ਪੰਜਾਬ ਵਿੱਚ ਲਸਣ ਦੀ ਜ਼ਿਆਦਾਤਰ ਕਾਸ਼ਤ ਕਿਸਾਨਾਂ ਵੱਲੋਂ ਘਰੇਲੂ ਵਰਤੋ ਲਈ ਹੀ ਕੀਤੀ ਜਾਂਦੀ ਸੀ ਪਰ ਹੁਣ ਉਹ ਵੀ ਘਟ ਗਈ ਹੈ। ਝੋਨੇ ਦੀ ਕਟਾਈ ਵਾਲੇ ਇਨ੍ਹਾਂ ਦਿਨਾਂ ਵਿੱਚ ਖੇਤਾਂ ਦੀ ਮੋਟਰ ਵਾਲੇ ਕੋਠੇ ਕੋਲ ਖਾਲੀ ਪਈ ਜਗ੍ਹਾ 'ਚ ਛੋਟੀਆਂ-ਛੋਟੀਆਂ ਕਿਆਰੀਆਂ ਬਣਾ ਕੇ ਮੂਲੀਆਂ,ਲਸਣ, ਸਲਗਮ,ਸਾਗ ਪੁਦੀਨਾ, ਪਾਲਕ ਆਦਿ ਸਮੇਤ ਕਿੰਨ੍ਹੀਆਂ ਕਿਸਮ ਦੀਆਂ ਸਬਜ਼ੀਆਂ ਦੀ ਬੀਜਾਈ ਕੀਤੀ ਜਾਂਦੀ ਸੀ। ਖਾਸ ਕਰਕੇ ਲਸਣ ਘਰੇਲੂ ਲੋੜ੍ਹ ਜੋਗਾ ਆਮ ਹੀ ਹੋ ਜਾਂਦਾ ਸੀ। ਪਰ ਹੁਣ ਜ਼ਿਆਦਾਤਰ ਕਿਸਾਨ ਮੰਡੀ 'ਚ ਵਿਕਣ ਵਾਲੇ ਖਾਧ ਪਦਾਰਥਾਂ 'ਤੇ ਨਿਰਭਰ ਹੋ ਕੇ ਰਹਿ ਗਿਆ ਹੈ। ਜਿਸ ਕਰਕੇ ਲਸਣ ਮੰਡੀ ਵਿੱਚੋਂ 150 ਰੁਪਏ ਕਿਲੋ ਤੋਂ ਘੱਟ ਨਹੀਂ ਮਿਲਦਾ। ਇਲੇ ਕਰਕੇ ਕਈ ਰਾਜਾਂ ਵਿੱਚ ਲਸਣ ਦੀ ਕਾਸ਼ਤ ਵਪਾਰਕ ਪੱਧਰ 'ਤੇ ਵੀ ਹੋ ਰਹੀ ਹੈ।
ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਲਸਣ ਦੀ ਖੇਤੀ ਤੋਂ ਕਿਸਾਨ ਬਹੁਤ ਜ਼ਿਆਦਾ ਆਮਦਨ ਲੈ ਰਹੇ ਹਨ। ਕਿਉਂਕਿ ਲਸਣ ਬਹੁਤ ਮਹੱਤਵਪੂਰਨ ਅਤੇ ਵੱਡੇ ਰਕਬੇ ਵਿੱਚ ਉਗਾਈ ਜਾਣ ਵਾਲੀ ਫਸਲ ਹੈ। ਜਿਹੜੀ ਗਠਿਆਂ ਦੀ ਫਸਲ ਤੋਂ ਬਾਅਦ ਦੂਸਰੇ ਨੰਬਰ 'ਤੇ ਆਉਦੀ ਹੈ। ਲਸਣ ਵਿੱਚ ਖੁਰਾਕੀ ਤੱਤ ਬਹੁਤ ਮਾਤਰਾ ਵਿੱਚ ਪਾਏ ਜਾਦੇ ਹਨ। ਲਸਣ ਪ੍ਰੋਟੀਨ, ਫਾਸਫੋਰਸ, ਪੋਟਾਸ, ਕੈਲਸ਼ੀਅਮ, ਮੈਗਨੀਜੀਅਮ ਅਤੇ ਹੋਰ ਤੱਤਾਂ ਨਾਲ ਭਰਪੂਰ ਹੁੰਦੀ ਹੈ। ਅੰਤਰਰਾਸ਼ਟਰੀ ਮੰਡੀ ਵਿੱਚ ਵਧੀਆ ਕਿਸਮ ਦੇ ਲਸਨ ਦੀ ਬਹੁਤ ਮੰਗ ਹੈ। ਇਸ ਦੀ ਵਰਤੋ ਭੋਜਨ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ। ਲਸਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਕਰਨ ਵਿੱਚ ਸਹਾਈ ਹੁੰਦਾ ਹੈ।

ਪੰਜਾਬ ਵਿੱਚ ਲਸਣ ਦੀ ਖੇਤੀ
ਪੰਜਾਬ ਵਿੱਚ ਲਸਣ ਦੀ ਖੇਤੀ ਤੇਰਾਂ ਸੌ ਹੈਕਟੇਅਰ ਰਕਬੇ ਤੋਂ ਵੱਧ ਹੁੰਦੀ ਹੈ ਅਤੇ ਸਲਾਨਾ ਝਾੜ ਅੰਦਾਜਨ 5810 ਟਨ ਹੈ। ਲਸਣ ਦੀ ਖੇਤੀ ਹੋਰ ਵੀ ਵੱਧ ਰਕਬੇ ਵਿੱਚ ਕੀਤੀ ਜਾ ਸਕਦੀ ਹੈ। ਖੇਤੀ ਕਰਨ ਲਈ ਓਨਤ ਕਿਸਮਾਂ ਵਿੱਚੋ ਪੰਜਾਬ ਗਾਰਲਿਕ ਇੱਕ ਦੇ ਪੱਤੇ ਗੂੜੇ ਹਰੇ ਅਤੇ ਤੁਰੀਆਂ ਚਿੱਟੀਆਂ ਹੁੰਦੀਆਂ ਹਨ। ਗੱਠੀਆਂ ਇੱਕਸਾਰ ਵੱਡੀਆਂ ਅਤੇ ਦਿਲ ਖਿੱਚਵੇ ਚਿੱਟੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਦਾ ਝਾਝ 38 ਕੁਇੰਟਲ ਪ੍ਰਤੀ ਏਕੜ ਹੈ। ਦੂਸਰੀ ਕਿਸਮ 56-4 ਦੀਆਂ ਗੱਠੀਆਂ ਲਾਲ ਰੰਗ ਦੇ ਛਿੱਲ ਵਾਲੀਆਂ ਹੁੰਦੀਆਂ ਹਨ। ਇਸ ਕਿਸਮ ਦੀ ਗੱਠੀ ਵਿੱਚ 25 ਤੋ 34 ਦਰਮਿਆਨੀਆਂ ਤੇ ਮੋਟੀਆਂ ਤੁਰੀਆਂ ਹੁੰਦੀਆਂ ਹਨ। ਇਸ ਦਾ ਝਾੜ ਪ੍ਰਤੀ ਏਕੜ 30 ਕੁਇੰਟਲ ਹੁੰਦਾ ਹੈ।
ਲਸਣ ਦੀ ਫਸਲ ਆਮ ਤੌਰ 'ਤੇ ਹਰ ਤਰ੍ਹਾਂ ਦੀ ਮਿੱਟੀ ਵਿੱਚ ਲਾਈ ਜਾ ਸਕਦੀ ਹੈ। ਪਰ ਵਧੀਆ ਅਤੇ ਉਪਜਾਓ, ਪਾਣੀ ਸੋਖਣ ਵਾਲੀ ਚੀਕਣੀ ਮਿੱਟੀ ਵਧੀਆ ਰਹਿੰਦੀ ਹੈ। ਭਾਰੀ ਮਿੱਟੀ ਵਿੱਚ ਲਸਣ ਦੀ ਪੁਟਾਈ ਵਧੀਆ ਨਹੀਂ ਹੁੰਦੀ। ਰੇਤਲੀ ਜਾਂ ਹਲਕੀ ਜ਼ਮੀਨ ਵਿੱਚ ਵੀ ਲਸਨ ਦਾ ਝਾੜ ਘਟਦਾ ਹੈ। ਲਸਣ ਦੀ ਬੀਜਾਈ ਦਾ ਠੀਕ ਸਮਾਂ ਸਤੰਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾ ਹਫਤਾ ਹੈ। ਲਸਣ ਆਮ ਤੌਰ 'ਤੇ ਤੁਰੀਆਂ ਤੋਂ ਤਿਆਰ ਕੀਤਾ ਜਾਂਦਾ ਹੈ। ਘਰੇਲੂ ਬਗੀਚੀ ਵਿੱਚ ਜਾਂ ਛੋਟੇ ਪੱਧਰ 'ਤੇ ਚੌਕੇ ਨਾਲ ਬੀਜਾਈ ਕਰੋ ਪਰ ਜੇ ਵਧੇਰੇ ਰਕਬੇ ਵਿੱਚ ਬੀਜਾਈ ਕਰਨੀ ਹੋਵੇ ਤਾਂ ਕੇਰੇ ਨਾਲ ਬੀਜਾਈ ਕਰੋ। ਬੀਜਾਈ 3-5 ਸੈਟੀਮੀਟਰ ਡੂੰਘੀ ਕਰੋ। ਜ਼ਿਆਦਾ ਬੀਜਾਈ ਲਈ ਲਸਣ ਬੀਜਣ ਵਾਲੀ ਮਸ਼ੀਨ ਵੀ ਵਰਤੀ ਜਾ ਸਕਦੀ ਹੈ। ਇੱਕ ਏਕੜ ਦੀ ਬੀਜਾਈ ਲਈ 225-250 ਕਿੱਲੋ ਨਰੋਈਆਂ ਤੁਰੀਆਂ ਦੀ ਲੋੜ ਹੈ। ਵਧੇਰੇ ਝਾੜ ਲੈਣ ਲਈ, ਕਤਾਰ ਤੋ ਕਤਾਰ ਦਾ ਫਾਸਲਾ 15 ਸੈਟੀਮੀਟਰ ਅਤੇ ਬੂਟੇ ਤੋ ਬੂਟੇ ਦਾ 7.5 ਸੈਟੀਮੀਟਰ ਰੱਖੋ।
ਲਸਨ ਦੀ ਬੀਜਾਈ ਕਰਨ ਤੋ ਪਹਿਲਾਂ ਵੀਹ ਕੁਇੰਟਲ ਗਲੀ-ਸੜੀ ਰੂੜੀ ਪ੍ਰਤੀ ਏਕੜ ਪਾਉ। ਇਸ ਦੇ ਨਾਲ 50 ਕਿਲੋ ਨਾਈਟਰੋਜਨ ਅਤੇ 25 ਕਿੱਲੋ ਫਾਸਫੋਰਸ ਪਾਓ। ਨਾਈਟਰੋਜਨ ਖਾਦ ਨੂੰ ਤਿੰਨ ਹਿੱਸਿਆਂ ਵਿੱਚ ਕਰਕੇ ਇੱਕ ਹਿੱਸਾ ਬੀਜਾਈ ਤੋਂ ਇੱਕ ਮਹੀਨਾ, ਦੂਸਰਾ ਡੇਢ ਮਹੀਨਾ ਅਤੇ ਤੀਸਰਾ ਦੋ ਮਹੀਨੇ ਪਿੱਛੋ ਪਾਓ। ਪਹਿਲਾ ਪਾਣੀ ਬੀਜਾਈ ਵੇਲੇ ਅਤੇ ਬਾਅਦ ਵਾਲੇ ਪਾਣੀ ਜਮੀਨ ਅਤੇ ਮੌਸਮ ਦੇ ਹਿਸਾਬ ਨਾਲ ਦੇਣੇ ਚਾਹੀਦੇ ਹਨ। ਇਸ ਫਸਲ ਨੂੰ ਕੁੱਲ 10-12 ਪਾਣੀਆਂ ਦੀ ਲੋੜ ਪੈਦੀ ਹੈ। ਲਸਣ ਨੂੰ ਨਮੀ ਦੀ ਘਾਟ ਨਹੀ ਹੋਣੀ ਚਾਹੀਦੀ। ਸੋਕੇ ਕਾਰਨ ਝਾੜ ਘਟ ਜਾਂਦਾ ਹੈ। ਲਸਣ ਨੂੰ ਦੋ ਤਿੰਨ ਗੋਡੀਆਂ ਦੀ ਲੋੜ ਪੈਦੀ ਹੈ। ਇਸ ਦੇ ਨਾਲ ਨਦੀਨਾਂ ਦੀ ਰੋਕਥਾਮ ਲਈ ਸਟੌਪ 30 ਤਾਕਤ ਜਾਂ ਬਾਸਾਲੀਨ 45 ਤਾਕਤ ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਇੱਕ ਗੋਡੀ ਬੀਜਾਈ ਤੋ 45 ਦਿਨ ਬਾਅਦ ਕਰਨੀ ਚਾਹੀਦੀ ਹੈ। ਸਟੌਪ ਦਾ ਛਿੜਕਾਅ ਬੀਜਾਈ ਤੋ ਇੱਕ ਦਿਨ ਬਾਅਦ ਕਰੋ।

ਬਾਸਾਲੀਨ ਨੂੰ ਬੀਜਾਈ ਤੋ 3-4 ਦਿਨ ਪਹਿਲਾਂ ਵੱਤਰ ਜ਼ਮੀਨ ਵਿੱਚ ਚੰਗੀ ਤਰ੍ਹਾਂ ਰਲਾ ਦੇਣਾ ਚਾਹੀਦਾ ਹੈ। ਲਸਣ ਦੀ ਪੁਟਾਈ ਤੋਂ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਗੱਠੀਆਂ ਨੂੰ ਜਿਆਦਾ ਦੇਰ ਤੱਕ ਸਟੋਰ ਕੀਤਾ ਜਾ ਸਕਦਾ ਹੈ। ਜਦੋ ਪੱਤਿਆਂ ਦਾ ਉਪਰ ਵਾਲਾ ਹਿੱਸਾ ਪੀਲਾ ਜਾਂ ਭੂਰਾ ਹੋ ਜਾਵੇ ਤਾਂ ਗੱਠੀਆਂ ਪੁਟਾਈ ਵਾਸਤੇ ਤਿਆਰ ਹੋ ਜਾਦੀਆਂ ਹਨ। ਕਾਹਲ ਵਾਲੀ ਪੁਟਾਈ ਤੋ ਪ੍ਰਹੇਜ ਕਰਨਾ ਚਾਹੀਦਾ, ਨਹੀ ਤਾਂ ਲਸਣ ਦੀਆਂ ਗੱਠੀਆਂ ਖਰਾਬ ਹੋ ਜਾਂਦੀਆਂ ਹਨ। ਦੇਰ ਨਾਲ ਪੁਟਾਈ ਕਰਨ 'ਤੇ ਤੁਰੀਆਂ ਖਿੱਲਰ ਜਾਦੀਆਂ ਹਨ। ਗੱਠੀਆਂ ਨੂੰ ਲੰਮੇ ਸਮੇ ਤੱਕ ਭੰਡਾਰ ਕਰਨ ਲਈ ਭੂੰਕਾਂ ਸਮੇਤ ਪੁਟਾਈ ਕਰਨੀ ਚਾਹੀਦੀ ਹੈ। ਪਿਆਜਾਂ ਵਾਂਗ ਲਸਣ ਦੇ ਭੰਡਾਰ ਲਈ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ। ਕੋਲਡ ਸਟੋਰ ਤੋ ਬਿਨ੍ਹਾਂ ਲਸਣ ਦਾ ਭੰਡਾਰ ਖੁੱਲੇ ਹਵਾਦਾਰ ਕਮਰਿਆਂ ਵਿੱਚ ਵੀ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਿਸਾਨ ਲਸਣ ਦੀ ਖੇਤੀ ਤੋਂ ਵਧੀਆ ਆਮਦਨ ਲੈ ਸਕਦੇ ਹਨ।
ਲਸਣ ਦੀ ਵਰਤੋ ਕਈ ਤਰ੍ਹਾਂ ਦੀਆਂ ਹਰਬਲ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਸਿਹਤ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਣ ਦੇ ਨਾਲ ਹਰਬਲ ਦਵਾਈਆਂ ਦੀ ਵਰਤੋਂ ਵੱਲ ਲੋਕਾਂ ਦਾ ਧਿਆਨ ਵਧਦਾ ਜਾ ਰਿਹਾ ਹੈ। ਹਰਬਲ ਦਵਾਈਆਂ ਤਿਆਰ ਕਰਨ ਲਈ ਸੁੱਕੇ ਲਸਣ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਘਰੇਲੂ ਬਜ਼ਾਰ ਦੇ ਨਾਲ ਅੰਤਰਰਾਸ਼ਟਰੀ ਮਾਰਕੀਟ ਵਿੱਚ ਕਈ ਕੰਪਨੀਆਂ ਲਸਣ ਦੀ ਖਰੀਦ ਭਾਰਤ ਵਿੱਚੋ ਕਰ ਰਹੀਆਂ ਹਨ। ਅੰਦਾਜਾ ਲਾਇਆ ਜਾ ਰਿਹਾ ਹੈ ਕਿ ਬਜ਼ਾਰ ਵਿੱਚ ਸੁੱਕੇ ਲਸਣ ਦੀ ਮੰਗ 40-50 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਪੰਜਾਬ ਦੇ ਕਿਸਾਨਾਂ ਅਤੇ ਆਮ ਪਰਿਵਾਰਾਂ ਨੂੰ ਖਾਲੀ ਪਈਆਂ ਥਾਵਾਂ ਅਤੇ ਖੇਤਾਂ ਵਿੱਚ ਆਪਣੀ ਲੋੜ੍ਹ ਮੁਤਾਬਿਕ ਲਸਣ ਦੀ ਕਾਸ਼ਤ ਕਰਨੀ ਚਾਹੀਦੀ ਹੈ।
ਲਸਣ ਉਦਯੋਗ ਕਮਾਈ ਦਾ ਧੰਦਾ
ਮੱਧ ਪ੍ਰਦੇਸ਼ ਸਮੁੱਚੇ ਦੇਸ਼ ਵਿੱਚੋ ਲਸਣ ਦਾ ਸਭ ਤੋ ਵੱਡਾ ਉਤਪਾਦਕ ਹੈ। ਦੇਸ਼ ਦੇ ਕੁੱਲ ਉਤਪਾਦਨ ਦਾ 35 ਫੀਸਦੀ ਲਸਣ ਇਸ ਰਾਜ ਦੇ ਕਿਸਾਨ ਪੈਦਾ ਕਰਦੇ ਹਨ। ਜਿਸ ਕਰਕੇ ਮੱਧ ਪ੍ਰਦੇਸ਼ ਵਿੱਚ ਇਸ ਕਾਰੋਬਾਰ ਦੀਆਂ ਬਹੁਤ ਸੰਭਾਵਨਾਵਾਂ ਹਨ। ਲਸਣ ਦੀ ਸਭ ਤੋ ਵੱਧ ਪੈਦਾਵਾਰ ਮਾਲਵਾ ਅਤੇ ਨਿਮਾੜ ਇਲਾਕੇ ਵਿੱਚ ਹੁੰਦੀ ਹੈ। ਇਸ ਕਾਰੋਬਾਰ ਨਾਲ ਜੁੜੀਆਂ ਹੋਈਆਂ ਫੈਕਟਰੀਆਂ ਇਸ ਇਲਾਕੇ ਵਿੱਚ ਹੀ ਲੱਗੀਆਂ ਹੋਈਆਂ ਹਨ। ਜਿਨ੍ਹਾਂ ਨੂੰ ਕੱਚਾ ਮਾਲ ਅਸਾਨੀ ਨਾਲ ਮਿਲ ਜਾਂਦਾ ਹੈ। ਲਸਣ ਦੀ ਪ੍ਰੋਸੈਸਿੰਗ ਇਕਾਈ ਲਾ ਕੇ ਕਈ ਕੰਪਨੀਆਂ ਸੁੱਕੇ ਲਸਣ ਦਾ ਓਤਪਾਦਨ ਕਰ ਰਹੀਆਂ ਹਨ। ਇਹ ਕੰਪਨੀਆਂ ਲਸਣ ਦਾ ਪੇਸਟ, ਚਿਪਸ, ਪਾਓਡਰ ਆਦਿ ਤਿਆਰ ਕਰ ਰਹੀਆਂ ਹਨ। ਪੰਜਾਬ ਵਿੱਚ ਕੁਝ ਵੱਡੀਆਂ ਫੈਕਟਰੀਆਂ ਨੇ ਲਸਣ ਦੇ ਉਤਪਾਦ ਬਣਾਉਣੇ ਸ਼ੁਰੂ ਕੀਤੇ ਹਨ। ਮੱਧ ਪ੍ਰਦੇਸ ਵਿੱਚ ਲਸਣ ਦੀ ਇਕਾਈ ਲਾਓਣ ਲਈ ਰਾਜ ਅਤੇ ਕੇਂਦਰ ਸਰਕਾਰ ਵੱਲੋ ਸਬਸਿਡੀ ਦਿੱਤੀ ਜਾਂਦੀ ਹੈ। ਸੁੱਕੇ ਲਸਣ ਦੀ ਇਕਾਈ ਲਾਉਣ ਵਾਸਤੇ 4 ਕਰੋੜ ਦੇ ਲੱਗਭੱਗ ਖਰਚ ਆਉਦਾ ਹੈ। ਪਰ ਦੇਸ਼ ਵਿੱਚ ਵੱਡੇ ਲਸਣ ਓਤਪਾਦਕ ਵਜੋਂ ਸਾਹਮਣੇ ਆਉਣ ਦੇ ਬਾਵਜੂਦ ਲਸਣ ਉਦਯੋਗ ਇਕਾਈਆਂ ਦੀ ਮਾਤਰਾ ਘੱਟ ਹੈ। ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਇਕਾਈਆਂ ਹਨ। ਸੁੱਕੇ ਲਸਣ ਦੇ ਕਾਰੋਬਾਰ ਵਿੱਚ ਲੱਗੀਆਂ ਸਭ ਤੋਂ ਜ਼ਿਆਦਾ ਅੱਸੀ ਇਕਾਈਆਂ ਗੁਜਰਾਤ ਵਿੱਚ ਚੱਲ ਰਹੀਆਂ ਹਨ। ਸੁੱਕੇ ਲਸਣ ਨੂੰ ਵਿਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ। ਅਮਰੀਕਾ ਅਤੇ ਯੂਰਪੀ ਦੇਸ਼ਾਂ ਤੋਂ ਇਲਾਵਾ ਏਸ਼ੀਆ ਵਿੱਚ ਵੀ ਭਾਰੀ ਮੰਗ ਹੈ।
ਘਰੇਲੂ ਪੱਧਰ 'ਤੇ ਕਰੋ ਢੀਗਰੀ ਖੁੰਬ ਦੀ ਕਾਸ਼ਤ

ਢੀਗਰੀ ਦੀ ਬੀਜਾਈ ਬਾਰੇ
ਢੀਗਰੀ ਖੁੰਬ ਦੀ ਬੀਜਾਈ ਲਈ ਕੁਤਰੀ ਹੋਈ ਪਰਾਲੀ ਜਾਂ ਤੂੜੀ ਦੀ ਜ਼ਰੂਰਤ ਪੈਦੀ ਹੈ। ਇਸ ਦੀ ਬੀਜਾਈ ਨਵੰਬਰ ਤੋਂ ਮਾਰਚ ਤੱਕ ਕੀਤੀ ਜਾਂਦੀ ਹੈ। ਤੂੜੀ ਜਾਂ ਪਰਾਲੀ ਨੂੰ 24 ਘੰਟੇ ਲਈ ਸਾਫ ਪਾਣੀ ਨਾਲ ਗਿੱਲਾ ਕਰਕੇ ਰੱਖਿਆ ਜਾਂਦਾ ਹੈ। ਬੀਜਣ ਤੋਂ ਪਹਿਲਾਂ ਪਾਣੀ ਦੀ ਮਾਤਰਾ 70 ਫੀਸਦੀ ਤੱਕ ਹੋਣੀ ਚਾਹੀਦੀ ਹੈ। ਢੀਗਰੀ ਦੀ ਬੀਜਾਈ ਲਈ ਲਿਫਾਫੇ ਵਰਤੇ ਜਾਂਦੇ ਹਨ। ਇੱਕ ਕਿੱਲੋ ਸੁੱਕੀ ਤੂੜੀ ਵਿੱਚ 100/ਗ੍ਰਾਮ ਬੀਜ ਪੈਦਾ ਹੈ।
ਬੀਜਣ ਦਾ ਢੰਗ
ਪੈਦਾਵਾਰ ਦੇ ਹਿਸਾਬ ਨਾਲ ਤੂੜੀ ਵਿੱਚ ਬੀਜ ਮਿਲਾ ਕੇ ਲਿਫਾਫੇ ਤੂੜੀ ਨਾਲ ਚੰਗੀ ਤਰ੍ਹਾਂ ਭਰ ਦਿਉ ਅਤੇ ਲਿਫਾਫਿਆਂ ਦਾ ਮੂੰਹ ਬੰਨ੍ਹ ਕੇ ਹੇਠੋਂ ਖੂੰਝੇ ਕੱਟ ਦਿਉ। 15/20 ਦਿਨ ਪਾਣੀ ਦੇਣ ਦੀ ਕੋਈ ਲੋੜ੍ਹ ਨਹੀਂ ਪੈਦੀ। ਇਸ ਸਮੇਂ ਦੌਰਾਨ ਉੱਲੀ ਫੈਲਣ ਤੋਂ ਬਾਅਦ ਲਿਫਾਫੇ ਕੱਟ ਕੇ ਅਲੱਗ ਕਰ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਇੱਕ ਜਾਂ ਦੋ ਵਾਰੀ ਪਾਣੀ ਪਾਓ। ਇਹ ਫਸਲ 30/35 ਦਿਨ ਚਲਦੀ ਹੈ। ਇਸ ਦੀਆਂ ਦੋ ਕਿਸਮਾਂ ਸਫੈਦ ਢੀਗਰੀ ਅਤੇ ਭੂਰੀ ਬੀਜੀ ਜਾਂਦੀ ਹੈ। ਇੱਕ ਕਿੱਲੋ ਤੂੜੀ ਵਿੱਚੋ 400/500 ਗ੍ਰਾਮ ਢੀਗਰੀ ਨਿਕਲਦੀ ਹੈ।
ਖੁੰਬਾਂ ਦੀ ਤੁੜਾਈ ਤੇ ਸਾਂਭ ਸੰਭਾਲ
ਜਦੋ ਖੁੰਬਾਂ ਤੋੜਨ ਲਈ ਤਿਆਰ ਹੋ ਜਾਂਦੀਆਂ ਹਨ ਤਾਂ ਇਨ੍ਹਾਂ ਦੀ ਡੰਡੀ 4/5 ਸੈਟੀਮੀਟਰ ਲੰਬੀ ਹੋ ਜਾਂਦੀ ਹੈ। ਖੁੰਬਾਂ ਨੂੰ ਤੋੜਨ ਲਈ ਥੋੜ੍ਹਾ ਜਿਹਾ ਘੁਮਾਓ ਤੇ ਤੋੜ ਲਉ, ਤੋੜੀਆਂ ਹੋਈਆਂ ਖੁੰਬਾਂ ਨੂੰ ਪਾਉਣ ਲਈ ਪਲਾਸਟਿਕ ਦੀ ਟਰੇਅ ਜਾਂ ਬਾਲਟੀ ਦੀ ਵਰਤੋ ਕਰੋ। ਬਟਨ ਖੁੰਬ ਦੀ ਫਸਲ ਤਕਰੀਬਨ ਤਿੰਨ ਮਹੀਨੇ ਤੱਕ ਚਲਦੀ ਹੈ। ਖੁੰਬਾਂ ਹਰ ਰੋਜ਼ ਤੋੜਨੀਆਂ ਜ਼ਰੂਰੀ ਹਨ।

ਜਾਣਕਾਰੀ ਅਤੇ ਬੀਜ
ਖੁੰਬਾਂ ਦੀ ਕਾਸ਼ਤ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣ ਅਤੇ ਖੁੰਬਾਂ ਦਾ ਬੀਜ ਲੈਣ ਲਈ ਮਾਈਕਰੋਬਾਈਲੋਜੀ ਵਿਭਾਗ ਜਾਂ ਪਸਾਰ ਸਿੱਖਿਆ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ, ਖੁੰਬ ਪ੍ਰੋਜੈਕਟ ਚੰਬਾ ਘਾਟੀ ਸੋਲਨ, ਦਫਤਰ ਡਿਪਟੀ ਡਾਈਰੈਕਟਰ ਬਾਗਬਾਨੀ ਵਿਭਾਗ ਬਾਰਾਂਦਾਰੀ ਬਾਗ ਪਟਿਆਲਾ, ਦਫਤਰ ਡਿਪਟੀ ਡਾਈਰੈਕਟਰ ਜਲੰਧਰ ਛਾਉਣੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਬ੍ਰਿਸ ਭਾਨ ਬੁਜਰਕ ਕਾਹਨਗੜ੍ਹ
ਰੋਡ ਪਾਤੜਾ ਜ਼ਿਲ੍ਹਾ ਪਟਿਆਲਾ
98761-01698
ਬੁਰੀ ਖ਼ਬਰ : 'ਪੰਜਾਬ' 'ਚ 'ਬਲੈਕ ਆਊਟ' ਦੀ ਸੰਭਾਵਨਾ, ਬਚਿਆ ਸਿਰਫ 3 ਦਿਨਾਂ ਦਾ ਕੋਲਾ
NEXT STORY