ਜਦ ਤੋਂ ਡੋਨਾਲਡ ਟਰੰਪ ਨੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ, ਜੋ ਕੁਝ ਉਹ ਕਹਿ ਰਹੇ ਹਨ, ਉਸ ਦੇ ਮੱਦੇਨਜ਼ਰ ਉਨ੍ਹਾਂ ਦੀ ਕਥਨੀ ਅਤੇ ਕਰਨੀ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਹ ਕਹਿਣਗੇ ਕੀ ਅਤੇ ਕਰਨਗੇ ਕੀ।
ਪਹਿਲੇ ਮਹੀਨੇ ਡੋਨਾਲਡ ਟਰੰਪ ਨੇ ਇਹ ਕਿਹਾ ਕਿ ਉਨ੍ਹਾਂ ਨੂੰ ਪੂਰਾ ਗ੍ਰੀਨਲੈਂਡ ਚਾਹੀਦਾ ਹੈ, ਇਸ ਦੇ ਬਾਅਦ ਉਨ੍ਹਾਂ ਨੇ ਪਨਾਮਾ ਨਹਿਰ ਇਲਾਕੇ ’ਤੇ ਮੁੜ ਤੋਂ ਕਬਜ਼ਾ ਕਰਨ ਅਤੇ ਗਾਜ਼ਾ ਪੱਟੀ ’ਤੇ ਕਬਜ਼ਾ ਕਰ ਕੇ ਉਸ ਦੀ ਆਬਾਦੀ ਬਾਹਰ ਕੱਢਣ ਅਤੇ ਉਥੇ ਰਿਜ਼ਾਰਟ ਬਣਾਉਣ ਦੀ ਗੱਲ ਕਹੀ।
ਫਿਰ ਉਨ੍ਹਾਂ ਨੇ ਬਿਆਨ ਦਿੱਤਾ ਕਿ ਉਹ ਯੂਕ੍ਰੇਨ ’ਚ ਜੰਗ ਤਾਂ ਬੰਦ ਕਰਵਾ ਦੇਣਗੇ ਪਰ ਉਸ ਦੇ ਬਦਲੇ ’ਚ ਯੂਕ੍ਰੇਨ ਦੀ ਸਰਕਾਰ ਨੂੰ ਉਨ੍ਹਾਂ ਨੂੰ ਉੱਥੋਂ ਦਾ ਖਣਿਜ ਪਦਾਰਥਾਂ ਨਾਲ ਭਰਪੂਰ ਇਲਾਕਾ ਦੇਣਾ ਹੋਵੇਗਾ। ਇਸ ਤੋਂ ਪਹਿਲਾਂ ਟਰੰਪ ਨੇ ਕੈਨੇਡਾ ’ਤੇ ਟੈਰਿਫ ਲਗਾਉਣ ਅਤੇ ਉਸ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਕਹੀ ਸੀ। ਟਰੰਪ ਵਲੋਂ ਆਪਣੇ ਕਰੀਬੀ ਸਹਿਯੋਗੀਆਂ ’ਤੇ ਮਹਿੰਗੇ ਟੈਰਿਫ ਲਗਾਉਣ ਦੀ ਵਾਰ-ਵਾਰ ਧਮਕੀ ਦੇਣੀ ਜਾਂ ਹੋਰਨਾਂ ਮੁੱਦਿਆਂ ’ਤੇ ਰਿਆਇਤਾਂ ਦੇਣ ਲਈ ਧਮਕਾਉਣਾ ਕੋਈ ਦੋਸਤਾਨਾ ਵਿਹਾਰ ਨਹੀਂ ਹੈ।
ਦੂਜਾ, ਟਰੰਪ ਨੇ ਤਾਂ ਇਸ ਤੱਥ ਨੂੰ ਵੀ ਨਹੀਂ ਲੁਕਾਇਆ ਕਿ ਉਹ ਆਪਣੇ ਸਹਿਯੋਗੀਆਂ ਦੀਆਂ ਕੁਝ ਜਾਇਦਾਦਾਂ ਹਾਸਲ ਕਰਨ ’ਤੇ ਨਜ਼ਰਾਂ ਗੱਡੀ ਬੈਠੇ ਹਨ। ਟਰੰਪ ਨੂੰ ਰੂਸ ਵਲੋਂ ਯੂਕ੍ਰੇਨ ਦੇ 20 ਫੀਸਦੀ ਹਿੱਸੇ ’ਤੇ ਕਬਜ਼ਾ ਕਰ ਲੈਣ ’ਚ ਕੋਈ ਪ੍ਰੇਸ਼ਾਨੀ ਨਹੀਂ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਰੂਸ ਦੇ ਨਾਲ ਜੰਗ ਕਰਨ ਲਈ ਯੂਕ੍ਰੇਨ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਪਹਿਲਾਂ ਉੱਪ-ਰਾਸ਼ਟਰਪਤੀ ਜੇ.ਡੀ. ਵੇਂਸ ਨੇ ਮਿਊਨਿਖ ਸੁਰੱਖਿਆ ਸੰਮੇਲਨ ’ਚ ਆਪਣਾ ਟਕਰਾਅਪੂਰਨ ਭਾਸ਼ਣ ਦਿੱਤਾ ਸੀ ਅਤੇ ਇਸ ਤੋਂ ਪਹਿਲਾਂ ਅਮਰੀਕੀ ਅਧਿਕਾਰੀ ਯੂਕ੍ਰੇਨ ’ਤੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੂਸ ਨੂੰ ਲਗਭਗ ਉਹ ਸਭ ਕੁਝ ਦੇਣ ਦੀ ਪੇਸ਼ਕਸ਼ ਕਰ ਰਹੇ ਸਨ, ਜੋ ਉਹ ਚਾਹੁੰਦਾ ਸੀ।
ਮੁੱਖ ਧਾਰਾ ਦੇ ਯੂਰਪੀ ਆਬਜ਼ਰਵਰਾਂ ਦੀ ਪ੍ਰਤੀਕਿਰਿਆ ਨੂੰ ‘ਫਾਈਨਾਂਸ਼ੀਅਲ ਟਾਈਮਜ਼’ ’ਚ ਗਿਦੋਨ ਰਾਚਮਨ ਵਲੋਂ ਬਹੁਤ ਸੰਖੇਪ ’ਚ ਪੇਸ਼ ਕੀਤਾ ਗਿਆ ਸੀ, ‘‘ਹੁਣ ਦੇ ਲਈ ਅਮਰੀਕਾ ਵੀ ਵਿਰੋਧੀ ਹੈ।’’
ਜੇ. ਡੀ. ਵੇਂਸ ਵਲੋਂ ਕੀਤੇ ਗਏ ਇਸ ਐਲਾਨ ਨੂੰ ਇਸ ਮਹਾਦੀਪ ਦੀ ਸਿਆਸੀ ਵਿਵਸਥਾ ’ਤੇ ਇਕ ਖੁੱਲ੍ਹੇ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ ਕਿ ਯੂਰਪ ਦੇ ਲਈ ਮੁੱਖ ਚੁਣੌਤੀ ਅੰਦਰੋਂ ਖਤਰਾ ਹੈ। ਇਹੀ ਨਹੀਂ, ਟਰੰਪ ਦੇ ਵੱਡੇ ਮਦਦਗਾਰ ਐਲਨ ਮਸਕ ਵੱਖ-ਵੱਖ ਯੂਰਪੀ ਨੇਤਾਵਾਂ ’ਤੇ ਝੂਠੇ ਅਤੇ ਨਫਰਤ ਵਾਲੇ ਦੋਸ਼ ਲਗਾ ਰਹੇ ਹਨ।
ਇਹ ਸਾਰੇ ਅਮਰੀਕਾ ਦੇ ਪੁਰਾਣੇ ਮਿੱਤਰ ਦੇਸ਼ ਹਨ, ਜੋ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੇ ਦੌਰਾਨ ਅਮਰੀਕਾ ਦੇ ਨਾਲ ਰਹੇ। ਕੈਨੇਡਾ ਤਾਂ ਸ਼ੁਰੂ ਤੋਂ ਹੀ ਅਮਰੀਕਾ ਦੀ ਹਰ ਨੀਤੀ ’ਚ ਉਸ ਦਾ ਸਾਥ ਦਿੰਦਾ ਆਇਆ ਹੈ ਪਰ ਟਰੰਪ ਨੇ ਉਸ ਨੂੰ ਵੀ ਝਟਕਾ ਦਿੱਤਾ ਹੈ। ਸਿਆਸੀ ਆਬਜ਼ਰਵਰਾਂ ਦੇ ਅਨੁਸਾਰ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਲਏ ਗਏ ਕੁਝ ਫੈਸਲੇ ਦੁਨੀਆ ਦੇ ਪ੍ਰਮੁੱਖ ਲੋਕਤੰਤਰਾਂ ਦੇ ਨਾਲ ਲੰਮੇ ਸਮੇਂ ਤੋਂ ਚਲੇ ਆ ਰਹੇ ਭਾਈਚਾਰੇ ਅਤੇ ਸਦਭਾਵਨਾ ਨੂੰ ਤਬਾਹ ਕਰ ਸਕਦੇ ਹਨ।
ਟਰਾਂਸਟਲਾਂਟਿਕ ਭਾਈਵਾਲੀ ’ਚ ਪਹਿਲਾਂ ਵੀ ਕਈ ਮੌਕਿਆਂ ’ਤੇ ਗੰਭੀਰ ਤਰੇੜਾਂ ਪਈਆਂ ਸਨ। 1956 ’ਚ ਸਵੇਜ਼ ਨੂੰ ਲੈ ਕੇ, 1960 ਦੇ ਦਹਾਕੇ ’ਚ ਪ੍ਰਮਾਣੂ ਰਣਨੀਤੀ ਅਤੇ ਵੀਅਤਨਾਮ ਨੂੰ ਲੈ ਕੇ, 1980 ਦੇ ਦਹਾਕੇ ’ਚ ਯੂਰੋਮਿਜ਼ਾਈਲ ਮੁੱਦੇ ਨੂੰ ਲੈ ਕੇ ਅਤੇ 1999 ’ਚ ਕੋਸੋਵੋ ਜੰਗ ਦੇ ਦੌਰਾਨ।
ਅਮਰੀਕਾ ਨੇ ਕਈ ਮੌਕਿਆਂ ’ਤੇ ਇਕਪਾਸੜ ਕਾਰਵਾਈ ਕਰਨ ਤੋਂ ਵੀ ਝਿਜਕ ਨਹੀਂ ਕੀਤੀ, ਉਦੋਂ ਵੀ ਜਦੋਂ ਉਸ ਦੇ ਸਹਿਯੋਗੀਆਂ ਦੇ ਹਿੱਤਾਂ ’ਤੇ ਉਲਟ ਅਸਰ ਪਿਆ। ਜਿਵੇਂ ਕਿ ਰਿਚਰਡ ਨਿਕਸਨ ਨੇ ਕੀਤਾ ਸੀ ਕਿ ਜਦੋਂ ਉਨ੍ਹਾਂ ਨੇ 1971 ’ਚ ਸੰਯੁਕਤ ਰਾਜ ਅਮਰੀਕਾ ਨੂੰ ਗੋਲਡਨ ਸਟੈਂਡਰਡ ਤੋਂ ਹਟਾ ਦਿੱਤਾ ਸੀ ਜਾਂ ਜਿਵੇਂ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੀਤਾ ਸੀ। ਜਦੋਂ ਉਨ੍ਹਾਂ ਨੇ ਰੱਖਿਆਵਾਦੀ ਮੁਦਰਾ-ਸਫਿਤੀ ਕਟੌਤੀ ਕਾਨੂੰਨ ’ਤੇ ਦਸਤਖਤ ਕੀਤੇ ਸਨ ਅਤੇ ਅਮਰੀਕਾ ਨੇ ਯੂਰਪੀ ਕੰਪਨੀਆਂ ਨੂੰ ਚੀਨ ਨੂੰ ਕੁਝ ਉੱਚ ਤਕਨੀਕੀ ਬਰਾਮਦ ਰੋਕਣ ਲਈ ਮਜਬੂਰ ਕੀਤਾ ਸੀ ਪਰ ਕੁਝ ਯੂਰਪੀ ਜਾਂ ਕੈਨੇਡਿਆਈ ਲੋਕਾਂ ਦਾ ਮੰਨਣਾ ਸੀ ਕਿ ਅਮਰੀਕਾ ਜਾਣਬੁੱਝ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ।
ਵਧੇਰੇ ਯੂਰਪੀ ਦੇਸ਼ਾਂ ਨੂੰ ਹੁਣ ਜਾਪ ਰਿਹਾ ਹੈ ਕਿ ਟਰੰਪ ਨਾ ਸਿਰਫ ਉਨ੍ਹਾਂ ਨੂੰ ਖਾਰਿਜ ਕਰ ਰਹੇ ਹਨ, ਸਗੋਂ ਨਾਟੋ ਦੇ ਪ੍ਰਤੀ ਉਦਾਸੀਨ ਹਨ ਅਤੇ ਉਨ੍ਹਾਂ ਦਾ ਵਤੀਰਾ ਵਧੇਰੇ ਯੂਰਪੀ ਦੇਸ਼ਾਂ ਪ੍ਰਤੀ ਦੁਸ਼ਮਣੀ ਵਾਲਾ ਹੈ। ਯੂਰਪ ਦੇ ਦੇਸ਼ਾਂ ਦੀ ਬਜਾਏ ਹੁਣ ਟਰੰਪ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਇਕ ਬਿਹਤਰ ਲੰਮੇ ਸਮੇਂ ਦੇ ਦਾਅ ਵਜੋਂ ਦੇਖਣ ਲੱਗੇ ਹਨ।
ਵਿਸ਼ਵ ਦੀ ਨਿਯਮ ਪੁਸਤਿਕਾ ਨੂੰ ਦੋਬਾਰਾ ਲਿਖਣਾ ਅਤੇ ਜੇਕਰ ਸੰਭਵ ਹੋਵੇ ਤਾਂ ‘ਮਾਗਾ’ (ਮੇਕ ਅਮਰੀਕਾ ਗ੍ਰੇਟ ਅਗੇਨ) ਦੇ ਅਨੁਸਾਰ ਯੂਰਪ ਨੂੰ ਬਦਲਣਾ ਹੋਵੇਗਾ। ਇਹ ਏਜੰਡਾ ਯੂਰਪੀ ਵਿਵਸਥਾ ਦੇ ਲਈ ਖੁੱਲ੍ਹੇ ਤੌਰ ’ਤੇ ਦੁਸ਼ਮਣੀ ਵਾਲਾ ਹੈ।
ਹਾਲਾਂਕਿ ਟਰੰਪ ਜਿਸ ਨੀਤੀ ਦੀ ਗੱਲ ਕਰ ਰਹੇ ਹਨ, ਉਹ ਪੱਛਮੀ ਜਗਤ ’ਚ ਜੰਗ ਵਾਲੇ ਅਫਰੀਕਾ ਅਤੇ ਏਸ਼ੀਆ ਨੂੰ ਲੈ ਕੇ ਚੱਲਦੀ ਆਈ ਹੈ ਪਰ ਯੂਰਪ ਅਤੇ ਅਮਰੀਕਾ ਦੇ ਦਰਮਿਆਨ ਇਸ ਤਰ੍ਹਾਂ ਦੀ ਨੀਤੀ ਨਹੀਂ ਚੱਲਦੀ ਸੀ ਅਤੇ ਇੰਨੇ ਖੁੱਲ੍ਹੇਪਨ ਨਾਲ ਨਹੀਂ ਚੱਲਦੀ ਸੀ ਕਿ ਅਸੀਂ ਤੁਹਾਡਾ ਫੈਸਲਾ ਕਰਵਾਵਾਂਗੇ ਪਰ ਤੁਸੀਂ ਇਸ ਦੇ ਬਦਲੇ ’ਚ ਸਾਨੂੰ ਫਲਾਣੀ ਖਾਨ ਦੇ ਦਿਉ।
ਹੁਣ ਜਦਕਿ ਇਹ ਸਭ ਕੁਝ ਸ਼ੁਰੂ ਹੋ ਗਿਆ ਹੈ ਤਾਂ ਭਾਰਤ ਦੇ ਲਈ ਇਸ ’ਚ ਸਬਕ ਇਹ ਹੈ ਕਿ ਅਸੀਂ ਆਪਣੀ ਪਹਿਲਾਂ ਵਾਲੀ ਗੱੁਟ ਨਿਰਲੇਪਤਾ ਦੀ ਨੀਤੀ ਨੂੰ ਮਜ਼ਬੂਤ ਕਰਨ ਲਈ ਕੰਮ ਕਰੀਏ ਅਤੇ ਉਸੇ ’ਤੇ ਚੱਲੀਏ। ਅਸੀਂ ਆਪਣੇ ਹਿੱਤ ਦੇਖਦੇ ਹੋਏ ਆਧਾਰ ਪੱਕਾ ਕਰਨਾ ਹੈ, ਜੋ ਹਰ ਦੇਸ਼ ਕਰਦਾ ਹੈ।
-ਵਿਜੇ ਕੁਮਾਰ
ਵਿੱਤ ਮੰਤਰੀ ਦੇ ਲਈ, ਗਰੀਬਾਂ ਦੀ ਕੋਈ ਹੋਂਦ ਹੀ ਨਹੀਂ
NEXT STORY