ਹੁਣ ਤੱਕ ਤਾਂ ਕੋਚ ’ਤੇ ਉਨ੍ਹਾਂ ਕੋਲੋਂ ਸਿਖਲਾਈ ਹਾਸਲ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਵੱਲੋਂ ਜਬਰ-ਜ਼ਨਾਹ ਅਤੇ ਸੈਕਸ ਸ਼ੋਸ਼ਣ ਦੇ ਦੋਸ਼ ਲੱਗਦੇ ਸਨ, ਇਹ ਪਹਿਲਾ ਮੌਕਾ ਹੈ ਜਦੋਂ ਕੌਮਾਂਤਰੀ ਮੁਕਾਬਲਿਆਂ ’ਚ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਵਾਲੇ ਪਹਿਲਵਾਨਾਂ ਨੇ ਭਾਜਪਾ ਦੇ ਐੱਮ. ਪੀ. ਅਤੇ 11 ਸਾਲ ਤੋਂ ‘ਭਾਰਤੀ ਕੁਸ਼ਤੀ ਫੈਡਰੇਸ਼ਨ’ ਦੇ ਮੁਖੀ ਬ੍ਰਜਭੂਸ਼ਣ ਸ਼ਰਨ ਸਿੰਘ ’ਤੇ ਮਹਿਲਾ ਪਹਿਲਵਾਨਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ਲਾਏ ਹਨ ਅਤੇ ਉਹ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਦਿੱਲੀ ’ਚ ਅੰਦੋਲਨ ਕਰ ਰਹੀਆਂ ਹਨ।
6 ਵਾਰ ਦੇ ਐੱਮ. ਪੀ. ਬ੍ਰਜਭੂਸ਼ਣ ਸ਼ਰਨ ਸਿੰਘ ਕੁਝ ਸਕੂਲਾਂ, ਕਾਲਜਾਂ ਦੇ ਮਾਲਕ ਹਨ ਅਤੇ ਉਨ੍ਹਾਂ ’ਤੇ ਕਈ ਤਰ੍ਹਾਂ ਦੇ ਦੋਸ਼ ਵੀ ਲੱਗਦੇ ਰਹੇ ਹਨ।
18 ਜਨਵਰੀ ਤੋਂ ਜੰਤਰ-ਮੰਤਰ ਵਿਖੇ ਧਰਨੇ ’ਤੇ ਬੈਠੇ ਪਹਿਲਵਾਨਾਂ ਨੇ ਭਾਰਤੀ ਓਲੰਪਿਕ ਫੈਡਰੇਸ਼ਨ ਵੱਲੋਂ ਉਕਤ ਦੋਸ਼ਾਂ ਦੀ ਜਾਂਚ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੇ ਭਰੋਸੇ ਪਿੱਛੋਂ 21 ਜਨਵਰੀ ਨੂੰ ਧਰਨਾ ਮੁਲਤਵੀ ਕਰ ਦਿੱਤਾ ਸੀ ਪਰ ਬਾਅਦ ’ਚ ਬ੍ਰਜਭੂਸ਼ਣ ਸ਼ਰਨ ਸਿੰਘ ਵਿਰੁੱਧ ਦੋਸ਼ਾਂ ਦੀ ਜਾਂਚ ਕਰ ਰਹੀ ਕਮੇਟੀ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਨੂੰ ਲੈ ਕੇ ਪਹਿਲਵਾਨ 23 ਅਪ੍ਰੈਲ ਤੋਂ ਦੁਬਾਰਾ ਧਰਨੇ ’ਤੇ ਬੈਠੇ ਹਨ।
ਹਾਲਾਂਕਿ 5 ਮਈ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੁੜ ਕਿਹਾ ਹੈ ਕਿ ਧਰਨੇ ’ਤੇ ਬੈਠੀਆਂ ਪਹਿਲਵਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਹਨ। ਇਸ ਲਈ ਉਨ੍ਹਾਂ ਨੂੰ ਦਿੱਲੀ ਪੁਲਸ ਨੂੰ ਨਿਰਪੱਖ ਜਾਂਚ ਕਰਨ ਦੇਣੀ ਚਾਹੀਦੀ ਹੈ ਅਤੇ ਅਦਾਲਤ ਨੇ ਵੀ ਇਸ ਸਬੰਧੀ ਲੋੜੀਂਦੇ ਨਿਰਦੇਸ਼ ਦਿੱਤੇ ਹਨ ਪਰ ਇਹ ਧਰਨਾ ਜਾਰੀ ਹੈ।
ਇਸ ਦੌਰਾਨ ‘ਇੰਡੀਅਨ ਐਕਸਪ੍ਰੈੱਸ’ ’ਚ ਛਪੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ :-
ਟੂਰਨਾਮੈਂਟਾਂ ਅਤੇ ਵਾਰਮਅਪ ਦੌਰਾਨ ਅਤੇ ਇੱਥੋਂ ਤੱਕ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਨਵੀਂ ਦਿੱਲੀ ਸਥਿਤ ਦਫਤਰ ਅੰਦਰ ਸੈਕਸ ਸ਼ੋਸ਼ਣ ਅਤੇ ਮਾੜੇ ਵਤੀਰੇ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ’ਚ ਗਲਤ ਢੰਗ ਨਾਲ ਛੂਹਣ (ਗ੍ਰੋਪਿੰਗ) ਅਤੇ ਸਰੀਰਕ ਸੰਪਰਕ ਦੀਆਂ ਘਟਨਾਵਾਂ ਸ਼ਾਮਲ ਹਨ।
ਨਵੀਂ ਦਿੱਲੀ ਦੇ ਕਨਾਟ ਪਲੇਸ ਥਾਣੇ ’ਚ 21 ਅਪ੍ਰੈਲ ਨੂੰ ਦਾਇਰ ਕੀਤੀਆਂ ਗਈਆਂ 7 ਮਹਿਲਾ ਪਹਿਲਵਾਨਾਂ ’ਚੋਂ 2 (ਦੋਵੇਂ ਹੀ ਬਾਲਗ) ਵੱਲੋਂ ਬ੍ਰਜਭੂਸ਼ਣ ਸ਼ਰਨ ਸਿੰਘ ਵਿਰੁੱਧ ਦੋ ਵੱਖ-ਵੱਖ ਸ਼ਿਕਾਇਤਾਂ ’ਚ 8 ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਿਗਆ ਹੈ।
ਮਹਿਲਾ ਪਹਿਲਵਾਨਾਂ ਮੁਤਾਬਕ ਕੁਸ਼ਤੀ ਫੈਡਰੇਸ਼ਨ ’ਚ ਬ੍ਰਜਭੂਸ਼ਣ ਸ਼ਰਨ ਸਿੰਘ ਦੇ ਪ੍ਰਭਾਵ ਅਤੇ ਇਸ ਡਰ ਕਾਰਨ ਕਿ ਉਹ ਉਨ੍ਹਾਂ ਦੇ ਕਰੀਅਰ ’ਚ ਰੁਕਾਵਟ ਨਾ ਖੜ੍ਹੀ ਕਰ ਦੇਵੇ, ਉਨ੍ਹਾਂ ਆਪਣੀ ਮਾਨਸਿਕ ਅਤੇ ਸਰੀਰਕ ਤੰਗ-ਪ੍ਰੇਸ਼ਾਨੀ ਨੂੰ ਲੈ ਕੇ ਪਹਿਲਾਂ ਜ਼ੁਬਾਨ ਨਹੀਂ ਖੋਲ੍ਹੀ।
ਪਹਿਲਵਾਨ 1 (ਨਾਂ ਗੁਪਤ) ਨੇ ਬ੍ਰਜਭੂਸ਼ਣ ਵਿਰੁੱਧ ਕਥਿਤ ਸੈਕਸ ਸ਼ੋਸ਼ਣ ਦੀਆਂ ਘੱਟੋ-ਘੱਟ 5 ਸ਼ਿਕਾਇਤਾਂ ਕੀਤੀਆਂ ਹਨ। ਪਹਿਲੀ ਸ਼ਿਕਾਇਤ ਅਨੁਸਾਰ 2016 ’ਚ ਇਕ ਟੂਰਨਾਮੈਂਟ ਦੌਰਾਨ ਬ੍ਰਜਭੂਸ਼ਣ ਨੇ ਰੈਸਟੋਰੈਂਟ ’ਚ ਬੁਲਾ ਕੇ ਕਥਿਤ ਰੂਪ ਨਾਲ ਉਸ ਦੀਆਂ ਛਾਤੀਆਂ ਅਤੇ ਪੇਟ ’ਤੇ ਹੱਥ ਲਾਇਆ। ਫਿਰ 2019 ’ਚ ਵੀ ਇਕ ਹੋਰ ਟੂਰਨਾਮੈਂਟ ਦੌਰਾਨ ਬ੍ਰਜਭੂਸ਼ਣ ਨੇ ਉਸ ਦੀ ਛਾਤੀ ਅਤੇ ਪੇਟ ਨੂੰ ਛੂਹਿਆ।
ਇਸੇ ਪਹਿਲਵਾਨ ਨੇ ਬ੍ਰਜਭੂਸ਼ਣ ’ਤੇ ਉਸ ਨੂੰ 2 ਹੋਰਨਾਂ ਮੌਕਿਆਂ ’ਤੇ ਗਲਤ ਢੰਗ ਨਾਲ ਛੂਹਣ ਦਾ ਦੋਸ਼ ਲਾਇਆ ਜਦੋਂ ਉਸ ਨੂੰ ਕੁਸ਼ਤੀ ਫੈਡਰੇਸ਼ਨ ਦੇ ਦਫਤਰ ’ਚ ਬੁਲਾਇਆ ਗਿਆ ਸੀ।
ਇਕ ਵਾਰ ਬ੍ਰਜਭੂਸ਼ਣ ਨੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਪੱਟਾਂ ਅਤੇ ਮੋਢਿਆਂ ਨੂੰ ਛੂਹਿਆ ਅਤੇ ਦੋ ਦਿਨ ਬਾਅਦ ਉਸ ਦੀਆਂ ਛਾਤੀਆਂ ਅਤੇ ਪੇਟ ਨੂੰ ਇਹ ਕਹਿੰਦੇ ਹੋਏ ਛੂਹਿਆ ਕਿ ਉਹ ਉਸ ਦੇ ਸਾਹ ਲੈਣ ਦੇ ਪੈਟਰਨ ਨੂੰ ਜਾਂਚਣਾ ਚਾਹੁੰਦਾ ਹੈ।
2018 ’ਚ ਬ੍ਰਜਭੂਸ਼ਣ ਨੇ ਇਕ ਟੂਰਨਾਮੈਂਟ ਦੌਰਾਨ ਉਸ ਨੂੰ ਕਾਫੀ ਲੰਬੇ ਸਮੇਂ ਤੱਕ ਜ਼ੋਰ ਨਾਲ ਗਲਵਕੜੀ ’ਚ ਲਈ ਰੱਖਿਆ ਅਤੇ ਇਕ ਹੋਰ ਮੌਕੇ ’ਤੇ ਉਹ ਉਸ ਦੀ ਗਲਵਕੜੀ ’ਚੋਂ ਕਿਸੇ ਤਰ੍ਹਾਂ ਬਚ ਨਿਕਲੀ ਜਦੋਂ ਉਸ ਦਾ ਹੱਥ ਉਸ ਦੀਆਂ ਛਾਤੀਆਂ ਦੇ ਨੇੜੇ ਸੀ।
ਦੂਜੀ ਸ਼ਿਕਾਇਤਕਰਤਾ (ਨਾਂ ਗੁਪਤ) ਨੇ ਦੋਸ਼ ਲਾਇਆ ਕਿ 2018 ’ਚ ਇਕ ਵਾਰ ਜਦੋਂ ਉਹ ਵਾਰਮਅਪ ਕਰ ਰਹੀ ਸੀ ਤਾਂ ਬ੍ਰਜਭੂਸ਼ਣ ਨੇ ਉਸ ਦੀ ਸਹਿਮਤੀ ਤੋਂ ਬਿਨਾਂ ਸਾਹ ਲੈਣ ਦਾ ਪੈਟਰਨ ਜਾਂਚਣ ਦੇ ਨਾਂ ’ਤੇ ਉਸ ਦੀ ਟ੍ਰੇਨਿੰਗ ਜਰਸੀ ਉਪਰ ਉਠਾ ਦਿੱਤੀ ਅਤੇ ਉਸ ਦੀਆਂ ਛਾਤੀਆਂ ਅਤੇ ਪੇਟ ਨੂੰ ਛੂਹਿਆ ਜੋ ਉਸ ਨੂੰ ਬੇਹੱਦ ਬੁਰਾ ਲੱਗਾ।
ਉਸ ਨਾਲ ਦੂਜੀ ਘਟਨਾ ਇਕ ਸਾਲ ਬਾਅਦ ਬ੍ਰਜਭੂਸ਼ਣ ਦੇ ਬੰਗਲੇ ’ਚ ਹੀ ਸਥਿਤ ਕੁਸ਼ਤੀ ਫੈਡਰੇਸ਼ਨ ਦੇ ਦਫਤਰ ’ਚ ਵਾਪਰੀ। ਜਦੋਂ ਉਹ ਉੱਥੇ ਦਾਖਲ ਹੋਈ ਤਾਂ ਬ੍ਰਜਭੂਸ਼ਣ ਨੇ ਕਥਿਤ ਤੌਰ ’ਤੇ ਹੋਰਨਾਂ ਲੋਕਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਅਤੇ ਫਿਰ ਉਸ ਨੂੰ ਦਬੋਚਣ ਦੀ ਕੋਸ਼ਿਸ਼ ਕੀਤੀ। ਬ੍ਰਜਭੂਸ਼ਣ ਨੇ ਕਥਿਤ ਤੌਰ ’ਤੇ ਉਕਤ ਪਹਿਲਵਾਨ ਨਾਲ ਆਪਣੇ ਦਫਤਰ ’ਚ ਨੰਬਰਾਂ ਦਾ ਆਦਾਨ-ਪ੍ਰਦਾਨ ਵੀ ਕੀਤਾ।
ਵਰਨਣਯੋਗ ਹੈ ਕਿ ਇਸ ਹਫਤੇ ਦੇ ਸ਼ੁਰੂ ’ਚ ਇਨ੍ਹਾਂ ਦੋਹਾਂ ਪਹਿਲਵਾਨਾਂ ਨੇ ਆਪਣੇ ਉਪਰੋਕਤ ਬਿਆਨ ਦਿੱਲੀ ਪੁਲਸ ਕੋਲ ਦਰਜ ਕਰਵਾਏ ਹਨ। ਇਸ ਸਾਰੇ ਘਟਨਾਚੱਕਰ ’ਚ ਕੌਣ ਠੀਕ ਅਤੇ ਕੌਣ ਗਲਤ ਹੈ, ਇਸ ਦਾ ਨਿਪਟਾਰਾ ਜਲਦੀ ਤੋਂ ਜਲਦੀ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਇਹ ਵਿਵਾਦ ਖਤਮ ਹੋਵੇ।
-ਵਿਜੇ ਕੁਮਾਰ
15 ਦਿਨਾਂ ਅੰਦਰ ਜੰਮੂ ਖੇਤਰ ’ਚ ਪਾਕਿਸਤਾਨੀ ਅੱਤਵਾਦੀਆਂ ਦਾ ਦੂਜਾ ਹਮਲਾ
NEXT STORY