ਸਪੋਰਟਸ ਡੈਸਕ : ਜੇਕਰ ਜੈ ਸ਼ਾਹ ਅਗਲੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਅਗਲੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਦੇ ਹਨ ਤਾਂ ਰੋਹਨ ਜੇਤਲੀ ਬੀਸੀਸੀਆਈ ਦੇ ਅਗਲੇ ਸਕੱਤਰ ਵਜੋਂ ਉਨ੍ਹਾਂ ਦੀ ਥਾਂ ਲੈ ਸਕਦੇ ਹਨ। ਇਕ ਰਿਪੋਰਟ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। ਸ਼ਾਹ ਨੂੰ ਕਥਿਤ ਤੌਰ 'ਤੇ ਆਈਸੀਸੀ ਬੋਰਡ ਦੇ 16 ਵਿੱਚੋਂ 15 ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ ਅਤੇ ਇਸ ਲਈ ਉਨ੍ਹਾਂ ਦੀ ਚੋਣ ਮਹਿਜ਼ ਰਸਮੀ ਪ੍ਰਤੀਤ ਹੁੰਦੀ ਹੈ। ਇਕ ਰਿਪੋਰਟ ਮੁਤਾਬਕ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀ.ਡੀ.ਸੀ.ਏ.) ਦੇ ਮੌਜੂਦਾ ਪ੍ਰਧਾਨ ਰੋਹਨ ਦੇ ਨਾਂ 'ਤੇ ਆਮ ਸਹਿਮਤੀ ਹੈ, ਜੋ ਮਰਹੂਮ ਰਾਜਨੇਤਾ ਅਰੁਣ ਜੇਤਲੀ ਦਾ ਪੁੱਤਰ ਹੈ। ਹਾਲਾਂਕਿ ਮੌਜੂਦਾ ਪ੍ਰਧਾਨ ਰੋਜਰ ਬਿੰਨੀ ਸਮੇਤ ਬੀਸੀਸੀਆਈ ਦੇ ਹੋਰ ਉੱਚ ਅਧਿਕਾਰੀ ਆਪਣੀਆਂ ਭੂਮਿਕਾਵਾਂ 'ਤੇ ਬਣੇ ਰਹਿਣਗੇ ਕਿਉਂਕਿ ਉਨ੍ਹਾਂ ਦੇ ਕੋਲ ਆਪਣੇ-ਆਪਣੇ ਕਾਰਜਕਾਲ ਵਿੱਚ ਇੱਕ ਹੋਰ ਸਾਲ ਬਚਿਆ ਹੈ।
ਕੀ ਸ਼ਾਹ ਦਾਖਲ ਕਰਨਗੇ ਨਾਮਜ਼ਦਗੀ?
ਇਸ ਗੱਲ 'ਤੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ ਕਿ ਕੀ ਸ਼ਾਹ ਅਗਲੇ ਆਈਸੀਸੀ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਵਿਚ ਦਿਲਚਸਪੀ ਰੱਖਦੇ ਹਨ ਜਾਂ ਨਹੀਂ। ਉਨ੍ਹਾਂ ਨੇ ਅਜੇ ਤੱਕ ਆਪਣਾ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਹੈ ਅਤੇ ਇਸ ਦੀ ਆਖਰੀ ਮਿਤੀ 27 ਅਗਸਤ ਹੈ। ਬਾਹਰ ਜਾਣ ਵਾਲੇ ਆਈਸੀਸੀ ਪ੍ਰਧਾਨ ਗ੍ਰੇਗ ਬਾਰਕਲੇ ਨੇ ਹਾਲ ਹੀ ਵਿੱਚ ਪੁਸ਼ਟੀ ਕੀਤੀ ਹੈ ਕਿ ਉਹ ਤੀਜੇ ਕਾਰਜਕਾਲ ਦੇ ਲਈ ਆਪਣੀ ਦਾਅਵੇਦਾਰੀ ਪੇਸ਼ ਨਹੀਂ ਕਰਨਗੇ।
ਆਈਸੀਸੀ ਨੇ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ, "ਆਈਸੀਸੀ ਦੇ ਪ੍ਰਧਾਨ ਗ੍ਰੇਗ ਬਾਰਕਲੇ ਨੇ ਬੋਰਡ ਨੂੰ ਪੁਸ਼ਟੀ ਕੀਤੀ ਹੈ ਕਿ ਉਹ ਤੀਜੇ ਕਾਰਜਕਾਲ ਲਈ ਖੜ੍ਹੇ ਨਹੀਂ ਹੋਣਗੇ ਅਤੇ ਨਵੰਬਰ ਦੇ ਅੰਤ ਵਿੱਚ ਉਨ੍ਹਾਂ ਦਾ ਮੌਜੂਦਾ ਕਾਰਜਕਾਲ ਖਤਮ ਹੋਣ 'ਤੇ ਅਹੁਦਾ ਛੱਡ ਦੇਣਗੇ।" ਬਾਰਕਲੇ ਨੂੰ ਨਵੰਬਰ 2020 ਵਿੱਚ ਸੁਤੰਤਰ ਆਈਸੀਸੀ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 2022 ਵਿੱਚ ਦੁਬਾਰਾ ਚੁਣਿਆ ਗਿਆ।
ਆਈ.ਸੀ.ਸੀ ਦੀ ਅਗਵਾਈ ਕਰ ਚੁੱਕੇ ਹਨ ਇਹ ਭਾਰਤੀ
ਆਈ.ਸੀ.ਸੀ. ਬੋਰਡਰੂਮ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਚਿਹਰਿਆਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਸ਼ਾਹ ਗਲੋਬਲ ਕ੍ਰਿਕਟ ਗਵਰਨਿੰਗ ਬਾਡੀ ਦੀ ਸਰਬ-ਸ਼ਕਤੀਸ਼ਾਲੀ ਵਿੱਤ ਅਤੇ ਵਪਾਰਕ ਮਾਮਲਿਆਂ (F&CA) ਉਪ-ਕਮੇਟੀ ਦਾ ਵੀ ਹਿੱਸਾ ਹੈ। ਜਗਮੋਹਨ ਡਾਲਮੀਆ, ਸ਼ਰਦ ਪਵਾਰ, ਐੱਨ ਸ੍ਰੀਨਿਵਾਸਨ ਅਤੇ ਸ਼ਸ਼ਾਂਕ ਮਨੋਹਰ ਉਹ ਭਾਰਤੀ ਹਨ ਜਿਨ੍ਹਾਂ ਨੇ ਅਤੀਤ ਵਿੱਚ ਆਈ.ਸੀ.ਸੀ. ਦੀ ਅਗਵਾਈ ਕਰ ਚੁੱਕੇ ਹਨ। 35 ਸਾਲਾਂ ਸ਼ਾਹ ਗਲੋਬਲ ਸੰਸਥਾ ਦੇ ਹੁਣ ਤੱਕ ਦੇ ਸਭ ਤੋਂ ਨੌਜਵਾਨ ਮੁਖੀ ਬਣ ਸਕਦੇ ਹਨ।
ਆਈਸੀਸੀ ਦੇ ਨਿਯਮਾਂ ਮੁਤਾਬਕ ਚੇਅਰਮੈਨ ਦੀ ਚੋਣ ਵਿੱਚ 16 ਵੋਟਾਂ ਹੁੰਦੀਆਂ ਹਨ। ਜੇਤੂ ਲਈ 9 ਵੋਟਾਂ (51%) ਦਾ ਸਧਾਰਨ ਬਹੁਮਤ ਹੋਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਚੇਅਰਮੈਨ ਬਣਨ ਲਈ ਮੌਜੂਦਾ ਚੇਅਰਮੈਨ ਨੂੰ ਦੋ ਤਿਹਾਈ ਬਹੁਮਤ ਦੀ ਲੋੜ ਹੁੰਦੀ ਸੀ।
ਈਸਟ ਦਿੱਲੀ ਰਾਈਡਰਜ਼ ਦੀ ਜਿੱਤ 'ਚ ਚਮਕੇ ਹਿੰਮਤ ਸਿੰਘ ਅਤੇ ਮਯੰਕ ਰਾਵਤ
NEXT STORY