ਬਾਵੂਮਾ ਤੋਂ ਇਲਾਵਾ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕੌਕ ਨੇ 26 ਗੇਂਦਾਂ ’ਤੇ 48 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਵੈਸਟਇੰਡੀਜ਼ ਵਲੋਂ ਅਲਜਾਰੀ ਜੋਸੇਫ ਤੇ ਅਕੀਲ ਹੁਸੈਨ ਨੇ 3-3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਵਲੋਂ ਕਪਤਾਨ ਹੋਪ ਤੋਂ ਇਲਾਵਾ ਰੋਵਮੈਨ ਪਾਵੈੱਲ ਨੇ 46 ਤੇ ਨਿਕੋਲਸ ਪੂਰਨ ਨੇ 39 ਦੌੜਾਂ ਦਾ ਯੋਗਦਾਨ ਦਿੱਤਾ। ਵੈਸਟਇੰਡੀਜ਼ ਇਸ ਤਰ੍ਹਾਂ ਨਾਲ 3 ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਹੋ ਗਈ ਹੈ। ਪਹਿਲਾ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ। ਤੀਜਾ ਤੇ ਆਖਰੀ ਮੈਚ ਮੰਗਲਵਾਰ ਨੂੰ ਖੇਡਿਆ ਜਾਵੇਗਾ।
WPL 2023 : ਮੁੰਬਈ ਨੇ ਦਿੱਲੀ ਨੂੰ ਦਿੱਤਾ 110 ਦੌੜਾਂ ਦਾ ਟੀਚਾ
NEXT STORY