ਰਾਜ ਸਭਾ ਦੇ ਮੈਂਬਰ ਦਾ ਕਾਰਜਕਾਲ 6 ਵਰ੍ਹਿਆਂ ਦਾ ਹੁੰਦਾ ਹੈ ਅਤੇ ਹਰੇਕ 2 ਸਾਲਾਂ ਵਿਚ ਇਸ ਦੇ ਇਕ-ਤਿਹਾਈ ਮੈਂਬਰ ਸੇਵਾ-ਮੁਕਤ ਹੋ ਜਾਂਦੇ ਹਨ। ਇਸ ਲਈ ਇਹ ਕਦੇ ਭੰਗ ਨਹੀਂ ਹੁੰਦੀ। ਇਸ ਦੇ ਮੈਂਬਰ ਦੀ ਚੋਣ ਲਈ ਵਿਧਾਇਕ ਤਰਜੀਹ ਦੇ ਆਧਾਰ 'ਤੇ ਵੋਟ ਦਿੰਦੇ ਹਨ। ਹੁਣੇ-ਹੁਣੇ ਸੰਪੰਨ ਹੋਈਆਂ ਰਾਜ ਸਭਾ ਚੋਣਾਂ ਵਿਚ ਗੁਜਰਾਤ ਤੋਂ ਕਾਂਗਰਸੀ ਉਮੀਦਵਾਰ ਅਹਿਮਦ ਪਟੇਲ ਵਲੋਂ ਜਿੱਤਣ ਲਈ ਜ਼ਰੂਰੀ 43.5 ਵੋਟਾਂ ਦੇ ਮੁਕਾਬਲੇ 44 ਵੋਟਾਂ ਲੈ ਕੇ ਹਾਸਿਲ ਕੀਤੀ ਅਣਕਿਆਸੀ ਜਿੱਤ ਨੇ ਮੈਨੂੰ ਪੂਜਨੀਕ ਪਿਤਾ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਮਾਰਚ 1964 ਵਿਚ ਕਾਂਗਰਸ ਅਤੇ ਇਸ ਦੇ ਘਾਗ ਨੇਤਾਵਾਂ ਦੇ ਸਖਤ ਵਿਰੋਧ ਦੇ ਬਾਵਜੂਦ ਹੋਈ ਭਾਰੀ ਜਿੱਤ ਦਾ ਚੇਤਾ ਕਰਵਾ ਦਿੱਤਾ।
1952 ਤੋਂ 1956 ਤਕ ਪੰਜਾਬ ਦੇ ਸੱਚਰ ਮੰਤਰੀ ਮੰਡਲ 'ਚ ਸਿੱਖਿਆ, ਸਿਹਤ ਅਤੇ ਆਵਾਜਾਈ ਮੰਤਰੀ ਰਹਿਣ ਤੋਂ ਬਾਅਦ ਸ. ਪ੍ਰਤਾਪ ਸਿੰਘ ਕੈਰੋਂ ਨਾਲ ਵਿਚਾਰਕ ਮੱਤਭੇਦਾਂ ਕਾਰਨ ਲਾਲਾ ਜੀ ਨੇ 26 ਅਕਤੂਬਰ 1956 ਨੂੰ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ।
ਉਦੋਂ ਹੀ ਸ. ਪ੍ਰਤਾਪ ਸਿੰਘ ਕੈਰੋਂ ਦੇ ਵਿਰੋਧੀਆਂ ਨੇ ਲਾਲਾ ਜੀ ਨੂੰ ਰਾਜ ਸਭਾ ਦੀ ਚੋਣ ਲੜਨ ਦੀ ਅਪੀਲ ਕੀਤੀ ਤੇ ਕਿਹਾ ਕਿ ਆਜ਼ਾਦੀ ਸੰਗਰਾਮ ਦੌਰਾਨ ਉਨ੍ਹਾਂ ਵਲੋਂ ਕੀਤੀਆਂ ਗਈਆਂ ਜੇਲ ਯਾਤਰਾਵਾਂ ਅਤੇ ਬਾਅਦ ਵਿਚ ਆਪਣੇ ਮੰਤਰੀ ਕਾਰਜਕਾਲ ਦੌਰਾਨ ਕੀਤੀ ਗਈ ਲੋਕ-ਸੇਵਾ ਦੇ ਮੱਦੇਨਜ਼ਰ ਇਸ ਵਿਚ ਵਿਰੋਧੀ ਪਾਰਟੀਆਂ ਵੀ ਉਨ੍ਹਾਂ ਦੀ ਸਹਾਇਤਾ ਕਰਨਗੀਆਂ।
ਮਿੱਤਰਾਂ ਤੇ ਸ਼ੁੱਭਚਿੰਤਕਾਂ ਦੀ ਇਸੇ ਸਲਾਹ 'ਤੇ ਜਦੋਂ ਲਾਲਾ ਜੀ ਨੇ ਚੋਣ ਲੜਨ ਦਾ ਫੈਸਲਾ ਕੀਤਾ ਤਾਂ ਕਾਂਗਰਸ ਵਿਚ ਤਰਥੱਲੀ ਮਚ ਗਈ। ਇਹ ਸ. ਕੈਰੋਂ ਤੇ ਲਾਲਾ ਜੀ ਵਿਚਾਲੇ ਖੁੱਲ੍ਹੀ ਸਿਆਸੀ ਲੜਾਈ ਸੀ। ਸ. ਕੈਰੋਂ ਦੀ ਕਾਰਜਸ਼ੈਲੀ ਤੋਂ ਦੁਖੀ ਸ. ਗੁਰਦਿਆਲ ਸਿੰਘ ਢਿੱਲੋਂ ਤੇ ਕੁਝ ਹੋਰ ਕਾਂਗਰਸੀ ਵਿਧਾਇਕਾਂ, ਜੋ ਕਾਂਗਰਸ ਛੱਡ ਕੇ ਆਜ਼ਾਦ ਵਿਧਾਇਕ ਬਣੇ ਸਨ, ਦਾ ਲਾਲਾ ਜੀ ਨੂੰ ਸਮਰਥਨ ਮਿਲਿਆ।
ਲਾਲਾ ਜੀ ਨੂੰ ਹਰਾਉਣ ਲਈ ਕਾਂਗਰਸ ਪੰ. ਨਹਿਰੂ ਤਕ ਨੂੰ ਅੱਗੇ ਲਿਆਈ, ਜਿਸ ਨਾਲ ਲੋਕਾਂ ਵਿਚ ਇਹ ਚਰਚਾ ਸ਼ੁਰੂ ਹੋ ਗਈ ਕਿ ਲਾਲਾ ਜੀ ਨੂੰ ਹਰਾਉਣ ਲਈ ਕਾਂਗਰਸ ਨੇ ਪੰ. ਨਹਿਰੂ ਦੇ ਪੂਰੇ ਪ੍ਰਭਾਵ ਦਾ ਇਸਤੇਮਾਲ ਕੀਤਾ ਪਰ ਲਾਲਾ ਜੀ ਦੇ ਵਿਰੁੱਧ ਪ੍ਰਚਾਰ ਕਿਸੇ ਕੰਮ ਨਹੀਂ ਆਇਆ ਤੇ 26 ਮਾਰਚ 1964 ਨੂੰ ਹੋਈ ਵੋਟਿੰਗ ਵਿਚ ਲਾਲਾ ਜੀ ਜੇਤੂ ਐਲਾਨੇ ਗਏ।
ਤਰਜੀਹੀ ਵੋਟਾਂ ਦੀ ਗਿਣਤੀ ਨਾਲ ਲਾਲਾ ਜੀ ਨੂੰ 3035 ਵੋਟਾਂ ਮਿਲੀਆਂ। ਉਨ੍ਹਾਂ ਨੂੰ ਚੌ. ਦੇਵੀ ਲਾਲ ਦੇ 'ਪ੍ਰੋਗਰੈਸਿਵ ਇੰਡੀਪੈਂਡੈਂਟ ਗਰੁੱਪ', ਜਨਸੰਘ ਅਤੇ ਅਕਾਲੀ ਦਲ ਦੇ ਮਾਸਟਰ ਤਾਰਾ ਸਿੰਘ ਗਰੁੱਪ ਦਾ ਸਮਰਥਨ ਹਾਸਿਲ ਸੀ।
ਚੁਣੇ ਜਾਣ ਤੋਂ ਬਾਅਦ ਲਾਲਾ ਜੀ ਨੇ ਇਕ ਲੇਖ ਵਿਚ ਲਿਖਿਆ ਸੀ ਕਿ ਚੌ. ਦੇਵੀ ਲਾਲ, ਮਾਸਟਰ ਤਾਰਾ ਸਿੰਘ, ਸ਼੍ਰੀ ਯਗਦੱਤ ਸ਼ਰਮਾ, ਸ. ਗੁਰਦਿਆਲ ਸਿੰਘ ਢਿੱਲੋਂ, ਉਨ੍ਹਾਂ ਦੇ ਸਾਥੀਆਂ ਤੇ ਕੁਝ ਹੋਰ ਵਿਧਾਇਕਾਂ ਦੇ ਸਮਰਥਨ ਸਦਕਾ ਹੀ ਉਹ ਰਾਜ ਸਭਾ ਦੇ ਮੈਂਬਰ ਚੁਣੇ ਜਾ ਸਕੇ।
ਰਾਜ ਸਭਾ ਦੀ ਚੋਣ 'ਤੇ ਸ. ਪ੍ਰਤਾਪ ਸਿੰਘ ਕੈਰੋਂ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ, ''ਮੈਨੂੰ ਅਜਿਹਾ ਲੱਗਦਾ ਹੈ ਕਿ ਜੋ ਲੋਕ ਲਾਲਾ ਜਗਤ ਨਾਰਾਇਣ ਲਈ ਕੋਸ਼ਿਸ਼ ਕਰ ਰਹੇ ਸਨ, ਕਾਂਗਰਸੀਆਂ ਦੀਆਂ ਕੁਝ ਵੋਟਾਂ ਉਨ੍ਹਾਂ ਨੂੰ ਜ਼ਰੂਰ ਪਈਆਂ ਹਨ।''
ਲਾਲਾ ਜੀ ਦੀ ਜਿੱਤ ਸ. ਕੈਰੋਂ ਦੀ ਸਿਆਸੀ ਸਾਖ ਲਈ ਬਹੁਤ ਵੱਡਾ ਧੱਕਾ ਸੀ। ਉਂਝ ਤਾਂ ਲਾਲਾ ਜੀ ਹਰੇਕ ਚੁਣੌਤੀ ਕਬੂਲਦੇ ਸਨ ਪਰ ਸੰਕਟ ਵੇਲੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਰਵਉੱਤਮ ਹਿੱਸਾ ਖ਼ੁਦ ਹੀ ਪ੍ਰਗਟ ਹੋ ਜਾਂਦਾ ਸੀ।
ਪੰ. ਜਵਾਹਰ ਲਾਲ ਨਹਿਰੂ ਨਾਲ ਬੇਸ਼ੱਕ ਲਾਲਾ ਜੀ ਦੇ ਨੀਤੀਗਤ ਮੱਤਭੇਦ ਰਹੇ ਹੋਣ ਪਰ ਨਹਿਰੂ ਜੀ ਵੀ ਲਾਲਾ ਜੀ ਦੀ ਸਮਰੱਥਾ, ਪ੍ਰਤਿਭਾ ਅਤੇ ਪ੍ਰਭਾਵ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਤੇ ਰਾਜ ਸਭਾ ਦੇ ਮੈਂਬਰ ਚੁਣੇ ਜਾਣ ਤੋਂ ਬਾਅਦ ਲਾਲਾ ਜੀ ਨੇ ਨਹਿਰੂ ਜੀ ਦੀ ਤਾਰੀਫ ਕਰਦਿਆਂ ਲਿਖਿਆ ਸੀ ਕਿ :
''ਰਾਜ ਸਭਾ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ ਮੈਂ ਸਹੁੰ ਚੁੱਕ ਕੇ ਜਦੋਂ ਲਾਬੀ ਵਿਚ ਪਹੁੰਚਿਆ ਤਾਂ ਪੰ. ਨਹਿਰੂ ਉਥੇ ਆ ਗਏ। ਵਿਰੋਧੀ ਪਾਰਟੀਆਂ ਦੇ ਮੈਂਬਰ ਮੈਨੂੰ ਵਧਾਈ ਦੇ ਰਹੇ ਸਨ ਤੇ ਉਦੋਂ ਉਨ੍ਹਾਂ ਨੇ ਮੈਨੂੰ ਕਿਹਾ, 'ਲਾਲਾ ਜੀ, ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਕਿ ਤੁਸੀਂ ਇਥੋਂ ਤਕ ਨਾ ਪਹੁੰਚ ਸਕੋ ਪਰ ਤੁਸੀਂ ਜਿੱਤ ਕੇ ਇਥੇ ਆ ਹੀ ਗਏ। ਇਹ ਅਹਿਮ ਪ੍ਰਾਪਤੀ ਹੈ, ਜਿਸ ਦੇ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਸਾਡੀ ਨੀਤੀ ਮੁਤਾਬਿਕ ਕੋਈ ਵੀ ਕੰਮ ਹੋਵੇ ਤਾਂ ਮੈਨੂੰ ਦੱਸਣਾ'।''
ਪੰ. ਨਹਿਰੂ ਨੇ ਇਹ ਗੱਲ 40 ਸੰਸਦ ਮੈਂਬਰਾਂ ਸਾਹਮਣੇ ਕਹੀ ਸੀ। ਉਨ੍ਹਾਂ ਦੇ ਇਨ੍ਹਾਂ ਹੀ ਗੁਣਾਂ ਤੋਂ ਲਾਲਾ ਜੀ ਪ੍ਰਭਾਵਿਤ ਸਨ। ਉਨ੍ਹਾਂ ਨੇ ਜਦੋਂ ਕਦੇ ਵੀ ਪੰ. ਨਹਿਰੂ ਨੂੰ ਪੱਤਰ ਲਿਖਿਆ, ਪੰਡਿਤ ਜੀ ਨੇ ਲਾਲਾ ਜੀ ਨੂੰ ਜਵਾਬ ਜ਼ਰੂਰ ਦਿੱਤਾ।
ਲਾਲਾ ਜੀ 1964 ਤੋਂ 1970 ਤਕ ਸੰਸਦ ਮੈਂਬਰ ਵਜੋਂ ਸਿਧਾਂਤਪੂਰਨ ਸਿਆਸਤ ਦੇ ਝੰਡਾਬਰਦਾਰ ਰਹੇ, ਜਿਸ ਦੇ ਲਈ ਉਨ੍ਹਾਂ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਬੇਸ਼ੱਕ ਕਿਸੇ ਵੀ ਪਾਰਟੀ ਨਾਲ ਜੁੜਨ ਦਾ ਆਪਣਾ ਲਾਭ ਹੁੰਦਾ ਹੈ ਪਰ ਵਿਅਕਤੀ ਦੀ ਸਾਖ ਅਤੇ ਉਸ ਦੇ ਸਿਧਾਂਤ ਵੀ ਉਸ ਦੀ ਮਦਦ ਕਰਦੇ ਹਨ। ਇਸੇ ਕਾਰਨ ਉਹ ਪੰ. ਨਹਿਰੂ ਵਰਗੇ ਆਪਣੇ ਕੱਟੜ ਆਲੋਚਕ ਨੂੰ ਵੀ ਆਪਣਾ ਪ੍ਰਸ਼ੰਸਕ ਬਣਾਉਣ 'ਚ ਸਫਲ ਹੋਏ।
—ਵਿਜੇ ਕੁਮਾਰ
'ਪਾਕਿਸਤਾਨ ਦੀ ਮੌਜੂਦਾ ਹਾਲਤ ਠੀਕ ਨਹੀਂ' ਸਾਬਕਾ ਰਾਸ਼ਟਰਪਤੀ ਮੁਸ਼ੱਰਫ ਦਾ ਬਿਆਨ
NEXT STORY