ਹਾਲ ਹੀ ਦੇ ਮਹੀਨਿਆਂ ’ਚ ਚੀਨ ਦੇ ਕਈ ਵੱਡੇ ਅਧਿਕਾਰੀਆਂ ਦੇ ਅਚਾਨਕ ਲਾਪਤਾ ਹੋਣ ਦੀਆਂ ਘਟਨਾਵਾਂ ਨੇ ਇਨ੍ਹਾਂ ਅਟਕਲਾਂ ਨੂੰ ਤੇਜ਼ ਕਰ ਦਿੱਤਾ ਹੈ ਕਿ ਕੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ’ਚ ‘ਸਿਆਸੀ ਸਫਾਈ ਮੁਹਿੰਮ’ ਸ਼ੁਰੂ ਕਰ ਦਿੱਤੀ ਹੈ, ਜਿਸ ’ਚ ਵਿਸ਼ੇਸ਼ ਤੌਰ ’ਤੇ ਫੌਜ ਨਾਲ ਜੁੜੇ ਲੋਕ ਸ਼ਾਮਲ ਹਨ।
ਜੁਲਾਈ ਮਹੀਨੇ ’ਚ ਵਿਦੇਸ਼ ਮੰਤਰੀ ਸ਼ਿਨ ਗਾਂਗ ਬਰਖਾਸਤ ਕੀਤੇ ਜਾਣ ਤੋਂ ਬਾਅਦ ਗਾਇਬ ਹੋ ਗਿਆ ਸੀ। ਸ਼ਿਨ ਗਾਂਗ ਵਿਰੁੱਧ ਅਮਰੀਕਾ ’ਚ ਉਸ ਦੇ ਅਫੇਅਰ, ਜਿਸ ਤੋਂ ਉਸ ਦਾ ਇਕ ਬੱਚਾ ਵੀ ਹੋਇਆ ਦੱਸਿਆ ਜਾਂਦਾ ਹੈ, ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਬੱਚਾ ਇਕ ਵਿਰੋਧੀ ਦੇਸ਼ ਦੀ ਨਾਗਰਿਕ ਤੋਂ ਹੋਇਆ ਹੈ।
ਚੀਨ ਦੇ ਉੱਚ ਅਧਿਕਾਰੀਆਂ ਦੇ ਅਪਮਾਨਿਤ ਹੋ ਕੇ ਲਾਪਤਾ ਹੋਣ ਦੀ ਤਾਜ਼ਾ ਉਦਾਹਰਣ ਕਈ ਮਹੀਨਿਆਂ ਤੋਂ ਗਾਇਬ ਰੱਖਿਆ ਮੰਤਰੀ ਜਨਰਲ ਲੀ ਸ਼ਾਂਗਫੂ ਹਨ। ਜਨਰਲ ਸ਼ਾਂਗਫੂ ਕੋਲ ਪਹਿਲਾਂ ਪੀ. ਐੱਲ. ਏ. ਲਈ ਫੌਜੀ ਸਾਮਾਨ ਖਰੀਦਣ ਦੀ ਜ਼ਿੰਮੇਵਾਰੀ ਸੀ, ਜਿਸ ’ਚ ਭ੍ਰਿਸ਼ਟਾਚਾਰ ਨੂੰ ਲੈ ਕੇ ਜਾਂਚ ਚੱਲ ਰਹੀ ਹੈ।
ਅਜੇ ਕੁਝ ਹਫਤੇ ਪਹਿਲਾਂ ਹੀ ਐਟਮੀ ਮਿਜ਼ਾਈਲਾਂ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਰਾਕੇਟ ਫੋਰਸ ਦੇ 2 ਉੱਚ ਅਧਿਕਾਰੀਆਂ ਅਤੇ ਇਕ ਫੌਜੀ ਅਦਾਲਤ ਦੇ ਜੱਜ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਹ ਉਦੋਂ ਤੋਂ ਲਾਪਤਾ ਹਨ। ਹੁਣ ਦੇਸ਼ ਦੀ ਫੌਜ ਨੂੰ ਕੰਟ੍ਰੋਲ ਕਰਨ ਵਾਲੀ ਚੀਨੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਦੇ ਕੇਂਦਰੀ ਫੌਜੀ ਕਮਿਸ਼ਨ ਦੇ ਕੁਝ ਉੱਚ ਅਧਿਕਾਰੀਆਂ ਵਿਰੁੱਧ ਵੀ ਜਾਂਚ ਜਾਰੀ ਹੈ।
ਹਾਲਾਂਕਿ ਸਰਕਾਰ ਨੇ ਸਿਹਤ ਕਾਰਨਾਂ ਤੋਂ ਇਲਾਵਾ ਉਕਤ ਅਧਿਕਾਰੀਆਂ ਦੀ ਬਰਖਾਸਤਗੀ ਦਾ ਕੋਈ ਕਾਰਨ ਨਹੀਂ ਦੱਸਿਆ। ਸੀ. ਸੀ. ਪੀ. ਅਨੁਸਾਰ ਚੀਨ ਸਰਕਾਰ ਪੀਪਲਜ਼ ਲਿਬ੍ਰੇਸ਼ਨ ਆਰਮੀ (ਪੀ. ਐੱਲ. ਏ.) ’ਚ ਭ੍ਰਿਸ਼ਟਾਚਾਰ ਦੇ ਵਿਰੁੱਧ ਮੁਹਿੰਮ ਚਲਾ ਰਹੀ ਹੈ।
ਚੀਨ ਸਰਕਾਰ ਆਪਣੀਆਂ ਫੌਜਾਂ ’ਤੇ ਇਕ ਖਰਬ ਯੁਆਨ ਦੀ ਭਾਰੀ ਰਕਮ ਖਰਚ ਕਰਦੀ ਹੈ ਜਿਸ ਦਾ ਇਕ ਵੱਡਾ ਹਿੱਸਾ ਫੌਜੀ ਸਮੱਗਰੀ ਖਰੀਦਣ ’ਚ ਖਰਚ ਕੀਤਾ ਜਾਂਦਾ ਹੈ। ਚੀਨ ਦੀ ਫੌਜ ’ਚ ਭ੍ਰਿਸ਼ਟਾਚਾਰ ਇਕ ਵੱਡੀ ਚੁਣੌਤੀ ਰਿਹਾ ਹੈ। ਇਸ ਕਾਰਨ ਬੀਤੀ ਜੁਲਾਈ ’ਚ ਚੀਨ ਸਰਕਾਰ ਨੇ ਲੋਕਾਂ ਨੂੰ ਕਿਹਾ ਸੀ ਕਿ ਜੇ ਉਨ੍ਹਾਂ ਕੋਲ ਪਿਛਲੇ 5 ਸਾਲਾਂ ਦੌਰਾਨ ਭ੍ਰਿਸ਼ਟਾਚਾਰ ਨਾਲ ਸਬੰਧਤ ਕਿਸੇ ਮਾਮਲੇ ਦੀ ਜਾਣਕਾਰੀ ਹੈ ਤਾਂ ਉਹ ਉਸ ਬਾਰੇ ਫੌਜ ਨੂੰ ਸੂਚਿਤ ਕਰਨ।
ਇਸ ਸਮੇਂ ਜਦਕਿ ਚੀਨ ਅਮਰੀਕਾ ਨਾਲ ਆਪਣੇ ਗੁੰਝਲਦਾਰ ਸਬੰਧਾਂ ਨੂੰ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਦੇ ਵੱਡੇ ਅਧਿਕਾਰੀਆਂ ਦੇ ਅਚਾਨਕ ਇਸ ਤਰ੍ਹਾਂ ਲਾਪਤਾ ਹੋਣ ਨੂੰ ਕਮਿਊਨਿਸਟ ਪਾਰਟੀ ’ਚ ਵਧ ਰਹੇ ਡਰ ਵਜੋਂ ਦੇਖਿਆ ਜਾ ਰਿਹਾ ਹੈ।
ਵਰਣਨਯੋਗ ਹੈ ਕਿ ਜੁਲਾਈ ਮਹੀਨੇ ’ਚ ਆਪਣੇ ਇੱਥੇ ਜਾਸੂਸੀ ਰੋਕਣ ਲਈ ਚੀਨ ਨੇ ਇਕ ਵਿਆਪਕ ਕਾਨੂੰਨ ਲਾਗੂ ਕੀਤਾ ਸੀ, ਜਿਸ ਪਿੱਛੋਂ ਉਸ ਦੇ ਸਟੇਟ ਸਿਕਿਓਰਿਟੀ ਮੰਤਰਾਲਾ ਨੇ ਆਮ ਲੋਕਾਂ ਨੂੰ ਜਨਤਕ ਤੌਰ ’ਤੇ ਅਪੀਲ ਕੀਤੀ ਸੀ ਕਿ ਉਹ ਦੇਸ਼ ਅੰਦਰ ਜਾਸੂਸੀ ਸਰਗਰਮੀਆਂ ਦਾ ਮੁਕਾਬਲਾ ਕਰਨ ’ਚ ਸਰਕਾਰ ਦੀ ਮਦਦ ਕਰਨ।
ਇਹ ਵੀ ਚਰਚਾ ਹੈ ਕਿ ਕੋਵਿਡ-19 ਤੋਂ ਬਾਅਦ ਚੀਨ ਦੀ ਅਰਥਵਿਵਸਥਾ ਡਾਵਾਂਡੋਲ ਹੋਣ ਅਤੇ ਬੇਰੋਜ਼ਗਾਰੀ ਲਗਾਤਾਰ ਵਧਣ ਨਾਲ ਸੀ. ਸੀ. ਪੀ. ਦੇ ਅੰਦਰੂਨੀ ਦਬਾਅ ਕਾਰਨ ਜਿਨਪਿੰਗ ਇਹ ਸਫਾਈ ਮੁਹਿੰਮ ਧਿਆਨ ਵੰਡਾਉਣ ਲਈ ਚਲਾ ਰਹੇ ਹਨ। ਆਰਥਿਕ ਤੌਰ ’ਤੇ ਖੁਸ਼ਹਾਲ ਸਮਝੇ ਜਾਣ ਵਾਲੇ ਉਦਯੋਗਪਤੀਆਂ ’ਤੇ ਕੰਟ੍ਰੋਲ ਤੋਂ ਵੱਧ ਸ਼ੀ ਜਿਨਪਿੰਗ ਸਰਕਾਰ ’ਚ ਅਜਿਹੇ ਲੋਕਾਂ ਨੂੰ ਵੀ ਮਿਟਾਉਣਾ ਚਾਹੁੰਦੇ ਹਨ ਜੋ ਚੀਨ ’ਚ ਭਵਿੱਖ ’ਚ ਸ਼ਕਤੀਸ਼ਾਲੀ ਸਥਾਨ ਬਣਾ ਸਕਦੇ ਹਨ।
ਇਕ ਤੋਂ ਬਾਅਦ ਇਕ ਵੱਡੇ ਮੰਤਰੀਆਂ ਦਾ ਲਾਪਤਾ ਹੋਣਾ ਜਿਨਪਿੰਗ ਦੀ ਅਗਵਾਈ ਦੀ ਅਸਥਿਰਤਾ ਅਤੇ ਉਨ੍ਹਾਂ ’ਚ ਪਾਈ ਜਾਂਦੀ ਅਸੁਰੱਖਿਆ ਦੀ ਭਾਵਨਾ ਦਾ ਵੀ ਸੰਕੇਤ ਹੈ ਜੋ ਉਨ੍ਹਾਂ ਦੇ ਫੈਸਲੇ ਦੀ ਸਮਰੱਥਾ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ।
ਜੇ ਇਸ ਨੂੰ ‘ਸਿਆਸੀ ਸਫਾਈ ਮੁਹਿੰਮ’ ਵਜੋਂ ਦੇਖੀਏ ਤਾਂ ਇਸ ਨਾਲ ਵੀ ਜਿਨਪਿੰਗ ਦੀ ਅਗਵਾਈ ਸਮਰੱਥਾ ਸਵਾਲਾਂ ਦੇ ਘੇਰੇ ’ਚ ਆ ਜਾਂਦੀ ਹੈ ਕਿਉਂਕਿ ਜਿਨਪਿੰਗ ਨੇ ਅਜੇ ਪਿਛਲੇ ਸਾਲ ਹੀ ਪਾਰਟੀ ਕਾਂਗਰਸ ’ਚ ਆਪਣੀ ਤਾਕਤ ਵਧਾਉਂਦੇ ਹੋਏ ਸੰਭਾਵਿਤ ਵਿਰੋਧੀਆਂ ਨੂੰ ਕਿਨਾਰੇ ਲਾ ਦਿੱਤਾ ਸੀ ਅਤੇ ਦੇਸ਼ ਚਲਾਉਣ ਵਾਲੀਆਂ ਸਭ ਅਹਿਮ ਕਮੇਟੀਆਂ ’ਚ ਆਪਣੇ ਵਫਾਦਾਰ ਭਰ ਦਿੱਤੇ ਸਨ।
ਇਸ ਸਬੰਧ ’ਚ ਦੂਜਾ ਦ੍ਰਿਸ਼ਟੀਕੋਣ ਇਹ ਹੈ ਕਿ ਇਹ ਸਫਾਈ ਮੁਹਿੰਮ ਜਿਨਪਿੰਗ ਦਾ ਸ਼ਕਤੀ ਪ੍ਰਦਰਸ਼ਨ ਹੀ ਹੈ ਅਤੇ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਭ ਉਨ੍ਹਾਂ ਦੀ ਅਸੁਰੱਖਿਆ ਦੀ ਮਾਨਸਿਕ ਸਥਿਤੀ ਨੂੰ ਦਰਸਾਉਂਦਾ ਹੈ। ਉਹ ਖੁਦ ਵੀ ਚੀਨ ਦੀ ਕਮਿਊਨਿਸਟ ਪਾਰਟੀ ਦੇ ਇਕ ਅਜਿਹੇ ਅਧਿਕਾਰੀ ਦੇ ਬੇਟੇ ਹਨ, ਜਿਨ੍ਹਾਂ ਨੂੰ ਸਫਾਈ ਮੁਹਿੰਮ ਅਧੀਨ ਹਟਾਇਆ ਗਿਆ ਸੀ।
ਚੇਅਰਮੈਨ ਮਾਓ ਤਸੇ ਤੁੰਗ ਤੋਂ ਬਾਅਦ ਚੀਨ ਦੇ ਕਿਸੇ ਹੋਰ ਆਗੂ ਨੇ ਇੰਨੇ ਵੱਡੇ ਪੱਧਰ ’ਤੇ ਸਿਆਸੀ ਸਫਾਈ ਮੁਹਿੰਮ ਨਹੀਂ ਚਲਾਈ ਜਿੰਨੇ ਵੱਡੇ ਪੱਧਰ ’ਤੇ ਜਿਨਪਿੰਗ ਚਲਾ ਰਹੇ ਹਨ। ਹਾਲਾਂਕਿ ਦੇਖਣ ’ਚ ਸਿਆਸੀ ਸਫਾਈ ਮੁਹਿੰਮ ਤੋਂ ਜ਼ਿਆਦਾ ਜਿਨਪਿੰਗ ਦੀ ਇਹ ‘ਲਾਪਤਾ ਮੁਹਿੰਮ’ ਨਜ਼ਰ ਆਉਂਦੀ ਹੈ। ਪਿਛਲੇ ਕਈ ਸਾਲਾਂ ਦੌਰਾਨ ਜਿਨਪਿੰਗ ਨੇ ਹਜ਼ਾਰਾਂ ਪਾਰਟੀ ਆਗੂਆਂ ਵਿਰੁੱਧ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਨਿਸ਼ਾਨੇ ’ਤੇ ਵੱਡੇ ਅਧਿਕਾਰੀਆਂ ਨਾਲ ਹੇਠਲੇ ਪੱਧਰ ਦੇ ਕਰਮਚਾਰੀ ਵੀ ਰਹੇ ਹਨ।
2017 ’ਚ ਉਨ੍ਹਾਂ ਨੇ ਫੌਜ ਨੂੰ ਨਿਸ਼ਾਨੇ ’ਤੇ ਲਿਆ ਸੀ। 100 ਤੋਂ ਵੱਧ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਸੀ। ਇਸ ਸਬੰਧ ’ਚ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਵੱਡੇ ਅਧਿਕਾਰੀਆਂ ਦੀ ਗੁੰਮਸ਼ੁਦਗੀ ਦਾ ਜਿਨਪਿੰਗ ਦੀ ਅਗਵਾਈ ਅਤੇ ਚੀਨ ਦੀ ਸਥਿਰਤਾ ’ਤੇ ਦੂਰਰਸ ਅਸਰ ਪਵੇਗਾ।
‘ਅਧਿਆਪਕ-ਅਧਿਆਪਿਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ਨੂੰ ‘ਸਖਤ ਤਸੀਹੇ’
NEXT STORY