ਲੰਡਨ— ਭਾਰਤੀ ਟੀਮ ਦਾ 44 ਸਾਲ ਬਾਅਦ ਸੈਮੀਫਾਈਨਲ ਵਿਚ ਪਹੁੰਚਣ ਅਤੇ ਮਹਿਲਾ ਹਾਕੀ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਆਇਰਲੈਂਡ ਨੇ ਕੁਆਰਟਰ ਫਾਈਨਲ ਵਿਚ ਤੋੜ ਦਿੱਤਾ। ਆਇਰਲੈਂਡ ਨੇ ਵੀਰਵਾਰ ਨੂੰ ਇੱਥੇ ਪੈਨਲਟੀ ਸ਼ੂਟਆਊਟ ਵਿਚ ਭਾਰਤ ਨੂੰ 3-1 ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਲੰਡਨ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਨਿਰਧਾਰਿਤ ਸਮੇਂ ਤਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਤੇ ਨਤੀਜੇ ਲਈ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ, ਜਿਸ ਵਿਚ ਆਇਰਲੈਂਡ ਨੇ ਬਾਜ਼ੀ ਮਾਰ ਲਈ।
ਭਾਰਤ ਤੇ ਆਇਰਲੈਂਡ ਦੀਆਂ ਟੀਮਾਂ ਨੇ ਕੁਆਰਟਰ ਫਾਈਨਲ ਵਿਚ ਚੰਗਾ ਡਿਫੈਂਸ ਦਿਖਾਇਆ। ਦੋਵੇਂ ਹੀ ਟੀਮਾਂ ਨੇ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਵੀ ਸਫਲਤਾ ਨਹੀਂ ਮਿਲੀ।
ਸ਼ੂਟਆਊਟ ਵਿਚ ਭਾਰਤੀ ਗੋਲਕੀਪਰ ਸਵਿਤਾ ਨੇ ਆਇਰਲੈਂਡ ਦੀ ਪਹਿਲੀ ਕੋਸ਼ਿਸ਼ ਨੂੰ ਅਸਫਲ ਕੀਤਾ । ਫਿਰ ਭਾਰਤੀ ਕਪਤਾਨ ਰਾਣੀ ਰਾਮਪਾਲ ਵੀ ਪਹਿਲੀ ਕੋਸ਼ਿਸ਼ ਵਿਚ ਗੋਲ ਨਹੀਂ ਕਰ ਸਕੀ। ਦੂਜੀ ਕੋਸ਼ਿਸ਼ ਵਿਚ ਵੀ ਦੋਵੇਂ ਟੀਮਾਂ ਅਸਫਲ ਰਹੀਆਂ। ਇਸ ਤੋਂ ਬਾਅਦ ਆਇਰਲੈਂਡ ਨੇ ਆਪਣੀਆਂ ਅਗਲੀਆਂ ਤਿੰਨੇ ਕੋਸ਼ਿਸ਼ਾਂ ਵਿਚ ਗੋਲ ਕੀਤੇ ਪਰ ਭਾਰਤੀ ਟੀਮ ਲਈ ਸਿਰਫ ਰਾਣੀ ਹੀ ਚੌਥੀ ਕੋਸ਼ਿਸ਼ ਵਿਚ ਗੋਲ ਕਰ ਸਕੀ ਜਿਹੜਾ ਕਿ ਲੋੜੀਦਾਂ ਨਹੀਂ ਸੀ ਤੇ ਜਿੱਤ ਆਇਰਲੈਂਡ ਦੀ ਝੋਲੀ ਵਿਚ ਪੈ ਗਈ। ਇਸ ਤੋਂ ਪਹਿਲਾਂ ਭਾਰਤ ਨੂੰ ਪੂਲ ਮੈਚ ਵਿਚ ਵੀ ਆਇਰਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਮਹਿਲਾ ਹਾਕੀ ਵਿਸ਼ਵ ਕੱਪ: ਅੱਜ ਹੋਵੇਗਾ ਭਾਰਤ ਦਾ ਮੁਕਾਬਲਾ ਆਇਰਲੈਂਡ ਨਾਲ
NEXT STORY