ਅੰਮ੍ਰਿਤਸਰ ’ਚ ਦੁਸਹਿਰੇ ਵਾਲੇ ਦਿਨ ਰਾਵਣ ਸਾੜਨ ਮੌਕੇ ਹੋਇਆ ਰੇਲ ਹਾਦਸਾ ਪਿਛਲੇ 165 ਸਾਲਾਂ ਦੌਰਾਨ ਹੋਣ ਵਾਲਾ ਆਪਣੀ ਕਿਸਮ ਦਾ ਸਭ ਤੋਂ ਭਿਆਨਕ ਰੇਲ ਹਾਦਸਾ ਹੈ। ਹਾਦਸੇ ’ਚ ਹੁਣ ਤਕ 61 ਵਿਅਕਤੀਆਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ। ਮਰਨ ਵਾਲਿਆਂ ’ਚ 11 ਔਰਤਾਂ ਤੇ 13 ਬੱਚੇ ਸ਼ਾਮਲ ਹਨ, ਜਿਨ੍ਹਾਂ ’ਚ ਸਭ ਤੋਂ ਛੋਟੇ ਬੱਚੇ ਦੀ ਉਮਰ 2 ਸਾਲ ਤੇ ਸਭ ਤੋਂ ਵੱਡੇ ਦੀ ਉਮਰ 16 ਸਾਲ ਹੈ।
ਇਕ ਪਾਸੇ ਜਿਥੇ ਇਸ ਘਟਨਾ ਨੂੰ ਲੈ ਕੇ ਸਿਆਸੀ ਤੇ ਪ੍ਰਸ਼ਾਸਨਿਕ ਪੱਧਰ ’ਤੇ ਦੂਸ਼ਣਬਾਜ਼ੀ ਜ਼ੋਰਾਂ ’ਤੇ ਹੈ ਤਾਂ ਦੂਜੇ ਪਾਸੇ ਪੀੜਤਾਂ ਪ੍ਰਤੀ ਪ੍ਰਸ਼ਾਸਨ ਵਲੋਂ ਓਨੀ ਹੀ ਸੰਵੇਦਨਹੀਣਤਾ ਦੀਆਂ ਖਬਰਾਂ ਵੀ ਸੁਣਾਈ ਦੇ ਰਹੀਆਂ ਹਨ।
ਇਕ ਦੁਖਦਾਈ ਪਹਿਲੂ ਇਹ ਵੀ ਹੈ ਕਿ ਜਿਥੇ ਇਕ ਪਾਸੇ ਹਾਦਸੇ ’ਚ ਜ਼ਖਮੀ ਲੋਕਾਂ ਦਾ ਚੀਕ-ਚਿਹਾੜਾ ਮਚਿਆ ਹੋਇਆ ਸੀ ਤਾਂ ਦੂਜੇ ਪਾਸੇ ਕੁਝ ਸਮਾਜ ਵਿਰੋਧੀ ਅਨਸਰ ਪੀੜਤਾਂ ਦੀ ਸਹਾਇਤਾ ਕਰਨ ਦੀ ਬਜਾਏ ਉਨ੍ਹਾਂ ਦੀਆਂ ਜੇਬਾਂ ’ਚੋਂ ਕੀਮਤੀ ਚੀਜ਼ਾਂ ਕੱਢ ਰਹੇ ਸਨ।
ਹਾਦਸੇ ’ਚ ਮਾਰੇ ਗਏ ਜਾਂ ਜ਼ਖਮੀ ਹੋਏ ਆਪਣੇ ਪਰਿਵਾਰਿਕ ਮੈਂਬਰਾਂ ਦੀ ਭਾਲ ’ਚ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਭਟਕ ਰਹੇ ਲੋਕਾਂ ਦੇ ਜ਼ਖਮਾਂ ’ਤੇ ਸਬੰਧਤ ਮੁਲਾਜ਼ਮਾਂ ਦਾ ਠੰਡਾ ਰਵੱਈਆ ਸੜੇ ’ਤੇ ਲੂਣ ਦਾ ਕੰਮ ਕਰ ਰਿਹਾ ਸੀ।
ਕਈ ਲੋਕ ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਫੋਟੋਆਂ ਹੱਥ ’ਚ ਫੜ ਕੇ ਉਨ੍ਹਾਂ ਦਾ ਅਤਾ-ਪਤਾ ਜਾਣਨ ਲਈ ਭੱਜਦੇ ਰਹੇ। ਐਤਵਾਰ ਸ਼ਾਮ ਤਕ ਵੀ ਖੂਨੀ ਰੇਲ ਪੱਟੜੀਆਂ ਦੀ ਸਫਾਈ ਨਹੀਂ ਹੋ ਸਕੀ ਸੀ। ਕੁੱਤੇ ਪੱਟੜੀਆਂ ’ਤੇ ਖਿੱਲਰਿਆ ਮਾਸ ਖਾ ਰਹੇ ਸਨ।
ਇਸ ਖੂਨੀ ਰੇਲ ਹਾਦਸੇ ’ਚ ਯੂ. ਪੀ. ਦੇ ਸੁਲਤਾਨਪੁਰ ਦੀ ਪ੍ਰੀਤੀ ਦੇ ਪਤੀ ਦਿਨੇਸ਼, ਬੇਟੇ ਅਭਿਸ਼ੇਕ ਤੇ ਮਾਂ ਸ਼ਿਵਪਤੀਨਮ ਸਮੇਤ 7 ਰਿਸ਼ਤੇਦਾਰ ਮੌਤ ਦੇ ਮੂੰਹ ’ਚ ਚਲੇ ਗਏ। ਖੁਦ ਪ੍ਰੀਤੀ ਹਸਪਤਾਲ ’ਚ ਦਾਖਲ ਹੈ ਤੇ ਉਸ ਦੀ ਭੈਣ ਦੇ ਦੋ ਬੱਚਿਆਂ ਦਾ ਵੀ ਕੋਈ ਅਤਾ-ਪਤਾ ਨਹੀਂ ਹੈ।
ਅੰਮ੍ਰਿਤਸਰ ’ਚ ਇਕ ਮੁਰਦਾਘਰ ’ਚ ਮੋਹਕਮਪੁਰਾ ਦੇ ਜਤਿੰਦਰ ਤੇ ਉਨ੍ਹਾਂ ਦੇ ਡੇਢ ਸਾਲਾ ਬੇਟੇ ਸ਼ਿਵਮ ਦੀਆਂ ਲਾਸ਼ਾਂ ਇਕ ਹੀ ਫ੍ਰੀਜ਼ਰ ’ਚ ਰੱਖੀਆਂ ਹੋਈਆਂ ਸਨ। ਬੇਟੇ ਦੀ ਲਾਸ਼ ਮਰ ਚੁੱਕੇ ਪਿਤਾ ਦੀ ਛਾਤੀ ’ਤੇ ਰੱਖੀ ਹੋਈ ਸੀ।
ਪਰਿਵਾਰ ਦੀ ਲਾਡਲੀ ਕੁਸੁਮ ਆਪਣੀ ਗਰਭਵਤੀ ਭਾਬੀ ਕਰਮਜੋਤ ਕੌਰ ਤੇ ਪਰਿਵਾਰ ਦੀਆਂ ਦੋ ਹੋਰ ਔਰਤਾਂ ਨੂੰ ਨਾਲ ਲੈ ਕੇ ਦੁਸਹਿਰਾ ਦੇਖਣ ਗਈ ਤੇ ਚਾਰਾਂ ਦੀ ਹੀ ਮੌਤ ਹੋ ਗਈ। ਇਕ ਹੋਰ ਹਾਦਸੇ ’ਚ ਨੀਰਜ ਤੇ ਸੋਨੀਆ ਨਾਮੀ ਭੈਣ–ਭਰਾ ਰੇਲ ਗੱਡੀ ਦੇ ਆਉਣ ’ਤੇ ਮਚੀ ਭਾਜੜ ’ਚ ਭੀੜ ਹੇਠਾਂ ਕੁਚਲੇ ਗਏ, ਜਦਕਿ ਉਨ੍ਹਾਂ ਦੀ ਮਾਂ ਸੰਦੀਪ ਗੰਭੀਰ ਜ਼ਖਮੀ ਹੋ ਗਈ।
ਫਗਵਾੜਾ ’ਚ ਵਿਆਹੀ ਅਨੂ ਆਪਣੀ ਡੇਢ ਸਾਲਾ ਧੀ ਨੂਰ ਨਾਲ ਦੁਸਹਿਰਾ ਦੇਖਣ ਆਪਣੇ ਪੇਕੇ ਅੰਮ੍ਰਿਤਸਰ ਆਈ ਸੀ ਪਰ ਭੀੜ ਹੇਠਾਂ ਦੱਬ ਹੋ ਕੇ ਦੋਹਾਂ ਦੀ ਹੀ ਮੌਤ ਹੋ ਗਈ। ਫਗਵਾੜਾ ਦੇ ਭੁੱਲਾਰਾਈ ਦੀ ਰਜਨੀ ਆਪਣੀ 2 ਸਾਲਾ ਧੀ ਨਵਰੂਪ ਨੂੰ ਲੈ ਕੇ ਦੁਸਹਿਰਾ ਦੇਖਣ ਪੇਕੇ ਆਈ ਹੋਈ ਸੀ ਤੇ ਦੋਵੇਂ ਹੀ ਹਾਦਸੇ ਦਾ ਸ਼ਿਕਾਰ ਹੋ ਗਈਆਂ।
ਅਭੈ ਸਿੰਘ ਤੇ ਮਨਜੀਤ ਦੁਸਹਿਰੇ ਵਾਲੇ ਦਿਨ ਕੰਮ ਤੋਂ ਛੁੱਟੀ ਲੈ ਕੇ ਆਪਣੇ ਦੋਹਾਂ ਬੱਚਿਆਂ ਨੂੰ ਦੁਸਹਿਰਾ ਦਿਖਾਉਣ ਲੈ ਗਏ, ਜਿਥੇ ਅਭੈ ਸਿੰਘ ਤੇ ਉਸ ਦਾ ਚਾਰ ਸਾਲ ਬੇਟਾ ਤੇ ਦੋ ਸਾਲਾ ਬੇਟੀ ਤਿੰਨੋਂ ਮਾਰੇ ਗਏ, ਜਦਕਿ ਮਨਜੀਤ ਦੀ ਬਾਂਹ ਕੱਟੀ ਗਈ ਅਤੇ ਉਹ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਦਰਮਿਆਨ ਝੂਲ ਰਹੀ ਸੀ।
30 ਸਾਲਾ ਆਰਤੀ ਦਾਸ ਨੇ ਇਸ ਹਾਦਸੇ ’ਚ ਆਪਣਾ ਪਤੀ ਤੇ ਡੇਢ ਸਾਲਾ ਮਾਸੂਮ ਬੇਟਾ ਗੁਆ ਲਿਆ। ਉਹ ਖੁਦ ਹਸਪਤਾਲ ’ਚ ਜ਼ਖਮੀ ਪਈ ਹੈ। ਉਸ ਨੂੰ ਘਟਨਾ ਬਾਰੇ ਨਹੀਂ ਦੱਸਿਆ ਗਿਆ। ਹੋਸ਼ ਆਉਣ ’ਤੇ ਜਦੋਂ ਵੀ ਉਹ ਆਪਣੇ ਪਤੀ ਤੇ ਬੇਟੇ ਬਾਰੇ ਪੁੱਛਦੀ ਤਾਂ ਉਸ ਨੂੰ ਇਹੋ ਜਵਾਬ ਦਿੱਤਾ ਜਾਂਦਾ ਕਿ ਉਹ ਠੀਕ ਹਨ ਤਾਂ ਕਿ ਸਦਮੇ ਕਾਰਨ ਉਸ ਦੀ ਵੀ ਮੌਤ ਨਾ ਹੋ ਜਾਏ।
ਅੰਮ੍ਰਿਤਸਰ ਦੇ ਆਤਮਾ ਰਾਮ ਨੇ ਆਪਣੇ ਤਿੰਨ ਵਿਚੋਂ ਦੋ ਬੇਟਿਆਂ ਨੂੰ ਦੁਸਹਿਰੇ ਦੇ ਇਸ ਖੂਨੀ ਕਾਂਡ ’ਚ ਗੁਆ ਲਿਆ। ਦੋਹਾਂ ਦੇ ਨਾਬਾਲਗ ਬੇਟਿਆਂ ਨੇ ਆਪਣੇ ਪਿਤਾਵਾਂ ਨੂੰ ਮੁੱਖ ਅਗਨੀ ਦਿੱਤੀ ਤੇ ਬਜ਼ੁਰਗ ਆਤਮਾ ਰਾਮ ਆਪਣੀਆਂ ਪਥਰਾਈਆਂ ਅੱਖਾਂ ਨਾਲ ਆਪਣੇ ਪੁੱਤਰਾਂ ਦੀ ਚਿਤਾ ਬਲ਼ਦੀ ਦੇਖਦੇ ਰਹੇ।
ਆਪਣੀ ਧੀ ਨੂੰ ਗੁਆ ਚੁੱਕੀ ਅਨੀਤਾ ਨਾਮੀ ਇਕ ਔਰਤ ਗੁਰੂ ਨਾਨਕ ਦੇਵ ਹਸਪਤਾਲ ਦੇ ਆਈ. ਸੀ. ਯੂ. ਦੇ ਬਾਹਰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਗੋਡਿਆਂ ਭਾਰ ਝੁਕ ਕੇ ਰੱਬ ਅੱਗੇ ਆਪਣੇ ਬੇਟੇ ਦੀ ਸਲਾਮਤੀ ਲਈ ਅਰਦਾਸ ਕਰ ਰਹੀ ਸੀ।
ਅਾਕਾਸ਼ ਨਾਮੀ ਨੌਜਵਾਨ ਨੇ ਕੁਝ ਦਿਨ ਪਹਿਲਾਂ ਹੀ ਰੇਲਵੇ ’ਚ ਭਰਤੀ ਲਈ ਇਮਤਿਹਾਨ ਦਿੱਤਾ ਸੀ। ਉਸ ਨੂੰ ਕੀ ਪਤਾ ਸੀ ਕਿ ਇਸ ਤੋਂ ਪਹਿਲਾਂ ਹੀ ਰੇਲ ਗੱਡੀ ਉਸ ਨੂੰ ਨਿਗਲ ਜਾਏਗੀ।
ਬੇਸ਼ੱਕ ਹੀ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਪਰ ਇਸ ’ਚੋਂ ਕੁਝ ਨਿਕਲ ਕੇ ਸਾਹਮਣੇ ਆ ਸਕੇਗਾ, ਇਸ ’ਚ ਸ਼ੱਕ ਹੈ। ਭਾਰਤ ’ਚ ਵੱਡੀ ਗਿਣਤੀ ’ਚ ਅਜਿਹੀਆਂ ਥਾਵਾਂ ਹਨ, ਜਿਥੇ ਰੇਲ ਪੱਟੜੀਆਂ ਦੇ ਆਸ-ਪਾਸ ਅਜਿਹੇ ਆਯੋਜਨ ਹੁੰਦੇ ਹਨ।
ਇਸ ਲਈ ਫਿਲਹਾਲ ਤਾਂ ਇਸ ਘਟਨਾ ਤੋਂ ਇਹੋ ਸਬਕ ਸਿੱਖਿਆ ਜਾ ਸਕਦਾ ਹੈ ਕਿ ਭਵਿੱਖ ’ਚ ਰੇਲ ਪੱਟੜੀਆਂ ਦੇ ਆਸ-ਪਾਸ ਅਜਿਹੇ ਆਯੋਜਨਾਂ ’ਤੇ ਤੁਰੰਤ ਰੋਕ ਲਾਈ ਜਾਵੇ ਤਾਂ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।
–ਵਿਜੇ ਕੁਮਾਰ
ਪਾਕਿਸਤਾਨ ਦੀਆਂ ਓਹੀ ਦੋ ਸਮੱਸਿਆਵਾਂ ਮਾਲੀ ਸੰਕਟ ਅਤੇ ਕੱਟੜਵਾਦ
NEXT STORY