(ਇਕ ਪੁਰਾਣੀ ਮੁਲਾਕਾਤ)
ਚੜ੍ਹਦੇ ਮਾਰਚ 2016 ’ਚ ਇਤਿਹਾਸਕਾਰ ਸੁਰਿੰਦਰ ਕੋਛੜ ਹੋਰਾਂ ਦਾ ਜੱਗੇ ਡਾਕੂ ਦੇ ਸਬੰਧ ਵਿਚ ਇਕ ਆਰਟੀਕਲ (ਇਤਿਹਾਸ ਦੀਆਂ ਪੈੜਾਂ-98) ਤਹਿਤ ਅਖਬਾਰ ਵਿਚ ਪੜ੍ਹ ਕੇ ਮਾਲੂਮ ਹੋਇਆ ਕਿ ਜੱਗੇ ਦੀ 95 ਸਾਲ ਹੰਢਾਅ ਚੁੱਕੀ ਧੀ ਬਾਦਲ ਦੇ ਲੰਬੀ ਹਲਕੇ ਵਿਚ ਰਹਿ ਰਹੀ ਹੈ। ਤਦੋਂ ਹੀ ਮੇਰੇ ਦਿਲ ਵਿਚ ਇਹ ਜਗਿਆਸਾ ਹੋਈ ਕਿ ਉਨ੍ਹਾਂ ਨੂੰ ਮਿਲਿਆ ਜਾਵੇ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਛੁੱਟੀ ਦਾ ਲਾਹਾ ਲੈ ਕੇ ਮੈਂ ਉਨ੍ਹਾਂ ਨੂੰ ਜਾ ਮਿਲਿਆ ਤੇ ਉਨ੍ਹਾਂ ਜੱਗੇ ਦੀ ਗਾਥਾ ਇੰਜ ਕਹਿ ਸੁਣਾਈ-
"ਮੇਰਾ ਬਾਪ ਜਗਤ ਸਿੰਘ ਜੋ ਜੱਗੇ ਡਾਕੂ ਕਰਕੇ ਮਸ਼ਾਹੂਰ ਹੋਇਐ, ਦਾ ਜਨਮ 1893 ਦੇ ਕਰੀਬ ਪਿੰਡ ਬੁਰਜ ਰਣ ਸਿੰਘ ਵਿਖੇ ਮਾਤਾ ਭਾਗਣ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਮੱਖਣ ਸਿੰਘ ਸਪੁਤੱਰ ਸਾਉਣ ਸਿੰਘ ਸਪੁਤੱਰ ਰਣ ਸਿੰਘ ਸੀ। ਇਸੇ ਰਣ ਸਿੰਘ ਨੇ ਹੀ ਆਪਣੇ ਨਾਮ ਪੁਰ ਆਪਣਾ ਪਿੰਡ ਬੁਰਜ ਰਣ ਸਿੰਘ ਆਬਾਦ ਕੀਤਾ। ਮੇਰਾ ਬਾਪ ਹਾਲਾਂ ਨਿਆਣੀ ਉਮਰੇ ਹੀ ਸੀ ਕਿ ਮੇਰੇ ਦਾਦਾ ਜੀ ਫੌਤ ਹੋ ਗਏ। ਜਗਤ ਸਿੰਘ ਚੰਗਾ ਮੁੱਛ ਫੁੱਟ ਗਭਰੂ ਹੋਇਆ ਤਾਂ ਉਹਦੀ ਸ਼ਾਦੀ ਗੁਆਂਡੀ ਪਿੰਡ ਤਲਵੰਡੀ ਤੋਂ ਬੱਬਰ ਪਰਿਵਾਰ ਦੀ ਬੇਟੀ ਇੰਦਰ ਕੌਰ ਨਾਲ ਹੋ ਗਈ। ਇਸੇ ਇੰਦਰ ਕੌਰ ਦੇ ਉਦਰ ਤੋਂ ਮੇਰਾ ਜਨਮ 1920 ਦੇ ਕਰੀਬ ਹੋਇਆ। ਜੱਗੇ ਦੇ ਡਾਕੂ ਬਣਨ ਦੀ ਕਥਾ ਇੰਜ ਹੈ ਕਿ ਗੁਆਂਡੀ ਪਿੰਡ ਕਲਮੋਕਲ ਦੇ ਜਗੀਰਦਾਰ ਨੇ ਪਿੰਡ ਦੀ ਇਕ ਮੁਟਿਆਰ ਦੀ ਜ਼ਬਰੀ ਬਾਂਹ ਫੜ੍ਹ ਲਈ।
ਉਸ ਨੂੰ ਜ਼ਬਰੀ ਆਪਣੇ ਨਾਲ ਘੋੜੀ ’ਤੇ ਚੁੱਕ ਕੇ ਲੈ ਜਾਣ ਲਈ ਜੱਦੋ ਜਹਿਦ ਕਰਨ ਲੱਗਾ ਤਾਂ ਅਣਖੀ ਜੱਗਾ ਕੁੜੀ ਦੀਆਂ ਚੀਕਾਂ ਸੁਣ ਕੇ ਉਥੇ ਜਾ ਹਾਜ਼ਰ ਹੋਇਆ। ਜਿਸ ’ਤੇ ਉਸ ਦੀ ਜਗੀਰਦਾਰ ਨਾਲ ਝੜਪ ਹੋ ਗਈ। ਕੁੜੀ ਦੀ ਇੱਜ਼ਤ ਨੂੰ ਤਾਂ ਬਚਾ ਲਿਆ ਗਿਆ ਪਰ ਹੁਣ ਜੱਗੇ ਦਾ ਸਿੱਧਾ ਵਿਰੋਧ ਅਤੇ ਟੱਕਰ ਜਗੀਰਦਾਰ ਨਾਲ ਹੋ ਗਈ। ਇਲਾਕੇ ਦਾ ਪੁਲਸ ਡਿਪਟੀ ਵੀ ਜਗੀਰਦਾਰ ਦਾ ਸਿੱਧਾ ਹਾਮੀ ਸੀ। ਇਸੇ ਕਸ਼-ਮ-ਕਸ਼ ਵਿਚ ਜੱਗੇ ਨੇ ਜਗੀਰਦਾਰ ਦੀ ਹਵੇਲੀ ਅਤੇ ਫਸਲਾਂ ਨੂੰ ਅੱਗ ਲਗਾ ਦਿੱਤੀ ਅਤੇ ਭਗੌੜਾ ਹੋ ਗਿਆ। ਬਦਲੇ ਵਜੋਂ ਪੁਲਸ ਨੇ ਸਾਰੇ ਖੂਹਾਂ ’ਤੇ ਖੜੀ ਕਣਕ ਉਪਰ ਸੁਹਾਗਾ ਫੇਰ ਦਿੱਤਾ ਅਤੇ ਖੂਹ ’ਤੇ ਬੱਝੇ ਬਲਦ, ਮੱਝਾਂ ਅਤੇ ਗਾਂਵਾਂ ਖੋਲ ਕੇ ਲੈ ਗਏ। ਜਗੀਰਦਾਰ ਅਤੇ ਪੁਲਸ ਡਿਪਟੀ ਤਦੋਂ ਹਥ ਧੋ ਕੇ ਜੱਗੇ ਦੇ ਮਗਰ ਪੈ ਗਏ। ਜਿਸ ’ਤੇ ਉਹਨੂੰ ਆਪਣੇ ਬਚਾ ਵਜੋਂ ਹਥਿਆਰ ਖਰੀਦਣ ਲਈ ਲਾਇਲਪੁਰ ਦੇ ਨਜਦੀਕ ਪੈਂਦੇ ਪਿੰਡ ਘੁਮਿਆਰੀਵਾਲੀ ਵਿਚ ਆਪਣੇ ਪੰਜ ਸਾਥੀਆਂ, ਜਿਨ੍ਹਾਂ ਵਿਚ ਸੁੰਦਰ ਸਿੰਘ ਮੰਡਿਆਲੀ, ਨਿਰਮਲ ਕਿਆਂ ਦਾ ਦੀਪੋ, ਜਮਸ਼ੇਰਪੁਰੀਆ ਸੋਹਣ ਤੇਲੀ (ਇਹ ਅਤੇ ਜੱਗਾ ਡਾਕੂ ਦੋਵੇਂ ਘੁਲ਼ਦੇ ਰਹੇ ਹਨ),ਬੰਤਾ ਸਿੰਘ ਕਾਲੂ ਖਾਰਾ ਅਤੇ ਲਾਖੂ ਪਿੰਡ ਦਾ ਲਾਲੂ ਨਾਈ ਸ਼ੁਮਾਰ ਸਨ ਸਮੇਤ ਇਕ ਸਰਾਫ ਦੇ ਘਰ ਡਾਕਾ ਮਾਰਿਆ। ਜਿੱਥੋਂ ਉਹ 8-10 ਕੁ ਕਿੱਲੋ ਸੋਨਾ ਅਤੇ ਰੁ: ਦੀ ਪੰਡ ਲੁੱਟ ਕੇ ਲੈ ਗਏ। ਉਪਰੰਤ ਉਨ੍ਹਾਂ ਬੰਦੂਕਾਂ ਅਤੇ ਘੋੜੇ ਖਰੀਦੇ।
ਤਦੋਂ ਹੀ ਉਹ ਜੱਗੇ ਡਾਕੂ ਵਜੋਂ ਮਸ਼ਾਹੂਰ ਹੋਇਆ। ਤਦੋਂ ਦਾ ਹੀ ਆਖਾਣ ਮਸ਼ਾਹੂਰ ਹੈ 'ਜੱਗੇ ਮਾਰਿਆ ਲੈਲਪੁਰ ਡਾਕਾ-ਤਾਰਾਂ ਖੜਕ ਪਈਆਂ 'ਪਰ ਕੁੱਝ ਅਰਸਾ ਬਾਅਦ ਫੜਿਆ ਗਿਆ ਅਤੇ ਸਾਥੀਆਂ ਸਮੇਤ ਥਾਣੇ ਡੱਕ ਦਿੱਤਾ। ਅੱਗੋਂ ਚਾਰ ਸਾਲ ਦੀ ਸਜਾ ਹੋਈ। ਪਿਤਾ ਨਾਲ ਕੈਦ ਕੀਤੇ ਗਿਆਂ ’ਚੋਂ ਸੁੰਦਰ ਸਿੰਘ ਮੰਢਿਆਲੀ ਤਾਂ ਰਿਸ਼ਵਤ ਅਤੇ ਸਿਫਾਰਸ਼ ਦੇ ਜੋਰ ਨਾਲ ਛੁੱਟ ਗਿਆ ਪਰ ਨਿਰਮਲ ਕਿਆਂ ਦਾ ਦੀਪੋ ਪੁਲਸ ਦੇ ਤਸ਼ੱਦਦ ਨੂੰ ਨਾ ਸਹਾਰਦਾ ਥਾਣੇ ਹੀ ਦਮ ਤੋੜ ਗਿਆ। ਇਕ ਦਿਨ ਜੱਗਾ ਆਪਣੇ ਬਾਕੀ ਬਚੇ ਸਾਥੀਆਂ ਨਾਲ ਸਜਾ ਪੂਰੀ ਹੋਣ ਤੋਂ ਕੁੱਝ ਸਮਾਂ ਪਹਿਲਾਂ ਹੀ ਜੇਲ ’ਚੋਂ ਭੱਜ ਨਿੱਕਲਿਆ ਅਤੇ ਜੰਗਲ ਬੇਲਿਆਂ ਵਿਚ ਵਿਚਰਦਾ ਰਿਹਾ।
ਜੱਗੇ ਦੀ ਹੋਣੀ ਨੇ ਉਸ ਨੂੰ ਆਣ ਇਕ ਦਿਨ ਘੇਰਾ ਪਾਇਆ। ਘਟਨਾ ਇੰਜ ਘਟੀ ਕਿ ਕਸੂਰ ਇਲਾਕੇ ਦੇ ਹੀ ਪਿੰਡ ਸਿੱਧੂ ਪੁਰ ਵਿਚ ਇੱਕ ਤਕੀਏ ਅੰਦਰ ਇਕ ਰਾਤ ਠਹਿਰੇ ਹੋਏ ਸਨ ਕਿ ਕਿਸੇ ਦੀ ਮੁਖਬਰੀ ਪੁਰ ਪੁਲਸ ਨੇ ਆ ਘੇਰਾ ਪਾਇਆ। ਸ਼ਰਾਬੀ ਹੋਇਆ ਜੱਗਾ ਪੁਲਸ ਦੀ ਗੋਲੀ ਨਾਲ ਮਾਰਿਆ ਗਿਆ।(ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ ਲਿਖਦੇ ਹਨ ਕਿ ਕਸੂਰ ਦੇ ਪਿੰਡ ਸਿੱਧਵਾਨੀ ਦੇ ਵਸਨੀਕ ਮੁਹੰਮਦ ਅਲੀ ਹੋਰੀ, ਜੋ ਇਸ ਘਟਨਾ ਦੇ ਚਸ਼ਮਦੀਦ ਜ਼ਿੰਦਾ ਗਵਾਹ ਹਨ, ਦਸਦੇ ਹਨ ਕਿ ਉਸ ਵਕਤ ਜੱਗੇ ਦੇ ਇੱਕ ਗੋਲੀ ਛਾਤੀ ਵਿਚ ਅਤੇ ਦੂਜੀ ਉਸ ਦੇ ਨਲ਼ਾਂ ਵਿਚ ਲੱਗੀ ਜਿਸ ਨਾਲ ਜੱਗਾ ਮੌਕੇ ਉੱਪਰ ਹੀ ਦਮ ਤੋੜ ਗਿਆ। ਕਸੂਰ ਤੋਂ ਆਈ ਹੋਈ ਪੁਲਸ ਉਸ ਦੀ ਲਾਸ਼ ਨੂੰ ਕਸੂਰ ਲੈ ਗਈ।)'
ਜੱਗੇ ਦੀ ਆਖੀਰੀ ਰਸਮ :
ਅਗਲੇ ਦਿਨ ਸ਼ਾਮ ਤੱਕ ਜੱਗੇ ਦੀ ਲਾਸ਼ ਲੈਣ ਲਈ ਅਸੀਂ ਕਸੂਰ ਪਹੁੰਚੇ। ਥਾਣੇਦਾਰ ਹੋਰਾਂ ਆਖਿਆ ਕਿ ਲਾਸ਼ ਦਾ ਤਾਂ ਮੁਲਾਹਜ਼ਾ ਕਰਨੈ ਤੇ ਤੁਸਾਂ ਨੂੰ ਲਾਸ਼ ਕੱਲ ਮਿਲੇਗੀ। ਉਹੀ ਰਾਤ ਅਸੀਂ ਬੁਲ੍ਹੇ ਦੀ ਸਰਾਂ ਵਿਚ ਰੁਕੇ। ਦੋ ਪੁਲਸ ਵਾਲੇ ਉਥੇ ਆਏ, ਇਕ ਦੂਜੇ ਨੂੰ ਮੇਰੇ ਵੱਲ ਇਛਾਰਾ ਕਰਕੇ ਕਹੇ ਕਿ ਇਹ ਜੱਗੇ ਡਾਕੂ ਦੀ ਧੀ ਐ। ਇਕ ਸਿਪਾਹੀ ਮੈਨੂੰ ਪੁਛਿਓਸ ਕਿ ਤੇਰਾ ਨਾਮ ਕੀ ਹੈ ਪਰ ਮੈਨੂੰ ਜਿਵੇਂ ਸਿਖਾਇਆ ਗਿਆ ਸੀ ਮੈਂ ਉਵੇਂ ਕਹਿ ਦਿੱਤਾ ਕਿ ਮੇਰਾ ਨਾਮ ਜੱਸੋ ਐ ਬਾਪ ਐ ਬਹਾਦਰ ਸਿੰਘ ਤੇ ਪਿੰਡ ਆ ਸਰਹਾਲੀ। ਪਰ ਉਹ ਤਾੜ ਗਏ ਕਿ ਮੈਂ ਝੂਠ ਪਈ ਬੋਲਦੀ ਆਂ। ਉਨ੍ਹਾਂ ਜਾ ਕੇ ਡਿਪਟੀ ਨੂੰ ਖਬਰ ਕੀਤੀ। ਡਿਪਟੀ ਆਖਿਆ ਕਿ ਫੜ ਲਿਆਓ। ਉਥੇ ਮੇਰੀ ਮਾਸੀ ਅਤੇ ਤਾਏ ਦਾ ਪੁੱਤਰ ਪੁਲਸ ਵਿਚ ਸੀ, ਉਸ ਨੇ ਪਹਿਲਾਂ ਹੀ ਸਾਨੂੰ ਆਣ ਖਬਰ ਕੀਤੀ ਅਤੇ ਸਾਨੂੰ ਗੁਆਂਡੀ ਪਿੰਡ ਥੂਹ ਦੇ ਗੁਰਦੁਆਰੇ ਛੱਡ ਆਇਆ ਜਿੱਥੇ ਅਸੀਂ ਰਾਤ ਰਹੇ।
ਦੂਜੇ ਦਿਨ ਫਿਰ ਅਸੀਂ ਡਿਪਟੀ ਦੇ ਜਾ ਹਾਜ਼ਰ ਹੋਏ। ਲਾਸ਼ ਸਾਡੇ ਹਵਾਲੇ ਕਰ ਦਿੱਤੀ ਗਈ। ਡੂੜ ਸੌ ਵਿਚ ਇਕ ਬਸ ਕਿਰਾਏ ’ਤੇ ਕੀਤੀ। ਜਿਸ ’ਤੇ ਸਵਾਰ ਹੋ ਕੇ ਅਸੀਂ ਪਿੰਡ ਨੂੰ ਚੱਲ ਪਏ। ਪੱਕੀ ਸੜਕ ਦਾ ਪੈਂਡਾ ਲੰਬਾ ਸੀ ਸੋ ਨਵੀਂ ਬਣੀ ਨਹਿਰ ਦੇ ਨਾਲ ਦਾ ਕੱਚਾ ਰਸਤਾ ਹੀ ਅਸਾਂ ਫੜ ਲਿਆ। ਉਸ ਦਿਨ ਮੀਂਹ ਤੇ ਹਨੇਰੀ ਬਹੁਤ ਪਈ ਬਰ੍ਹੇ। ਦੋ ਕੋਹ ਬਸ ਚੱਲਿਆ ਕਰੇ ਤੇ ਗਾਰੇ ਵਿਚ ਫਸ ਜਿਆ ਕਰੇ। ਚਾਲ੍ਹਿਆਂ ਵਿਚ ਲੱਕੜਾਂ ਡੱਕਰੇ ਲਿਆ ਕੇ ਸੁੱਟਿਆ ਕਰੀਏ ਅੱਗੇ ਜਾਕੇ ਫਿਰ ਫਸ ਜਾਏ। ਅੱਗੋਂ ਇਕ ਪਿੰਡ ਆਇਆ ਜਿਥੇ ਬਸ ਫਿਰ ਫਸ ਗਈ ਉਥੋਂ ਅਸਾਂ ਦੋ ਦਾਤਰੀਆਂ ਮੰਗੀਆਂ ਤੇ ਕਾਨਿਆਂ ਦਾ ਸਲਵਾੜ੍ਹ ਵੱਡ ਕੇ ਚਾਲ੍ਹੇ ਵਿਚ ਵਛਾਇਆ। ਜਦ ਪਿੰਡ ਪਹੁੰਚੇ ਤਾਂ ਸੂਰਜ ਅਸਤ ਹੋਣ ਦੇ ਨੇੜੇ ਸੀ।
ਸਿਆਣਿਆਂ ਸਲਾਹ ਕੀਤੀ ਕਿ ਲਾਸ਼ ਖਰਾਬ ਹੋਣ ਦਾ ਖਤਰਾ ਏ ਸੋ ਹੁਣੇ ਹੀ ਸੰਸਕਾਰ ਕਰ ਦੇਈਏ। ਪਾਣੀ ਦੇ ਘੜੇ ਪਹਿਲਾਂ ਹੀ ਭਰੇ ਪਏ ਸਨ। ਜਿਸ ਮੰਜੀ ’ਤੇ ਲਾਸ਼ ਲਿਆਂਦੀ ਸੀ ਉਸੇ ਤੇ ਉਵੇਂ ਹੀ ਇਸ਼ਨਾਨ ਕਰਵਾ ਕੇ ਸੰਸਕਾਰ ਕਰ ਦਿੱਤਾ। ਚਿਖਾ ਨੂੰ ਲਾਂਬੂ ਮੇਰੇ ਚਾਚੇ ਦੇ ਪੁੱਤਰ ਰੂਪ ਸਿੰਘ ਨੇ ਲਾਇਆ। ਮੇਰੀ ਦਾਦੀ ਭਾਗਣ ਜੱਗੇ ਦੀ ਲਾਸ਼ ਉੱਪਰ ਆਣ ਲਿਟੀ ਆਖੇ ਕਿ ਮੇਰਾ ਵੀ ਸੰਸਕਾਰ ਨਾਲ ਹੀ ਕਰ ਛੱਡੋ। ਬੜੀ ਮੁਸ਼ਕਲ ਨਾਲ ਉਸ ਨੂੰ ਪਰਾਂ ਕੀਤਾ।
ਜੱਗੇ ਦੀ ਮੌਤ ਵੇਲੇ ਮੇਰੀ ਉਮਰ ਕੋਈ 6-7 ਵਰ੍ਹੇ ਦੀ ਹੋਵੇਗੀ। ਕੋਈ 9 ਵਰ੍ਹੇ ਹੋਵੇਗੀ ਮੇਰੀ ਉਮਰ ਜਦੋਂ ਮੇਰਾ ਵਿਆਹ ਕਸੂਰ ਦੇ ਹੀ ਪਿੰਡ ਕਾਂਵਾਂ ਝੋਕ (ਇਸੇ ਪਿੰਡ ਦੇ ਪ੍ਰ: ਸਕੂਲ ਵਿਚ ਜੱਗਾ ਬਚਪਨ ਵਿਚ ਪੜ੍ਹਦਾ ਰਿਹਾ ਸੀ।) ਦੇ ਅਵਤਾਰ ਸਿੰਘ ਪੁੱਤਰ ਗੁਲਾਬ ਸਿੰਘ ਸੰਧੂ ਨਾਲ ਕਰ ਦਿੱਤਾ ਗਿਆ। ਅਵਤਾਰ ਸਿੰਘ ਦੇ ਤਾਇਆ ਕੇਹਰ ਸਿੰਘ ਦਾ ਮੇਰੇ ਬਾਪ ਜੱਗੇ ਨਾਲ ਵਾਹਵਾ ਮੇਲ਼ ਸੀ। ਇਸੀ ਵਜ੍ਹਾ ਮੇਰਾ ਰਿਸਤਾ ਹੋਇਆ। ਕੇਹਰ ਸਿੰਘ ਪਸ਼ੂਆਂ ਦੇ ਵਪਾਰੀਆਂ ਨਾਲ ਬਾ-ਵਾਸਤਾ ਸੀ। ਦੋ ਨੰ:ਦੀ ਮਦਦ ਵਜੋਂ ਉਹਨਾਂ ਪਾਸੋਂ ਰੱਸਾ (ਜਬਰੀ ਟੈਕਸ) ਵਸੂਲ ਕਰਦਾ ਸੀ। ਜਦੋਂ ਨਨਕਾਣੇ ਦਾ ਸਾਕਾ ਹੋਇਆ ਤਾਂ ਨਰੈਣੇ ਮਹੰਤ ਦੇ ਸੱਦੇ ’ਤੇ ਕੇਹਰ ਸਿੰਘ ਵੀ ਬੰਦੇ ਲੈ ਕੇ ਗਿਆ। ਕੇਹਰ ਸਿੰਘ ਦਾ ਇਕ ਹੋਰ ਛੋਟਾ ਭਰਾ ਸੀ ਭਾਈ ਮੇਜਾ ਸਿੰਘ, ਜੋ ਗੁ:ਭਾਈ ਫੇਰੂ ਜੀ ਦਾ ਪ੍ਰਧਾਨ ਅਤੇ ਡਿਸਟ੍ਰਿਕਟ ਬੋਰਡ ਲਾਹੌਰ ਦਾ ਮੈਂਬਰ ਵੀ ਸੀ।
ਜਦ ਇਹਨੂੰ ਕੇਹਰੂ ਦੀ ਇਸ ਕਰਤੂਤ ਦਾ ਪਤਾ ਲੱਗਾ ਤਾਂ ਓਸ ਬਹੁਤ ਬੁਰਾ ਮਨਾਇਆ। ਭਾਈ ਮੇਜਾ ਸਿੰਘ ਹੋਰੀਂ ਆਪਣਾ ਵੱਖਰਾ ਜਥਾ ਲੈ ਕੇ ਨਨਕਾਣਾ ਸਾਹਿਬ ਭਾਈ ਝੱਬਰ ਹੋਰਾਂ ਦੀ ਹਿਮਾਇਤ ’ਤੇ ਗਿਆ। ਇਸ ਜਥੇ ਵਿਚ ਜੱਗਾ ਵੀ ਸ਼ਾਮਲ ਸੀ। ਇਕ ਹੋਰ ਵੱਖਰੀ ਘਟਨਾ ਕਾਲਕਾ ਕਾਂਡ ਵਿਚ ਬੱਬਰਾਂ ਨੇ ਕੁੱਝ ਅੰਗ੍ਰੇਜਾਂ ਨੂੰ ਮਾਰ ਦਿੱਤਾ ਸੀ। ਤਦੋਂ ਉਹ ਬੱਬਰ ਉਹ ਰਾਤ ਭਾਈ ਮੇਜਾ ਸਿੰਘ ਪਾਸ ਹੀ ਗੁ: ਫੇਰੂ ਸਾਹਿਬ ਵਿਚ ਰਹੇ ਸਨ। ਬਾਰ ਵਿਚ ਮੇਰੇ ਪੇਕਾ ਅਤੇ ਸਹੁਰਾ ਦੋਹਾਂ ਪਰਿਵਾਰਾਂ ਪੂਰੀ ਸਰਦਾਰੀ ਸੀ। ਖੂਹ ਅਤੇ ਜ਼ਮੀਨਾਂ ਖੁੱਲ੍ਹੀਆਂ ਸਨ। ਰੌਲ਼ੇ ਪੈਣ ’ਤੇ ਸੱਭ ਕੁੱਝ ਉਥਲ-ਪੁਥਲ ਹੋ ਗਿਆ। ਭਲੇ ਮਾਰ ਮਰੱਈਆ ਜੋਰਾਂ ’ਤੇ ਸੀ ਪਰ ਫਿਰ ਵੀ ਨੇੜਲੇ ਮੁਸਲਮਾਨ ਸਾਡੇ ਸਰਦਾਰਾਂ ਦਾ ਭੈਅ ਖਾਂਦੇ ਸਨ। ਕਿਓਂ ਜੋ ਬੰਦੂਕਾਂ ਅਸਲਾ ਵੀ ਵਾਹਵਾ ਸੀ। ਸੋ ਸਾਡਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਰੌਲ਼ਿਆਂ ਵੇਲੇ ਮੇਰੇ 3 ਬੇਟੇ ਅਜੀਤ, ਬਗੀਚਾ ਅਤੇ ਅਮਰੀਕ ਅਤੇ ਬੇਟੀ ਸੁਖਵਿੰਦਰ ਕੌਰ ਮੇਰੇ ਕੁੱਛੜ ਸੀ। ਰੌਲ਼ੇ ਜਦ ਬਹੁਤੇ ਵੱਧ ਗਏ ਤਾਂ ਗੱਡਿਆਂ ’ਤੇ ਸਾਮਾਨ ਲੱਦ ਕੇ ਕਸੂਰ ਕਾਫਲੇ ਵਿਚ ਜਾ ਸ਼ਾਮਲ ਹੋਏ। ਕੋਈ 1000 ਗੱਡਿਆਂ ਦਾ ਕਾਫਲਾ ਹੋਵੇਗਾ। ਗੋਰਖਾ ਮਿਲਟਰੀ ਵੀ ਪਹਿਰੇ ਤੇ ਨਾਲ ਸੀ। ਭਲੇ ਭੁੱਖ ਮਰੀ, ਬੇਅਰਾਮੀ, ਮੀਂਹ ਹਨੇਰੀ ਤਾਂ ਬਹੁਤ ਝੱਲੀ ਪਰ ਰਸਤੇ ਵਿਚ ਕੋਈ ਹਮਲੇ ਦਾ ਡਰ ਨਹੀਂ ਹੋਇਆ। ਸਰਹੱਦ ਟੱਪ ਕੇ ਕਰਤਾਰ ਪੁਰ ਨਜਦੀਕ ਸੁਭਾਨ ਪੁਰ ਵਿਖੇ ਕਾਫਲੇ ਨੇ ਰਾਤ ਕੱਟੀ। ਸਾਡਾ ਸਾਰਾ ਪਰਿਵਾਰ ਇਧਰ ਆ ਗਿਆ ਪਰ ਜੱਗੇ ਦੇ ਚਾਚੇ ਸੁਲੱਖਣ ਸਿੰਘ, ਜਿਸ ਦਾ ਬਲਦ ਨੇ ਸਿੰਗ ਮਾਰ ਕੇ ਚੂਲ਼ਾ ਤੋੜਿਆ ਹੋਇਆ ਸੀ ਉਧਰ ਰਹਿ ਪਿਆ।
ਉਸ ਦਾ ਇਕ ਹੋਰ ਭਰਾ ਸੀ ਕੱਕਾ ਸਿੰਘ ਆਖੇ ਕਿ ਮੈਂ ਭਰਾ ਨੂੰ ਕੱਲਾ ਛੱਡ ਕੇ ਨਹੀਂ ਜਾਣਾ ਸੋ ਉਹ ਵੀ ਓਧਰ ਹੀ ਬੁਰਜ ਰਣ ਸਿੰਘ (ਕਸੂਰ) ਰਹਿ ਪਏ। ਜੋ ਬਾਅਦ ਵਿਚ ਮੁਸਲਮਾਨ ਹੋ ਗਏ। (ਇਤਿ: ਸੁਰਿੰਦਰ ਕੋਛੜ ਮੁਤਾਬਕ ਸੁਲੱਖਣ ਸਿੰਘ ਦੇ ਪੁੱਤਰ ਮੁਹੰਮਦ ਦੀਨ, ਬਸ਼ੀਰ ਮੁਹੰਮਦ ਅਤੇ ਦੀਨ ਮੁਹੰਮਦ ਓਧਰ ਰਹਿ ਰਹੇ ਹਨ।) ਮੇਰੇ ਪੋਤਰੇ ਕੁਲਬੀਰ ਸਿੰਘ ਸਪੁੱਤਰ ਅਜੀਤ ਸਿੰਘ ਦਾ ਹਾਲੇ ਵੀ ਸੁਲੱਖਣ ਸਿੰਘ ਦੇ ਪੋਤਰੇ ਇਜਰਤ ਸਰਦਾਰ ਨਾਲ ਫੋਨ ਤੇ ਰਾਬਤਾ ਹੈ। ਮੇਰੇ ਸਿਰ ਦਾ ਸਾਈਂ ਅਵਤਾਰ ਸਿੰਘ ਸੰਧੂ ਤਾਂ 2005 ਵਿਚ ਫੌਤ ਹੋ ਗਿਆ ਸੀ। ਇਸ ਵਕਤ ਆਪਣੇ ਪੁੱਤਰ ਅਜੀਤ ਸਿੰਘ ਅਤੇ ਪੋਤਰੇ ਕੁਲਬੀਰ ਸਿੰਘ ਨਾਲ ਬੁਢਾਪਾ ਭੋਗ ਰਹੀ ਹਾਂ।
ਮੇਰੇ ਸਹੁਰੇ ਪਰਿਵਾਰ ਦੀ ਕੁੱਲ 250 ਏਕੜ ਦੇ ਕਰੀਬ ਜ਼ਮੀਨ ਸੀ ਉਧਰ। ਪਰ ਇਧਰ ਕਾਟ ਕੱਟ ਕੇ ਅੱਧੋ ਡੂੜ ਹੀ ਅਲਾਟ ਕੀਤੀ ਗਈ।ਪਰਿਵਾਰਕ ਵੰਡ ਵਿਚ ਜ਼ਮੀਨ ਤਾਂ ਹੁਣ ਟੁਕੜਿਆਂ ਵਿਚ ਵੰਡੀ ਗਈ ਪਰ ਫਿਰ ਵੀ ਗੁਜ਼ਾਰਾ ਵਧੀਆ ਤੁਰੀ ਜਾਂਦੈ।"
ਬੀਬੀ ਗੁਲਾਬ ਕੌਰ ਬਚਪਨ ਦਾ ਨਾਮ, ਬਾਪ ਜੱਗੇ ਵਲੋਂ ਰੱਖਿਆ ਗੇਬੋ ਤੇ ਸਹੁਰਿਆਂ ਦਾ ਨਾਮ ਰੇਸ਼ਮ ਕੌਰ ਅੱਜ ਕੱਲ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਬਨਵਾਲਾ ਅੱਨੂੰ ਕੇ ਵਿਚ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ।
ਜੱਗੇ ਡਾਕੂ ਬਾਰੇ ਕੁੱਝ ਪ੍ਰਚੱਲਤ ਆਖਾਣ-
ਜੱਗਾ ਜੰਮਿਆਂ ਤੇ ਮਿਲਣ ਵਧਾਈਆਂ-ਵੱਡਾ ਹੋ ਕੇ ਡਾਕੇ ਮਾਰਦਾ।
ਜੱਗਾ ਜੰਮਿਆਂ ਫਜ਼ਰ ਦੀ ਬਾਂਗੇ-ਲੌਡੇ ਵੇਲੇ ਖੇਡਦਾ ਫਿਰੇ। ਜੱਗੇ ਮਾਰਿਆ ਲੈਲਪੁਰ ਡਾਕਾ-ਤਾਰਾਂ ਖੜਕ ਪਈਆਂ। ਜੱਗਾ ਵੱਢਿਆ ਬੋਹੜ ਦੀ ਛਾਂਵੇਂ-9 ਮਣ ਰੇਤ ਭਿੱਜ ਗਈ। ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ-ਇਕ ਦੇ ਮੈਂ 6 ਜੰਮਦੀ।
ਲੇਖਕ: ਸਤਵੀਰ ਸਿੰਘ ਚਾਨੀਆਂ
92569-73526
ਹੁਣ ਐਮਾਜ਼ਾਨ 'ਤੇ ਵੀ ਬੁੱਕ ਕਰ ਸਕਦੇ ਹੋ ਟਰੇਨ ਟਿਕਟ, ਕੈਸ਼ਬੈਕ ਦੇ ਨਾਲ ਮਿਲਣਗੀਆਂ ਕਈ ਸੁਵਿਧਾਵਾਂ
NEXT STORY