ਕੇਂਦਰ ਅਤੇ ਸੂਬਾ ਸਰਕਾਰਾਂ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਕਿੰਨੇ ਹੀ ਦਾਅਵੇ ਕਿਉਂ ਨਾ ਕਰਨ, ਭ੍ਰਿਸ਼ਟਾਚਾਰ ’ਤੇ ਨਕੇਲ ਕੱਸਣੀ ਔਖੀ ਲੱਗਦੀ ਹੈ। ਇਹ ਬੁਰਾਈ ਇਸ ਕਦਰ ਵਧ ਚੁੱਕੀ ਹੈ ਕਿ ਇਸ ਵਿਚ ਹੇਠਲੇ ਪੱਧਰ ਦੇ ਮੁਲਾਜ਼ਮ ਤੋਂ ਲੈ ਕੇ ਉੱਚੇ ਅਹੁਦਿਆਂ ’ਤੇ ਬੈਠੇ ਅਧਿਕਾਰੀ ਤਕ ਸ਼ਾਮਲ ਪਾਏ ਜਾ ਰਹੇ ਹਨ ਜਿਸ ਦੀਆਂ ਸਿਰਫ ਇਸੇ ਮਹੀਨੇ ਦੇ 20 ਦਿਨਾਂ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 8 ਫਰਵਰੀ ਨੂੰ ਭ੍ਰਿਸ਼ਟਾਚਾਰ ਰੋਕੂ ਵਿਭਾਗ ਦੇ ਅਧਿਕਾਰੀਆਂ ਨੇ ਵਾਰੰਗਲ (ਤੇਲੰਗਾਨਾ) ਜ਼ਿਲੇ ਦੇ ‘ਡਿਪਟੀ ਟਰਾਂਸਪੋਰਟ ਕਮਿਸ਼ਨਰ’ ਪੀ. ਸ਼੍ਰੀਨਿਵਾਸ ਵਿਰੁੱਧ ਆਮਦਨ ਦੇ ਜ਼ਾਹਰਾ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ’ਚ ਮੁਕੱਦਮਾ ਦਰਜ ਕਰ ਕੇ 4.47 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਜਾਇਦਾਦ ਬਰਾਮਦ ਕੀਤੀ।
* 10 ਫਰਵਰੀ ਨੂੰ ਭੋਪਾਲ (ਮੱਧ ਪ੍ਰਦੇਸ਼) ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਿਪਾਹੀ ‘ਸੌਰਭ ਸ਼ਰਮਾ’ ਅਤੇ ਉਸ ਦੇ ਸਾਥੀ ‘ਚੇਤਨ ਸਿੰਘ ਗੌੜ’ ਨੂੰ ਆਮਦਨ ਦੇ ਜ਼ਾਹਰਾ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ।
‘ਚੇਤਨ’ ਦੀ ਕਾਰ ਵਿਚੋਂ 52 ਕਿਲੋ ਸੋਨੇ ਦੀਆਂ ਛੜਾਂ ਅਤੇ 11 ਕਰੋੜ ਰੁਪਏ ਨਕਦ ਬਰਾਮਦ ਹੋਏ ਸਨ, ਜਦੋਂ ਕਿ ‘ਸੌਰਭ ਸ਼ਰਮਾ’ ਵਲੋਂ ਆਪਣੇ ਪਰਿਵਾਰ, ਮਿੱਤਰਾਂ ਅਤੇ ਕੰਪਨੀਆਂ ਦੇ ਨਾਂ ’ਤੇ 25 ਕਰੋੜ ਰੁਪਏ ਦੀ ਅਚੱਲ ਜਾਇਦਾਦ ਖਰੀਦਣ ਦਾ ਵੀ ਪਤਾ ਲੱਗਾ।
* 12 ਫਰਵਰੀ ਨੂੰ ਵਿਜੀਲੈਂਸ ਵਿਭਾਗ ਨੇ ਮੇਰਠ ’ਚ ਉੱਤਰ ਪ੍ਰਦੇਸ਼ ਪੁਲਸ ਦੇ ਰਿਟਾਇਰਡ ਦਾਰੋਗਾ ‘ਮਹਿੰਦਰ ਸਿੰਘ ਸੈਣੀ’ ਦੇ 2 ਮਕਾਨਾਂ ਅਤੇ ਇਕ ਸਕੂਲ ’ਤੇ ਛਾਪਾ ਮਾਰ ਕੇ 16 ਕਰੋੜ ਰੁਪਏ ਤੋਂ ਵੱਧ ਜਾਇਦਾਦ ਦਾ ਪਤਾ ਲਾਇਆ।
* 23 ਫਰਵਰੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਪ੍ਰੀਸ਼ਦ ਮਲੋਟ ਦੇ ਜੂਨੀਅਰ ਕਲਰਕ ਨੂੰ ਇਕ ਵਿਧਵਾ ਕੋਲੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ।
* 25 ਫਰਵਰੀ ਨੂੰ ਨਗਰ ਨਿਗਮ ਬਠਿੰਡਾ ਦੇ ਸਿਵਲ ਬ੍ਰਾਂਚ ਦੇ ਵਿਵਾਦਮਈ ਐਕਸੀਅਨ ’ਤੇ ਵਿਜੀਲੈਂਸ ਵਿਭਾਗ ਨੇ ਸ਼ਿਕੰਜਾ ਕੱਸਦਿਆਂ ਆਮਦਨ ਦੇ ਜ਼ਾਹਰਾ ਸਰੋਤ ਤੋਂ 1.83 ਕਰੋੜ ਰੁਪਏ ਦੀ ਵੱਧ ਜਾਇਦਾਦ ਦੇ ਮਾਮਲੇ ਵਿਚ ਕੇਸ ਦਰਜ ਕੀਤਾ।
* 25 ਫਰਵਰੀ ਨੂੰ ਹੀ ਪੰਜਾਬ ਵਿਜੀਲੈਂਸ ਬਿਊਰੋ ਨੇ ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਚ ਵਾਰਡ ਅਟੈਂਡੈਂਟ ‘ਰਵਿੰਦਰ ਪਾਲ ਸਿੰਘ’ ਨੂੰ ਸ਼ਿਕਾਇਤਕਰਤਾ ਕੋਲੋਂ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਬਦਲੇ 30,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ।
* 25 ਫਰਵਰੀ ਨੂੰ ਹੀ ਬਦਾਯੂੰ (ਉੱਤਰ ਪ੍ਰਦੇਸ਼) ਜ਼ਿਲੇ ਵਿਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸੀ. ਓ. ਚੱਕਬੰਦੀ ‘ਪ੍ਰਮੋਦ ਕੁਮਾਰ’ ਦੇ ਸਹਾਇਕ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।
* 26 ਫਰਵਰੀ ਨੂੰ ‘ਗਾਂਧੀਨਗਰ’ (ਗੁਜਰਾਤ) ਵਿਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਏ. ਐੱਸ. ਆਈ. ‘ਅਸ਼ੋਕ ਚੌਧਰੀ’ ਨੂੰ ਸ਼ਿਕਾਇਤਕਰਤਾ ਕੋਲੋਂ 2 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ।
* 27 ਫਰਵਰੀ ਨੂੰ ਬਾਰਾਬੰਕੀ (ਉੱਤਰ ਪ੍ਰਦੇਸ਼) ਵਿਚ ਸੀ. ਓ. ਹੈਦਰਗੜ੍ਹ ਦੇ ਦਫਤਰ ਵਿਚ ਦਾਰੋਗਾ ਅਸ਼ੋਕ ਪਾਂਡੇ ਅਤੇ ਗ੍ਰਾਮ ਚੌਕੀਦਾਰ ਰਾਮ ਕੁਮਾਰ ਨੂੰ ਭ੍ਰਿਸ਼ਟਾਚਾਰ ਰੋਕੂ ਟੀਮ ਨੇ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ।
* 27 ਫਰਵਰੀ ਨੂੰ ਹੀ ਮੁਰਾਦਾਬਾਦ (ਉੱਤਰ ਪ੍ਰਦੇਸ਼) ਦੀ ਭ੍ਰਿਸ਼ਟਾਚਾਰ ਰੋਕੂ ਟੀਮ ਨੇ ਅਫਜ਼ਲਗੜ੍ਹ ਸਿੰਚਾਈ ਖੇਤਰ ਦੇ ਅਕਾਊਂਟੈਂਟ ‘ਉੱਜਵਲ ਕੁਮਾਰ’ ਨੂੰ ਇਕ ਠੇਕੇਦਾਰ ਦੇ ਬਿੱਲ ਪਾਸ ਕਰਨ ਬਦਲੇ 20,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ।
* 27 ਫਰਵਰੀ ਨੂੰ ਹੀ ਹੁਸ਼ਿਆਰਪੁਰ (ਪੰਜਾਬ) ਵਿਚ ਵਿਜੀਲੈਂਸ ਬਿਊਰੋ ਨੇ ਮਾਲੀਆ ਵਿਭਾਗ ਦੇ ਮੁਲਾਜ਼ਮ ‘ਆਲੋਕ’ ਨੂੰ 8,000 ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।
* 27 ਫਰਵਰੀ ਨੂੰ ਹੀ ਅਨਾਜ ਮੰਡੀ ਪੁਲਸ ਸਟੇਸ਼ਨ ਪਟਿਆਲਾ ਵਿਚ ਤਾਇਨਾਤ ਏ. ਐੱਸ. ਆਈ. ‘ਰਣਜੀਤ ਸਿੰਘ’ ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ।
* ਅਤੇ ਹੁਣ 28 ਫਰਵਰੀ ਨੂੰ ਇੰਦੌਰ ’ਚ ਆਰਥਿਕ ਅਪਰਾਧ ਵਿਭਾਗ ਦੀ ਟੀਮ ਨੇ ਨਗਰ ਨਿਗਮ ਤੋਂ ਮੁਅੱਤਲ ਚੱਲ ਰਹੇ ਸਹਾਇਕ ਮਾਲੀਆ ਅਧਿਕਾਰੀ ‘ਰਾਜੇਸ਼ ਪਰਮਾਰ’ ਦੇ ਘਰ ਅਤੇ ਵੱਖ-ਵੱਖ ਸਥਾਨਾਂ ’ਤੇ ਛਾਪੇਮਾਰੀ ਕੀਤੀ ਜਿਸ ਦੀ ਮੁੱਢਲੀ ਜਾਂਚ ਦੇ ਦੌਰਾਨ ਕਰੋੜਾਂ ਰੁਪਏ ਦੀ ਜਾਇਦਾਦ ਦਾ ਖੁਲਾਸਾ ਹੋਇਆ ਜਦੋਂ ਕਿ ਇਹ ਲੇਖ ਲਿਖੇ ਜਾਣ ਤਕ ਛਾਪੇ ਦੀ ਕਾਰਵਾਈ ਜਾਰੀ ਸੀ।
* 28 ਫਰਵਰੀ ਨੂੰ ਹੀ ਫਤਹਿਗੜ੍ਹ ਚੂੜੀਆਂ ਪੁਲਸ ਸਟੇਸ਼ਨ ਵਿਚ ਤਾਇਨਾਤ ਇਕ ਸਬ-ਇੰਸਪੈਕਟਰ ਨੂੰ ਕੋਈ ਕੇਸ ਸੈਟਲ ਕਰਨ ਦੇ ਇਵਜ਼ ਵਿਚ ਦੋਸ਼ੀਆਂ ਤੋਂ ਫੋਨ ’ਤੇ ਰਿਸ਼ਵਤ ਮੰਗਣ ਦਾ ਆਡੀਓ ਵਾਇਰਲ ਹੋਣ ’ਤੇ ਮੁਅੱਤਲ ਕਰ ਦਿੱਤਾ ਗਿਆ।
ਉਪਰੋਕਤ ਚੰਦ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਸਾਰੇ ਪੱਧਰਾਂ ’ਤੇ ਨੌਕਰਸ਼ਾਹੀ ਕਿੰਨੀ ਵੱਧ ਭ੍ਰਿਸ਼ਟ ਹੋ ਚੁੱਕੀ ਹੈ। ਇਸ ਲਈ ਦੇਸ਼ ਵਿਚ ਸਾਰੇ ਪੱਧਰਾਂ ’ਤੇ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਦੇਸ਼ ਨੂੰ ਘੁਣ ਵਾਂਗ ਖਾ ਰਹੀ ਇਸ ਬੀਮਾਰੀ ’ਤੇ ਰੋਕ ਲੱਗ ਸਕੇ।
-ਵਿਜੇ ਕੁਮਾਰ
ਕ੍ਰਿਕਟ ਪ੍ਰਤੀ ਮੇਰੀ ਉਦਾਸੀਨਤਾ
NEXT STORY