ਅੰਮ੍ਰਿਤਸਰ (ਮਮਤਾ) - ਪੰਜਾਬ ਬਾਰਡਰ ਕਿਸਾਨ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਸ਼੍ਰੋਮਣੀ ਕਮੇਟੀ ਦੇ ਚੋਣ ਇਜਲਾਸ ’ਚ ਬੀਬੀ ਕਿਰਨਜੋਤ ਕੌਰ ਨੂੰ ਬੋਲਣ ਨਾ ਦੇਣ ਤੇ ਮਰਿਆਦਾ ਭੰਗ ਕਰਨ ਦੀ ਘੋਰ ਨਿੰਦਾ ਕਰਦਿਅਾਂ ਇਸ ਦੇ ਜ਼ਿੰਮੇਵਾਰ ਵਿਅਕਤੀਅਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਮੰਗ ਕੀਤੀ ਹੈ। ਭੂਰਾ ਨੇ ਇਜਲਾਸ ਦੌਰਾਨ ਹੋਈ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਅਾਂ ਕਿਹਾ ਕਿ ਜਿਨ੍ਹਾਂ ਨੇ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਤੋਂ ਮਾਈਕ ਖੋਹਿਆ ਤੇ ਉਨ੍ਹਾਂ ਨੂੰ ਆਪਣੀ ਗੱਲ ਕਰਨ ਤੋਂ ਰੋਕਿਆ, ਉਹ ਗੁਰੂ ਸਿੱਖ ਨਹੀਂ ਬਲਕਿ ਸਿਰਫ ਬਾਦਲਾਂ ਦੇ ਏਜੰਟ ਹਨ। ਇਹ ਲੋਕ ਫੋਕੀ ਸ਼ੋਹਰਤ ਲੈਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬੀਬੀ ਕਿਰਨਜੋਤ ਕੌਰ ਦੀ ਗਲਤੀ ਸਿਰਫ ਕਿ ਉਨ੍ਹਾਂ ਨੇ ਪ੍ਰੋ. ਕ੍ਰਿਪਾਲ ਸਿੰਘ ਨੂੰ ਹਟਾਉਣ ਦੀ ਨਿੰਦਾ ਕੀਤੀ ਸੀ। ਸ਼੍ਰੋਮਣੀ ਕਮੇਟੀ ਜੇਕਰ ਗਲਤੀਆਂ ਕਰਦੀ ਹੈ ਤਾਂ ਉਸ ਵਿਚ ਸੱਚ ਸੁਣਨ ਦੀ ਵੀ ਸ਼ਕਤੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਬਾਦਲਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਰਹੇਗਾ ਤੇ ਬਾਦਲ ਦੇ ਲਿਫਾਫੇ ’ਚੋਂ ਪ੍ਰਧਾਨ ਨਿਕਲਦੇ ਰਹਿਣਗੇ, ਓਨਾ ਚਿਰ ਤੱਕ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਬਾਦਲਾਂ ਦੇ ਪਿੱਠੂ ਮਰਿਆਦਾ ਭੰਗ ਕਰਦੇ ਰਹਿਣਗੇ। ਭੂਰਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਸ਼੍ਰੋਮਣੀ ਕਮੇਟੀ ਦੇ ਬਹੁਤੇ ਆਗੂਆਂ ਨੇ ਆਪਣੇ ਅਹੁਦਿਅਾਂ ਨੂੰ ਰੱਜ ਕੇ ਰੋਲਿਆ, ਜਿਸ ਤਰ੍ਹਾਂ ਅਕਾਲ ਤਖਤ ਦੇ ਜਥੇਦਾਰਾਂ ਦਾ ਬਾਦਲਾਂ ਦੇ ਸੱਦੇ ’ਤੇ ਮੁੱਖ ਮੰਤਰੀ ਹਾਊਸ ਵਿਚ ਜਾਣਾ, ਮੇਰੇ ਖਿਆਲ ’ਚ ਸਿੱਖ ਇਤਿਹਾਸ ਵਿਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ। ਬਿਨਾਂ ਮੰਗਿਆ ਸੌਦਾ ਸਾਧ ਨੂੰ ਮੁਆਫੀ ਦੇਣਾ ਅਤੇ ਗੁਰੂ ਕੀਅਾਂ ਗੋਲਕਾਂ ਦਾ ਦੁਰਪ੍ਰਯੋਗ ਕਰਨਾ, ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇੇਅਦਬੀ ’ਤੇ ਚੁੱਪ ਧਾਰਨਾ ਅਫਸੋਸਜਨਕ ਹੈ। ਭੂਰਾ ਨੇ ਕਿਹਾ ਕਿ ਜਿਨ੍ਹਾਂ ਨੇ ਜਥੇਦਾਰ ਗਿ. ਹਰਪ੍ਰੀਤ ਸਿੰਘ ਦੀ ਮੌਜੂਦਗੀ ’ਚ ਬੀਬੀ ਕਿਰਨਜੋਤ ਕੌਰ ਤੋਂ ਮਾਈਕ ਖੋਹ ਕੇ ਇਜਲਾਸ ਦੀ ਮਰਿਆਦਾ ਭੰਗ ਕੀਤੀ ਹੈ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤਾ ਜਾਵੇ, ਜੇਕਰ ਅਜਿਹਾ ਨਾ ਹੋਇਆ ਤਾਂ ਉਨ੍ਹਾਂ ਦੀ ਯੂਨੀਅਨ ਇਸ ਖਿਲਾਫ ਸਖਤ ਨੋਟਿਸ ਲਵੇਗੀ।
ਵਿਮੁਕਤ ਜਾਤੀਆਂ ਨੇ ਪੰਚਾਇਤੀ ਚੋਣਾਂ ਦੌਰਾਨ ਅੌਰਤਾਂ ਲਈ ਕੀਤੀ ਰਾਖਵੇਂਕਰਨ ਦੀ ਮੰਗ
NEXT STORY