ਭਾਰਤ ਅਤੇ ਪਾਕਿਸਤਾਨ ਦਰਮਿਆਨ ਹਮੇਸ਼ਾ ਸਾਕਾਰਾਤਮਕ ਸੰਬੰਧਾਂ ਦੇ ਹਾਮੀ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ‘ਨਵਾਜ਼ ਸ਼ਰੀਫ’, ਜੋ ਮੌਜੂਦਾ ਪ੍ਰਧਾਨ ਮੰਤਰੀ ‘ਸ਼ਹਿਬਾਜ਼ ਸ਼ਰੀਫ’ ਦੇ ਵੱਡੇ ਭਰਾ ਹਨ, ਨੇ 17 ਅਕਤੂਬਰ, 2024 ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਸੁਹਿਰਦਤਾ ਭਰੇ ਸੰਬੰਧ ਬਹਾਲ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਸੀ ਕਿ :
‘‘ਮੈਂ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਪਰ ਯਤਨਾਂ ਨੂੰ ਵਾਰ-ਵਾਰ ਤਾਰਪੀਡੋ ਕੀਤਾ ਗਿਆ। ਅਸੀਂ ਗੁਆਂਢੀ ਹਾਂ। ਅਸੀਂ ਆਪਣੇ ਗੁਆਂਢੀਆਂ ਨੂੰ ਨਹੀਂ ਬਦਲ ਸਕਦੇ...ਸਾਨੂੰ ਬੀਤੇ ਦਾ ਰੋਣਾ ਛੱਡ ਕੇ ਭਵਿੱਖ ਵੱਲ ਦੇਖਣਾ ਚਾਹੀਦਾ ਹੈ। ਦੋਵਾਂ ਧਿਰਾਂ ਦੇ ਗਿਲੇ-ਸ਼ਿਕਵੇ ਹਨ। ਸਾਨੂੰ ਆਪਸ ’ਚ ਬੈਠ ਕੇ ਹਰ ਗੱਲ ’ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।’’
ਪਰ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ‘ਸ਼ਹਿਬਾਜ਼ ਸ਼ਰੀਫ’ ਦਾ ਭਾਰਤ ਪ੍ਰਤੀ ਨਜ਼ਰੀਆ ਆਪਣੇ ਵੱਡੇ ਭਰਾ ‘ਨਵਾਜ਼ ਸ਼ਰੀਫ’ ਤੋਂ ਵੱਖਰਾ ਹੀ ਲੱਗਦਾ ਹੈ। ਇਹ ਸਮੇਂ-ਸਮੇਂ ’ਤੇ ਦਿੱਤੇ ਉਨ੍ਹਾਂ ਦੇ ਭਾਸ਼ਣਾਂ ਤੋਂ ਸਪੱਸ਼ਟ ਹੈ ਅਤੇ ਅਕਸਰ ਭਾਵਨਾਵਾਂ ’ਚ ਵਹਿ ਕੇ ਕੀਤੀਆਂ ਗੱਲਾਂ ਨਾਲ ਉਹ ਜਗ-ਹਸਾਈ ਦੇ ਪਾਤਰ ਬਣ ਜਾਂਦੇ ਹਨ। ਮਿਸਾਲ ਵਜੋਂ :
* 5 ਫਰਵਰੀ, 2025 ਨੂੰ ‘ਪਾਕਿ ਕਬਜ਼ੇ ਵਾਲੇ ਕਸ਼ਮੀਰ’ ਦੇ ‘ਮੁਜ਼ੱਫਰਾਬਾਦ’ ’ਚ ‘ਸ਼ਹਿਬਾਜ਼ ਸ਼ਰੀਫ’ ਨੇ ਭਾਰਤ ਸਰਕਾਰ ਵਲੋਂ 5 ਅਗਸਤ, 2019 ਨੂੰ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਰੱਦ ਕਰਨ ਨੂੰ ਲੈ ਕੇ ਕਿਹਾ, ‘‘ਭਾਰਤ ਨੂੰ 5 ਅਗਸਤ, 2019 ਦੀ ਸੋਚ ਤੋਂ ਬਾਹਰ ਆ ਕੇ ਸੰਯੁਕਤ ਰਾਸ਼ਟਰ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨਾ ਅਤੇ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਭਾਰਤ ਹਥਿਆਰ ਜਮ੍ਹਾ ਕਰ ਰਿਹਾ ਹੈ ਪਰ ਇਨ੍ਹਾਂ ਨਾਲ ਨਾ ਤਾਂ ਸ਼ਾਂਤੀ ਆਵੇਗੀ ਅਤੇ ਨਾ ਹੀ ਇਹ ਕਸ਼ਮੀਰ ਦੇ ਲੋਕਾਂ ਦੀ ਕਿਸਮਤ ਬਦਲਣ ’ਚ ਮਦਦ ਕਰੇਗਾ।’’
* 9 ਫਰਵਰੀ ਨੂੰ ‘ਸ਼ਹਿਬਾਜ਼ ਸ਼ਰੀਫ’ ਨੇ ਦੁਬਈ ’ਚ ਭਾਰਤ ਅਤੇ ਪਾਕਿਸਤਾਨ ਦਰਮਿਆਨ 23 ਫਰਵਰੀ, 2025 ਨੂੰ ਖੇਡੇ ਜਾਣ ਵਾਲੇ ‘ਚੈਂਪੀਅਨਜ਼ ਟਰਾਫੀ’ ਮੈਚ ਬਾਰੇ ਕਿਹਾ ਸੀ ਕਿ, ‘‘ਪਾਕਿਸਤਾਨ ਟੀਮ ਦਾ ਟੀਚਾ ‘ਚੈਂਪੀਅਨਜ਼ ਟਰਾਫੀ’ ਜਿੱਤਣ ਤੋਂ ਵੱਧ ਭਾਰਤ ਨੂੰ ਹਰਾਉਣਾ ਹੈ। ਇਸ ਮੁਕਾਬਲੇ ਲਈ ਪੂਰਾ ਪਾਕਿਸਤਾਨ ‘ਮੋ. ਰਿਜ਼ਵਾਨ’ ਦੀ ਟੀਮ ਨਾਲ ਖੜ੍ਹਾ ਰਹੇਗਾ।’’
* ਅਤੇ ਹੁਣ 22 ਫਰਵਰੀ ਨੂੰ ‘ਸ਼ਹਿਬਾਜ਼ ਸ਼ਰੀਫ’ ਨੇ ਇੰਨਾ ਵੱਡਾ ਬਿਆਨ ਦੇ ਦਿੱਤਾ ਹੈ ਕਿ ਉਨ੍ਹਾਂ ਦੇ ਨਾਂ ’ਤੇ ਹੀ ਖਤਰਾ ਮੰਡਰਾਉਣ ਲੱਗਾ ਹੈ। ‘ਡੇਰਾ ਗਾਜ਼ੀ ਖਾਨ਼’ ’ਚ ਆਯੋਜਿਤ ਇਕ ਜਨ ਸਭਾ ’ਚ ਬੋਲਦਿਆਂ ਉਨ੍ਹਾਂ ਨੇ ਹਵਾ ’ਚ ਮੁੱਕਾ ਲਹਿਰਾਉਂਦਿਆਂ ਦਾਅਵਾ ਕੀਤਾ ਕਿ :
‘‘ਮੈਂ ਆਪਣੇ ਵੱਡੇ ਭਰਾ ਅਤੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ‘ਨਵਾਜ਼ ਸ਼ਰੀਫ’ ਦਾ ਹਮਾਇਤੀ ਅਤੇ ਉਨ੍ਹਾਂ ਦਾ ਪੈਰੋਕਾਰ ਹਾਂ। ਮੈਂ ਉਨ੍ਹਾਂ ਦੀ ਸਹੁੰ ਖਾਂਦਾ ਹਾਂ ਕਿ ਜੇ ਵਿਕਾਸ ਅਤੇ ਦੇਸ਼ ਦੀ ਅਰਥਵਿਵਸਥਾ ’ਚ ਸਾਡੀਆਂ ਕੋਸ਼ਿਸ਼ਾਂ ਦੀ ਬਦੌਲਤ ਪਾਕਿਸਤਾਨ ਨੇ ਭਾਰਤ ਨੂੰ ਪਿੱਛੇ ਨਾ ਛੱਡ ਦਿੱਤਾ ਤਾਂ ਮੇਰਾ ਨਾਂ ‘ਸ਼ਹਿਬਾਜ਼ ਸ਼ਰੀਫ’ ਨਹੀਂ। ਅਸੀਂ ਇਕਜੁੱਟ ਹੋ ਕੇ ਕੰਮ ਕਰਾਂਗੇ ਤਾਂ ਕਿ ਪਾਕਿਸਤਾਨ ਮਹਾਨ ਬਣੇ ਅਤੇ ਭਾਰਤ ਨੂੰ ਹਰਾ ਦੇਵੇ। ਮੇਰੀ ਸਰਕਾਰ ਨੇ ਮਹਿੰਗਾਈ ਨੂੰ 40 ਫੀਸਦੀ ਤੋਂ ਘਟਾ ਕੇ 2 ਫੀਸਦੀ ਕਰ ਦਿੱਤਾ।’’
ਇਹ ਕਹਿਣ ਦੀ ਲੋੜ ਨਹੀਂ ਕਿ ‘ਸ਼ਹਿਬਾਜ਼ ਸ਼ਰੀਫ’ ਦੇ ਉਕਤ ਸਾਰੇ ਬਿਆਨ ਸੱਚਾਈ ਤੋਂ ਕੋਹਾਂ ਦੂਰ ਹਨ। ਇਸ ਲਈ ਉਨ੍ਹਾਂ ਦੇ ਨਵੀਨਤਮ ਭਾਸ਼ਣ ਦੇ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਪਾਕਿਸਤਾਨ ਦੇ ਲੋਕ ਉਨ੍ਹਾਂ ਦਾ ਖੂਬ ਮਜ਼ਾਕ ਉਡਾਉਣ ਲੱਗੇ ਹਨ :
* ਐਕਸ (ਸੋਸ਼ਲ ਮੀਡੀਆ) ’ਤੇ ਇਕ ਯੂਜ਼ਰ ਨੇ ਲਿਖਿਆ, ‘‘ਕੀ ਅੱਜ ਦਵਾਈ ਨਹੀਂ ਖਾਧੀ? ਆਪਣਾ ‘ਦਿਮਾਗੀ ਤਵਾਜ਼ਨ’ (ਮਾਨਸਿਕ ਸੰਤੁਲਨ) ਗੁਆ ਦਿੱਤਾ ਹੈ?’’
* ਦੂਜੇ ਨੇ ਲਿਖਿਆ, ‘‘ਚੈਂਪੀਅਨਜ਼ ਟਰਾਫੀ ਨੂੰ ਛੱਡੋ, ਸ਼ਹਿਬਾਜ਼ ਸ਼ਰੀਫ ਨੂੰ ‘ਜੋਕਰਾਂ ਦੇ ਓਲੰਪਿਕਸ’ ਦੀ ਮੇਜ਼ਬਾਨੀ ਕਰਨੀ ਚਾਹੀਦੀ ਹੈ। ਇਹ ਤੁਰੰਤ ਹਿੱਟ ਹੋ ਜਾਵੇਗਾ।’’
* ਇਕ ਹੋਰ ਯੂਜ਼ਰ ਨੇ ਲਿਖਿਆ, ‘‘ਸਾਨੂੰ ਇਨ੍ਹਾਂ ਲਈ ਨਵਾਂ ਨਾਂ ਲੱਭਣਾ ਪਵੇਗਾ।’’
ਦੂਜੇ ਦੇਸ਼ਾਂ ਦੇ ਆਗੂਆਂ ਨਾਲ ਗੱਲਬਾਤ ’ਚ ਵੀ ਸ਼ਹਿਬਾਜ਼ ਸ਼ਰੀਫ ਬੇਲੋੜੇ ਮੁੱਦੇ ਉਠਾ ਕੇ ਆਲੋਚਨਾ ਦਾ ਪਾਤਰ ਬਣਦੇ ਰਹੇ ਹਨ। ਬੀਤੇ ਸਾਲ ਨਵੰਬਰ ’ਚ ਜਦੋਂ ‘ਬੇਲਾਰੂਸ’ ਦੇ ਰਾਸ਼ਟਰਪਤੀ ‘ਅਲੈਗਜ਼ੈਂਡਰ ਲੁਕਾਸ਼ੈਂਕੋ’ ਦੀ ਪਾਕਿਸਤਾਨ ਯਾਤਰਾ ਦੌਰਾਨ ਸ਼ਹਿਬਾਜ਼ ਸ਼ਰੀਫ ਨੇ ਕਸ਼ਮੀਰ ਦਾ ਰਾਗ ਅਲਾਪਣਾ ਚਾਹਿਆ ਤਾਂ ‘ਅਲੈਗਜ਼ੈਂਡਰ ਲੁਕਾਸ਼ੈਂਕੋ’ ਨੇ ਉਨ੍ਹਾਂ ਨੂੰ ਚੁੱਪ ਕਰਵਾਉਂਦੇ ਹੋਏ ਫੌਰਨ ਕਹਿ ਦਿੱਤਾ, ‘‘ਕਸ਼ਮੀਰ ਦੀ ਗੱਲ ਛੱਡੋ, ਕੰਮ ਦੀ ਗੱਲ ਕਰੋ।’’
ਇਸ ਤਰ੍ਹਾਂ ਦੀਆਂ ਗੱਲਾਂ ਨਾਲ ‘ਸ਼ਹਿਬਾਜ਼ ਸ਼ਰੀਫ’ ਆਪਣੇ ਦੇਸ਼ ਵਾਸੀਆਂ ਨੂੰ ਖੁਸ਼ ਨਹੀਂ ਕਰ ਸਕਦੇ। ਅੱਜ ਪਾਕਿਸਤਾਨ ਦੀ ਹਕੀਕਤ ਸਭ ਦੇ ਸਾਹਮਣੇ ਹੈ। ਪੂਰਾ ਦੇਸ਼ ਲੱਕ-ਤੋੜ ਮਹਿੰਗਾਈ, ਆਰਥਿਕ ਸੰਕਟ ਅਤੇ ਲਾ-ਕਾਨੂੰਨੀ ਦੀ ਲਪੇਟ ’ਚ ਹੈ।
ਇਸ ਲਈ ਭਾਰਤ ਨਾਲ ਸਾਕਾਰਾਤਮਕ ਸੰਬੰਧ ਬਹਾਲ ਕਰਨ ਦੀਆਂ ਜੋ ਗੱਲਾਂ ‘ਵੱਡੇ ਭਰਾ’ ‘ਨਵਾਜ਼ ਸ਼ਰੀਫ’ ਨੇ ਮੀਡੀਆ ’ਚ ਕਹੀਆਂ ਹਨ, ਉਹੀ ਗੱਲਾਂ ਉਨ੍ਹਾਂ ਨੂੰ ਆਪਣੇ ‘ਛੋਟੇ ਭਰਾ’ (ਸ਼ਹਿਬਾਜ਼ ਸ਼ਰੀਫ) ਨੂੰ ਸਮਝਾਉਣ ਦੀ ਲੋੜ ਹੈ ਕਿਉਂਕਿ ਅਜੇ ਵੀ ਪਾਕਿਸਤਾਨ ਵਲੋਂ ਭਾਰਤ ’ਚ ਹਿੰਸਾ ਲਈ ਤਬਾਹੀ ਦਾ ਸਾਮਾਨ ਅਤੇ ਅੱਤਵਾਦੀਆਂ ਨੂੰ ਭੇਜਣਾ ਜਾਰੀ ਹੈ।
–ਵਿਜੇ ਕੁਮਾਰ
ਹਿੰਸਾ ਅਤੇ ਵਧਦੇ ਵੀਡੀਓਜ਼
NEXT STORY