ਕੇਂਦਰ ਤੇ ਸੂਬਾ ਸਰਕਾਰਾਂ ਦੇ ਦਾਅਵਿਆਂ ਦੇ ਬਾਵਜੂਦ ਦੇਸ਼ 'ਚ ਅਪਰਾਧ ਲਗਾਤਾਰ ਵਧ ਰਹੇ ਹਨ ਅਤੇ ਅਪਰਾਧੀ ਅਨਸਰਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਨਾ ਸਿਰਫ ਉਹ ਪੁਲਸ ਦੀ ਹਿਰਾਸਤ 'ਚੋਂ ਭੱਜਣ 'ਚ ਸਫਲ ਹੋ ਰਹੇ ਹਨ ਸਗੋਂ ਆਪਣੇ ਸਾਥੀਆਂ ਨੂੰ ਛੁਡਵਾਉਣ ਜਾਂ ਵਿਰੋਧੀ ਗਿਰੋਹ ਦੇ ਮੈਂਬਰਾਂ ਦਾ ਕੰਮ ਤਮਾਮ ਕਰਨ ਲਈ ਅਦਾਲਤੀ ਕੰਪਲੈਕਸਾਂ ਤਕ 'ਚ ਗੋਲੀਬਾਰੀ ਤੇ ਖੂਨ-ਖਰਾਬਾ ਕਰ ਰਹੇ ਹਨ :
* 17 ਜਨਵਰੀ 2018 ਨੂੰ ਰਾਜਸਥਾਨ 'ਚ ਸਾਦੂਲਪੁਰ ਦੇ ਅਦਾਲਤੀ ਕੰਪਲੈਕਸ 'ਚ ਕੁਝ ਹਥਿਆਰਬੰਦ ਵਿਅਕਤੀ ਇਕ ਹਿਸਟਰੀਸ਼ੀਟਰ ਅਜੈ ਜੈਤਪੁਰਾ ਦੀ ਹੱਤਿਆ ਤੇ 2 ਹੋਰਨਾਂ ਨੂੰ ਜ਼ਖਮੀ ਕਰ ਕੇ ਫਰਾਰ ਹੋ ਗਏ।
* 06 ਫਰਵਰੀ ਨੂੰ ਸ਼੍ਰੀਨਗਰ ਦੇ ਮਹਾਰਾਜਾ ਹਰੀ ਸਿੰਘ ਹਸਪਤਾਲ 'ਚ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਉਹ ਉਥੋਂ ਇਲਾਜ ਲਈ ਦਾਖਲ ਇਕ ਪਾਕਿਸਤਾਨੀ ਅੱਤਵਾਦੀ ਨੂੰ ਛੁਡਾ ਕੇ ਲੈ ਗਏ ਤੇ ਉਸ ਹਮਲੇ 'ਚ 2 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ।
* 18 ਫਰਵਰੀ ਨੂੰ ਪੁਲਸ ਵਾਲਿਆਂ ਦੀਆਂ ਅੱਖਾਂ 'ਚ ਮਿਰਚੀ ਪਾਊਡਰ ਪਾ ਕੇ ਦਿੱਲੀ ਦੇ ਇਕ ਹਸਪਤਾਲ 'ਚ ਚੈੱਕਅਪ ਕਰਵਾਉਣ ਆਏ ਕੈਦੀ ਨੂੰ ਉਸ ਦੇ ਸਾਥੀ ਛੁਡਾ ਕੇ ਲੈ ਗਏ।
* 04 ਅਪ੍ਰੈਲ ਨੂੰ ਬਿਹਾਰ ਦੇ ਹਾਜੀਪੁਰ ਨਗਰ ਥਾਣਾ ਖੇਤਰ ਦੇ ਕਚਹਿਰੀ ਰੋਡ 'ਤੇ ਕੈਦੀ ਨੂੰ ਅਦਾਲਤ 'ਚ ਪੇਸ਼ੀ ਕਰਵਾ ਕੇ ਲਿਜਾ ਰਹੇ ਹੌਲਦਾਰ ਦੀ ਅਪਰਾਧੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਆਪਣੇ ਸਾਥੀ ਕੈਦੀ ਨੂੰ ਛੁਡਾ ਕੇ ਲੈ ਗਏ।
* 25 ਅਪ੍ਰੈਲ ਨੂੰ ਗੁਹਾਟੀ 'ਚ 'ਕਾਮਾਖਯਾ ਦਾਯਮਾਰੀ' ਉਰਫ 'ਕਾਵਾਨਾ ਸੋਂਗ' ਨਾਮੀ ਅੱਤਵਾਦੀ ਕੌਮੀ ਜਾਂਚ ਏਜੰਸੀ ਦੀ ਅਦਾਲਤ 'ਚ ਪੇਸ਼ ਕੀਤੇ ਜਾਣ ਤੋਂ ਕੁਝ ਹੀ ਸਮੇਂ ਬਾਅਦ ਪੁਲਸ ਹਿਰਾਸਤ 'ਚੋਂ ਫਰਾਰ ਹੋ ਗਿਆ।
ਅਤੇ ਹੁਣ 7 ਮਈ ਨੂੰ ਹਰਿਆਣਾ 'ਚ ਭਿਵਾਨੀ ਜ਼ਿਲੇ ਦੇ ਸਿਵਾਨੀ ਅਦਾਲਤੀ ਕੰਪਲੈਕਸ 'ਚ ਤਿੰਨ ਬਦਮਾਸ਼ਾਂ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਭਾਗੀਰਥ ਲਾਲ ਨਾਮੀ ਪੁਲਸ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ। ਪੁਲਸ ਅਨੁਸਾਰ ਹਮਲਾਵਰ ਉਥੇ ਹੱਤਿਆ ਦੇ ਇਕ ਕੇਸ ਦੇ ਸਿਲਸਿਲੇ 'ਚ ਪੇਸ਼ੀ ਲਈ ਲਿਆਂਦੇ ਗਏ ਵਿਰੋਧੀ ਗਿਰੋਹ ਦੇ ਮੈਂਬਰਾਂ ਸੁਨੀਲ ਉਰਫ ਕਾਲੀਆ ਤੇ ਜੈਕੁਮਾਰ ਉਰਫ ਭਦਰੀਆ ਦੀ ਹੱਤਿਆ ਕਰਨ ਆਏ ਸਨ।
ਜਦੋਂ ਸੁਨੀਲ ਸਮੇਤ ਕੁਝ ਵਿਚਾਰ ਅਧੀਨ ਕੈਦੀਆਂ ਨੂੰ ਵਾਪਸ ਪੁਲਸ ਦੀ ਗੱਡੀ 'ਚ ਬਿਠਾਉਣ ਲਈ ਲਿਜਾਇਆ ਜਾ ਰਿਹਾ ਸੀ ਤਾਂ ਵਿਰੋਧੀ ਗਿਰੋਹ ਦੇ ਤਿੰਨ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਦੋ ਗੋਲੀਆਂ ਹੈੱਡ ਕਾਂਸਟੇਬਲ ਭਾਗੀਰਥ ਲਾਲ ਦੇ ਸਿਰ 'ਚ ਲੱਗੀਆਂ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ, ਜਦਕਿ ਏ. ਐੱਸ. ਆਈ. ਗੌਰੀ ਸ਼ੰਕਰਾਨੰਦ ਅਤੇ ਦੋ ਵਿਚਾਰ ਅਧੀਨ ਕੈਦੀ ਸੁਨੀਲ ਤੇ ਜੈਕੁਮਾਰ ਉਰਫ ਭਦਰੀਆ ਛੱਰੇ ਲੱਗਣ ਨਾਲ ਜ਼ਖਮੀ ਹੋ ਗਏ।
ਪੁਲਸ ਅਤੇ ਉਥੇ ਮੌਜੂਦ ਲੋਕਾਂ ਨੇ 2 ਕਥਿਤ ਹਮਲਾਵਰਾਂ ਨੂੰ ਫੜ ਲਿਆ, ਜਦਕਿ ਤੀਜਾ ਭੱਜਣ 'ਚ ਸਫਲ ਹੋ ਗਿਆ।
ਪੁਲਸ ਦੇ ਬੁਲਾਰੇ ਨਸੀਬ ਸਿੰਘ ਅਨੁਸਾਰ ਇਹ ਗੋਲੀਬਾਰੀ ਗੈਂਗ ਮੁਕਾਬਲੇਬਾਜ਼ੀ ਦਾ ਸਿੱਟਾ ਹੈ ਤੇ ਮੀਠੀ ਗਿਰੋਹ ਦੇ ਲੋਕ ਵਿਰੋਧੀ ਗਿਰੋਹ ਦੇ ਸੁਨੀਲ ਦੀ ਹੱਤਿਆ ਕਰਨ ਲਈ ਆਏ ਸਨ, ਜਿਸ ਨੇ 2015 'ਚ ਆਪਣੇ ਇਕ ਸਾਥੀ ਕਪਿਲ ਨਾਲ ਮਿਲ ਕੇ ਮੀਠੀ ਪਿੰਡ ਦੇ ਵਿਜੇਂਦਰ ਤੇ 2 ਦੋ ਹੋਰਨਾਂ ਦੀ ਰਾਜਸਥਾਨ 'ਚ ਹੱਤਿਆ ਕੀਤੀ ਸੀ। ਕਪਿਲ ਦੀ ਬਾਅਦ 'ਚ ਵਿਜੇਂਦਰ ਦੇ ਭਰਾਵਾਂ ਵਲੋਂ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਗਈ ਸੀ।
ਪੁਲਸ ਨੇ ਹੈੱਡ ਕਾਂਸਟੇਬਲ ਭਾਗੀਰਥ ਲਾਲ ਦੇ ਪਰਿਵਾਰ ਨੂੰ 30 ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਤੇ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ 'ਵਿਸ਼ੇਸ਼ ਕਿਰਪਾ ਯੋਜਨਾ' ਦੇ ਤਹਿਤ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਜਾਵੇਗੀ।
ਦੇਸ਼ 'ਚ ਕਾਫੀ ਸਮੇਂ ਤੋਂ ਬਲਾਤਕਾਰਾਂ, ਸਿਆਸਤਦਾਨਾਂ ਅਤੇ ਹੋਰਨਾਂ ਲੋਕਾਂ ਦੀਆਂ ਹੱਤਿਆਵਾਂ ਤੇ ਹੋਰ ਅਪਰਾਧਾਂ ਕਾਰਨ ਖਰਾਬ ਹੋ ਰਹੇ ਮਾਹੌਲ ਤੋਂ ਇਲਾਵਾ ਜੇਲਾਂ ਤੋਂ ਲੈ ਕੇ ਅਦਾਲਤੀ ਕੰਪਲੈਕਸਾਂ ਤਕ 'ਚ ਗੋਲੀਬਾਰੀ ਤੇ ਪੁਲਸ ਦੀ ਹਿਰਾਸਤ 'ਚੋਂ ਅਪਰਾਧੀਆਂ ਦੀ ਫਰਾਰੀ ਦੇ ਲਗਾਤਾਰ ਵਧ ਰਹੇ ਮਾਮਲਿਆਂ ਤੋਂ ਸਪੱਸ਼ਟ ਹੈ ਕਿ ਅਪਾਰਧੀਆਂ ਦੇ ਹੌਸਲੇ ਕਿੰਨੇ ਵਧ ਚੁੱਕੇ ਹਨ ਤੇ ਸਾਡੀ ਸੁਰੱਖਿਆ ਵਿਵਸਥਾ ਉਨ੍ਹਾਂ ਸਾਹਮਣੇ ਕਿਸ ਤਰ੍ਹਾਂ ਲਾਚਾਰ ਹੋ ਕੇ ਰਹਿ ਗਈ ਹੈ।
ਇਹੋ ਨਹੀਂ, ਹੁਣ ਤਾਂ ਅਦਾਲਤਾਂ 'ਚ ਜੱਜਾਂ 'ਤੇ ਵੀ ਹਮਲੇ ਹੋਣੇ ਸ਼ੁਰੂ ਹੋ ਗਏ ਹਨ। ਪਿਛਲੇ ਸਾਲ ਅਗਸਤ ਮਹੀਨੇ 'ਚ ਨਵੀਂ ਦਿੱਲੀ ਦੇ ਸਾਕੇਤ ਅਦਾਲਤੀ ਕੰਪਲੈਕਸ 'ਚ ਇਕ ਸੈਸ਼ਨ ਜੱਜ ਵਲੋਂ ਦਿੱਤੇ ਗਏ ਫੈਸਲੇ ਵਿਰੁੱਧ ਰੋਸ ਪ੍ਰਗਟਾਉਣ ਲਈ ਪੀੜਤ ਧਿਰ ਦੇ ਇਕ ਵਿਅਕਤੀ ਨੇ ਉਨ੍ਹਾਂ 'ਤੇ ਜੁੱਤੀ ਸੁੱਟ ਦਿੱਤੀ ਸੀ।
ਇਹ ਸਾਡੇ ਸੁਰੱਖਿਆ ਪ੍ਰਬੰਧਾਂ 'ਚ ਘਰ ਕਰ ਚੁੱਕੀਆਂ ਊਣਤਾਈਆਂ ਦਾ ਸਪੱਸ਼ਟ ਸੰਕੇਤ ਹੈ, ਜਿਨ੍ਹਾਂ ਨੂੰ ਫੌਰਨ ਦੂਰ ਕਰ ਕੇ ਸੁਰੱਖਿਆ ਪ੍ਰਣਾਲੀ ਨੂੰ ਚੁਸਤ-ਦਰੁੱਸਤ ਬਣਾਉਣ ਦੀ ਲੋੜ ਹੈ। ਅਜਿਹਾ ਨਾ ਕੀਤਾ ਗਿਆ ਤਾਂ ਅਪਰਾਧੀਆਂ ਦੇ ਹੌਸਲੇ ਹੋਰ ਵਧਣਗੇ ਤੇ ਸਾਡੀ ਨਿਆਂ ਪ੍ਰਣਾਲੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹੇਗੀ।
—ਵਿਜੇ ਕੁਮਾਰ
'ਵਾਹਨ ਹਾਦਸਿਆਂ ਨਾਲ ਮੌਤਾਂ ਨਾ ਹੋਣ' ਹਰਿਆਣਾ ਦੇ ਦੋ ਚੰਗੇ ਫੈਸਲੇ
NEXT STORY