ਪਿਛਲੇ ਕੁਝ ਸਮੇਂ ਤੋਂ ਦੇਸ਼-ਵਿਦੇਸ਼ ਦੀਆਂ ਜਹਾਜ਼ ਸੇਵਾਵਾਂ ਗਲਤ ਕਾਰਨਾਂ ਨਾਲ ਚਰਚਾ ’ਚ ਆਈਆਂ ਹੋਈਆਂ ਹਨ ਤੇ ਆਏ ਦਿਨ ਕਿਸੇ ਨਾ ਕਿਸੇ ਜਹਾਜ਼ ਸੇਵਾ ’ਚ ਯਾਤਰੀਆਂ ਵੱਲੋਂ ਹੰਗਾਮਾ, ਸੁਰੱਖਿਆ ਨਿਯਮਾਂ ਦੀ ਅਣਦੇਖੀ, ਜਹਾਜ਼ ਸੇਵਾਵਾਂ ਦੇ ਸਟਾਫ ਵੱਲੋਂ ਯਾਤਰੀਆਂ ਨਾਲ ਬਦਸਲੂਕੀ, ਅਨਿਯਮਿਤ ਉਡਾਣਾਂ ਅਤੇ ਇੰਜਣਾਂ ’ਚ ਖਰਾਬੀ ਦੀਆਂ ਖਬਰਾਂ ਆ ਰਹੀਆਂ ਹਨ ਜਿਨ੍ਹਾਂ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 29 ਜਨਵਰੀ ਨੂੰ ‘ਸਪਾਈਸ ਏਅਰਵੇਜ਼’ ਦੀ ਇਕ ਉਡਾਣ ਦੇ ਦੌਰਾਨ ਇਕ 62 ਸਾਲਾ ਯਾਤਰੀ ਨੂੰ ਜਹਾਜ਼ ਦੇ ਟਾਇਲਟ ’ਚ ਸਿਗਰਟਨੋਸ਼ੀ ਕਰਦੇ ਫੜਿਆ ਗਿਆ।
* 30 ਜਨਵਰੀ ਨੂੰ ‘ਇੰਡੀਗੋ ਏਅਰਲਾਈਨਜ਼’ ਨੇ ਪਟਨਾ ਜਾਣ ਵਾਲੇ ਇਕ ਯਾਤਰੀ ਨੂੰ ਆਪਣੇ ਗਲਤ ਜਹਾਜ਼ ’ਚ ਬਿਠਾ ਕੇ ਰਾਜਸਥਾਨ ’ਚ ਉਦੈਪੁਰ ਪਹੁੰਚਾ ਦਿੱਤਾ। ਹਵਾਈ ਅੱਡੇ ’ਤੇ ਪਹੁੰਚਣ ’ਤੇ ਯਾਤਰੀ ਨੂੰ ਇਸ ਦਾ ਪਤਾ ਲੱਗਣ ਦੇ ਬਾਅਦ 31 ਜਨਵਰੀ ਨੂੰ ਇੰਡੀਗੋ ਨੇ ਉਸ ਨੂੰ ਵਾਪਸ ਪਟਨਾ ਭੇਜਿਆ।
* 30 ਜਨਵਰੀ ਨੂੰ ਹੀ ਦਿੱਲੀ ਤੋਂ ਨਿਊਯਾਰਕ ਜਾ ਰਹੀ ‘ਅਮੇਰਿਕਨ ਏਅਰਲਾਈਨਜ਼’ ਦੇ ਜਹਾਜ਼ ’ਚੋਂ ਇਕ ਕੈਂਸਰ ਪੀੜਤ ਔਰਤ ਨੂੰ ਉਤਾਰ ਦਿੱਤਾ ਗਿਆ ਕਿਉਂਕਿ ਕਮਜ਼ੋਰੀ ਕਾਰਨ ਆਪਣਾ ਬੈਗ ਖੁਦ ਓਵਰਹੈੱਡ ਕੈਬਿਨ ’ਚ ਰੱਖਣ ’ਚ ਅਸਮਰੱਥ ਹੋਣ ਦੇ ਕਾਰਨ ਉਸ ਨੇ ਇਸ ਦੇ ਲਈ ਏਅਰ ਹੋਸਟੈੱਸ ਤੋਂ ਮਦਦ ਮੰਗੀ ਸੀ।
ਦਿੱਲੀ ਪੁਲਸ ਅਤੇ ‘ਸਿਵਲ ਏਅਰ’ ਨੂੰ ਸ਼ਿਕਾਇਤ ’ਚ ਔਰਤ ਨੇ ਕਿਹਾ ਕਿ ਵਾਰ-ਵਾਰ ਸਹਾਇਤਾ ਮੰਗਣ ਦੇ ਬਾਵਜੂਦ ਉਸ ਦੀ ਬੇਨਤੀ ਨਾ-ਮਨਜ਼ੂਰ ਕਰ ਦਿੱਤੀ ਗਈ। ਪੀੜਤ ਔਰਤ ਦੇ ਅਨੁਸਾਰ ਫਲਾਈਟ ਅਟੈਂਡੈਂਟ ਨੇ ਉਸ ਨੂੰ ਕਿਹਾ ਕਿ ਜੇਕਰ ਦਿੱਕਤ ਹੈ ਤਾਂ ਉਹ ਫਲਾਈਟ ’ਚੋਂ ਉਤਰ ਜਾਵੇ। ਇਸ ਦੇ ਬਾਅਦ ਉਸ ਨੂੰ ਜਹਾਜ਼ ’ਚੋਂ ਉਤਾਰ ਦਿੱਤਾ ਗਿਆ।
‘ਅਮੇਰਿਕਨ ਏਅਰਲਾਈਨਜ਼’ ਨੇ ਆਪਣੀ ਸਫਾਈ ’ਚ ਕਿਹਾ ਕਿ ਯਾਤਰੀ ਨੇ ਚਾਲਕ ਟੀਮ ਦੇ ਮੈਂਬਰ ਦੇ ਹੁਕਮ ਮੰਨਣ ਤੋਂ ਨਾਂਹ ਕਰ ਿਦੱਤੀ ਸੀ।
* 1 ਫਰਵਰੀ ਨੂੰ ਆਬੂਧਾਬੀ ਤੋਂ ਦਿੱਲੀ ਆ ਰਹੇ ‘ਵਿਸਤਾਰਾ’ ਏਅਰਲਾਈਨਜ਼ ਦੇ ਜਹਾਜ਼ ’ਚ ਇਟਲੀ ਦੀ ਇਕ ਮਹਿਲਾ ਯਾਤਰੀ ਨੇ ਜੰਮ ਕੇ ਹੰਗਾਮਾ ਕੀਤਾ। ‘ਇਕਾਨਮੀ ਕਲਾਸ’ ਦੀ ਟਿਕਟ ਦੇ ਨਾਲ ‘ਬਿਜ਼ਨੈੱਸ ਕਲਾਸ’ ’ਚ ਦਾਖਲ ਹੋਣ ਤੋਂ ਰੋਕਣ ’ਤੇ ਉਸ ਨੇ ਚਾਲਕ ਟੀਮ ਦੇ ਇਕ ਮੈਂਬਰ ਦੇ ਚਿਹਰੇ ’ਤੇ ਅਤੇ ਦੂਜੇ ਮੁਲਾਜ਼ਮ ਦੇ ਮੂੰਹ ’ਤੇ ਥੁੱਕਿਆ।
ਜਦੋਂ ਚਾਲਕ ਟੀਮ ਦੇ ਹੋਰ ਮੈਂਬਰ ਆਪਣੇ ਸਾਥੀਆਂ ਦੀ ਸਹਾਇਤਾ ਲਈ ਆਏ ਤਾਂ ਔਰਤ ਨੇ ਆਪਣੇ ਕੱਪੜੇ ਉਤਾਰ ਿਦੱਤੇ। ਔਰਤ ਨੂੰ ਮੁੰਬਈ ਪਹੁੰਚਣ ’ਤੇ ਗ੍ਰਿਫਤਾਰ ਕਰ ਲਿਆ ਗਿਆ ਜਿਸ ਨੂੰ ਬਾਅਦ ’ਚ ਅਦਾਲਤ ਤੋਂ ਜ਼ਮਾਨਤ ਮਿਲ ਗਈ।
* 3 ਫਰਵਰੀ ਨੂੰ ‘ਏਅਰ ਇੰਡੀਆ ਐਕਸਪ੍ਰੈੱਸ’ ਦੇ ਆਬੂਧਾਬੀ ਤੋਂ ਕਾਲੀਕਟ ਆ ਰਹੇ ਜਹਾਜ਼ ਦੇ ਉਡਾਣ ਭਰਨ ਦੇ ਸਮੇਂ ਇਸ ਦੇ ਫਲਾਈਟ ਮੈਨੇਜਮੈਂਟ ਸਿਸਟਮ ’ਚ ਤਕਨੀਕੀ ਖਰਾਬੀ ਦੇ ਕਾਰਨ ਇਕ ਇੰਜਣ ’ਚ ਅੱਗ ਲੱਗਣ ਦੇ ਬਾਅਦ ਉਸ ਦੀ ਆਬੂਧਾਬੀ ਏਅਰਪੋਰਟ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਘਟਨਾ ਦੇ ਸਮੇਂ ਇਹ 1000 ਫੁੱਟ ਦੀ ਉਚਾਈ ’ਤੇ ਸੀ। ਦੱਸਿਆ ਜਾਂਦਾ ਹੈ ਕਿ ਉਡਾਣ ਭਰਨ ਤੋਂ ਪਹਿਲਾਂ ਪਾਇਲਟ ਨੇ ਇਸ ਖਰਾਬੀ ਨੂੰ ਨੋਟਿਸ ਨਹੀਂ ਕੀਤਾ।
* 3 ਫਰਵਰੀ ਨੂੰ ਹੀ ਦਿੱਲੀ ਤੋਂ ਪਟਨਾ ਜਾਣ ਵਾਲੀ ‘ਸਪਾਈਸਜੈੱਟ’ ਦੀ ਇਕ ਉਡਾਣ ’ਚ 2 ਘੰਟਿਆਂ ਤੋਂ ਵੱਧ ਦੀ ਦੇਰੀ ਹੋਣ ਦੇ ਕਾਰਨ ਯਾਤਰੀਆਂ ਤੇ ਕਰਮਚਾਰੀਆਂ ਦਰਮਿਆਨ ਦਿੱਲੀ ਹਵਾਈ ਅੱਡੇ ’ਤੇ ਤਿੱਖੀ ਬਹਿਸ ਹੋ ਗਈ। ਉਡਾਣ ਦਾ ਸਮਾਂ ਸਵੇਰੇ 7.20 ਵਜੇ ਸੀ ਪਰ ਜਹਾਜ਼ ਸਵੇਰੇ 10.10 ਵਜੇ ਰਵਾਨਾ ਹੋਇਆ।
* 5 ਫਰਵਰੀ ਨੂੰ ਬ੍ਰਿਟੇਨ ਦੀ ਇਕ ਔਰਤ ਨੇ ਗੋਆ ਦੇ ‘ਦਾਬੋਲਿਮ’ ਹਵਾਈ ਅੱਡੇ ਦੇ 2 ਮੁਲਾਜ਼ਮਾਂ ’ਤੇ ਉਸ ਨੂੰ ਵ੍ਹੀਲ ਚੇਅਰ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਬਦਲੇ ’ਚ 4000 ਰੁਪਏ ਵਸੂਲ ਕਰਨ ਦੀ ਸ਼ਿਕਾਇਤ ਦਰਜ ਕਰਵਾਈ।
* 5 ਫਰਵਰੀ ਨੂੰ ਹੀ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਤੋਂ ਕੋਲਕਾਤਾ ਜਾਣ ਵਾਲੇ ਇੰਡੀਗੋ ਦੇ ਜਹਾਜ਼ ਦੇ ਇਕ ਇੰਜਣ ਨੇ ਉਡਾਣ ਭਰਨ ਦੇ ਸਿਰਫ 5 ਮਿੰਟ ਬਾਅਦ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਕਾਰਨ ਜਹਾਜ਼ ਨੂੰ ਵਾਪਸ ਹਵਾਈ ਅੱਡੇ ’ਤੇ ਉਤਾਰਨਾ ਪਿਆ। ਉਸ ਸਮੇਂ ਜਹਾਜ਼ 5000 ਫੁੱਟ ਦੀ ਉਚਾਈ ’ਤੇ ਸੀ।
ਇਸੇ ਦਰਮਿਆਨ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੇ ਜਹਾਜ਼ ਸੇਵਾ ‘ਏਅਰ ਵਿਸਤਾਰਾ’ ’ਤੇ ਸੀਮਤ ਉਡਾਣ ਸੇਵਾਵਾਂ ਵਾਲੇ ਖੇਤਰ ਉੱਤਰ-ਪੂਰਬ ’ਚ ਜ਼ਰੂਰੀ ਉਡਾਣਾਂ ਤੋਂ ਘੱਟ ਉਡਾਣ ਸੇਵਾਵਾਂ ਦਾ ਸੰਚਾਲਨ ਕਰਨ ਦੇ ਲਈ 70 ਲੱਖ ਰੁਪਏ ਦਾ ਜੋ ਜੁਰਮਾਨਾ ਬੀਤੇ ਸਾਲ ਅਕਤੂਬਰ ’ਚ ਲਾਇਆ ਗਿਆ, ਉਸ ਨੂੰ ‘ਏਅਰ ਵਿਸਤਾਰਾ’ ਨੇ ਜਮ੍ਹਾ ਕਰਵਾ ਦਿੱਤਾ।
ਹਾਲਾਂਕਿ ਬੀਤੇ ਇਕ ਸਾਲ ’ਚ ਜਹਾਜ਼ ਯਾਤਰੀਆਂ ਵੱਲੋਂ ਬੇਕਾਬੂ ਵਤੀਰੇ ਦੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ ਅਤੇ ਸਾਲ 2022 ’ਚ 63 ਯਾਤਰੀ ‘ਨੋ ਫਲਾਈ’ ਸੂਚੀ ’ਚ ਪਾਏ ਗਏ ਪਰ ਇੰਨਾ ਹੀ ਕਾਫੀ ਨਹੀਂ।
ਜਿੱਥੇ ਜਹਾਜ਼ਾਂ ’ਚ ਵੀ ਯਾਤਰੀਆਂ ਵੱਲੋਂ ਗੁੰਡਾਗਰਦੀ ਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਕਿਹਾ ਜਾ ਸਕਦਾ ਉਥੇ ਹੀ ਹਵਾਈ ਸੇਵਾਵਾਂ ਦੇ ਮੁਲਾਜ਼ਮਾਂ ਵੱਲੋਂ ਉਡਾਣਾਂ ’ਚ ਮਨਮਰਜ਼ੀ ਅਤੇ ਬਦਸਲੂਕੀ ਵੀ ਓਨੀ ਹੀ ਗਲਤ ਹੈ।
ਇਸ ਲਈ ਇਸ ਬੁਰਾਈ ’ਤੇ ਰੋਕ ਲਾਉਣ ਲਈ ਹਵਾਈ ਸੇਵਾਵਾਂ ਦੇ ਸਟਾਫ ਨੂੰ ਵਧੀਆ ਸਿਖਲਾਈ ਦੇਣ ਅਤੇ ਸਾਰੀਆਂ ਸਬੰਧਤ ਧਿਰਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਹਵਾਈ ਯਾਤਰਾ ਪਹਿਲਾਂ ਦੇ ਵਾਂਗ ਸੁਰੱਖਿਅਤ ਰਹੇ।
- ਵਿਜੇ ਕੁਮਾਰ
ਇਹ ਹੈ ਭਾਰਤ ਦੇਸ਼ ਅਸਾਡਾ: ਭੈਣਾਂ-ਧੀਆਂ ’ਤੇ ਜ਼ੁਲਮ ਅਤੇ ਜਬਰ-ਜ਼ਨਾਹ ਨਸ਼ੇ ਅਤੇ ਜ਼ਮੀਨ-ਜਾਇਦਾਦ ਦੇ ਲਈ ਹੱਤਿਆਵਾਂ
NEXT STORY