ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ
(ਕਿਸ਼ਤ ਅਠਾਰ੍ਹਵੀਂ)
ਜਾਨਵਰਾਂ ਦੇ ਮਹਾਪੁਰਸ਼ਾਂ ਨਾਲ ਪਿਆਰ ਅਤੇ ਨੇੜ ਦਾ ਵਿਵੇਕ
ਉਲੇਖਯੋਗ ਹੈ ਕਿ ਭਾਰਤੀ ਚਿੰਤਨ ਪ੍ਰੰਪਰਾ ਦੇ ਵਿਆਪਕ ਇਤਿਹਾਸਕ ਪਰਿਪੇਖ ਵਿਚ ਨਾਨਕ ਸਾਹਿਬ ਨਾਲ ਇਕ ਸੱਪ ਦੇ ਪਿਆਰ ਅਤੇ ਨੇੜ ਦੀ ਕਥਾ ਕੋਈ ਇਕੱਲੀ-ਕਾਰੀ ਅਲੋਕਾਰ ਘਟਨਾ ਜਾਂ ਕਹਾਣੀ ਨਹੀਂ ਹੈ। ਆਦਿ ਕਾਲ ਤੋਂ ਹੀ ਕੁੱਝ ਜਾਨਵਰ ਸੰਤ-ਪੁਰਸ਼ਾਂ/ਮਹਾ-ਪੁਰਸ਼ਾਂ ਦੇ ਸੰਗੀ-ਸਾਥੀ ਰਹੇ ਹਨ। ਸਭ ਜਾਣਦੇ ਹਨ ਕਿ ਇਕ ਸੱਪ ਸ਼ਿਵਜੀ ਮਹਾਰਾਜ ਦੇ ਗਲੇ ਦਾ ਹਾਰ ਸੀ, ਸ਼ਿੰਗਾਰ ਸੀ। ਇਹ ਗੱਲ ਵੀ ਜਗ ਜ਼ਾਹਰ ਹੈ ਕਿ ਗਊਆਂ ਦਾ ਭਗਵਾਨ ਕ੍ਰਿਸ਼ਨ ਜੀ ਨਾਲ ਬਹੁਤ ਲਗਾਓ ਸੀ। ਇਹ ਕਹਾਣੀ ਵੀ ਸਭ ਲੋਕਾਂ ਨੂੰ ਪਤਾ ਹੈ ਕਿ ਬੋਧ ਪ੍ਰਾਪਤ ਹੋ ਜਾਣ ਅਰਥਾਤ ਮਹਾਤਮਾ ਬੁੱਧ ਹੋਣ ਤੋਂ ਪਹਿਲਾਂ ਜਦੋਂ ਗੌਤਮ ਸਿਧਾਰਥ ਜੰਗਲ ਵਿਚ ਤਪੱਸਿਆ ਕਰਦੇ ਸਨ ਤਾਂ ਇਕ ਹਾਥੀ ਮਾਂ ਵਾਂਗ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਪੂਰਾ-ਪੂਰਾ ਖ਼ਿਆਲ ਰੱਖਿਆ ਕਰਦਾ ਸੀ।
ਉਹ ਗੌਤਮ ਸਿਧਾਰਥ ਦਾ ਕਰਮੰਡਲ ਚੁੱਕ ਕੇ ਹਰ ਰੋਜ਼ ਉਨ੍ਹਾਂ ਲਈ ਨਿਰੰਜਣਾ ਨਦੀ ਤੋਂ ਕੇਵਲ ਪਾਣੀ ਹੀ ਨਹੀਂ ਸੀ ਲੈ ਕੇ ਆਉਂਦਾ, ਸਗੋਂ ਖੁਰਾਕ ਦੀ ਪੂਰਤੀ ਲਈ ਜੰਗਲ ਵਿਚੋਂ ਵੰਨ-ਸੁਵੰਨੇ ਫਲ ਵੀ ਤੋੜ ਕੇ ਦਿੰਦਾ ਹੁੰਦਾ ਸੀ। ਗੌਤਮ ਦੀ ਬੰਦਗੀ ਵਿਚ ਕਿਸੇ ਤਰ੍ਹਾਂ ਦਾ ਕੋਈ ਖ਼ਲਲ ਨਾ ਪਵੇ, ਇਸ ਮਕਸਦ ਦੀ ਪੂਰਤੀ ਲਈ ਉਹ ਉਨ੍ਹਾਂ ਦੇ ਧਿਆਨ-ਮਗਨ ਹੋਣ ਅਤੇ ਰਾਤ ਸਮੇਂ, ਚਾਰੇ ਪਾਸੇ ਘੁੰਮ ਕੇ ਪਹਿਰਾ ਦਿੰਦਾ ਸੀ। ਜੰਗਲੀ ਜਾਨਵਰਾਂ ਤੋਂ ਉਨ੍ਹਾਂ ਦੀ ਰੱਖਿਆ ਕਰਦਾ ਸੀ। ਗੌਤਮ ਸਿਧਾਰਥ ਨਾਲ ਇਸ ਹਾਥੀ ਦਾ ਪਿਆਰ ਇੰਨਾ ਨਿਰਮਲ, ਗੂੜ੍ਹਾ ਅਤੇ ਤਿੱਖਾ ਸੀ ਕਿ ਜਦੋਂ ਗੌਤਮ ਸਿਧਾਰਥ ਦੀ ਤਪ-ਸਾਧਨਾ ਸਫਲ ਹੋਈ ਅਤੇ ਉਹ ਜੰਗਲ ਛੱਡ ਕੇ ਚਲੇ ਗਏ ਤਾਂ ਪਿੱਛੋਂ ਇਸ ਨੇ ਉਨ੍ਹਾਂ ਦੇ ਵਿਯੋਗ ਵਿਚ ਤੜਫ਼-ਤੜਫ਼ ਕੇ ਆਪਣੀ ਜਾਨ ਦੇ ਦਿੱਤੀ ਸੀ।
ਮੁਕਤੀ ਲਈ ਤ੍ਰਿਖਾਵੰਤ ਇਹੋ ਜਿਹੇ ਹੀ ਇਕ ਸੁਹਿਰਦ, ਸੰਵੇਦਨਸ਼ੀਲ ਅਤੇ ਸਮਰੱਥਾਵਾਨ ਹਾਥੀ ਦਾ ਜ਼ਿਕਰ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਅੰਦਰ ਇਕ ਥਾਂ ’ਤੇ ਨਹੀਂ ਸਗੋਂ ਕਈ ਥਾਵਾਂ ’ਤੇ ਕੀਤਾ ਹੈ :
ਜਬ ਹੀ ਸਰਨਿ ਗਹੀ ਕਿਰਪਾਨਿਧਿ ਗਜੁ ਗਰਾਹ ਤੇ ਛੂਟਾ।।
ਮਹਿਮਾ ਨਾਮ ਕਹਾ ਲਉ ਬਰਨਉ ਰਾਮੁ ਕਹਤ ਬੰਧਨ ਤਿਹ ਛੂਟਾ।।
ਅਤੇ
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ।।
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ।।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿਚ ਦਰਜ ਉਪਰੋਕਤ ਪੰਕਤੀਆਂ ਵਿਚ ਆਏ ਹਾਥੀ (ਗਜ) ਦੇ ਵੇਰਵੇ ਬਾਰੇ, ਸਾਡੀਆਂ ਪੌਰਾਣ ਕਥਾਵਾਂ ਅਨੁਸਾਰ ਮੰਨਿਆ ਇਹ ਜਾਂਦਾ ਹੈ ਕਿ ਪੁਰਾਣੇ ਸਮੇਂ ਵਿਚ ਸਰਾਪ ਕਾਰਣ ਇਕ ਗੰਧਰਬ (ਦੇਵਲੋਕ ਦਾ ਗਵੱਈਆ/ਸੰਗੀਤ ਵਿੱਦਿਆ ਦਾ ਧਾਰਨੀ ਇਕ ਜ਼ਹੀਨ ਅਤੇ ਸੰਵੇਦਨਸ਼ੀਲ ਮਨੁੱਖ), ਹਾਥੀ ਦੀ ਜੂਨੇ ਪੈ ਗਿਆ। ਇਕ ਦਿਨ ਜਦੋਂ ਇਹ ਹਾਥੀ ਇਕ ਵਰੁਣ (ਜਲਾਂ ਦਾ ਸਵਾਮੀ ਦੇਵਤਾ, ਪੌਰਾਣਾਂ ਵਿਚ ਇਸ ਨੂੰ ਕਰਦਮ ਦਾ ਪੁੱਤਰ ਅਤੇ ਮਗਰਮੱਛ ’ਤੇ ਸਵਾਰੀ ਕਰਨ ਵਾਲਾ ਮੰਨਿਆ ਹੈ) ਦੇ ਤਲਾਬ ਵਿਚ ਜਾ ਵੜਿਆ ਤਾਂ ਇਕ ਮਗਰਮੱਛ ਨੇ ਇਸ ਨੂੰ ਦਬੋਚ ਲਿਆ। ਅਜਿਹੇ ਘੋਰ ਸੰਕਟ ਦੇ ਸਮੇਂ ਉਹ ਰਾਮ-ਨਾਮ ਦੀ ਬਰਕਤ ਅਰਥਾਤ ਪਰਮਾਤਮਾ ਦੇ ਨਾਮ ਦੇ ਤੇਜ-ਪ੍ਰਤਾਪ ਸਦਕਾ, ਮਗਰਮੱਛ ਦੇ ਜਬ੍ਹਾੜੇ/ਮੌਤ ਦੀ ਚੁੰਗਲ ’ਚੋਂ ਬਚ ਗਿਆ ਸੀ।
ਇਸ ਇਕ ਹਾਥੀ ਦੀ ਉਦਾਹਰਣ ਤੋਂ ਇਲਾਵਾ ਅਨੇਕ ਅਜਿਹੇ ਪ੍ਰਮਾਣ ਵੀ ਮਿਲਦੇ ਹਨ ਕਿ ਸੱਪ, ਹਾਥੀ, ਕੁੱਤਾ, ਘੋੜਾ, ਗਊ ਅਤੇ ਮੋਰ ਹੋਰ ਜਾਨਵਰਾਂ ਦੇ ਮੁਕਾਬਲੇ ਵਧੇਰੇ ਸੁਹਿਰਦ, ਸੰਵੇਦਨਸ਼ੀਲ ਅਤੇ ਸੂਝਵਾਨ ਹੁੰਦੇ ਹਨ। ਇਨ੍ਹਾਂ ਅੰਦਰ ਮਨੁੱਖ ਹੋਣ ਦੀ ਛੁਪੀ ਹੋਈ ਸੰਭਾਵਨਾ ਅਤੇ ਸਮਰੱਥਾ ਬਾਕੀ ਜਾਨਵਰਾਂ ਨਾਲੋਂ ਕਿਤੇ ਵੱਧ ਹੁੰਦੀ ਹੈ। ਕਈ ਦਫ਼ਾ ਇਨ੍ਹਾਂ ਅੰਦਰ ਲੁਕੀਆਂ ਧਾਰਮਿਕ ਭਾਵਨਾਵਾਂ ਅਤੇ ਸਮਰੱਥਾਵਾਂ ਵੱਧ ਪ੍ਰਬਲ ਰੂਪ ਵਿਚ ਉਜਾਗਰ ਹੁੰਦੀਆਂ ਹਨ। ਆਪਣੇ ਉਦਾਰ ਅਤੇ ਉਥਾਨ ਲਈ ਅਰਥਾਤ ਆਪਣੇ-ਆਪ ਨੂੰ ਬੰਧਨ-ਮੁਕਤ ਕਰਨ ਲਈ, ਇਹ ਸਮੇਂ-ਸਮੇਂ ਆਪਣੇ ਮਨ-ਮੰਦਰ ਅੰਦਰ ਪ੍ਰਭੂ ਦਾ ਚਿੰਤਨ ਵੀ ਕਰਦੇ ਹਨ, ਸਿਮਰਨ ਵੀ ਕਰਦੇ ਹਨ। ਸਪੱਸ਼ਟ ਹੈ ਕਿ ਕੁੱਝ ਜਾਨਵਰ ਕੇਵਲ ਨਾਂ ਦੇ ਹੀ ਜਾਨਵਰ ਹੁੰਦੇ ਹਨ, ਮਾਨਵੀ ਅਹਿਸਾਸਾਂ ਅਤੇ ਗੁਣਾਂ ਨਾਲ ਲਬਰੇਜ਼ ਹੋਣ ਕਾਰਣ ਉਹ ਜਾਨਵਰ ਘੱਟ ਅਤੇ ਮਨੁੱਖ ਵੱਧ ਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਮਨ ਕੰਮ ਕਰਦੈ, ਇਸ ਲਈ ਕਿਹਾ ਜਾ ਸਕਦਾ ਹੈ ਕਿ ਉਹ ਜਾਨਵਰ ਨਹੀਂ ਸਗੋਂ ਮਨੁੱਖ ਹੀ ਹੁੰਦੇ ਹਨ।
ਇਸ ਤੱਥ ਦੇ ਉਲਟ ਇਹ ਵੀ ਸੱਚ ਹੈ ਕਿ ਕਈ ਸਾਰੇ ਮਨੁੱਖ, ਮਨੁੱਖ ਨਹੀਂ ਸਗੋਂ ਪਸ਼ੂ ਹੁੰਦੇ ਹਨ। ਉਹ ਦਿੱਖ ਪੱਖੋਂ ਜਾਂ ਵਿਖਾਵੇ ਪੱਖੋਂ ਭਾਵੇਂ ਮਨੁੱਖ ਦਿੱਸਦੇ ਹਨ ਪਰ ਉਨ੍ਹਾਂ ਦਾ ਚਰਿੱਤਰ ਪਸ਼ੂਆਂ ਵਾਲਾ ਅਤੇ ਕਈ ਵਾਰੀ ਪਸ਼ੂਆਂ ਨਾਲੋਂ ਵੀ ਮਾੜਾ ਹੁੰਦਾ ਹੈ। ਅਰਥਾਤ ਉਹ ਨਾਂ ਜਾਂ ਦਿਖਾਵੇ ਦੇ ਹੀ ਮਨੁੱਖ ਹੁੰਦੇ ਹਨ। ਉਨ੍ਹਾਂ ਦੇ ਸੰਸਕਾਰ ਅਤੇ ਕਾਰ-ਵਿਹਾਰ, ਸਾਰੇ ਦਾ ਸਾਰਾ ਜਾਨਵਰਾਂ ਵਾਲਾ ਹੀ ਹੁੰਦਾ ਹੈ। ਅਖੇ :
ਕਰਤੂਤ ਪਸੂ ਕੀ ਮਾਨਸ ਜਾਤਿ।। ਲੋਕ ਪਚਾਰਾ ਕਰੈ ਦਿਨੁ ਰਾਤਿ।।
ਰਾਇ ਭੋਇ ਦੀ ਤਲਵੰਡੀ (ਨਾਨਕਿਆਣਾ ਸਾਹਿਬ) ਦੇ ਜੰਗਲ ਵਿਚ, ਜਿਸ ਦਰਖ਼ਤ ਹੇਠ ਸੱਪ ਨੇ ਨਾਨਕ ਸਾਹਿਬ ਦੇ ਸਿਰ ਉੱਪਰ ਛਾਂ ਕੀਤੀ ਸੀ, ਉਹ ਮਾਲ, ਪੀਲੂ ਜਾਂ ਜਾਲ ਦਾ ਇਕ ਬਹੁਤ ਹੀ ਬੁੱਢਾ ਹੋ ਚੁੱਕਾ ਪਵਿੱਤਰ ਇਤਿਹਾਸਕ ਰੁੱਖ, ਸਾਢੇ ਪੰਜ ਸਦੀਆਂ ਦੀਆਂ ਅਨੇਕ ਰੁੱਤਾਂ ਦੇ ਬਦਲਾਅ ਅਤੇ ਉਤਰਾਅ-ਚੜ੍ਹਾਅ ਦੇਖਣ ਉਪਰੰਤ ਅਜੇ ਵੀ ਉੱਥੇ ਸੁਭਾਇਮਾਨ ਹੈ। ਭਾਈ ਕਾਨ੍ਹ ਸਿੰਘ ਅਨੁਸਾਰ ਉੱਥੇ ਸਥਾਪਿਤ ਇਤਿਹਾਸਕ ਗੁਰਦੁਆਰਾ ਮਾਲ ਜੀ ਸਾਹਿਬ, ਉੱਥੇ ਵਾਪਰੇ ਸਮੁੱਚੇ ਘਟਨਾਕ੍ਰਮ (ਦਰੱਖ਼ਤ ਹੇਠ ਸੁੱਤੇ ਪਏ ਨਾਨਕ ਸਾਹਿਬ ਦੇ ਸਿਰ ’ਤੇ ਸੱਪ ਵਲੋਂ ਛਾਂ ਕਰਨ) ਦੀ ਅਮੋਲਕ ਯਾਦਗਾਰੀ ਥਾਂ ਹੈ।
ਇਸ ਘਟਨਾਕ੍ਰਮ ਨਾਲ ਰਾਇ ਭੋਇ ਦੀ ਤਲਵੰਡੀ ਦੇ ਮਾਲਕ ਰਾਇ ਬੁਲਾਰ ਸਾਹਿਬ ਅਤੇ ਤਲਵੰਡੀ ਨਿਵਾਸੀਆਂ ਨੂੰ ਨਾਨਕ ਸਾਹਿਬ ਦੀ ਪੈਗੰਬਰੀ ਹੈਸੀਅਤ ਅਤੇ ਸ਼ਾਨ ਦਾ ਚਿੱਟੇ ਦਿਨ ਵਾਂਗ ਚਾਨਣ ਹੋ ਗਿਆ। ਸਾਰੇ ਉਨ੍ਹਾਂ ਦਾ ਬਹੁਤ ਸਤਿਕਾਰ ਕਰਨ ਲੱਗੇ, ਸਨਮਾਨ ਦੀ ਨਿਗ੍ਹਾ ਨਾਲ ਵੇਖਣ ਲੱਗੇ। ਸਾਰਿਆਂ ਤੋਂ ਉਲਟ ਪਿਤਾ ਮਹਿਤਾ ਕਲਿਆਣ ਦਾਸ ਜੀ ਖ਼ੁਸ਼ ਨਾ ਹੋਏ। ਮਨ ’ਤੇ ਮਾਇਆ ਨੇ ਪਰਦਾ ਪਾਇਆ ਹੋਇਆ ਸੀ। ਮੱਤ ਉੱਪਰ ਦੁਨੀਆਦਾਰੀ ਦਾ ਗ਼ਲਬਾ ਡਾਢਾ ਭਾਰੂ ਸੀ। ਪ੍ਰਬਲ ਚਾਹਤ, ਲਾਲਸਾ ਅਤੇ ਉਮੰਗ ਇਹ ਸੀ ਕਿ ਪੁੱਤਰ ਵਪਾਰੀ ਬਣੇ, ਵੱਡਾ ਕਾਰੋਬਾਰੀ ਬਣੇ। ਸੋ ਸੁਭਾਵਕ ਹੀ ਪੁੱਤਰ ਦੇ ਪੀਰਾਂ-ਫਕੀਰਾਂ ਅਤੇ ਸਾਧੂ—ਸੰਤਾਂ ਵਾਲੇ ਚਾਲੇ ਉਨ੍ਹਾਂ ਨੂੰ ਉੱਕਾ ਨਹੀਂ ਸਨ ਭਾਉਂਦੇ।
(ਚਲਦਾ...)
-ਜਗਜੀਵਨ ਸਿੰਘ (ਡਾ.)
ਫੋਨ : 99143—01328
ਕੌਮਾਂਤਰੀ ਨਗਰ ਕੀਰਤਨ ਖਾਲਸਈ ਜਾਹੋ-ਜਲਾਲ ਨਾਲ ਭੋਪਾਲ ਲਈ ਰਵਾਨਾ
NEXT STORY