ਹਾਲਾਂਕਿ ਵਿਧਾਨ ਸਭਾਵਾਂ ’ਚ ਵਿਧਾਇਕਾਂ ਤੋਂ ਮਰਿਆਦਾ ਵਾਲੇ ਵਤੀਰੇ ਦੀ ਉਮੀਦ ਕੀਤੀ ਜਾਂਦੀ ਹੈ ਪਰ ਕਈ ਮੌਕਿਆਂ ’ਤੇ ਉਹ ਇਸ ਨਿਯਮ ਨੂੰ ਭੁੱਲ ਕੇ ਕਿਸੇ ਮੁੱਦੇ ’ਤੇ ਸ਼ਾਂਤੀਪੂਰਵਕ ਚਰਚਾ ਦੀ ਬਜਾਏ ਉਤੇਜਿਤ ਹੋ ਕੇ ਗੈਰ-ਮਰਿਆਦਾ ਵਾਲਾ ਵਤੀਰਾ ਕਰਕੇ ਇਨ੍ਹਾਂ ਸਦਨਾਂ ਦੀ ਸ਼ਾਨ ਨੂੰ ਸੱਟ ਪਹੁੰਚਾਉਂਦੇ ਹਨ, ਜਿਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 7 ਨਵੰਬਰ, 2024 ਨੂੰ ‘ਜੰਮੂ-ਕਸ਼ਮੀਰ ਵਿਧਾਨ ਸਭਾ’ ’ਚ ਸੱਤਾ ਧਿਰ ਅਤੇ ਵਿਰੋਧੀ ਧਿਰ ਭਾਜਪਾ ਦੇ ਵਿਧਾਇਕਾਂ ਵਿਚਾਲੇ ਕੇਂਦਰ ਸਰਕਾਰ ਵਲੋਂ ਧਾਰਾ 370 ਹਟਾਉਣ ਨੂੰ ਲੈ ਕੇ ਖੂੁਬ ਹੱਥੋਪਾਈ ਹੋਈ। ਦੋਵੇਂ ਧਿਰਾਂ ਦੇ ਵਿਧਾਇਕਾਂ ਨੇ ਇਕ-ਦੂਜੇ ਦੇ ਕਾਲਰ ਫੜੇ ਅਤੇ ਧੱਕਾ-ਮੁੱਕੀ ਕੀਤੀ। ਇਸ ਦੌਰਾਨ 3 ਵਿਧਾਇਕ ਜ਼ਖਮੀ ਵੀ ਹੋ ਗਏ। ਇਸ ’ਤੇ ਸਪੀਕਰ ਨੇ ਕਿਹਾ ਕਿ ‘‘ਇਹ ਵਿਧਾਨ ਸਭਾ ਹੈ, ਮੱਛੀ ਬਾਜ਼ਾਰ ਨਹੀਂ ਹੈ।’’
* 11 ਮਾਰਚ, 2025 ਨੂੰ ‘ਓਡਿਸ਼ਾ’ ਵਿਧਾਨ ਸਭਾ ’ਚ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਦੇ ਮੈਂਬਰ ਆਪਸ ’ਚ ਭਿੜ ਗਏ ਅਤੇ ਭਾਜਪਾ ਦੇ ਸੀਨੀਅਰ ਵਿਧਾਇਕ ‘ਜੈ ਨਾਰਾਇਣ ਮਿਸ਼ਰਾ’ ’ਤੇ ਕਾਂਗਰਸ ਵਿਧਾਇਕ ‘ਤਾਰਾ ਪ੍ਰਸਾਦ ਬਹਿਨੀਪਤੀ’ ਨੇ ਦੋਸ਼ ਲਗਾਇਆ ਕਿ ‘‘ਜੈ ਨਾਰਾਇਣ ਮਿਸ਼ਰਾ ਨੇ ਉਸ ਸਮੇਂ ਮੇਰੀ ਕਮੀਜ਼ ਦਾ ਕਾਲਰ ਫੜ ਕੇ ਮੈਨੂੰ ਧੱਕਾ ਦਿੱਤਾ ਜਦੋਂ ਮੈਂ ਸ਼ਹਿਰੀ ਵਿਕਾਸ ਮੰਤਰੀ ਕੇ. ਸੀ. ਮਹਾਪਾਤਰ ਦੇ ਨਾਲ ਕਿਸੇ ਗੱਲ ’ਤੇ ਚਰਚਾ ਕਰ ਰਿਹਾ ਸੀ।’’
* 17 ਮਾਰਚ, 2025 ਨੂੰ ‘ਬਿਹਾਰ ਿਵਧਾਨ ਮੰਡਲ’ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਜ਼ੋਰਦਾਰ ਹੰਗਾਮਾ ਕੀਤਾ ਅਤੇ ਹੋਲੀ ਦੇ ਦੌਰਾਨ ਬਿਹਾਰ ਦੇ ਵੱਖ-ਵੱਖ ਜ਼ਿਲਿਆਂ ’ਚ ਪੁਲਸ ਕਰਮਚਾਰੀਆਂ ’ਤੇ ਹੋਏ ਹਮਲਿਆਂ ਅਤੇ ਇਕ ਏ. ਐੱਸ. ਆਈ. ਦੀ ਹੱਤਿਆ ’ਤੇ ਸਦਨ ’ਚ ਪੋਸਟਰ ਲੈ ਕੇ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਨੇ ‘ਖੂਨ ਦੀ ਹੋਲੀ ਖੇਡੀ’ ਦਾ ਨਾਅਰਾ ਲਗਾਇਆ ਅਤੇ ਬਿਹਾਰ ’ਚ ਵਧਦੇ ਅਪਰਾਧਾਂ ਲਈ ਿਨਤੀਸ਼ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਸਦਨ ’ਚ ਵਧਦੇ ਹੰਗਾਮੇ ਦੇ ਵਿਚਾਲੇ ਸਪੀਕਰ ਨੇ ਮਾਰਸ਼ਲ ਨੂੰ ਵਿਰੋਧੀ ਵਿਧਾਇਕਾਂ ਦੇ ਹੱਥਾਂ ’ਚੋਂ ਪੋਸਟਰ ਖੋਹਣ ਦਾ ਹੁਕਮ ਦਿੱਤਾ ਿਜਨ੍ਹਾਂ ’ਚੋਂ ਇਕ ਪੋਸਟਰ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਹੱਥ ’ਚ ਤਲਵਾਰ ਵੀ ਦਿਖਾਈ ਗਈ ਸੀ।
* 21 ਮਾਰਚ, 2025 ਨੂੰ ‘ਕਰਨਾਟਕ ਵਿਧਾਨ ਸਭਾ’ ’ਚ ਸਰਕਾਰੀ ਠੇਕਿਆਂ ’ਚ ਮੁਸਲਮਾਨਾਂ ਨੂੰ ਰਿਜ਼ਰੇਵਸ਼ਨ ਦੀ ਵਿਵਸਥਾ ਦੇ ਮੁੱਦੇ ’ਤੇ ਭਾਜਪਾ ਦੇ ਵਿਧਾਇਕਾਂ ਨੇ ਹੰਗਾਮਾ ਕੀਤਾ ਅਤੇ ਉਕਤ ਬਿੱਲ ਦੀ ਕਾਪੀ ਪਾੜ ਕੇ ਵਿਧਾਨ ਸਭਾ ਸਪੀਕਰ ਵੱਲ ਉਛਾਲ ਦਿੱਤੀ।
ਇਸ ’ਤੇ ਵਿਧਾਨ ਸਭਾ ਦੇ ਸਪੀਕਰ ‘ਯੂ. ਟੀ. ਖਦਾਰ’ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਮਾਰਸ਼ਲ ਨੰੂ ਬੁਲਾ ਕੇ ਹੰਗਾਮਾ ਕਰ ਰਹੇ 18 ਭਾਜਪਾ ਵਿਧਾਇਕਾਂ ਨੂੰ ਸਦਨ ’ਚੋਂ ਬਾਹਰ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਅਗਲੇ 6 ਮਹੀਨਿਆਂ ਲਈ ਮੁਅੱਤਲ ਵੀ ਕਰ ਦਿੱਤਾ।
* 8 ਅਪ੍ਰੈਲ, 2025 ਨੂੰ ‘ਜੰਮੂ-ਕਸ਼ਮੀਰ ਵਿਧਾਨ ਸਭਾ’ ’ਚ ਇਕ ਨੈਕਾਂ ਵਿਧਾਇਕ ਨੇ ਵਕਫ ਕਾਨੂੰਨ ਦੀ ਕਾਪੀ ਪਾੜ ਦਿੱਤੀ ਜਦਕਿ ਇਕ ਹੋਰ ਵਿਧਾਇਕ ਨੇ ਆਪਣੀ ਜੈਕੇਟ ਪਾੜ ਕੇ ਸਦਨ ’ਚ ਲਹਿਰਾਈ।
* 9 ਅਪ੍ਰੈਲ, 2025 ਨੂੰ ਵੀ ‘ਜੰਮੂ-ਕਸ਼ਮੀਰ ਵਿਧਾਨ ਸਭਾ’ ’ਚ ਨਵੇਂ ਵਕਫ ਕਾਨੂੰਨ ’ਤੇ ਭਾਰੀ ਹੰਗਾਮਾ ਹੋਇਆ। ‘ਨੈਕਾਂ’ ਦੇ ਵਿਧਾਇਕਾਂ ਨੇ ਇਸ ’ਤੇ ਚਰਚਾ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਅਤੇ ਨੈਕਾਂ ਅਤੇ ਭਾਜਪਾ ਵਿਧਾਇਕਾਂ ’ਚ ਧੱਕਾ-ਮੁੱਕੀ ਵੀ ਹੋਈ।
* 23 ਜੂਨ, 2025 ਨੂੰ ‘ਪੱਛਮੀ ਬੰਗਾਲ ਵਿਧਾਨ ਸਭਾ’ ’ਚ ਭਾਰੀ ਹੰਗਾਮਾ ਹੋਇਆ ਅਤੇ ਵਿਧਾਨ ਸਭਾ ਸਪੀਕਰ ਬਿਮਾਨ ਬੈਨਰਜੀ ਨੇ ਭਾਜਪਾ ਦੇ ਮੁੱਖ ਵ੍ਹਿਪ ‘ਸ਼ੰਕਰ ਕੋਸ਼’ ਸਮੇਤ 4 ਭਾਜਪਾ ਵਿਧਾਇਕਾਂ ਨੂੰ ਮੇਜ਼ਾਂ ’ਤੇ ਲੱਗੇ ਮਾਈਕ ਤੋੜਨ ਅਤੇ ਕਾਗਜ਼ਾਤ ਪਾੜਨ ਆਦਿ ਦੇ ਦੋਸ਼ ’ਚ ਪੂਰੇ ਸੈਸ਼ਨ ਲਈ ਸਦਨ ’ਚੋਂ ਮੁਅੱਤਲ ਕਰ ਦਿੱਤਾ। ਵਿਧਾਨ ਸਭਾ ਸਪੀਕਰ ਅਨੁਸਾਰ ਇਸ ਹੰਗਾਮੇ ’ਚ 14 ਸੁਰੱਖਿਆ ਮੁਲਾਜ਼ਮ ਵੀ ਜ਼ਖਮੀ ਹੋ ਗਏ।
* ਅਤੇ ਹੁਣ 17 ਜੁਲਾਈ ਨੂੰ ਮਹਾਰਾਸ਼ਟਰ ਵਿਧਾਨ ਸਭਾ ’ਚ ਉਦੋਂ ਅਖਾੜੇ ਵਰਗਾ ਦ੍ਰਿਸ਼ ਦੇਖਣ ਨੂੰ ਮਿਲਿਆ ਜਦੋਂ ਭਾਜਪਾ ਅਤੇ ਰਾਕਾਂਪਾ (ਸ਼ਰਦ ਚੰਦਰ ਪਵਾਰ) ਦੇ ਵਿਧਾਇਕਾਂ ਵਿਚਾਲੇ ਤਿੱਖੀ ਝੜਪ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਖੂੁਬ ਇਕ-ਦੂਜੇ ’ਤੇ ਲੱਤਾ-ਮੁੱਕੇ ਚੱਲੇ। ਭਾਜਪਾ ਵਿਧਾਇਕ ‘ਗੋਪੀ ਚੰਦ ਪਡਲਕਰ’ ਅਤੇ ਰਾਕਾਂਪਾ (ਸ਼ਰਦ ਪਵਾਰ ਗੁੱਟ) ਦੇ ‘ਜਿਤੇਂਦਰ ਅਵਹਾੜ’ ਦੇ ਸਮਰਥਕਾਂ ਵਿਚਾਲੇ ਕੁੱਟਮਾਰ ਹੋਈ।
ਵਿਧਾਨ ਸਭਾਵਾਂ ’ਚ ਜਿੱਥੇ ਆਮ ਅਤੇ ਖਾਸ ਆਦਮੀ ਨਾਲ ਜੁੜੀ ਹਰ ਸਮੱਸਿਆ ’ਤੇ ਡੂੰਘਾਈ ਨਾਲ ਅਤੇ ਧੀਰਜ ਨਾਲ ਚਰਚਾ ਕਰਨ ਦੀ ਆਸ ਕੀਤੀ ਜਾਂਦੀ ਹੈ, ਉਥੇ ਜਨਤਾ ਵਲੋਂ ਚੁਣੇ ਹੋਏ ਮਾਣਯੋਗ ਵਿਧਾਇਕਾਂ ਵਲੋਂ ਇਸ ਤਰ੍ਹਾਂ ਦਾ ਗੈਰ-ਮਰਿਆਦਾ ਵਾਲਾ ਵਤੀਰਾ ਅਪਣਾਉਣਾ ਮੰਦਭਾਗਾ ਹੈ। ਇਸ ਲਈ ਇਸ ’ਤੇ ਰੋਕ ਲਗਾਉਣ ਲਈ ਪੱਕੇ ਉਪਾਅ ਕਰਨ ਦੀ ਲੋੜ ਹੈ।
–ਵਿਜੇ ਕੁਮਾਰ
ਹਾਈਡ੍ਰੋ ਪਾਵਰ ਪ੍ਰਾਜੈਕਟਾਂ ਦੀ ‘ਖੇਡ’ ਵਿਚ ਸੁੱਖੂ ਗੇਮ ਚੇਂਜਰ
NEXT STORY