3 ਮਈ, 2023 ਨੂੰ ਉੱਤਰ-ਪੂਰਬੀ ਸੂਬੇ ਮਣੀਪੁਰ ‘ਚ ਮੈਤੇਈ ਭਾਈਚਾਰੇ ਨੂੰ ਐੱਸ.ਟੀ. ਦਾ ਦਰਜਾ ਦਿੱਤੇ ਜਾਣ ਦੇ ਹਾਈਕੋਰਟ ਦੇ ਹੁਕਮ ਵਿਰੁੱਧ ਕੁਕੀ ਭਾਈਚਾਰੇ ਵਲੋਂ ਹਮਾਇਤ ਪ੍ਰਾਪਤ ‘ਆਦਿਵਾਸੀ ਛਾਤਰ ਸੰਘ’ ਵਲੋਂ ਕੱਢੇ ਗਏ ‘ਇਕਜੁੱਟਤਾ ਮਾਰਚ’ ਪਿੱਛੋਂ ਸੂਬੇ ‘ਚ ਭੜਕੀ ਹਿੰਸਾ ਅਜੇ ਤੱਕ ਜਾਰੀ ਹੈ।
ਇਸ ‘ਚ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਮੌਤ ਅਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ। ਇਸ ਹਿੰਸਾ ਦੌਰਾਨ ਸਮਾਜ ਵਿਰੋਧੀ ਤੱਤਾਂ ਨੇ ਪੁਲਿਸ ਦੇ ਅਸਲਾਖਾਨਿਆਂ ‘ਚੋਂ ਗੋਲਾ-ਬਾਰੂਦ ਅਤੇ ਹਜ਼ਾਰਾਂ ਦੀ ਗਿਣਤੀ ‘ਚ ਹਥਿਆਰ ਵੀ ਲੁੱਟੇ ਹਨ।
ਇਸ ਦੌਰਾਨ 20 ਜੁਲਾਈ, 2023 ਨੂੰ 2 ਔਰਤਾਂ ਨੂੰ ਨਗਨ ਅਵਸਥਾ ‘ਚ ਘੁਮਾਉਣ ਅਤੇ 22 ਜੁਲਾਈ, 2023 ਨੂੰ ਇੱਕ ਆਜ਼ਾਦੀ ਘੁਲਾਟੀਏ ਦੀ 80 ਸਾਲਾ ਵਿਧਵਾ ਨੂੰ ਉਸ ਦੇ ਘਰ ‘ਚ ਸਾੜ ਦਿੱਤੇ ਜਾਣ ਪਿੱਛੋਂ ਸੂਬੇ ਦੀ ਸਥਿਤੀ ਹੋਰ ਖਰਾਬ ਹੋ ਗਈ ਹੈ।
18 ਅਕਤੂਬਰ, 2024 ਨੂੰ ਭਾਜਪਾ ਦੇ 19 ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਮੁੱਖ ਮੰਤਰੀ ‘ਐਨ. ਬੀਰੇਨ ਸਿੰਘ’ ਨੂੰ ਹਟਾਉਣ ਦੀ ਮੰਗ ਕੀਤੀ ਅਤੇ 7 ਨਵੰਬਰ, 2024 ਨੂੰ ਹਥਿਆਰਬੰਦ ਮੈਤੇਈ ਲੋਕਾਂ ਵਲੋਂ ‘ਹਮਾਰ-ਸਮੁਦਾਇ’ ਦੀ 31 ਸਾਲਾ ਅਧਿਆਪਕਾ ਨਾਲ ਜਬਰ-ਜ਼ਨਾਹ ਅਤੇ ਉਸ ਨੂੰ ਜਿਉਂਦੇ ਸਾੜ ਦੇਣ ‘ਤੇ ਤਣਾਅ ਹੋਰ ਵਧ ਗਿਆ।
3 ਫਰਵਰੀ, 2025 ਨੂੰ ਮਣੀਪੁਰ ਦੇ ਪੰਚਾਇਤੀ ਰਾਜ ਮੰਤਰੀ ‘ਯੁਮਨਾਮ ਖੇਮਚੰਦ ਸਿੰਘ’ ਨੇ ਨਵੀਂ ਦਿੱਲੀ ਜਾ ਕੇ ਭਾਜਪਾ ਲੀਡਰਸ਼ਿਪ ਨੂੰ ਚਿਤਾਵਨੀ ਦਿੱਤੀ ਕਿ ਮੁੱਖ ਮੰਤਰੀ ‘ਐਨ. ਬੀਰੇਨ ਸਿੰਘ’ ਨੂੰ ਨਾ ਬਦਲਣ ‘ਤੇ ਸਰਕਾਰ ਡਿੱਗਣ ਦੀ ਸੰਭਾਵਨਾ ਹੈ। ਇਸ ਪਿੱਛੋਂ ਮੁੱਖ ਮੰਤਰੀ ‘ਐਨ. ਬੀਰੇਨ ਸਿੰਘ’ ਵਲੋਂ 9 ਫਰਵਰੀ, 2025 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਪਿੱਛੋਂ 13 ਫਰਵਰੀ ਨੂੰ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾ ਦਿੱਤਾ ਗਿਆ।
ਇਸ ਦੇ ਨਾਲ ਹੀ ਰਾਜਪਾਲ ਅਜੇ ਭੱਲਾ ਨੇ ਵੱਖ-ਵੱਖ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰ ਕੇ ਸੂਬੇ ਵਿੱਚ ਸ਼ਾਂਤੀ ਅਤੇ ਸਥਿਤੀ ਨੂੰ ਆਮ ਬਣਾਉਣ ਲਈ ਮਦਦ ਮੰਗਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ 20 ਫਰਵਰੀ ਨੂੰ ਇਹ ਐਲਾਨ ਵੀ ਕੀਤਾ ਕਿ ਇੱਕ ਹਫਤੇ ਦੇ ਅੰਦਰ ਲੋਕਾਂ ਵਲੋਂ ਪੁਲਿਸ ਥਾਣਿਆਂ ਵਿੱਚੋਂ ਲੁੱਟੇ ਗਏ ਹਥਿਆਰ ਵਾਪਸ ਕਰ ਦੇਣ ‘ਤੇ ਉਨ੍ਹਾਂ ਵਿਰੁੱਧ ਕੋਈ ਸਜ਼ਾ ਵਾਲੀ ਕਾਰਵਾਈ ਨਹੀਂ ਕੀਤੀ ਜਾਵੇਗੀ।
ਇਸ ਭਰੋਸੇ ਪਿੱਛੋਂ ਲੋਕਾਂ ਨੇ ਲੁੱਟੇ ਹੋਏ ਹਥਿਆਰ ਵਾਪਸ ਪੁਲਿਸ ਥਾਣਿਆਂ ਵਿੱਚ ਦੇਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਵਿੱਚ ਏ.ਕੇ. 47, ਐੱਸ.ਐੱਲ.ਆਰ. ਰਾਈਫਲਾਂ, .303 ਰਾਈਫਲਾਂ, ਸਿੰਗਲ ਬੋਰ ਰਾਈਫਲਾਂ, ਇੰਪ੍ਰੋਵਾਈਜ਼ਡ ਮੋਰਟਾਰ ਬੰਬ, ਗ੍ਰੇਨੇਡ ਅਤੇ ਹੋਰ ਧਮਾਕਾਖੇਜ਼ ਸਮੱਗਰੀ ਆਦਿ ਸ਼ਾਮਲ ਹੈ। ਲੋਕਾਂ ਵਲੋਂ ਸਵੈ-ਇੱਛਾ ਨਾਲ ਹਥਿਆਰ ਵਾਪਸ ਕਰਨ ਦੇ ਰੁਝਾਨ ਨੂੰ ਦੇਖਦੇ ਹੋਏ ਰਾਜਪਾਲ ਨੇ ਹਥਿਆਰ ਵਾਪਸ ਕਰਨ ਦੀ ਆਖਰੀ ਮਿਤੀ ਨੂੰ ਵਧਾ ਕੇ 6 ਮਾਰਚ ਸ਼ਾਮ 4 ਵਜੇ ਤਕ ਕਰ ਦਿੱਤਾ ਹੈ।
ਹਾਲ ਦੀ ਘੜੀ, ਜਦੋਂ ਵੀ ਸੂਬੇ ਵਿੱਚ ਸ਼ਾਂਤੀ ਦੀ ਵਾਪਸੀ ਦੀ ਆਸ ਬੱਝਣ ਲੱਗਦੀ ਹੈ ਤਾਂ ਕਿਤੇ ਨਾ ਕਿਤੇ ਹਿੰਸਾ ਮੁੜ ਕੇ ਭੜਕ ਉੱਠਦੀ ਹੈ। ਹਿੰਸਾ ਦੀ ਤਾਜ਼ਾ ਘਟਨਾ 28 ਫਰਵਰੀ, 2025 ਨੂੰ ਹੋਈ ਜਦੋਂ ਕੁਕੀ ਅੱਤਵਾਦੀਆਂ ਨੇ ਇੰਫਾਲ ਈਸਟ ਜ਼ਿਲੇ ਵਿੱਚ ‘ਮੈਤੇਈ ਭਾਈਚਾਰੇ’ ਦੇ ਪਵਿੱਤਰ ਧਾਰਮਿਕ ਅਸਥਾਨ ‘ਕੋਂਗਬਾ ਮਾਰੂ ਲਾਈਫਾਮਲੇਨ’ ‘ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ ਅਤੇ ਮੰਦਰ ਨੂੰ ਅੱਗ ਲਾ ਦਿੱਤੀ।
ਮੰਦਰ ਦੇ ਪੁਜਾਰੀ ਅਨੁਸਾਰ ਹਰ ਮਣੀਪੁਰੀ ਮਹੀਨੇ ਦੇ ਪਹਿਲੇ ਦਿਨ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। 28 ਫਰਵਰੀ ਨੂੰ ਵੀ ਜਦੋਂ ਸਵੇਰ ਦੇ ਸਮੇਂ ਭਾਰੀ ਸੁਰੱਖਿਆ ਦੇ ਘੇਰੇ ਵਿੱਚ ਸ਼ਰਧਾਲੂ ਪ੍ਰਾਰਥਨਾ ਕਰਨ ਲਈ ਮੰਦਰ ਵਿੱਚ ਪੁੱਜੇ, ਤਦ ਇਹ ਘਟਨਾ ਹੋਈ।
ਪੁਲਿਸ ਨੇ ਇਸ ਸਿਲਸਿਲੇ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਰਣਨਯੋਗ ਹੈ ਕਿ ਇਸ ਧਾਰਮਿਕ ਅਸਥਾਨ ਦੇ ਨੇੜੇ ਕੁਕੀ ਅੱਤਵਾਦੀਆਂ ਦੇ ਲੱਗਭਗ 40 ਕੈਂਪ ਹਨ। ਇਸ ਗੋਲੀਬਾਰੀ ਤੋਂ ਗੁੱਸੇ ਵਿੱਚ ਆ ਕੇ ਆਸ-ਪਾਸ ਦੇ ਪਿੰਡਾਂ ਦੇ ਲੋਕ ਸੜਕਾਂ ‘ਤੇ ਉਤਰ ਆਏ ਅਤੇ ਉਨ੍ਹਾਂ ਨੇ ਵਾਹਨਾਂ ਦੀ ਆਵਾਜਾਈ ਰੋਕ ਕੇ ਆਪਣਾ ਰੋਸ ਪ੍ਰਗਟ ਕੀਤਾ।
ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 1 ਮਾਰਚ ਨੂੰ ਸੂਬੇ ਦੇ ਹਾਲਾਤ ‘ਤੇ ਸਮੀਖਿਆ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਨੇ ਸੜਕਾਂ ਬਲਾਕ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਕੀਤੀਆਂ ਅਤੇ ਅਧਿਕਾਰੀਆਂ ਨੂੰ 8 ਮਾਰਚ ਤੋਂ ਮਣੀਪੁਰ ਵਿੱਚ ਸਾਰੀਆਂ ਸੜਕਾਂ ‘ਤੇ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਹੈ।
ਇਹ ਹੁਕਮ ਇਸ ਲਈ ਅਹਿਮ ਹੈ ਕਿਉਂਕਿ ਮਈ, 2023 ਵਿੱਚ ‘ਮੈਤੇਈ’ ਅਤੇ ‘ਕੁਕੀ’ ਭਾਈਚਾਰਿਆਂ ਦਰਮਿਆਨ ਜਾਤੀ ਹਿੰਸਾ ਭੜਕਣ ਪਿੱਛੋਂ ਇੰਫਾਲ ਵਾਦੀ ਸਥਿਤ ‘ਮੈਤੇਈ’ ਅਤੇ ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲੇ ‘ਕੁਕੀ’ ਲੋਕਾਂ ਦੇ ਇਲਾਕਿਆਂ ਵਿੱਚ ਯਾਤਰਾ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਸੀ।
ਪਿਛਲੇ 21 ਤੋਂ ਵੱਧ ਮਹੀਨਿਆਂ ਤੋਂ ਮਣੀਪੁਰ ‘ਚ ‘ਕੁਕੀ’ ਅਤੇ ‘ਮੈਤੇਈ’ ਭਾਈਚਾਰਿਆਂ ਦਰਮਿਆਨ ਜਾਰੀ ਹਿੰਸਾ ਵਿੱਚ ਸ਼ਾਂਤੀ ਇੱਕ ਧੋਖਾ ਹੀ ਬਣੀ ਹੋਈ ਹੈ। ਇਸ ਲਈ ਕੇਂਦਰ ਸਰਕਾਰ ਜਿੰਨੀ ਛੇਤੀ ਆਪਸ ਵਿੱਚ ਲੜ ਰਹੀਆਂ ਸਾਰੀਆਂ ਧਿਰਾਂ ਨੂੰ ਇਕੱਠੇ ਬਿਠਾ ਕੇ ਇਹ ਸਮੱਸਿਆ ਸੁਲਝਾ ਲਵੇਗੀ, ਓਨਾ ਹੀ ਚੰਗਾ ਹੋਵੇਗਾ।
ਫੌਜੀ ਨਜ਼ਰੀਏ ਤੋਂ ਅਹਿਮ ਇਸ ਸਰਹੱਦੀ ਸੂਬੇ ਵਿੱਚ ਜਾਰੀ ਹਿੰਸਾ ਕਾਰਨ ਸੂਬੇ ਦੇ ਲੋਕਾਂ ਦੀ ਸੁਰੱਖਿਆ ਅਤੇ ਜਾਇਦਾਦ ਹੀ ਨਹੀਂ, ਸਗੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਵੀ ਦਾਅ ‘ਤੇ ਲੱਗੀ ਹੋਈ ਹੈ।
-ਵਿਜੇ ਕੁਮਾਰ
ਰਾਜਨੀਤੀ ਵਿਚ ਸਵੱਛ ਲੋਕਾਂ ਨਾਲ ਮਜ਼ਬੂਤ ਹੋਵੇਗਾ ਭਾਰਤ ਦਾ ਲੋਕਤੰਤਰ
NEXT STORY