ਹਾਲਾਂਕਿ ‘ਯੂਨਾਈਟਿਡ ਨੇਸ਼ਨਜ਼ ਇੰਟਰਨੈਸ਼ਨਲ ਚਿਲਡ੍ਰਨਜ਼ ਐਮਰਜੈਂਸੀ ਫੰਡ’ (ਯੂਨੀਸੇਫ) ਨੇ 18 ਸਾਲ ਤੋਂ ਪਹਿਲਾਂ ਕੀਤੇ ਜਾਣ ਵਾਲੇ ਵਿਆਹ ਨੂੰ ਬਾਲ ਵਿਆਹ ਦੇ ਰੂਪ ’ਚ ਪਰਿਭਾਸ਼ਿਤ ਕਰ ਕੇ ਘੱਟ ਉਮਰ ’ਚ ਲੜਕੇ-ਲੜਕੀਆਂ ਦੇ ਵਿਆਹ ਦੀ ਪ੍ਰਥਾ ਨੂੰ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਾਰ ਦਿੱਤਾ ਹੈ ਫਿਰ ਵੀ ਸਦੀਆਂ ਤੋਂ ਚੱਲੀ ਆ ਰਹੀ ਬਾਲ ਵਿਆਹ ਦੀ ਕੁਰੀਤੀ ਤੋਂ ਭਾਰਤ ਅੱਜ 21ਵੀਂ ਸਦੀ ’ਚ ਵੀ ਅਣਛੋਹਿਆ ਨਹੀਂ ਹੈ।
ਬਾਲ ਵਿਆਹ ਨਾ ਸਿਰਫ ਬਾਲ ਅਧਿਕਾਰਾਂ ਦਾ ਉਲੰਘਣ ਹੈ, ਸਗੋਂ ਘੱਟ ਉਮਰ ਦਾ ਵਿਆਹ ਬੱਚਿਆਂ ਦੇ ਬਚਪਨ ਨੂੰ ਵੀ ਨਿਗਲ ਜਾਂਦਾ ਹੈ। ਅਜਿਹੇ ਬਾਲ ਵਿਆਹਾਂ ਦਾ ਸਭ ਤੋਂ ਵੱਧ ਭੈੜਾ ਨਤੀਜਾ ਲੜਕੀਆਂ ਦੇ ਸੈਕਸ ਸ਼ੋਸ਼ਣ, ਜਲਦੀ ਗਰਭ ਧਾਰਨ ਦੇ ਨਤੀਜੇ ਵਜੋਂ ਸਿਹਤ ਸਬੰਧੀ ਜੋਖਮ, ਘਰੇਲੂ ਹਿੰਸਾ ਦੀ ਲਪੇਟ ’ਚ ਆਉਣ, ਉੱਚ ਬਾਲ ਮੌਤ ਦਰ, ਘੱਟ ਭਾਰ ਵਾਲੇ ਨਵਜੰਮੇ ਬੱਚਿਆਂ ਦੇ ਜਨਮ ਆਦਿ ਦੇ ਰੂਪ ’ਚ ਨਿਕਲਦਾ ਹੈ।
ਸਮਾਜ ’ਚ ਸਿੱਖਿਆ ਦੇ ਵਿਸਤਾਰ ਦੇ ਨਾਲ-ਨਾਲ ਲੜਕੀਆਂ ’ਚ ਜਾਗਰੂਕਤਾ ਆ ਰਹੀ ਹੈ। ਜਿੱਥੇ ਜਾਗਰੂਕ ਨਾਗਰਿਕ ਬਾਲ ਵਿਆਹਾਂ ਦਾ ਪਤਾ ਲੱਗਣ ’ਤੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਇਨ੍ਹਾਂ ਨੂੰ ਰੁਕਵਾਉਣ ’ਚ ਸਹਾਇਤਾ ਦੇ ਰਹੇ ਹਨ ਉੱਥੇ ਹੀ ਕਈ ਮਾਮਲਿਆਂ ’ਚ ਖੁਦ ਲੜਕੀਆਂ ਅੱਗੇ ਆ ਕੇ ਬਿਹਤਰ ਭਵਿੱਖ ਲਈ ਘੱਟ ਉਮਰ ’ਚ ਆਪਣੇ ਵਿਆਹ ਦਾ ਵਿਰੋਧ ਕਰਨ ਲੱਗੀਆਂ ਹਨ।
ਪਿਛਲੇ ਡੇਢ ਮਹੀਨੇ ਦੀਆਂ 6 ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :-
* 3 ਅਪ੍ਰੈਲ ਨੂੰ ਦਮੋਹ (ਮੱਧ ਪ੍ਰਦੇਸ਼) ਜ਼ਿਲੇ ਦੇ ‘ਧੋਰਾਜ’ ਪਿੰਡ ’ਚ 15 ਸਾਲਾ ਲੜਕੀ ਵੱਲੋਂ ਅਧਿਕਾਰੀਆਂ ਕੋਲ ਆਪਣਾ ਵਿਆਹ ਰੁਕਵਾਉਣ ਦੀ ਅਪੀਲ ਲਾਉਣ ’ਤੇ ਜ਼ਿਲਾ ਕਲੈਕਟਰ ਦੇ ਹੁਕਮ ’ਤੇ ਮਹਿਲਾ ਬਾਲ ਵਿਕਾਸ ਪ੍ਰਾਜੈਕਟ ਅਧਿਕਾਰੀਆਂ ਨੇ ਪਹੁੰਚ ਕੇ ਉਸ ਦਾ ਵਿਆਹ ਰੁਕਵਾਇਆ ਅਤੇ ਉਸ ਦੇ ਮਾਤਾ-ਪਿਤਾ ਨੂੰ ਸਮਝਾਇਆ ਕਿ ਲੜਕੀ ਦੀ ਉਮਰ 18 ਸਾਲ ਪੂਰੀ ਹੋਣ ਦੇ ਬਾਅਦ ਹੀ ਉਸ ਦਾ ਵਿਆਹ ਕਰਾਉਣਾ ਚਾਹੀਦਾ ਹੈ ਜਿਸ ’ਤੇ ਉਨ੍ਹਾਂ ਸਹਿਮਤੀ ਪ੍ਰਗਟ ਕਰ ਦਿੱਤੀ।
* 24 ਅਪ੍ਰੈਲ ਨੂੰ ਬਿਲਾਸਪੁਰ (ਛੱਤੀਸਗੜ੍ਹ) ਦੇ ‘ਦੇਵਰੀਖੁਰਦ’ ਪਿੰਡ ’ਚ ਮਾਂ-ਬਾਪ ਵਲੋਂ ਆਪਣੀ 16 ਸਾਲਾ ਬੇਟੀ ਦਾ ਵਿਆਹ ਕਰਾਉਣ ਦੀ ਸੂਚਨਾ ਲੜਕੀ ਦੇ ਗੁਆਂਢੀਆਂ ਨੇ ਮਹਿਲਾ ਬਾਲ ਵਿਕਾਸ ਅਧਿਕਾਰੀਆਂ ਨੂੰ ਦਿੱਤੀ ਜਿਸ ’ਤੇ ਉਨ੍ਹਾਂ ਨੇ ਉੱਥੇ ਪਹੁੰਚ ਕੇ ਵਿਆਹ ਰੁਕਵਾ ਦਿੱਤਾ।
* 24 ਅਪ੍ਰੈਲ ਨੂੰ ਹੀ ਸੋਨਭੱਦਰ (ਉੱਤਰ ਪ੍ਰਦੇਸ਼) ਦੇ ਪਿੰਡ ‘ਕੇਵਾਲ’ ’ਚ ਇਕ ਵਿਅਕਤੀ ਵੱਲੋਂ ਆਪਣੀ 14 ਸਾਲਾ ਨਾਬਾਲਿਗ ਧੀ ਦਾ ਵਿਆਹ ਕਰਾਉਣ ਦੀ ਸੂਚਨਾ ਮਿਲਣ ’ਤੇ ਜ਼ਿਲਾ ਬਾਲ ਸੁਰੱਖਿਆ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਵਿਆਹ ਰੁਕਵਾ ਕੇ ਲੜਕੀ ਨੂੰ ਛੋਟੀ ਉਮਰ ’ਚ ਗ੍ਰਹਿਸਥੀ ਜ਼ਿੰਦਗੀ ’ਚ ਫਸਣ ਤੋਂ ਬਚਾਇਆ।
* 22 ਮਈ ਨੂੰ ਨੂਹ (ਹਰਿਆਣਾ) ਦੇ ਨਗੀਨਾ ਕਸਬੇ ’ਚ ਇਕ ਲੜਕੀ ਵੱਲੋਂ ਆਪਣੀ ਨਾਬਾਲਿਗ ਸਹੇਲੀ ਵੱਲੋਂ ਇਕ ਬਾਲਗ ਲੜਕੇ ਨਾਲ ਵਿਆਹ ਕਰਾਉਣ ਦੀ ਸੂਚਨਾ ਦੇਣ ’ਤੇ ਅਧਿਕਾਰੀਆਂ ਨੇ ਸਮਾਂ ਰਹਿੰਦੇ ਉੱਥੇ ਪਹੁੰਚ ਕੇ ਵਿਆਹ ਰੁਕਵਾ ਦਿੱਤਾ।
* 26 ਮਈ ਨੂੰ ਸ਼ਿਵਪੁਰੀ (ਮੱਧ ਪ੍ਰਦੇਸ਼) ਦੇ ਬਦਰਵਾਸ ਥਾਣੇ ਦੇ ‘ਦੀਗੋਦ ਕੰਚਨਪੁਰਾ’ ਪਿੰਡ ’ਚ ਇਕ 10 ਸਾਲਾ ਬੱਚੀ ਨੂੰ ਉਸ ਦੇ ਚਾਚੇ-ਤਾਏ ਵੱਲੋਂ 14000 ਰੁਪਏ ’ਚ ਵੇਚਣ ਦੇ ਬਾਅਦ ਉਸ ਦਾ ਵਿਆਹ ਕਰਾਉਣ ਦੀ ਸੂਚਨਾ ਲੜਕੀ ਦੇ ਭਰਾ ਨੇ ਪੁਲਸ ਨੂੰ ਦਿੱਤੀ ਜਿਸ ’ਤੇ ਪੁਲਸ ਨੇ ਪਹੁੰਚ ਕੇ ਵਿਆਹ ਰੁਕਵਾ ਦਿੱਤਾ।
* ਅਤੇ ਹੁਣ 5 ਜੂਨ ਨੂੰ ਇਲੁਰੂ (ਆਂਧਰਾ ਪ੍ਰਦੇਸ਼) ਦੇ ‘ਵੈਂਕਟਪੁਰਮ’ ਦੀ ਰਹਿਣ ਵਾਲੀ ਅਤੇ ਪੜ੍ਹ-ਲਿਖ ਕੇ ਕੁਝ ਬਣਨ ਦੀ ਇੱਛੁਕ ਲੜਕੀ ਨੇ ਆਪਣੇ ਮਾਤਾ-ਪਿਤਾ ਵੱਲੋਂ ਜਬਰੀ ਕਰਵਾਏ ਜਾਣ ਵਾਲੇ ਵਿਆਹ ਨੂੰ ਪੁਲਸ ਹੈਲਪਲਾਈਨ ’ਤੇ ਫੋਨ ਕਰ ਕੇ ਰੁਕਵਾ ਦਿੱਤਾ। ਪੁਲਸ ਦੇ ਸਮਝਾਉਣ ’ਤੇ ਲੜਕੀ ਦੇ ਮਾਤਾ-ਪਿਤਾ ਨੇ ਉਸ ਦਾ ਵਿਆਹ ਰੱਦ ਕਰ ਦਿੱਤਾ।
ਬਾਲ ਵਿਆਹਾਂ ਪ੍ਰਤੀ ਸਮਾਜ ਅਤੇ ਖੁਦ ਲੜਕੀਆਂ ’ਚ ਜਾਗਰੂਕਤਾ ਆਉਣਾ ਇਕ ਸਹੀ ਬਦਲਾਅ ਹੈ। ਮਾਤਾ-ਪਿਤਾ ਨੂੰ ਵੀ ਕੱਚੀ ਉਮਰ ’ਚ ਵਿਸ਼ੇਸ਼ ਤੌਰ ’ਤੇ ਲੜਕੀਆਂ ਦੇ ਵਿਆਹ ਨਾਲ ਜੁੜੇ ਜੋਖਮਾਂ ਦਾ ਅਹਿਸਾਸ ਕਰਦਿਆਂ 18 ਸਾਲ ਤੋਂ ਬਾਅਦ ਹੀ ਉਨ੍ਹਾਂ ਦੇ ਵਿਆਹ ਦੇ ਵਿਸ਼ੇ ’ਚ ਸੋਚਣਾ ਚਾਹੀਦਾ ਹੈ, ਤਦ ਹੀ ਬੱਚੀਆਂ ਦੀ ਸਿਹਤ ਦੀ ਰੱਖਿਆ ਹੋਵੇਗੀ ਅਤੇ ਉਹ ਸਿਹਤਮੰਦ ਸੰਤਾਨ ਨੂੰ ਵੀ ਜਨਮ ਦੇ ਸਕਣਗੀਆਂ।
-ਵਿਜੇ ਕੁਮਾਰ
ਹੁਣ ਸਕੂਲਾਂ ’ਚ ਵੀ ਹੋਣ ਲੱਗੀਆਂ ਚੋਰੀਆਂ ਤੇ ਲੁੱਟਮਾਰ
NEXT STORY