ਕੁਝ ਸਮੇਂ ਤੋਂ ਦੇਸ਼ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਰਹੀ ਹੈ। ਇਕ ਪਾਸੇ ਆਮ ਲੋਕਾਂ ਵਿਰੁੱਧ ਹੱਤਿਆ, ਲੁੱਟ-ਖੋਹ, ਜਬਰ-ਜ਼ਨਾਹ ਵਰਗੇ ਜੁਰਮ ਜ਼ੋਰਾਂ ’ਤੇ ਹਨ ਤਾਂ ਦੂਜੇ ਪਾਸੇ ਪੁਲਸ ਵਾਲੇ ਵੀ ਅਪਰਾਧੀ ਤੱਤਾਂ ਤੋਂ ਸੁਰੱਖਿਅਤ ਨਹੀਂ ਰਹੇ, ਜਿਸ ਦੇ ਨਤੀਜੇ ਵਜੋਂ ਆਏ ਦਿਨ ਪੁਲਸ ਕੰਪਲੈਕਸਾਂ ਤਕ ਵਿਚ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ, ਜਿਸ ਦੀਆਂ ਪਿਛਲੇ 6 ਮਹੀਨਿਆਂ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 9 ਸਤੰਬਰ, 2024 ਨੂੰ ‘ਫਤਹਿਪੁਰ’ (ਉੱਤਰ ਪ੍ਰਦੇਸ਼) ’ਚ ਸਵੇਰ ਦੇ ਸਮੇਂ ਪੁਲਸ ਬਲ ਨਾਲ ਗਸ਼ਤ ਕਰ ਕੇ ਪਰਤੇ ਥਾਣੇਦਾਰ ਥਾਣੇ ਅੰਦਰ ਗੱਡੀ ਖੜ੍ਹੀ ਕਰਕੇ ਬੈਰਕ ’ਚ ਆਰਾਮ ਕਰਨ ਚਲੇ ਗਏ। ਗੱਡੀ ਦੀ ਚਾਬੀ ਗੱਡੀ ਵਿਚ ਹੀ ਰਹਿ ਗਈ ਸੀ। ਉਸ ਵੇਲੇ ਹੀ ਇਕ ਕੇਸ ਦੇ ਮਾਮਲੇ ਵਿਚ ਪਹਿਲਾਂ ਤੋਂ ਬੈਠਾ ‘ਕਨ੍ਹੱਈਆ ਭਾਸਕਰ’ ਨਾਂ ਦਾ ਦੋਸ਼ੀ ਗੱਡੀ ਸਟਾਰਟ ਕਰ ਕੇ ਲੈ ਭੱਜਾ।
ਪਹਿਰੇਦਾਰ ਦੇ ਰੌਲਾ ਪਾਉਣ ’ਤੇ ਪੁਲਸ ਨੇ ਬਾਹਰ ਆ ਕੇ ਗੱਡੀ ਦਾ ਮੋਟਰਸਾਈਕਲ ’ਤੇ ਪਿੱਛਾ ਕੀਤਾ ਅਤੇ 2 ਘੰਟੇ ਪਿੱਛੋਂ ਜਦੋਂ ਗੱਡੀ ਦਾ ਡੀਜ਼ਲ ਖਤਮ ਹੋ ਜਾਣ ਕਾਰਨ ਇਕ ਪੁਲ ’ਤੇ ਖੜ੍ਹੀ ਹੋ ਗਈ ਤਦ ਪਿੱਛਾ ਕਰ ਰਹੇ ਪੁਲਸ ਮੁਲਾਜ਼ਮਾਂ ਨੇ ਦੋਸ਼ੀ ਨੂੰ ਫੜ ਕੇ ਗੱਡੀ ਆਪਣੇ ਕਬਜ਼ੇ ਵਿਚ ਲੈ ਲਈ।
* 10 ਅਕਤੂਬਰ, 2024 ਨੂੰ ਰੋਹਤਾਸ (ਬਿਹਾਰ) ਜ਼ਿਲੇ ਵਿਚ ‘ਤਿਲੌਥੂ’ ਥਾਣਾ ਕੰਪਲੈਕਸ ਦੇ ਮਾਲਖਾਨੇ ਦੀ ਖਿੜਕੀ ਤੋੜ ਕੇ ਚੋਰ ਉਥੇ ਜਮ੍ਹਾ ਜ਼ਬਤਸ਼ੁਦਾ ਸਾਮਾਨ ਚੋਰੀ ਕਰ ਕੇ ਲੈ ਗਏ, ਜਦੋਂ ਕਿ ਥਾਣੇ ਦੇ ਇੰਚਾਰਜ ਤੋਂ ਲੈ ਕੇ ਉਥੇ ਤਾਇਨਾਤ ਪੁਲਸ ਮੁਲਾਜ਼ਮ ਆਰਾਮ ਫਰਮਾਉਂਦੇ ਰਹੇ।
ਥਾਣੇ ਵਿਚ ਚੋਰੀ ਦੀ ਘਟਨਾ ਦਾ ਖੁਲਾਸਾ ਚਾਰ ਦਿਨ ਬਾਅਦ ਥਾਣੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਤੋਂ ਹੋਇਆ। ਫੁਟੇਜ ਤੋਂ ਪਤਾ ਲੱਗਾ ਕਿ 29 ਸਤੰਬਰ ਤੋਂ 2 ਅਕਤੂਬਰ ਤਕ ਲਗਾਤਾਰ ਚਾਰ ਦਿਨ 13 ਤੋਂ 15 ਸਾਲ ਦੀ ਉਮਰ ਦੇ 4 ਨਾਬਾਲਗ ਚੋਰ ਮਾਲਖਾਨੇ ਵਿਚੋਂ ਸਾਮਾਨ ਚੋਰੀ ਕਰਦੇ ਰਹੇ ਅਤੇ ਉਥੇ ਰੱਖੀਆਂ ਅੰਗ੍ਰੇਜ਼ੀ ਸ਼ਰਾਬ ਦੀਆਂ ਬੋਤਲਾਂ ਵੀ ਲੈ ਗਏ।
* 2 ਦਸੰਬਰ, 2024 ਨੂੰ ‘ਨੂਹ’ (ਹਰਿਆਣਾ) ਦੇ ਸਦਰ ਥਾਣੇ ਵਿਚ ਦਾਖਲ ਹੋ ਕੇ ਚੋਰਾਂ ਨੇ ਉਥੇ ਖੜ੍ਹੇ ਪੁਲਸ ਵੱਲੋਂ ਜ਼ਬਤ ਕੀਤੇ ਗਏ ਵਾਹਨਾਂ ਦੇ ਪੁਰਜ਼ੇ ਚੋਰੀ ਕਰ ਲਏ। ਇਸ ਸਿਲਸਿਲੇ ਵਿਚ ਪੁਲਸ ਨੇ ਦੋਸ਼ੀ ਚਾਚੇ-ਭਤੀਜੇ ਨੂੰ ਗ੍ਰਿਫ਼ਤਾਰ ਕੀਤਾ।
* 5 ਫਰਵਰੀ, 2025 ਨੂੰ ਬਿਹਾਰ ਦੀ ਰਾਜਧਾਨੀ ‘ਪਟਨਾ’ ਦੇ ‘ਕੰਕੜਬਾਗ’ ਥਾਣੇ ਵਿਚ ਚੋਰੀ ਦੀ ਇਕ ਅਜੀਬ ਘਟਨਾ ਹੋਈ। ਪੁਲਸ ਨੇ ਸ਼ਰਾਬ ਸਮੱਗਲਿੰਗ ਦੇ ਮਾਮਲੇ ਵਿਚ ਝਾਰਖੰਡ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਸ਼ਰਾਬ ਨਾਲ ਭਰੀ ਇਕ ਲਗਜ਼ਰੀ ਗੱਡੀ ਜ਼ਬਤ ਕੀਤੀ ਸੀ ਜਿਸ ਨੂੰ ਰਾਤ ਦੇ ਸਮੇਂ ਥਾਣਾ ਕੰਪਲੈਕਸ ਵਿਚ ਦਾਖਲ ਹੋ ਕੇ ਸ਼ਰਾਬ ਸਮੱਗਲਰ ਹੀ ਚੋਰੀ ਕਰ ਕੇ ਲੈ ਗਿਆ।
* 22 ਫਰਵਰੀ, 2025 ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ਦੇ ‘ਗੋਵਿੰਦ ਨਗਰ’ ਪੁਲਸ ਥਾਣੇ ਦੇ ਮਾਲਖਾਨੇ ਵਿਚ ਰੱਖੀ ਲੱਗਭਗ 40 ਲੱਖ ਰੁਪਏ ਕੀਮਤ ਦੀ ਨਕਦੀ, ਗਹਿਣੇ ਅਤੇ ਹੋਰ ਸਾਮਾਨ ਗੁੰਮ ਹੋਣ ਸਬੰਧੀ ਥਾਣਾ ਇੰਚਾਰਜ ਨੇ ਮਾਲਖਾਨੇ ਦੇ ਇੰਚਾਰਜ ਹੈੱਡ ਮੁਹੱਰਰ ਦਿਨੇਸ਼ ਜੈਨ ਵਿਰੁੱਧ ਮੁਕੱਦਮਾ ਦਰਜ ਕੀਤਾ। ਇਹ ਸਾਰਾ ਸਾਮਾਨ ਇਸ ਥਾਣੇ ਵਿਚ ਦਰਜ 12 ਮੁਕੱਦਮਿਆਂ ਨਾਲ ਸਬੰਧਤ ਸੀ।
ਉਕਤ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਪੁਲਸ ਵੱਲੋਂ ਜ਼ਬਤ ਕੀਤਾ ਗਿਆ ਸੋਨਾ ਗਾਇਬ ਕਰਨ ਦੇ ਦੋਸ਼ ਵਿਚ ਰੇਲ ਬਾਜ਼ਾਰ ਪੁਲਸ ਥਾਣੇ ਦੇ ਇੰਸਪੈਕਟਰ ਨੂੰ ਮੁਅੱਤਲ ਕੀਤਾ ਗਿਆ ਸੀ।
* 23 ਫਰਵਰੀ, 2025 ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ਦੇ ‘ਬਰਰਾ’ ਪੁਲਸ ਥਾਣੇ ਵਿਚ ਖੜ੍ਹੇ ਕੀਤੇ ਗਏ ਬੁਲੇਟ ਮੋਟਰਸਾਈਕਲ ’ਤੇ ਚੋਰਾਂ ਨੇ ਹੱਥ ਸਾਫ ਕਰ ਦਿੱਤਾ। ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮਾਲਖਾਨਾ ਮੁਹੱਰਰ ‘ਜਿਤੇਂਦਰ ਠਾਕਰੇ’ ਨੇ ਥਾਣੇ ਵਿਚ ਖੜ੍ਹੇ ਮੁਕੱਦਮਿਆਂ ਨਾਲ ਸਬੰਧਤ ਵਾਹਨਾਂ ਨੂੰ ਮੇਲਣਾ ਸ਼ੁਰੂ ਕੀਤਾ ਜਿਸ ਵਿਚ ਬੁਲੇਟ ਮੋਟਰਸਾਈਕਲ ਦੇ ਗਾਇਬ ਹੋਣ ਦਾ ਪਤਾ ਲੱਗਾ।
ਉਕਤ ਮਿਸਾਲਾਂ ਨਾਲ ਜਿਥੇ ਪੁਲਸ ਦੀ ਕਾਰਜਸ਼ੈਲੀ ’ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ, ਉਥੇ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਪੁਲਸ ਵਿਭਾਗ ਆਪਣੇ ਹੀ ਦਫਤਰਾਂ ਅਤੇ ਰਿਹਾਇਸ਼ੀ ਕੰਪਲੈਕਸਾਂ ਦੀ ਸੁਰੱਖਿਆ ਨਹੀਂ ਕਰ ਸਕਦਾ ਤਾਂ ਫਿਰ ਉਸ ਕੋਲੋਂ ਆਮ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਦੀ ਕਿਵੇਂ ਆਸ ਕੀਤੀ ਜਾ ਸਕਦੀ ਹੈ।
-ਵਿਜੇ ਕੁਮਾਰ
ਦੇਸ਼ ਦੇ ਸਿਰਫ਼ 10 ਜ਼ਿਲੇ ਕਿਉਂ? ਪੰਜਾਬ ਤੋਂ ਵੀ ਬਰਾਮਦ ਦੀ ਬੇਹੱਦ ਸਮਰੱਥਾ
NEXT STORY