ਦੇਸ਼ ’ਚ ਅੱਜਕਲ ਬੱਚਿਆਂ ਦੇ ਸੈਕਸ ਸ਼ੋਸ਼ਣ ਦੀਆਂ ਘਟਨਾਵਾਂ ਬਹੁਤ ਵਧ ਗਈਆਂ ਹਨ ਅਤੇ ਰੋਜ਼ਾਨਾ ਛੋਟੀਆਂ-ਛੋਟੀਆਂ ਬੱਚੀਆਂ ਦੇ ਸੈਕਸ ਸ਼ੋਸ਼ਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ’ਚ ਬੱਚਿਆਂ ’ਤੇ ਲਿੰਗਿਕ ਅੱਤਿਆਚਾਰ ਅਤੇ ਚਾਈਲਡ ਪੋਰਨੋਗ੍ਰਾਫੀ ਆਦਿ ਸ਼ਾਮਲ ਹਨ।
ਇਸ ਬੁਰਾਈ ’ਤੇ ਰੋਕ ਲਾਉਣ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਸੰਸਦ ਨੇ 22 ਮਈ, 2012 ਨੂੰ ‘ਸੈਕਸ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਬਾਰੇ ਬਿੱਲ’ (ਪੋਕਸੋ) 2011 ਪਾਸ ਕੀਤਾ ਸੀ।
ਬਾਲ ਸੈਕਸ ਸ਼ੋਸ਼ਣ ਦੇ ਤਾਜ਼ਾ ਮਾਮਲੇ ’ਚ ਸੀ. ਬੀ. ਆਈ. ਨੇ ਤਾਮਿਲਨਾਡੂ ਦੇ ਤੰਜਾਵੁਰ ਵਿਖੇ ਪੋਕਸੋ ਅਦਾਲਤ ਦੇ ਸਾਹਮਣੇ 5 ਤੋਂ 18 ਸਾਲ ਦੀ ਉਮਰ ਵਰਗ ਦੇ 8 ਬੱਚਿਆਂ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ‘ਵਿਕਟਰ ਜੇਮਸ ਰਾਜਾ’ ਨਾਮੀ ਇਕ ਰਿਸਰਚ ਸਕਾਲਰ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ ਹੈ।
4 ਸਾਲਾਂ ਤੋਂ 8 ਮੁੰਡੇ-ਕੁੜੀਆਂ ਦਾ ਸੈਕਸ ਸ਼ੋਸ਼ਣ ਕਰਦੇ ਆ ਰਹੇ ਜੇਮਸ ਰਾਜਾ ਦੇ ਤੰਜਾਵੁਰ ਜ਼ਿਲੇ ’ਚ ਸਥਿਤ ਕੰਪਲੈਕਸਾਂ ’ਚ ਤਲਾਸ਼ੀ ਦੌਰਾਨ ਵੱਖ-ਵੱਖ ਇਤਰਾਜ਼ਯੋਗ ਇਲੈਕਟ੍ਰਾਨਿਕ ਗੈਜੇਟ ਬਰਾਮਦ ਹੋਣ ’ਤੇ ਉਸ ਨੂੰ ਗ੍ਰਿਫਤਾਰ ਕਰਨ ਪਿੱਛੋਂ ਜਾਂਚ ਦੌਰਾਨ ਸੀ. ਬੀ. ਆਈ. ਨੇ ਵੇਖਿਆ ਕਿ ‘ਰਾਜਾ’ ਨੇ ਇੰਟਰਨੈੱਟ ’ਤੇ ਇਨ੍ਹਾਂ ਮਾੜੇ ਕੰਮਾਂ ਦੇ ਵੀਡੀਓ ਵੀ ਵੇਚੇ।
ਉਸ ’ਤੇ ਇਕ ਨਾਬਾਲਿਗ ਕੁੜੀ ਸਮੇਤ ਪੀੜਤਾਂ ਨੂੰ ਹੋਰਨਾਂ ਨਾਬਾਲਿਗ ਬੱਚਿਆਂ ਨਾਲ ਸੈਕਸ ਕਰਨ ਲਈ ਮਜਬੂਰ ਕਰਨ ਅਤੇ ਇਸ ਕਾਰੇ ਦੀਆਂ ਤਸਵੀਰਾਂ ਲੈਣ, ਵੀਡੀਓ ਬਣਾਉਣ ਅਤੇ ਹੋਰ ਬਾਲਗ ਲੋਕਾਂ ਨਾਲ ਸੈਕਸ ਸਬੰਧਾਂ ਦੇ ਵੀਡੀਓ ਵੇਖਣ ਲਈ ਮਜਬੂਰ ਕਰਨ ਦੇ ਵੀ ਦੋਸ਼ ਹਨ।
ਉਕਤ ਘਟਨਾ ਤੋਂ ਸਪੱਸ਼ਟ ਹੈ ਕਿ ਸੈਕਸ ਵਿਕਾਰ ਦੇ ਸ਼ਿਕਾਰ ਲੋਕਾਂ ਕਾਰਨ ਅੱਜ ਸਾਡੇ ਦੇਸ਼ ਦਾ ਬਚਪਨ ਕਿਸ ਹੱਦ ਤੱਕ ਸੰਕਟ ’ਚ ਆਇਆ ਹੋਇਆ ਹੈ। ਇਸ ਲਈ ਅਜਿਹੇ ਲੋਕਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਦੂਜਿਆਂ ਨੂੰ ਵੀ ਨਸੀਹਤ ਮਿਲੇ।
-ਵਿਜੇ ਕੁਮਾਰ
ਨਸ਼ਾ! ਨਸ਼ਾ!! ਨਸ਼ਾ!!! ਕਿਵੇਂ ਬਚੇਗਾ ਦੇਸ਼ ਦਾ ਨੌਜਵਾਨ
NEXT STORY