ਹੁਣੇ ਜਿਹੇ ਸੰਪੰਨ ਹੋਈਆਂ ਲੋਕ ਸਭਾ ਚੋਣਾਂ ’ਚ ਜੇਕਰ ਦਿੱਲੀ ’ਚ ‘ਆਪ’ ਅਤੇ ‘ਕਾਂਗਰਸ’ ਵਿਚਾਲੇ ਗੱਠਜੋੜ ਹੋ ਜਾਂਦਾ ਤਾਂ ਦੋਵਾਂ ਨੂੰ ਹੀ ਕੁਝ ਲਾਭ ਹੋ ਸਕਦਾ ਸੀ ਪਰ ਆਖਰੀ ਸਮੇਂ ਤਕ ਗੱਲਬਾਤ ਚੱਲਣ ਦੇ ਬਾਵਜੂਦ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਨਹੀਂ ਹੋਇਆ ਅਤੇ ਦੋਵੇਂ ਹੀ ਪਾਰਟੀਆਂ ਜ਼ੀਰੋ ’ਤੇ ਸਿਮਟ ਗਈਆਂ।
ਫਿਲਹਾਲ ਹੁਣ ਲੋਕ ਸਭਾ ਚੋਣਾਂ ’ਚ ਮੂੰਹ ਦੀ ਖਾਣ ਤੋਂ ਬਾਅਦ ਲਗਭਗ 6 ਮਹੀਨਿਆਂ ਦੇ ਅੰਦਰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਨੇ ਕੌਮੀ ਰਾਜਧਾਨੀ ’ਚ ਔਰਤਾਂ ਲਈ ਮੈਟਰੋ ਅਤੇ ਬੱਸਾਂ ’ਚ ਯਾਤਰਾ ਮੁਫਤ ਕਰਨ ਦਾ ਦਾਅ ਖੇਡਿਆ ਹੈ।
ਮੈਟਰੋ ’ਚ ਔਰਤਾਂ ਨੂੰ ਮੁਫਤ ਯਾਤਰਾ ਸਹੂਲਤ ਦੀ ਤਜਵੀਜ਼ ਸ਼ਾਇਦ ਸਿਰੇ ਨਾ ਚੜ੍ਹ ਸਕੇ ਪਰ ਔਰਤਾਂ ਨੂੰ ਮੁਫਤ ਬੱਸ ਯਾਤਰਾ ਦੀ ਤਜਵੀਜ਼ ਦਾ ਕੁਝ ਲਾਭ ‘ਆਮ ਆਦਮੀ ਪਾਰਟੀ’ ਨੂੰ ਜ਼ਰੂਰ ਮਿਲ ਸਕਦਾ ਹੈ।
ਦੂਜੇ ਪਾਸੇ ਸਫਲਤਾ ਦੇ ਰੱਥ ’ਤੇ ਸਵਾਰ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਚੋਣ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ‘ਆਪ’ ਦੇ ਧੜੇ ’ਚ ਲਗਾਤਾਰ ਸੰਨ੍ਹ ਲਾ ਰਹੀ ਹੈ। ਇਸੇ ਲੜੀ ’ਚ ਬੀਤੀ 17 ਅਗਸਤ ਨੂੰ ‘ਆਮ ਆਦਮੀ ਪਾਰਟੀ’ ਨੂੰ ਝਟਕਾ ਦਿੰਦੇ ਹੋਏ ਇਸ ਦੇ ਮਹਿਲਾ ਵਿੰਗ ਦੀ ਪ੍ਰਧਾਨ ਰਿਚਾ ਪਾਂਡੇ ਮਿਸ਼ਰ ਅਤੇ ਕਰਾਵਲ ਨਗਰ ਤੋਂ ‘ਆਪ’ ਦੇ ਵਿਧਾਇਕ ਰਹੇ ਕਪਿਲ ਮਿਸ਼ਰਾ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ।
ਜਿਥੇ ਸੱਤਾ ਲਈ ‘ਆਪ’ ਅਤੇ ‘ਭਾਜਪਾ’ ਵਿਚਾਲੇ ਬਰਾਬਰ ਦੀ ਦੌੜ ਲੱਗੀ ਹੋਈ ਹੈ, ਉਥੇ ਹੀ ਕਾਂਗਰਸ ਦੀ ਹਾਲਤ ਸਭ ਤੋਂ ਖਰਾਬ ਹੈ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਸੂਬਾਈ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਸ਼ਤ ਦੀ ਮੌਤ ਤੋਂ ਲਗਭਗ ਇਕ ਮਹੀਨੇ ਬਾਅਦ ਵੀ ਗ੍ਰੈਂਡ ਓਲਡ ਪਾਰਟੀ ਦੇ ਸੂਬਾਈ ਪ੍ਰਧਾਨ ਦੇ ਅਹੁਦੇ ਦੀ ਕੁਰਸੀ ਖਾਲੀ ਹੈ।
ਹਾਲਾਂਕਿ ਇਸ ਅਹੁਦੇ ਲਈ ਨਵਜੋਤ ਸਿੰਘ ਸਿੱਧੂ ਅਤੇ ਸ਼ਤਰੂਘਨ ਸਿਨ੍ਹਾ ਦੇ ਨਾਵਾਂ ਦੀ ਚਰਚਾ ਸੁਣਾਈ ਦੇ ਰਹੀ ਹੈ ਪਰ ਇਨ੍ਹਾਂ ਦਾ ਦਿੱਲੀ ’ਚ ਆਧਾਰ ਕਿੰਨਾ ਹੈ, ਇਸ ਨੂੰ ਲੈ ਕੇ ਖਦਸ਼ਾ ਬਣਿਆ ਹੋਇਆ ਹੈ। ਇਸ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ ਹੋ ਸਕਿਆ ਹੈ ਅਤੇ ਸੂਬਾ ਇਕਾਈ ਦੇ ਪ੍ਰਧਾਨ ਨੂੰ ਲੈ ਕੇ ਪਾਰਟੀ ਹਨੇਰੇ ’ਚ ਹੈ।
ਦਿੱਲੀ ਕਾਂਗਰਸ ਦੇ ਇਕ ਨੇਤਾ ਅਨੁਸਾਰ ਪਾਰਟੀ ਨੂੰ ਅਜੇ ਵੀ ਸੂਬਾਈ ਪ੍ਰਧਾਨ ਲਈ ਸ਼ੀਲਾ ਦੀਕਸ਼ਤ ਵਰਗੀ ‘ਪਬਲਿਕ ਅਪੀਲ’ ਰੱਖਣ ਵਾਲੇ ਨੇਤਾ ਦੀ ਭਾਲ ਹੈ ਪਰ ਪਾਰਟੀ ਨੂੰ ਉਨ੍ਹਾਂ ਵਰਗਾ ਕੋਈ ਹੋਰ ਨੇਤਾ ਮਿਲਣਾ ਮੁਸ਼ਕਿਲ ਹੈ, ਲਿਹਾਜ਼ਾ ਇਸ ਸਬੰਧ ’ਚ ਫਿਲਹਾਲ ਕੁਝ ਵੀ ਕਿਹਾ ਨਹੀਂ ਜਾ ਸਕਦਾ।
ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਇਕ ਕੌਮੀ ਪ੍ਰਧਾਨ ਦੀ ਘਾਟ ਦੀ ਤਾਂ ਕਾਂਗਰਸ ਪਹਿਲਾਂ ਹੀ ਸ਼ਿਕਾਰ ਸੀ, ਹੁਣ ਦਿੱਲੀ ਪ੍ਰਦੇਸ਼ ਪ੍ਰਧਾਨ ਦੀ ਕੁਰਸੀ ਵੀ ਖਾਲੀ ਹੋਣ ਨਾਲ ਇਸ ਦੀਆਂ ਚੋਣ ਸੰਭਾਵਨਾਵਾਂ ’ਤੇ ਅਸਰ ਪੈਣਾ ਤੈਅ ਹੈ।
–ਵਿਜੇ ਕੁਮਾਰ
ਦਲ-ਬਦਲੂਆਂ ਨੂੰ ਭਾਜਪਾ ’ਚ ਲੈਣ ਵਿਰੁੱਧ ਪਾਰਟੀ ਵਿਚ ਪੈਦਾ ਹੋ ਰਿਹਾ ਰੋਸ
NEXT STORY