ਹੁਣ ਜਦੋਂ ਕਿ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ ਪੋਲਿੰਗ ਹੋਣੀ ਲਗਭਗ ਤੈਅ ਹੈ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਲੋਂ ਨਾਮਜ਼ਦਗੀ ਭਰਨ ਦੀ ਤਿਆਰੀ ਦਰਮਿਆਨ ਉਨ੍ਹਾਂ ਦੇ ਜਾਨਸ਼ੀਨ ਨੂੰ ਲੈ ਕੇ ਪਾਰਟੀ ’ਚ ਘਮਾਸਾਨ ਸ਼ੁਰੂ ਹੋ ਗਿਆ ਹੈ। ਅਸ਼ੋਕ ਗਹਿਲੋਤ ਦੀ ਥਾਂ ਮੁੱਖ ਮੰਤਰੀ ਵਜੋਂ ਹਾਈ ਕਮਾਨ ਦੀ ਪਹਿਲੀ ਪਸੰਦ ਸਚਿਨ ਪਾਇਲਟ ਹਨ ਪਰ ਗਹਿਲੋਤ ਧੜਾ ਇਸ ਦੇ ਵਿਰੁੱਧ ਹੈ ਅਤੇ ਉਹ ਵਿਧਾਨ ਸਭਾ ਦੇ ਸਪੀਕਰ ਸੀ. ਪੀ. ਜੋਸ਼ੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦਾ ਹੈ।
ਕਾਂਗਰਸ ਵਿਧਾਇਕ ਦਲ ਦੀ ਬੈਠਕ 25 ਸਤੰਬਰ ਨੂੰ ਮੁੱਖ ਮੰਤਰੀ ਦੇ ਨਿਵਾਸ ਵਿਖੇ ਹੋਣੀ ਸੀ ਅਤੇ ਇਸ ’ਚ ਸ਼ਾਮਲ ਹੋਣ ਲਈ ਕਾਂਗਰਸ ਦੇ ਚੋਟੀ ਦੇ ਨੇਤਾ ਮੱਲਿਕਾਰੁਜਨ ਖੜਗੇ, ਸੂਬਾਈ ਇੰਚਾਰਜ ਅਜੇ ਮਾਕਨ, ਅਸ਼ੋਕ ਗਹਿਲੋਤ, ਸੂਬਾਈ ਕਾਂਗਰਸ ਦੇ ਪ੍ਰਧਾਨ ਗੋਬਿੰਦ ਸਿੰਘ ਡੋਟਾਸਰਾ, ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਅਤੇ ਕੁਝ ਹੋਰ ਵਿਧਾਇਕ ਵੀ ਉਥੇ ਪਹੁੰਚ ਗਏ ਸਨ ਪਰ ਇਸ ’ਚ ਸ਼ਾਮਲ ਹੋਣ ਦੀ ਬਜਾਏ ਗਹਿਲੋਤ ਦੇ ਹਮਾਇਤੀ ਵਿਧਾਇਕਾਂ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਦੇ ਬੰਗਲੇ ’ਤੇ ਮੁਕਾਬਲੇ ਦੀ ਮੀਟਿੰਗ ਸੱਦ ਲਈ ਅਤੇ ਉਸ ’ਚ ਵਿਚਾਰ-ਵਟਾਂਦਰੇ ਪਿੱਛੋਂ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਸੀ. ਪੀ. ਜੋਸ਼ੀ ਨੂੰ ਆਪਣੇ ਅਸਤੀਫੇ ਸੌਂਪ ਕੇ ਇਕ ਪ੍ਰਸਤਾਵ ਪਾਸ ਕਰ ਕੇ ਗਹਿਲੋਤ ਦੇ ਹੀ ਕਿਸੇ ਹਮਾਇਤੀ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਵੀ ਕਹਿ ਦਿੱਤੀ।
ਓਧਰ ਦੇਰ ਰਾਤ ਤੱਕ ਮੁੱਖ ਮੰਤਰੀ ਦੇ ਨਿਵਾਸ ਵਿਖੇ ਮੌਜੂਦ ਕਾਂਗਰਸੀ ਨੇਤਾ ਉਕਤ ਵਿਧਾਇਕਾਂ ਦੀ ਉਡੀਕ ਕਰਦੇ ਰਹੇ ਪਰ ਉਨ੍ਹਾਂ ਦੇ ਨਾ ਆਉਣ ਕਾਰਨ ਵਿਧਾਇਕ ਦਲ ਦੀ ਬੈਠਕ ਮੁਲਤਵੀ ਕਰ ਦਿੱਤੀ ਗਈ। ਅਸ਼ੋਕ ਗਹਿਲੋਤ ਹਮਾਇਤੀ ਵਿਧਾਇਕਾਂ ਨੇ ਕੁਝ ਸ਼ਰਤਾਂ ਰੱਖੀਆਂ ਹਨ। ਉਹ ਚਾਹੁੰਦੇ ਹਨ ਕਿ ਸੂਬੇ ’ਚ ਨਵੇਂ ਮੁੱਖ ਮੰਤਰੀ ਦਾ ਫੈਸਲਾ ਕਾਂਗਰਸ ਦੀਆਂ ਸੰਗਠਨਾਤਮਕ ਚੋਣਾਂ ਹੋਣ ਤਕ ਨਾ ਕੀਤਾ ਜਾਵੇ। ਨਵੇਂ ਮੁੱਖ ਮੰਤਰੀ ਦੀ ਚੋਣ ’ਚ ਗਹਿਲੋਤ ਦੀ ਰਾਏ ’ਤੇ ਧਿਆਨ ਦਿੱਤਾ ਜਾਵੇ ਅਤੇ ਨਵਾਂ ਮੁੱਖ ਮੰਤਰੀ ਉਨ੍ਹਾਂ ਵਿਧਾਇਕਾਂ ’ਚੋਂ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ 2020 ’ਚ ਪਾਇਲਟ ਹਮਾਇਤੀਆਂ ਵਲੋਂ ਬਗਾਵਤ ਦੌਰਾਨ ਸਰਕਾਰ ਬਚਾਉਣ ’ਚ ਮਦਦ ਕੀਤੀ ਸੀ। ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਕਾਂਗਰਸ ਲੀਡਰਸ਼ਿਪ ਵਿਧਾਇਕਾਂ ਨਾਲ ਵੱਖ-ਵੱਖ ਨਾ ਮਿਲ ਕੇ ਗਰੁੱਪ ’ਚ ਮਿਲੇ।
ਇਨ੍ਹਾਂ ਸ਼ਰਤਾਂ ਕਾਰਨ ਮੱਲਿਕਾਰੁਜਨ ਖੜਗੇ ਅਤੇ ਅਜੇ ਮਾਕਨ ਤੋਂ ਇਲਾਵਾ ਕਾਂਗਰਸ ਹਾਈਕਮਾਨ ਕਾਫੀ ਨਾਰਾਜ਼ ਹੈ ਅਤੇ ਇਸ ਘਟਨਾਚੱਕਰ ਦਰਮਿਆਨ ਖਬਰ ਇਹ ਹੈ ਕਿ ਅਸ਼ੋਕ ਗਹਿਲੋਤ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਦੌੜ ਤੋਂ ਬਾਹਰ ਕੀਤਾ ਜਾ ਸਕਦਾ ਹੈ। ਗਹਿਲੋਤ ਧੜੇ ਦੇ ਵਿਧਾਇਕ ਪ੍ਰਤਾਪ ਸਿੰਘ ਖਾਚਰਿਆਵਾਸ ਨੇ ਇਥੋਂ ਤਕ ਕਿਹਾ ਕਿ, ‘‘ਪਾਰਟੀ ਸਾਡੀ ਨਹੀਂ ਸੁਣਦੀ। ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਅਸ਼ੋਕ ਗਹਿਲੋਤ ਸੱਦਾ ਦੇਣਗੇ ਤਾਂ ਅਸੀਂ ਜਾਨ ਵੀ ਦੇ ਦਿਆਂਗੇ। ਸਚਿਨ ਪਾਇਲਟ ਨਾਲ ਸਿਰਫ 10 ਵਿਧਾਇਕ ਹਨ।’’ ਪ੍ਰਤਾਪ ਸਿੰਘ ਖਾਚਰਿਆਵਾਸ ਦਾ ਕਹਿਣਾ ਹੈ ਕਿ ‘‘ਅਸ਼ੋਕ ਗਹਿਲੋਤ ਕੋਈ ਕਲਾਸ ਮਾਨੀਟਰ ਨਹੀਂ ਹਨ, ਜਿਸ ਨੂੰ ਬਦਲਿਆ ਜਾਵੇ। ਉਹ ਕਾਂਗਰਸ ਪ੍ਰਧਾਨ ਦੇ ਨਾਲ ਹੀ ਮੁੱਖ ਮੰਤਰੀ ਵੀ ਬਣੇ ਰਹਿਣ। ਕੋਈ ਹੋਰ ਬਣਿਆ ਤਾਂ ਸਰਕਾਰ ਡਿੱਗ ਜਾਵੇਗੀ।’’
ਇਸ ਦੌਰਾਨ ਸੋਨੀਆ ਗਾਂਧੀ ਨੇ ਫੋਨ ਕਰ ਕੇ ਗਹਿਲੋਤ ਕੋਲੋਂ ਪੁੱਛਿਆ ਕਿ ਜੈਪੁਰ ’ਚ ਕੀ ਚੱਲ ਰਿਹਾ ਹੈ ਤਾਂ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਦੇ ਵੱਸ ’ਚ ਕੁਝ ਨਹੀਂ ਹੈ। ਸੋਨੀਆ ਗਾਂਧੀ ਨੇ ਇਸ ਸੰਬੰਧ ’ਚ ਮੱਲਿਕਾਰਜੁਨ ਖੜਗੇ ਅਤੇ ਅਜੇ ਮਾਕਨ ਕੋਲੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਸੀਨੀਅਰ ਕਾਂਗਰਸੀ ਨੇਤਾ ਪ੍ਰਮੋਦ ਕ੍ਰਿਸ਼ਣਮ ਨੇ ਕਿਹਾ ਹੈ ਕਿ ‘‘ਇਹ ਸਮਾਂ ਭਾਜਪਾ ਨਾਲ ਲੜਨ ਦਾ ਹੈ, ਸਚਿਨ ਪਾਇਲਟ ਨਾਲ ਲੜਨ ਦਾ ਨਹੀਂ। ਗਹਿਲੋਤ ਧੜੇ ਦੇ ਵਿਧਾਇਕਾਂ ਵਲੋਂ ਹਾਈ ਕਮਾਨ ’ਤੇ ਪ੍ਰੈਸ਼ਰ ਬਣਾਉਣਾ ਠੀਕ ਨਹੀਂ ਹੈ। ਜਿਸ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ, ਉਹ ਮੁੱਖ ਮੰਤਰੀ ਦੇ ਅਹੁਦੇ ਦਾ ਮੋਹ ਨਹੀਂ ਛੱਡ ਪਾ ਰਿਹਾ। ਗਹਿਲੋਤ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ।’’ ਭਵਿੱਖ ’ਚ ਇਹ ਘਟਨਾਚੱਕਰ ਜੋ ਵੀ ਰੂਪ ਧਾਰਨ ਕਰੇ, ਫਿਲਹਾਲ ਤਾਂ ਇਹੀ ਲੱਗਦਾ ਹੈ ਕਿ ਪਾਰਟੀ ਨੇਤਾ ਇਸ ਅਸਲੀਅਤ ਨੂੰ ਹੀ ਮਹਿਸੂਸ ਨਹੀਂ ਕਰ ਪਾ ਰਹੇ ਹਨ ਕਿ ਕਾਂਗਰਸ ਕਿਥੋਂ ਚੱਲ ਕੇ ਕਿੱਥੇ ਆ ਪਹੁੰਚੀ ਹੈ ਅਤੇ ਹੁਣ ਸਿਰਫ 2 ਸੂਬਿਆਂ ’ਚ ਹੀ ਇਸ ਦਾ ਰਾਜ ਰਹਿ ਗਿਆ ਹੈ। ਇਕ ਪਾਸੇ ਕਾਂਗਰਸ ‘ਭਾਰਤ ਜੋੜੋ ਯਾਤਰਾ’ ਕੱਢ ਰਹੀ ਹੈ ਤਾਂ ਦੂਜੇ ਪਾਸੇ ਇਸ ਦੇ ਆਪਣੇ ਹੀ ਅੰਦਰ ਟੁੱਟ-ਭੱਜ ਵਧਦੀ ਜਾ ਰਹੀ ਹੈ।
ਇਕ ਪਾਸੇ ਛੋਟੀਆਂ-ਛੋਟੀਆਂ ਖੇਤਰੀ ਪਾਰਟੀਆਂ ਨਿਤੀਸ਼ ਕੁਮਾਰ ਅਤੇ ਲਾਲੂ ਯਾਦਵ ਨਾਲ ਮਿਲ ਕੇ ਵੱਡਾ ਵਿਰੋਧੀ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਨਿਤੀਸ਼ ਕੁਮਾਰ ਨੇ ਕਿਹਾ ਵੀ ਹੈ ਕਿ ਗੱਠਜੋੜ ’ਚ ਕਾਂਗਰਸ ਦਾ ਹੋਣਾ ਵੀ ਜ਼ਰੂਰੀ ਹੈ ਪਰ ਕਾਂਗਰਸ ਦੀ ਹਾਲਤ ਇਹ ਹੋ ਗਈ ਹੈ ਕਿ ਇਸਦੇ ਚੋਟੀ ਦੇ ਆਗੂ 1 ਕਦਮ ਅੱਗੇ ਵਧਾਉਂਦੇ ਹਨ ਤਾਂ ਹੋਰ ਨੇਤਾ 2 ਕਦਮ ਪਿੱਛੇ ਖਿੱਚ ਲੈਂਦੇ ਹਨ। ਰਾਜਸਥਾਨ ਨੂੰ ਲੈ ਕੇ ਜੈਪੁਰ ਅਤੇ ਦਿੱਲੀ ’ਚ ਤੇਜ਼ ਹੋਈਆਂ ਸਿਆਸੀ ਸਰਗਰਮੀਆਂ ਦਰਮਿਆਨ ਜਿਥੇ ਗਹਿਲੋਤ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਦੌੜ ਤੋਂ ਬਾਹਰ ਹੋਣ ਦੀ ਗੱਲ ਵੀ ਸੁਣਨ ’ਚ ਆ ਰਹੀ ਹੈ ਤਾਂ ਇਸ ਦੌੜ ’ਚ ਮੱਲਿਕਾਰੁਜਨ ਖੜਗੇ, ਕੇ. ਸੀ. ਵੇਣੂੰਗੋਪਾਲ, ਮੁਕੁਲ ਵਾਸਨਿਕ ਅਤੇ ਦਿੱਗਵਿਜੇ ਸਿੰਘ ਦੇ ਸ਼ਾਮਲ ਹੋ ਜਾਣ ਦੀ ਚਰਚਾ ਹੈ। ਇਹ ਸਭ ਸੋਨੀਆ ਦੇ ਕਰੀਬੀ ਮੰਨੇ ਜਾਂਦੇ ਹਨ। ਜੋ ਵੀ ਹੋਵੇ, ਅਸਲੀਅਤ ਦਾ ਪਤਾ ਤਾਂ ਆਉਣ ਵਾਲੇ ਦਿਨਾਂ ’ਚ ਹੀ ਲੱਗੇਗਾ।
–ਵਿਜੇ ਕੁਮਾਰ
ਆਪਣੀਆਂ ਅਨਮੋਲ ਪ੍ਰਾਚੀਨ ਵਿਰਾਸਤਾਂ ਨੂੰ ਸੰਭਾਲਣ ਵਿਚ ਅਸਫ਼ਲ ਹਾਂ ਅਸੀਂ
NEXT STORY