ਦੇਸ਼ ’ਚ ਜਬਰ-ਜ਼ਨਾਹ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਨ੍ਹਾਂ ’ਚ ਕਿਸੇ ਵੀ ਤਰ੍ਹਾਂ ਕਮੀ ਆਉਂਦੀ ਦਿਖਾਈ ਨਹੀਂ ਦੇ ਰਹੀ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਹੇਠਲੀਆਂ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ :
* 29 ਨਵੰਬਰ ਨੂੰ ਬੇਂਗਲੁਰੂ ’ਚ ਇਕ ਟੈਕਸੀ ਡਰਾਈਵਰ ਅਤੇ ਉਸ ਦੇ ਸਾਥੀ ਨੇ ਕੇਰਲ ਦੀ ਇਕ 22 ਸਾਲਾ ਮੁਟਿਆਰ ਨਾਲ ਜਬਰ-ਜ਼ਨਾਹ ਕਰ ਦਿੱਤਾ।
* 4 ਦਸੰਬਰ ਨੂੰ ਤੇਲੰਗਾਨਾ ’ਚ ‘ਸੂਰਿਆਪੇਟ’ ਜ਼ਿਲੇ ਦੇ ‘ਤਿਰੂਮਾਲਾਗਿਰੀ’ ਇਲਾਕੇ ’ਚ 15 ਸਾਲਾ ਨਾਬਾਲਗਾ ਨੇ ਚਾਚੇ ਵਲੋਂ ਜਬਰ-ਜ਼ਨਾਹ ਕੀਤੇ ਜਾਣ ਤੋਂ ਬਾਅਦ ਨਮੋਸ਼ੀ ਕਾਰਨ ਖੁਦਕੁਸ਼ੀ ਕਰ ਲਈ।
* 5 ਦਸੰਬਰ ਨੂੰ ਬੁਢਲਾਡਾ ’ਚ 13 ਸਾਲਾ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ।
* 6 ਦਸੰਬਰ ਨੂੰ ਗੁਰੂਗ੍ਰਾਮ ਪੁਲਸ ਨੇ ‘ਘਾਸੋਲਾ’ ਪਿੰਡ ਦੇ ਨੇੜੇ ਇਕ ਝੌਂਪੜੀ ’ਚ ਵੜ ਕੇ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ ਪੱਛਮੀ ਬੰਗਾਲ ਦੇ ਰਹਿਣ ਵਾਲੇ ਇਕ ਮਜ਼ਦੂਰ ਨੂੰ ਗ੍ਰਿਫਤਾਰ ਕੀਤਾ।
* 6 ਦਸੰਬਰ ਨੂੰ ਹੀ ਨਵੀਂ ਮੁੰਬਈ (ਮਹਾਰਾਸ਼ਟਰ) ’ਚ ਤਲੋਜਾ ਦੀ ਰਿਹਾਇਸ਼ੀ ਬਿਲਡਿੰਗ ਦੀ ਲਿਫਟ ’ਚ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ ਇਕ 19 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।
* 7 ਦਸੰਬਰ ਨੂੰ ਟਾਂਡਾ ਪੁਲਸ ਨੇ ਇਕ ਪਿੰਡ ’ਚ 9 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ ਇਕ ਠੇਕੇਦਾਰ ਵਿਰੁੱਧ ਕੇਸ ਦਰਜ ਕੀਤਾ।
* 7 ਦਸੰਬਰ ਨੂੰ ਹੀ ਮੁੰਬਈ ਦੇ ਕੁਰਲਾ ਇਲਾਕੇ ’ਚ 3 ਵਿਅਕਤੀਆਂ ਨੇ ਇਕ ਮਕਾਨ ’ਚ ਵੜ ਕੇ ਔਰਤ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਬਾਅਦ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੇ ਇਲਾਵਾ ਉਸ ਦੇ ਸਰੀਰ ਨੂੰ ਸਿਗਰਟਾਂ ਨਾਲ ਦਾਗ ਦਿੱਤਾ।
* 7 ਦਸੰਬਰ ਨੂੰ ਹੀ ਗਾਜ਼ੀਆਬਾਦ ਪੁਲਸ ਨੇ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ ਅਤੇ ਹੱਤਿਆ ਕਰਨ ਦੇ ਦੋਸ਼ ਵਿਚ ਇਕ 20 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ।
* 9 ਦਸੰਬਰ ਨੂੰ ਪਠਾਨਕੋਟ ਦੀ ਅਦਾਲਤ ਨੇ ਨਾਬਾਲਗ ਨਾਲ ਛੇੜਛਾੜ ਅਤੇ ਜਬਰ-ਜ਼ਨਾਹ ਦੀ ਕੋਸ਼ਿਸ਼ ਦੇ ਦੋਸ਼ੀ ਨੂੰ 5 ਸਾਲ ਕੈਦ ਅਤੇ 35000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
* 9 ਦਸੰਬਰ ਨੂੰ ਹੀ ਸੋਨਭਦਰ ਦੀ ਅਦਾਲਤ ਨੇ 7 ਸਾਲਾ ਬੱਚੀ ਨਾਲ ਕੁਕਰਮ ਅਤੇ ਹੱਤਿਆ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਅਤੇ 3.25 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
* 9 ਦਸੰਬਰ ਨੂੰ ਹੀ ਮਥੁਰਾ ਦੇ ਅੱਪਰ ਸੈਸ਼ਨ ਜੱਜ ਅਤੇ ਵਿਸ਼ੇਸ਼ ਜੱਜ (ਪੋਕਸੋ ਕਾਨੂੰਨ) ਵਿਪਨ ਕੁਮਾਰ ਦੀ ਅਦਾਲਤ ਨੇ 10 ਸਾਲਾ ਬੱਚੀ ਦੀ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਕਰਨ ਵਾਲੇ ਦਰਿੰਦੇ ਨੂੰ ਪੁਲਸ ਵਲੋਂ 14 ਨਵੰਬਰ ਨੂੰ ਚਾਰਜਸ਼ੀਟ ਦਾਖਲ ਕਰਨ ਦੇ ਸਿਰਫ 26 ਦਿਨਾਂ ਦੇ ਅੰਦਰ ਹੀ ਫਾਂਸੀ ਦੀ ਸਜ਼ਾ ਸੁਣਾ ਕੇ ਤੇਜ਼ ਨਿਆਂ ਦੀ ਉਦਾਹਰਣ ਪੇਸ਼ ਕੀਤੀ। ਇਹ ਬੱਚੀ 13 ਅਕਤੂਬਰ ਨੂੰ ਸ਼ਹਿਰ ਦੇ ਕੋਤਵਾਲੀ ਇਲਾਕੇ ਤੋਂ ਗਾਇਬ ਹੋ ਗਈ ਸੀ, ਜਿਸ ਦੀ ਲਾਸ਼ ਬਾਅਦ ’ਚ ਵ੍ਰਿੰਦਾਵਨ ਦੇ ਜੰਗਲਾਂ ’ਚੋਂ ਮਿਲੀ ਸੀ।
ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ਤੋਂ ਵਸੂਲ ਕੀਤੀ ਜਾਣ ਵਾਲੀ ਜੁਰਮਾਨੇ ਦੀ ਰਕਮ ਦਾ 80 ਫੀਸਦੀ ਹਿੱਸਾ ਪੀੜਤਾ ਦੇ ਮਾਤਾ-ਪਿਤਾ ਨੂੰ ਦੇਣ ਦਾ ਹੁਕਮ ਵੀ ਦਿੱਤਾ।
* 10 ਦਸੰਬਰ ਨੂੰ ਮੁੰਬਈ ਦੇ ਬਾਂਦ੍ਰਾ ’ਚ ਇਕ 17 ਸਾਲਾ ਲੜਕੀ ਨੂੰ ਬਲੈਕਮੇਲ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਲੜਕੇ ਨੂੰ ਫੜ ਲਿਆ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅਪਰਾਧੀਆਂ ਦੇ ਹੌਸਲੇ ਕਿਸ ਕਦਰ ਵਧ ਚੁੱਕੇ ਹਨ। ਅਜਿਹੇ ’ਚ ਇਸ ਬੁਰਾਈ ’ਤੇ ਨੱਥ ਪਾਉਣ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਤਾਂ ਕਾਨਪੁਰ ’ਚ ਇਕ ਸਮਾਰੋਹ ’ਚ ਬਦਮਾਸ਼ਾਂ ਨੂੰ ਚਿਤਾਵਨੀ ਦਿੰਦੇ ਹੋਏ ਇਥੋਂ ਤਕ ਕਹਿ ਦਿੱਤਾ ਹੈ ਕਿ, ‘‘ਜੇਕਰ ਉਨ੍ਹਾਂ ਨੇ ਭੈਣ-ਬੇਟੀਆਂ ਨੂੰ ਛੇੜਿਆ ਤਾਂ ਐਨਕਾਊਂਟਰ ’ਚ ਮਾਰ ਦੇਣਗੇ।’’
ਮਥੁਰਾ ਦੀ ਅਦਾਲਤ ਨੇ ਸਿਰਫ 26 ਦਿਨਾਂ ਦੇ ਅੰਦਰ ਮੁਕੱਦਮੇ ਨੂੰ ਅੰਜਾਮ ਤਕ ਪਹੁੰਚਾ ਕੇ ਜਲਦੀ ਨਿਆਂ ਦੇਣ ਦੀ ਉਦਾਹਰਣ ਪੇਸ਼ ਕੀਤੀ ਹੈ, ਇਸ ਲਈ ਜੇਕਰ ਅਦਾਲਤਾਂ ਔਰਤਾਂ ਅਤੇ ਬੱਚੀਆਂ ਵਿਰੁੱਧ ਅਪਰਾਧਾਂ ’ਤੇ ਇਸੇ ਤਰ੍ਹਾਂ ਬੇਹੱਦ ਘੱਟ ਅਰਸੇ ’ਚ ਫੈਸਲੇ ਸੁਣਾਉਣ ਲੱਗਣ ਤਾਂ ਇਸ ਬੁਰਾਈ ’ਤੇ ਕਿਸੇ ਹੱਦ ਤਕ ਰੋਕ ਲਗਾਉਣ ’ਚ ਸਹਾਇਤਾ ਜ਼ਰੂਰ ਮਿਲੇਗੀ।
–ਵਿਜੇ ਕੁਮਾਰ
ਪੰਜਾਬ, ਹਰਿਆਣਾ, ਹਿਮਾਚਲ : ਸਰਕਾਰੀ ਸਕੂਲਾਂ ’ਚ ਅਧਿਆਪਕਾਂ ਅਤੇ ਮੁਢਲੇ ਢਾਂਚੇ ਦੀ ਭਾਰੀ ਘਾਟ
NEXT STORY