ਸਪੋਰਟਸ ਡੈਸਕ- ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਮਹਿਲਾ ਟੀ-20 ਵਿਸ਼ਵ ਕੱਪ ਦੇ ਮਹੱਤਵਪੂਰਨ ਮੁਕਾਬਲੇ 'ਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਇਕਤਰਫ਼ਾ ਅੰਦਾਜ਼ 'ਚ 54 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਉੱਥੇ ਹੀ ਪਾਕਿਸਤਾਨ ਦੀ ਇਸ ਹਾਰ ਨਾਲ ਪਾਕਿਸਤਾਨ ਦੇ ਨਾਲ-ਨਾਲ ਭਾਰਤੀ ਟੀਮ ਵੀ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਕਪਤਾਨ ਸੋਫ਼ੀ ਡਿਵਾਈਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਿੱਚ ਬਹੁਤ ਹੌਲੀ ਹੋਣ ਕਾਰਨ ਇੱਥੇ ਸਪਿਨ ਗੇਂਦਬਾਜ਼ਾਂ ਨੂੰ ਕਾਫ਼ੀ ਮਦਦ ਮਿਲ ਰਹੀ ਸੀ, ਜਿਸ ਕਾਰਨ ਨਿਊਜ਼ੀਲੈਂਡ ਦੀ ਟੀਮ ਸੂਜ਼ੀ ਬੇਟਸ (28) ਤੇ ਬਰੁੱਕ ਹੈਲੀਡੇ (22) ਤੋਂ ਇਲਾਵਾ ਜੌਰਜੀਆ ਪਲਿਮਰ (17) ਤੇ ਕਪਤਾਨ ਸੋਫ਼ੀ ਡਿਵਾਈਨ (19) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ ਸਿਰਫ਼ 110 ਦੌੜਾਂ ਹੀ ਬਣਾ ਸਕੀ ਸੀ।
ਪਾਕਿਸਤਾਨ ਵੱਲੋਂ ਨਸ਼ਰਾ ਸੰਧੂ ਨੇ 3, ਜਦਕਿ ਸਾਦੀਆ ਇਕਬਾਲ, ਨਿਦਾ ਦਾਰ ਤੇ ਓਮੈਮਾ ਸੋਹੇਲ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ। ਪਾਕਿਸਤਾਨੀ ਕਪਤਾਨ ਫਾਤਿਮਾ ਸਨਾ ਤੇ ਸਈਦਾ ਆਰੂਬ ਸ਼ਾਹ ਨੇ ਵੀ ਗੇਂਦਬਾਜ਼ੀ ਕੀਤੀ, ਪਰ ਉਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ।
ਇਸ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਲਈ ਮੁਨੀਬਾ ਅਲੀ ਨੇ 15 ਦੌੜਾਂ ਬਣਾਈਆਂ, ਜਿਸ ਨੂੰ ਲਿਆ ਤਾਹੁਹੁ ਨੇ ਕਲੀਨ ਬੋਲਡ ਕੀਤਾ। ਉਸ ਤੋਂ ਬਾਅਦ ਕਪਤਾਨ ਫਾਤਿਮਾ ਸਨਾ ਨੇ 23 ਦੌੜਾਂ 'ਚ 21 ਦੌੜਾਂ ਦਾ ਯੋਗਦਾਨ ਦਿੱਤਾ।
ਇਨ੍ਹਾਂ ਤੋਂ ਇਲਾਵਾ ਸਿਰਫ਼ ਇਰਾਮ ਜਾਵੇਦ (3), ਸਦਾਫ਼ ਸ਼ਮਸ (2), ਨਿਦਾ ਦਾਰ (9) ਤੇ ਓਮੈਮਾ ਸੋਹੇਲ (2) ਹੀ ਕੁਝ ਕਰ ਸਕੇ। ਨਿਊਜ਼ੀਲੈਂਡ ਦੀਆਂ ਗੇਂਦਬਾਜ਼ਾਂ ਅੱਗੇ ਪਾਕਿ ਬੱਲੇਬਾਜ਼ੀ ਢਹਿ-ਢੇਰੀ ਹੋ ਗਈ ਤੇ ਉਨ੍ਹਾਂ ਦੀਆਂ 5 ਬੱਲੇਬਾਜ਼ਾਂ ਤਾਂ ਖਾਤਾ ਵੀ ਨਾ ਖੋਲ੍ਹ ਸਕੀਆਂ।
ਇਸ ਤਰ੍ਹਾਂ ਪਾਕਿਸਤਾਨ ਦੀ ਟੀਮ ਸਿਰਫ਼ 11.4 ਓਵਰਾਂ 'ਚ ਹੀ 56 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤੇ ਇਹ ਮੁਕਾਬਲਾ 54 ਦੌੜਾਂ ਨਾਲ ਹਾਰ ਗਈ। ਪਾਕਿਸਤਾਨ ਦੀ ਹਾਰ ਨਾਲ ਭਾਰਤੀ ਟੀਮ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ ਹਨ ਤੇ ਹੁਣ ਇਹ ਦੋਵੇਂ ਟੀਮਾਂ ਖ਼ਾਲੀ ਹੱਥ ਭਾਰਤ ਵਾਪਸ ਪਰਤਣਗੀਆਂ, ਜਦਕਿ ਨਿਊਜ਼ੀਲੈਂਡ ਨੇ ਇਸ ਗਰੁੱਪ 'ਚੋਂ ਆਸਟ੍ਰੇਲੀਆ ਤੋਂ ਬਾਅਦ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਖੇਡ 'ਤੇ ਉਨ੍ਹਾਂ ਦੀ ਸੋਚ ਸ਼ਾਨਦਾਰ' - ਮਿਸ਼ੇਲ ਸਟਾਰਕ ਨੇ ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ ਦੀ ਕੀਤੀ ਤਾਰੀਫ਼
NEXT STORY