1947 ’ਚ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਪਾਕਿਸਤਾਨੀ ਹਾਕਮਾਂ ਨੇ ਭਾਰਤ ਦੇ ਵਿਰੁੱਧ ਛੇੜੀ ਪ੍ਰਾਕਸੀ ਜੰਗ ’ਚ ਆਪਣੇ ਪਾਲੇ ਹੋਏ ਅੱਤਵਾਦੀਆਂ ਅਤੇ ਵੱਖਵਾਦੀਆਂ ਰਾਹੀਂ ਕਸ਼ਮੀਰ ’ਚ ਅਸ਼ਾਂਤੀ ਫੈਲਾਉਣ, ਦੰਗੇ ਕਰਵਾਉਣ, ਹਥਿਆਰ ਅਤੇ ਗੋਲਾ-ਬਾਰੂਦ ਭੇਜਣ, ਅੱਤਵਾਦ ਭੜਕਾਉਣ, ਨਕਲੀ ਕਰੰਸੀ ਅਤੇ ਨਸ਼ਾ ਭੇਜਣ, ਬਗਾਵਤ ਲਈ ਲੋਕਾਂ ਨੂੰ ਉਕਸਾਉਣ ਅਤੇ ਆਜ਼ਾਦੀ ਦੀ ਦੁਹਾਈ ਦੇਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ।
ਨਤੀਜਾ ਇਹ ਹੈ ਕਿ ਭਾਰਤੀ ਸੁਰੱਖਿਆ ਫੋਰਸਾਂ ਵੱਲੋਂ ਚਲਾਏ ਜਾ ਰਹੇ ‘ਆਪ੍ਰੇਸ਼ਨ ਆਲਆਊਟ’ ਅਧੀਨ ਅੱਤਵਾਦੀਆਂ ਦੇ ਸਫਾਏ ਅਤੇ ਸਮੇਂ-ਸਮੇਂ ’ਤੇ ਅੱਤਵਾਦੀ ਘਟਨਾਵਾਂ ਦੀ ਅਗਾਊਂ ਸੂਚਨਾ ਦੇ ਇਨਪੁੱਟ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਰਹਿ-ਰਹਿ ਕੇ ਹੋ ਰਹੀਆਂ ਹਨ।
ਕਸ਼ਮੀਰ ’ਚ ਅੱਤਵਾਦੀਆਂ ’ਤੇ ਨਕੇਲ ਕੱਸਣ ਪਿੱਛੋਂ ਪਾਕਿਸਤਾਨ ਅਤੇ ਉਸ ਦੇ ਪਾਲੇ ਹੋਏ ਅੱਤਵਾਦੀ ਬੀਤੇ 2-3 ਸਾਲਾਂ ਤੋਂ ਜੰਮੂ ਦੇ ਸਰਹੱਦੀ ਜ਼ਿਲਿਆਂ ਰਾਜੌਰੀ ਅਤੇ ਪੁੰਛ ’ਚ ਆਪਣੀਆਂ ਨਾਪਾਕ ਹਰਕਤਾਂ ਵਧਾਉਣ ਦੀ ਸਾਜ਼ਿਸ਼ ਰਚਣ ਲੱਗੇ ਹਨ। ਅੱਤਵਾਦੀ ਇਨ੍ਹਾਂ ਦੋਵਾਂ ਜ਼ਿਲਿਆਂ ਦੇ ਪਿੰਡਾਂ ’ਚ ਵੜ ਕੇ ਆਮ ਲੋਕਾਂ ’ਤੇ ਵੀ ਕਈ ਹਮਲੇ ਕਰ ਚੁੱਕੇ ਹਨ। ਇਸੇ ਸਾਲ ਦੌਰਾਨ ਇਸ ਖੇਤਰ ’ਚ ਅੱਤਵਾਦੀ ਘਟਨਾਵਾਂ ’ਚ :
* 1 ਅਤੇ 2 ਜਨਵਰੀ ਨੂੰ ਰਾਜੌਰੀ ਜ਼ਿਲੇ ਦੇ ਢਾਂਗਰੀ ਪਿੰਡ ’ਚ ਅੱਤਵਾਦੀਆਂ ਨੇ 7 ਦਿਹਾਤੀਆਂ ਨੂੰ ਮਾਰ ਦਿੱਤਾ।
* 20 ਅਪ੍ਰੈਲ ਨੂੰ ਰਾਜੌਰੀ ਅਤੇ ਪੁੰਛ ਜ਼ਿਲੇ ਦੀ ਸਰਹੱਦ ’ਤੇ ਸਥਿਤ ਸੰਘਣੇ ਜੰਗਲਾਂ ਵਾਲੇ ਇਲਾਕੇ ‘ਢੇਰਾ ਕੀ ਗਲੀ’ ਅਤੇ ‘ਬੁਫਲਿਆਜ਼’ ਦਰਮਿਆਨ ਫੌਜ ਦੇ ਇਕ ਵਾਹਨ ’ਤੇ ਘਾਤ ਲਾ ਕੇ ਕੀਤੇ ਗਏ ਹਮਲੇ ’ਚ ਅੱਤਵਾਦੀਆਂ ਨੇ 5 ਫੌਜੀਆਂ ਨੂੰ ਸ਼ਹੀਦ ਕਰ ਦਿੱਤਾ।
* 22-23 ਨਵੰਬਰ ਨੂੰ ਰਾਜੌਰੀ ਦੇ ਬਾਜੀਮਾਲ ਇਲਾਕੇ ’ਚ ਮੁੱਠਭੇੜ ਦੇ ਦੌਰਾਨ ਫੌਜ ਦੇ 2 ਕੈਪਟਨ ਅਤੇ 3 ਜਵਾਨ ਸ਼ਹੀਦ ਹੋਏ।
* 20 ਦਸੰਬਰ ਨੂੰ ਪੁੰਛ ਜ਼ਿਲੇ ਦੀ ਸੂਰਨਕੋਟ ਤਹਿਸੀਲ ’ਚ ਸਥਿਤ ਹਥਿਆਰਬੰਦ ਪੁਲਸ ਦੀ ਛੇਵੀਂ ਵਾਹਨੀ ਦੇ ਦਫਤਰ ਕੰਪਲੈਕਸ ’ਚ ਹੋਏ ਰਹੱਸਮਈ ਧਮਾਕੇ ਨਾਲ ਉੱਥੇ ਖੜੇ ਵਾਹਨਾਂ ਨੂੰ ਨੁਕਸਾਨ ਪੁੱਜਾ ਅਤੇ ਉਨ੍ਹਾਂ ਦੇ ਸ਼ੀਸ਼ੇ ਟੁੱਟ ਗਏ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ।
ਇਸ ਤੋਂ ਪਹਿਲਾਂ ਨਵੰਬਰ ਮਹੀਨੇ ਦੇ ਮੱਧ ’ਚ ਵੀ ਇੱਥੇ ਸਥਿਤ ਇਕ ਮੰਦਰ ’ਚ ਰਹੱਸਮਈ ਧਮਾਕਾ ਹੋਇਆ ਸੀ ਜਿਸ ਦੀ ਜਾਂਚ ਅਜੇ ਤੱਕ ਸਿਰੇ ਨਹੀਂ ਚੜ੍ਹ ਸਕੀ ਹੈ।
* ਅਤੇ ਹੁਣ 21 ਦਸੰਬਰ ਨੂੰ ਪੁੰਛ ਜ਼ਿਲੇ ’ਚ ਹੀ ਪਾਕਿਸਤਾਨ ਸਥਿਤ ਅੱਤਵਾਦੀ ਗਿਰੋਹ ‘ਲਸ਼ਕਰ -ਏ-ਤੋਇਬਾ’ ਦੀ ਬਰਾਂਚ ‘ਪੀਪਲਜ਼ ਐਂਟੀ ਫਾਸ਼ਿਸਟ ਫ੍ਰੰਟ’ (ਪੀ.ਏ.ਐੱਫ.ਐੱਫ.) ਦੇ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ‘ਢੇਰਾ ਕੀ ਗਲੀ’ ਅਤੇ ‘ਬੁਫਲਿਆਜ਼’ ਦਰਮਿਆਨ ‘ਧਤਿਆਰ’ ਮੋੜ ’ਤੇ ਘਾਤ ਲਾ ਕੇ ਫੌਜ ਦੇ 2 ਵਾਹਨਾਂ ’ਤੇ ਹਮਲਾ ਕਰ ਕੇ 5 ਫੌਜੀਆਂ ਨੂੰ ਸ਼ਹੀਦ ਅਤੇ 2 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ।
ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਕੁਝ ਸ਼ਹੀਦ ਜਵਾਨਾਂ ਦੀਆਂ ਲਾਸ਼ਾਂ ਨਾਲ ਜ਼ੁਲਮ ਵੀ ਕੀਤਾ ਅਤੇ ਉਨ੍ਹਾਂ ਦੇ ਸਰੀਰ ਦੇ ਕੁਝ ਅੰਗ ਕੱਟ ਕੇ ਆਪਣੇ ਨਾਲ ਲੈ ਗਏ।
ਸੂਤਰਾਂ ਅਨੁਸਾਰ ਅੱਤਵਾਦੀਆਂ ਨੇ ਇਸ ਹਮਲੇ ਲਈ ਗ੍ਰੇਨੇਡਾਂ ਦੇ ਨਾਲ-ਨਾਲ ਗੋਲੀਆਂ ਦੀ ਵਾਛੜ ਲਈ ਅਮਰੀਕਨ ਅਸਾਲਟ ਰਾਇਫਲਾਂ ਦੀ ਵਰਤੋਂ ਕੀਤੀ ਤਾਂ ਕਿ ਜਵਾਨਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲ ਸਕੇ।
ਫੌਜ ਦੇ 2 ਵਾਹਨਾਂ ’ਚ 8 ਜਵਾਨ ਸਵਾਰ ਸਨ ਅਤੇ ਸੂਤਰਾਂ ਦਾ ਕਹਿਣਾ ਹੈ ਕਿ ਜੇ ਵਾਹਨਾਂ ’ਚ ਜ਼ਿਆਦਾ ਜਵਾਨ ਹੁੰਦੇ ਤਾਂ ਜ਼ਿਆਦਾ ਨੁਕਸਾਨ ਹੋ ਸਕਦਾ ਸੀ।
ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨ੍ਹਾ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਅਜੇ ਤੱਕ ਅਸੀਂ ਸ਼ਾਂਤ ਸੀ ਪਰ ਪਾਕਿਸਤਾਨ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ, ਅਸੀਂ ਇਸ ਦਾ ਬਦਲਾ ਲਵਾਂਗੇ।
ਵਰਨਣਯੋਗ ਹੈ ਕਿ ਸਰਹੱਦ ਪਾਰ ਤੋਂ ਸਰਗਰਮ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜਬੁਲ ਮੁਜਾਹਿਦੀਨ ਵਰਗੇ ਅੱਤਵਾਦੀ ਗਿਰੋਹਾਂ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਆਪਣੀ ਹਮਾਇਤ ਅਤੇ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਬੀ.ਐੱਸ.ਐੱਫ ਦੇ ਮਹਾਨਿਰਦੇਸ਼ਕ ਅਸ਼ੋਕ ਯਾਦਵ ਅਨੁਸਾਰ ਲਗਭਗ 250 ਅਤੇ 300 ਅੱਤਵਾਦੀ ਜੰਮੂ-ਕਸ਼ਮੀਰ ’ਚ ਘੁਸਪੈਠ ਦੀ ਫਿਰਾਕ ’ਚ ਸਰਹੱਦ ਪਾਰ ਲਾਂਚਪੈਡ ’ਤੇ ਮੌਜੂਦ ਹਨ। ਇਸ ਪਿਛੋਕੜ ’ਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਅਤੇ ਚੌਕਸੀ ਵਧਾਉਣ ਦੀ ਲੋੜ ਵਧ ਗਈ ਹੈ ਕਿਉਂਕਿ ਹੁਣ ਪਾਕਿਸਤਾਨ ਨੇ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਭਾਰਤੀ ਖੇਤਰ ’ਚ ਨਸ਼ਿਆਂ ਦੇ ਨਾਲ-ਨਾਲ ਹਥਿਆਰ ਸੁੱਟਣਾ ਵੀ ਸ਼ੁਰੂ ਕਰ ਦਿੱਤਾ ਹੈ।
ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪਾਕਿਸਤਾਨ ਆਪਣੇ ਪਾਲੇ ਹੋਏ ਅੱਤਵਾਦੀਆਂ ਨੂੰ ਭਾਰਤ ਵਿਰੋਧੀ ਸਰਗਰਮੀਆਂ ਲਈ ਪਨਾਹ ਅਤੇ ਸਹਾਇਤਾ ਦੇਣਾ ਬੰਦ ਨਹੀਂ ਕਰੇਗਾ, ਉਦੋਂ ਤੱਕ ਦੋਵਾਂ ਦੇਸ਼ਾਂ ਦੇ ਰਿਸ਼ਤੇ ਆਮ ਹੋਣ ਦੀ ਆਸ ਕਰਨਾ ਵਿਅਰਥ ਹੀ ਹੋਵੇਗਾ।
- ਵਿਜੇ ਕੁਮਾਰ
ਪੰਜਾਬ ਦੀਆਂ ਜੇਲਾਂ ’ਚ ਫੁਲਬਾਡੀ ਸਕੈਨਰ ਲਾਉਣ ਦਾ ਦੇਰ ਨਾਲ ਲਿਆ ਗਿਆ ਸਹੀ ਫੈਸਲਾ
NEXT STORY