ਨੈਸ਼ਨਲ ਡੈਸਕ : ਫਾਸਟ ਫੂਡ ਦੀ ਲਤ ਸਿਹਤ ਲਈ ਕਿੰਨੀ ਖ਼ਤਰਨਾਕ ਹੋ ਸਕਦੀ ਹੈ। ਇਸ ਦੀ ਇੱਕ ਦਰਦਨਾਕ ਮਿਸਾਲ ਉੱਤਰ ਪ੍ਰਦੇਸ਼ ਦੇ ਅਮਰੋਹਾ ਤੋਂ ਸਾਹਮਣੇ ਆਈ ਹੈ। ਇੱਥੇ ਇੱਕ 16 ਸਾਲਾ ਕੁੜੀ, ਜਿਸ ਨੂੰ ਚਾਊਮੀਨ, ਪਿਜ਼ਾ ਅਤੇ ਬਰਗਰ ਖਾਣ ਦਾ ਬੇਹੱਦ ਸ਼ੌਕ ਸੀ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਸੂਤਰਾਂ ਅਨੁਸਾਰ ਲਗਾਤਾਰ ਫਾਸਟ ਫੂਡ ਖਾਣ ਕਾਰਨ ਉਸ ਦੀਆਂ ਅੰਤੜੀਆਂ ਵਿੱਚ ਛੇਕ ਹੋ ਗਏ ਸਨ।
ਪਰਿਵਾਰ ਦੇ ਮਨ੍ਹਾ ਕਰਨ 'ਤੇ ਵੀ ਨਹੀਂ ਮੰਨੀ ਸੀ ਅਹਾਨਾ
ਮ੍ਰਿਤਕਾ ਦੀ ਪਛਾਣ ਅਹਾਨਾ ਵਜੋਂ ਹੋਈ ਹੈ, ਜੋ ਕਿ ਅਮਰੋਹਾ ਦੇ ਮੁੱਹਲਾ ਅਫਗਾਨਾਨ ਦੀ ਰਹਿਣ ਵਾਲੀ ਸੀ ਅਤੇ 11ਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਅਹਾਨਾ ਨੂੰ ਫਾਸਟ ਫੂਡ ਖਾਣ ਦੀ ਬੁਰੀ ਆਦਤ ਸੀ। ਘਰਦਿਆਂ ਦੇ ਵਾਰ-ਵਾਰ ਰੋਕਣ ਦੇ ਬਾਵਜੂਦ ਉਹ ਅਕਸਰ ਬਾਹਰ ਦਾ ਖਾਣਾ ਜਿਵੇਂ ਮੈਗੀ, ਚਾਊਮੀਨ, ਪਿਜ਼ਾ ਅਤੇ ਬਰਗਰ ਖਾਂਦੀ ਰਹਿੰਦੀ ਸੀ। ਸਤੰਬਰ ਮਹੀਨੇ ਵਿੱਚ ਉਸ ਦੀ ਸਿਹਤ ਵਿਗੜਨੀ ਸ਼ੁਰੂ ਹੋਈ ਅਤੇ ਉਸ ਦੇ ਪੇਟ ਵਿੱਚ ਲਗਾਤਾਰ ਤੇਜ਼ ਦਰਦ ਰਹਿਣ ਲੱਗਾ।
ਡਾਕਟਰਾਂ ਨੇ ਅੰਤੜੀਆਂ 'ਚ ਛੇਕ ਹੋਣ ਦੀ ਕੀਤੀ ਸੀ ਪੁਸ਼ਟੀ
ਅਹਾਨਾ ਦੇ ਦਰਦ ਵਧਣ 'ਤੇ 30 ਨਵੰਬਰ ਨੂੰ ਉਸ ਨੂੰ ਮੁਰਾਦਾਬਾਦ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਾਂਚ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਫਾਸਟ ਫੂਡ ਦਾ ਸੇਵਨ ਕਰਨ ਕਾਰਨ ਉਸ ਦੀਆਂ ਅੰਤੜੀਆਂ ਕਈ ਥਾਵਾਂ ਤੋਂ ਨੁਕਸਾਨੀਆਂ ਗਈਆਂ ਸਨ ਅਤੇ ਉਨ੍ਹਾਂ ਵਿੱਚ ਛੇਕ ਹੋ ਗਏ ਸਨ। ਹਸਪਤਾਲ ਵਿੱਚ ਉਸ ਦਾ ਆਪ੍ਰੇਸ਼ਨ ਵੀ ਕੀਤਾ ਗਿਆ, ਪਰ ਘਰ ਪਰਤਣ ਤੋਂ ਬਾਅਦ ਵੀ ਉਸ ਦੀ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਅਤੇ ਉਹ ਲਗਾਤਾਰ ਕਮਜ਼ੋਰ ਹੁੰਦੀ ਗਈ।
AIIMS ਦਿੱਲੀ ਵਿਖੇ ਹਾਰਟ ਫੇਲ੍ਹ ਹੋਣ ਕਾਰਨ ਹੋਈ ਮੌਤ
ਚਾਰ ਦਿਨ ਪਹਿਲਾਂ ਹਾਲਤ ਜ਼ਿਆਦਾ ਵਿਗੜਨ 'ਤੇ ਉਸ ਨੂੰ ਦਿੱਲੀ ਦੇ ਏਮਜ਼ ਹਸਪਤਾਲ ਲਿਜਾਇਆ ਗਿਆ,। ਉੱਥੇ ਇਲਾਜ ਦੌਰਾਨ ਐਤਵਾਰ ਰਾਤ ਨੂੰ ਅਚਾਨਕ ਹਾਰਟ ਫੇਲ੍ਹ ਹੋਣ ਕਾਰਨ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਵੀ ਸਾਫ਼ ਤੌਰ 'ਤੇ ਫਾਸਟ ਫੂਡ ਨੂੰ ਹੀ ਅੰਤੜੀਆਂ ਖ਼ਰਾਬ ਹੋਣ ਦਾ ਮੁੱਖ ਕਾਰਨ ਦੱਸਿਆ ਹੈ। ਇਸ ਹੋਨਹਾਰ ਵਿਦਿਆਰਥਣ ਦੀ ਬੇਵਕਤੀ ਮੌਤ ਕਾਰਨ ਪਰਿਵਾਰ ਵਿੱਚ ਕੋਹਰਾਮ ਮਚਿਆ ਹੋਇਆ ਹੈ ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਸ਼੍ਰੀਲੰਕਾ ਪੁੱਜੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ! 'ਦਿਤਵਾ' ਮਗਰੋਂ ਹਰ ਸੰਭਵ ਮਦਦ ਦਾ ਦਿਵਾਇਆ ਭਰੋਸਾ
NEXT STORY