ਮੁੰਬਈ- ਟੀ. ਵੀ. ਦੀ ਮਸ਼ਹੂਰ ਅਦਾਕਾਰਾ ਜੂਹੀ ਪਰਮਾਰ, ਜਿਨ੍ਹਾਂ ਨੂੰ ਦਰਸ਼ਕ ਅੱਜ ਵੀ ਪਿਆਰ ਨਾਲ ‘ਕੁਮਕੁਮ’ ਦੇ ਨਾਂ ਨਾਲ ਜਾਣਦੇ ਹਨ, ਜਲਦੀ ਹੀ ਦਰਸ਼ਕਾਂ ’ਚ ਇਕ ਨਵੇਂ ਸ਼ੋਅ ‘ਕਹਾਣੀ ਹਰ ਘਰ ਕੀ’ ’ਚ ਨਜ਼ਰ ਆਉਣਗੇ। ਇਹ ਸ਼ੋਅ ਸਿਰਫ਼ ਮਨੋਰੰਜਨ ਨਹੀਂ ਸਗੋਂ ਸਮਾਜ ਦੇ ਉਨ੍ਹਾਂ ਮੁੱਦਿਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੈ, ਜਿਨ੍ਹਾਂ ’ਤੇ ਅਕਸਰ ਲੋਕ ਚੁੱਪੀ ਧਾਰ ਲੈਂਦੇ ਹਨ। ਇਹ ਸ਼ੋਅ 1 ਸਤੰਬਰ ਤੋਂ ਜ਼ੀ.ਟੀ.ਵੀ. ’ਤੇ ਸ਼ੁਰੂ ਹੋ ਗਿਆ ਹੈ। ਇਸ ਬਾਰੇ ਜੂਹੀ ਪਰਮਾਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਜੂਹੀ ਪਰਮਾਰ
ਪ੍ਰ. ਇਹ ਸ਼ੋਅ ਕਿਸ ਬਾਰੇ ਹੈ ਤੇ ਇਸ ’ਚ ਕੀ ਖ਼ਾਸ ਹੋਵੇਗਾ?
-ਇਹ ਸਿਰਫ਼ ਇਕ ਸ਼ੋਅ ਨਹੀਂ ਸਗੋਂ ਇਕ ਘਰ ਹੈ। ਇੱਥੇ ਇਕ ਔਰਤ ਨਿਡਰਤਾ ਨਾਲ ਆਪਣੀ ਗੱਲ ਕਹਿ ਸਕਦੀ ਹੈ। ਇੱਥੇ ਉਸ ਨੂੰ ਸਿਰਫ਼ ਸੁਣਿਆ ਹੀ ਨਹੀਂ ਜਾਵੇਗਾ, ਸਗੋਂ ਸਮਝਿਆ ਵੀ ਜਾਵੇਗਾ। ਅਕਸਰ ਲੋਕ ਸੁਣਨ ਦਾ ਨਾਟਕ ਕਰਦੇ ਹਨ ਪਰ ਅਸਲ ਵਿਚ ਸੁਣਦੇ ਨਹੀਂ ਹਨ। ਇਸ ਸ਼ੋਅ ’ਚ ਔਰਤਾਂ ਦੀ ਗੱਲ ਧਿਆਨ ਨਾਲ ਸੁਣੀ ਜਾਵੇਗੀ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਹੀ ਅਰਥਾਂ ’ਚ ਸਮਝਿਆ ਜਾ ਸਕੇ। ਜਦੋਂ ਸਮਝ ਹੋਵੇਗੀ, ਉਦੋਂ ਹੀ ਬਦਲਾਅ ਆਵੇਗਾ ਤੇ ਇਹੋ ਇਸ ਸ਼ੋਅ ਦਾ ਮਕਸਦ ਹੈ।
ਪ੍ਰ. ਜਦੋਂ ਇਹ ਸ਼ੋਅ ਆਫਰ ਹੋਇਆ ਤਾਂ ਤੁਹਾਡੇ ਮਨ ’ਚ ਸਭ ਤੋਂ ਪਹਿਲਾਂ ਕੀ ਵਿਚਾਰ ਆਇਆ?
-ਮੈਨੂੰ ਲੱਗਿਆ ਕਿ ਇਹ ਮੇਰੀ ਕਾਲਿੰਗ ਹੈ। ਮੈਂ ਇਸ ਨੂੰ ਵਰ੍ਹਿਆਂ ਤੋਂ ਮਨ ’ਚ ਮੈਨੀਫੈਸਟ ਕੀਤਾ ਸੀ। ਸੋਸ਼ਲ ਮੀਡੀਆ ’ਤੇ ਮੈਂ ਹਮੇਸ਼ਾ ਔਰਤਾਂ ਨੂੰ ਉਤਸ਼ਾਹਿਤ ਕਰਦੀ ਰਹੀ ਹਾਂ। ਕਈ ਵਾਰ ਮੈਂ ਪੌਡਕਾਸਟ ਵੀ ਕੀਤੇ ਹਨ ਪਰ ਇਹ ਸਭ ਆਪਣੇ ਪੱਧਰ ’ਤੇ ਸੀ। ਹੁਣ ਜਦੋਂ ਜ਼ੀ. ਟੀ. ਵੀ. ਵਰਗਾ ਵੱਡਾ ਪਲੇਟਫਾਰਮ ਮਿਲਿਆ ਹੈ ਤਾਂ ਮੈਨੂੰ ਲੱਗਾ ਕਿ ਇਹ ਮੇਰੀ ਜ਼ਿੰਦਗੀ ਦਾ ਮਕਸਦ ਹੈ। ਇਹ ਸ਼ੋਅ ਮੇਰੇ ਦਿਲ ਤੇ ਆਤਮਾ ਤੋਂ ਨਿਕਲਿਆ ਹੋਇਆ ਹੈ।
ਪ੍ਰ. ਸ਼ੋਅ ਦੀ ਇਕ ਲਾਈਨ ਹੈ ‘ਔਰਤ ਨੂੰ ਕਿੰਨਾ ਸਹਿਣਾ ਚਾਹੀਦਾ?’ ਇਸ ’ਤੇ ਤੁਸੀਂ ਕੀ ਕਹਿਣਾ ਚਾਹੋਗੇ?
-ਇਹੀ ਤਾਂ ਸਵਾਲ ਹੈ। ਕੌਣ ਤੈਅ ਕਰੇਗਾ ਕਿ ਇਕ ਔਰਤ ਕਿੰਨਾ ਸਹਿਣ ਕਰੇ? ਪਤੀ, ਪਰਿਵਾਰ, ਸਮਾਜ ਜਾਂ ਖ਼ੁਦ ਉਹ ਔਰਤ? ਅਸਲ ’ਚ ਇਹ ਹੱਕ ਸਿਰਫ਼ ਉਸੇ ਔਰਤ ਦਾ ਹੈ, ਜੋ ਸਹਿ ਰਹੀ ਹੈ। ਵਿਆਹ ਬਚਾਉਣ ਲਈ ਥੱਪੜ ਖਾਣਾ, ਗਾਲ੍ਹਾਂ ਸਹਿਣੀਆਂ, ਦਾਜ ਲਈ ਅੱਤਿਆਚਾਰ ਸਹਿਣਾ ਕਿਉਂ? ਕਿਉਂ ਨਾ ਅਸੀਂ ਬਰਾਬਰੀ ਨਾਲ ਰਹੀਏ? ਜਦੋਂ ਔਰਤਾਂ ਹਰ ਖੇਤਰ ’ਚ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ ਤਾਂ ਫਿਰ ਘਰ ਦੀ ਚਾਰਦੀਵਾਰੀ ਅੰਦਰ ਉਨ੍ਹਾਂ ਨੂੰ ਕਿਉਂ ਸਹਿਣਾ ਪਵੇ?
ਪ੍ਰ. ਸਮਾਜ ’ਚ ਅੱਜ ਵੀ ਦਾਜ ਤੇ ਘਰੇਲੂ ਹਿੰਸਾ ਵਰਗੇ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹੇ ’ਚ ਤੁਸੀਂ ਕੀ ਕਹੋਗੇ?
-ਇਹ ਬਹੁਤ ਦੁੱਖਦਾਈ ਹੈ ਅਤੇ ਰੂਹ ਨੂੰ ਝੰਜੋੜ ਦੇਣ ਵਾਲੀਆਂ ਘਟਨਾਵਾਂ ਹਨ ਪਰ ਸਿਰਫ਼ ਵਿਰੋਧ ਕਰਨ ਨਾਲ ਬਦਲਾਅ ਨਹੀਂ ਆਉਂਦਾ। ਅਸਲੀ ਬਦਲਾਅ ਉਦੋਂ ਆਉਂਦਾ ਹੈ, ਜਦੋਂ ਅਸੀਂ ਸੱਚਮੁੱਚ ਕੋਸ਼ਿਸ਼ ਕਰਦੇ ਹਾਂ। ਇਹ ਸ਼ੋਅ ਵੀ ਉਸੇ ਬਦਲਾਅ ਦੀ ਕੋਸ਼ਿਸ਼ ਹੈ। ਜਿਨ੍ਹਾਂ ਨਾਲ ਗ਼ਲਤ ਹੋ ਚੁੱਕਾ ਹੈ, ਉਨ੍ਹਾਂ ਲਈ ਸ਼ਾਇਦ ਅਸੀਂ ਕੁਝ ਨਹੀਂ ਕਰ ਸਕਦੇ ਪਰ ਭਵਿੱਖ ’ਚ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ, ਇਹ ਕੋਸ਼ਿਸ਼ ਤਾਂ ਕਰ ਸਕਦੇ ਹਾਂ।
ਪ੍ਰ. ਸੋਸ਼ਲ ਮੀਡੀਆ ਦੇ ਦੌਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਪਹਿਲਾਂ ਦਾ ਜ਼ਮਾਨਾ ਬਿਹਤਰ ਸੀ ਜਾਂ ਅੱਜ ਦਾ?
- ਜ਼ਮਾਨਾ ਨਾ ਚੰਗਾ ਹੈ ਅਤੇ ਨਾ ਹੀ ਮਾੜਾ। ਜ਼ਮਾਨਾ ਅਸੀਂ ਬਣਾਉਂਦੇ ਹਾਂ, ਸਮਾਜ ਅਸੀਂ ਬਣਾਉਂਦੇ ਹਾਂ। ਅਸਲ ’ਚ ਆਪਣੀ ਸੋਚ ਬਦਲਣ ਦੀ ਲੋੜ ਹੈ। ਪਹਿਲਾਂ ਵੀ ਸਮੱਸਿਆਵਾਂ ਸਨ, ਅੱਜ ਵੀ ਸਮੱਸਿਆਵਾਂ ਹਨ। ਪਹਿਲਾਂ ਵੀ ਖ਼ੁਸ਼ੀਆਂ ਸਨ ਤੇ ਅੱਜ ਵੀ ਹਨ। ਫ਼ਰਕ ਸਿਰਫ਼ ਇਹ ਹੈ ਕਿ ਅਸੀਂ ਡਾਰਕ ਪਹਿਲੂ ਘੱਟ ਕਰਨੇ ਹਨ ਤੇ ਬ੍ਰਾਈਟ ਪਹਿਲੂ ਵਧਾਉਣੇ ਹਨ।
ਪ੍ਰ. ਜੇ ਕਦੇ ਤੁਸੀਂ ਨਿਰਦੇਸ਼ਕ ਬਣੇ ਤਾਂ ਕਿਸ ਤਰ੍ਹਾਂ ਦੀਆਂ ਫਿਲਮਾਂ ਜਾਂ ਸ਼ੋਅ ਬਣਾਉਣਾ ਚਾਹੋਗੇ?
-ਇਸ ਬਾਰੇ ਮੈਂ ਕਦੇ ਸੋਚਿਆ ਨਹੀਂ ਪਰ ਮੈਂ ਸਿਰਫ਼ ਉਹੀ ਕਰਾਂਗੀ, ਜਿਸ ’ਚ ਮੇਰਾ ਭਰੋਸਾ ਹੋਵੇਗਾ। ਅੱਜ ਤੱਕ ਮੈਂ ਉਹੀ ਕਿਰਦਾਰ ਨਿਭਾਏ ਹਨ, ਜਿਨ੍ਹਾਂ ’ਤੇ ਮੈਂ ਭਰੋਸਾ ਕਰਦੀ ਹਾਂ। ਇਹ ਸ਼ੋਅ ਵੀ ਇਸ ਲਈ ਕਰ ਰਹੀ ਹਾਂ ਕਿਉਂਕਿ ਇਹ ਮੇਰੇ ਦਿਲ ਨਾਲ ਜੁੜਿਆ ਹੈ। ਨਿਰਦੇਸ਼ਕ ਬਣੀ ਤਾਂ ਉਹੀ ਕਰਾਂਗੀ, ਜਿਸ ’ਚ ਮੈਂ ਖ਼ੁਦ ਵਿਸ਼ਵਾਸ ਕਰਾਂ।
ਪ੍ਰ. ਰੀਅਲ ਲਾਈਫ ਤੇ ਰੀਲ ਲਾਈਫ ਦੀ ਜੂਹੀ ਪਰਮਾਰ ’ਚ ਕਿੰਨਾ ਫ਼ਰਕ ਹੈ?
-ਕਿਰਦਾਰ ਤਾਂ ਵੱਖਰੇ-ਵੱਖਰੇ ਹੁੰਦੇ ਹਨ। ਮੈਂ ਪਿੰਡ ਦੀ ਕੁੜੀ ਨਹੀਂ ਹਾਂ ਪਰ ਭੂਮਿਕਾਵਾਂ ਨਿਭਾਅ ਸਕਦੀ ਹਾਂ। ਇਸ ਸ਼ੋਅ ’ਚ ਤੁਸੀਂ ਮੈਨੂੰ ਹੀ ਦੇਖੋਗੇ, ਅਸਲੀ ਜੂਹੀ। ਹਾਂ ਕੁਮਕੁਮ ਨਾਲ ਮੇਰੀ ਸਮਾਨਤਾ ਜ਼ਰੂਰ ਹੈ ਕਿ ਉਹ ਵੀ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦੀ ਸੀ ਤੇ ਮੈਂ ਵੀ ਕਰਦੀ ਹਾਂ। ਮੈਂ ਬਹੁਤ ਹੱਸਮੁਖ ਹਾਂ, ਮਸਤੀ ਕਰਦੀ ਹਾਂ ਤੇ ਆਪਣੀ ਧੀ ਨਾਲ ਜ਼ਿੰਦਗੀ ਦਾ ਪੂਰਾ ਆਨੰਦ ਮਾਣਦੀ ਹਾਂ।
ਪ੍ਰ. ਕੀ ਤੁਸੀਂ ਸ਼ੋਅ ਨਾਲ ਜੁੜੀਆਂ ਔਰਤਾਂ ਦੀ ਮਦਦ ਲਈ ਕੋਈ ਖ਼ਾਸ ਕਦਮ ਚੁੱਕ ਰਹੇ ਹੋ?
-ਹਾਂ, ਇਸ ਲਈ ਅਸੀਂ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਸ਼ੋਅ ਸ਼ੁਰੂ ਹੁੰਦਿਆਂ ਹੀ ਅੱਧੇ ਘੰਟੇ ਅੰਦਰ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਦਰਸਾਉਂਦਾ ਹੈ ਕਿ ਲੋਕ ਸੁਣੇ ਜਾਣ ਲਈ ਕਿੰਨੇ ਤਰਸਦੇ ਹਨ। ਇਸ ਨੰਬਰ ’ਤੇ ਕਾਲ ਕਰ ਕੇ ਔਰਤਾਂ ਆਪਣੀ ਕਹਾਣੀ ਸਾਂਝੀ ਕਰ ਸਕਦੀਆਂ ਹਨ। ਇਹ ਪਲੇਟਫਾਰਮ ਉਨ੍ਹਾਂ ਦੀ ਮਦਦ ਕਰੇਗਾ।
ਪ੍ਰ. ਤੁਹਾਡੇ ਆਉਣ ਵਾਲੇ ਪ੍ਰਾਜੈਕਟ ਕੀ ਹਨ?
ਪ੍ਰ. ਫ਼ਿਲਹਾਲ ‘ਕਹਾਣੀ ਹਰ ਘਰ ਕੀ’ ਹੀ ਮੇਰਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਪ੍ਰਾਜੈਕਟ ਹੈ। ਮੇਰਾ ਪੂਰਾ ਸਮਰਪਣ ਇਸੇ ਸ਼ੋਅ ਨੂੰ ਲੈ ਕੇ ਹੈ। ਹਾਲੇ ਮੈਂ ਹੋਰ ਕੁਝ ਕਰਨ ਬਾਰੇ ਸੋਚ ਵੀ ਨਹੀਂ ਰਹੀ।
TV ਦਾ ਮਸ਼ਹੂਰ ਅਦਾਕਾਰ ਹੋਇਆ ਗ੍ਰਿਫ਼ਤਾਰ, ਕੁੜੀ ਨੂੰ ਬਾਥਰੂਮ 'ਚ ਲਿਜਾ ਕੇ...
NEXT STORY