ਅੱਜ 15 ਅਗਸਤ ਦੇ ਦਿਨ ਹਾਈ ਅਲਰਟ ਦਰਮਿਆਨ ਅਸੀਂ ਆਜ਼ਾਦੀ ਦੇ 72ਵੇਂ ਵਰ੍ਹੇ 'ਚ ਅਜਿਹੇ ਸਮੇਂ 'ਤੇ ਦਾਖਲ ਹੋ ਰਹੇ ਹਾਂ, ਜਦੋਂ ਦੇਸ਼ ਦੇ ਕਈ ਸੂਬਿਆਂ ਵਿਚ ਹੜ੍ਹਾਂ ਨਾਲ ਭਾਰੀ ਤਬਾਹੀ ਤੇ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਘੱਟੋ-ਘੱਟ 774 ਵਿਅਕਤੀ ਮਾਰੇ ਗਏ ਅਤੇ ਹਜ਼ਾਰਾਂ ਬੇਘਰ ਹੋ ਚੁੱਕੇ ਹਨ।
ਫਿਲਹਾਲ ਅੱਜ ਵੀ ਦੇਸ਼ ਉਨ੍ਹਾਂ ਹੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਨ੍ਹਾਂ ਸਮੱਸਿਆਵਾਂ ਤੋਂ ਇਹ ਹੁਣ ਤਕ ਪੀੜਤ ਰਿਹਾ ਸੀ। ਆਜ਼ਾਦੀ ਦੇ 71 ਸਾਲਾਂ ਬਾਅਦ ਵੀ ਮਿਆਰੀ ਸਿੱਖਿਆ ਅਤੇ ਇਲਾਜ ਦੀ ਸਹੂਲਤ ਨਹੀਂ ਹੈ। ਅੱਜ ਵੀ ਲੋਕਾਂ ਨੂੰ ਸਾਫ-ਸੁਥਰਾ ਪਾਣੀ ਅਤੇ ਲਗਾਤਾਰ ਬਿਜਲੀ ਨਹੀਂ ਮਿਲ ਰਹੀ। ਔਰਤਾਂ ਅਤੇ ਬੱਚੀਆਂ 'ਤੇ ਅੱਤਿਆਚਾਰਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਦੇਸ਼ ਵਿਚ ਸੰਨ 2017 'ਚ 33,000 ਬਲਾਤਕਾਰ ਹੋਏ ਅਤੇ ਬਜ਼ੁਰਗ ਔਰਤਾਂ ਤੋਂ ਲੈ ਕੇ ਦੁੱਧ-ਮੂੰਹੀਆਂ ਬੱਚੀਆਂ ਤਕ ਇਸ ਦਾ ਸ਼ਿਕਾਰ ਹੋ ਰਹੀਆਂ ਹਨ।
ਦਲਿਤ ਭਾਈਚਾਰੇ ਨੂੰ ਬੁਰੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਿਕ ਪਿਛਲੇ 10 ਸਾਲਾਂ ਵਿਚ ਦੇਸ਼ ਅੰਦਰ ਦਲਿਤਾਂ ਦੇ ਸ਼ੋਸ਼ਣ ਵਿਚ 66 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਦੇਸ਼ 'ਚ ਬਜ਼ੁਰਗਾਂ ਦਾ ਸਨਮਾਨ ਲਗਾਤਾਰ ਘਟ ਰਿਹਾ ਹੈ ਅਤੇ ਔਲਾਦਾਂ ਵਲੋਂ ਅਣਗੌਲੇ ਬਜ਼ੁਰਗਾਂ ਲਈ ਬਿਰਧ ਆਸ਼ਰਮ ਖੁੱਲ੍ਹਦੇ ਜਾ ਰਹੇ ਹਨ। 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਤਾਂ ਖੂਬ ਚੱਲ ਰਿਹਾ ਹੈ ਅਤੇ ਕੁੜੀਆਂ ਵੱਖ-ਵੱਖ ਖੇਤਰਾਂ ਵਿਚ ਅੱਗੇ ਵੀ ਵਧ ਰਹੀਆਂ ਹਨ ਪਰ ਵਿਆਹ ਸਬੰਧੀ ਝਗੜੇ ਲਗਾਤਾਰ ਵਧ ਰਹੇ ਹਨ। ਦੇਸ਼ ਵਿਚ ਰੋਜ਼ਗਾਰ ਦੇ ਸਮੁੱਚੇ ਸਾਧਨ ਮੁਹੱਈਆ ਨਾ ਹੋਣ ਕਰਕੇ ਨੌਜਵਾਨਾਂ ਵਿਚ ਪੜ੍ਹਨ ਅਤੇ ਰੋਜ਼ਗਾਰ ਲਈ ਵਿਦੇਸ਼ ਜਾਣ ਤੇ ਉਥੇ ਹੀ ਵਸ ਜਾਣ ਦੀ ਦੌੜ ਜਿਹੀ ਲੱਗੀ ਹੋਈ ਹੈ।
ਸੱਤਾਧਾਰੀ ਭਾਜਪਾ ਤੇ ਵਿਰੋਧੀ ਪਾਰਟੀਆਂ ਵਿਚਾਲੇ ਦੂਸ਼ਣਬਾਜ਼ੀ ਦਾ ਸਿਲਸਿਲਾ ਸਿਖਰਾਂ 'ਤੇ ਹੈ। ਜਿੱਥੇ ਵਿਰੋਧੀ ਪਾਰਟੀਆਂ ਵਲੋਂ ਸਰਕਾਰ 'ਤੇ ਇਕ ਵੀ ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ, ਉਥੇ ਹੀ ਸਰਕਾਰ ਸਾਰੇ ਵਾਅਦੇ ਪੂਰੇ ਕਰਨ ਅਤੇ ਦੇਸ਼ ਵਿਚ ਭ੍ਰਿਸ਼ਟਾਚਾਰ-ਮੁਕਤ ਸਰਕਾਰ ਦੇਣ ਦਾ ਦਾਅਵਾ ਕਰ ਰਹੀ ਹੈ।
ਰਾਫੇਲ ਮੁੱਦੇ 'ਤੇ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦਿਆਂ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਯੂ. ਪੀ. ਏ. ਦੇ ਸ਼ਾਸਨਕਾਲ ਦੌਰਾਨ ਸਰਕਾਰ ਨੇ ਇਕ ਜਹਾਜ਼ 540 ਕਰੋੜ ਰੁਪਏ 'ਚ ਖਰੀਦਿਆ ਸੀ ਪਰ ਮੌਜੂਦਾ ਭਾਜਪਾ ਸਰਕਾਰ ਨੇ ਉਸੇ ਇਕ ਜਹਾਜ਼ ਨੂੰ ਖਰੀਦਣ ਲਈ ਫਰਾਂਸ ਦੀ ਕੰਪਨੀ ਨੂੰ 1600 ਕਰੋੜ ਰੁਪਏ ਦਿੱਤੇ।
ਇਸ ਸਾਲ ਪਾਕਿਸਤਾਨ 1432 ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕਿਆ ਹੈ, ਜਿਸ ਨਾਲ ਸਾਡੇ ਸੁਰੱਖਿਆ ਬਲਾਂ ਦੇ 55 ਜਵਾਨਾਂ ਤੇ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਪਰ ਭਾਰਤ ਸਰਕਾਰ ਵਲੋਂ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦੇਣ ਅਤੇ ਸਰਜੀਕਲ ਸਟ੍ਰਾਈਕ ਕਰਨ ਨਾਲ ਪਾਕਿਸਤਾਨ ਵਲੋਂ ਹਮਲਿਆਂ ਵਿਚ ਕੁਝ ਕਮੀ ਜ਼ਰੂਰ ਆਈ ਹੈ।
ਹੁਣ ਪਾਕਿਸਤਾਨ ਵਿਚ ਸਰਕਾਰ ਬਦਲ ਗਈ ਹੈ ਅਤੇ ਇਮਰਾਨ ਖਾਨ ਦੀ ਅਗਵਾਈ ਹੇਠ ਉਥੇ ਨਵੀਂ ਸਰਕਾਰ ਬਣਨ ਜਾ ਰਹੀ ਹੈ। ਉਮੀਦ ਤਾਂ ਘੱਟ ਹੈ ਪਰ ਹੋ ਸਕਦਾ ਹੈ ਕਿ ਨਵੀਂ ਸਰਕਾਰ ਦੀ ਅਗਵਾਈ ਹੇਠ ਭਾਰਤ-ਪਾਕਿ ਸਬੰਧਾਂ 'ਚ ਕੁਝ ਸੁਧਾਰ ਆਵੇ।
ਉਕਤ ਸਥਿਤੀਆਂ ਨਿਰਾਸ਼ਾਜਨਕ ਲੱਗਦੀਆਂ ਹਨ ਪਰ ਅਸਲ 'ਚ ਅਜਿਹਾ ਹੈ ਨਹੀਂ ਅਤੇ ਦੇਸ਼ ਅੱਗੇ ਵਧ ਰਿਹਾ ਹੈ। ਦੇਸ਼ ਵਿਚ ਲੋੜ ਮੁਤਾਬਿਕ ਸੜਕਾਂ ਨੂੰ 6 ਲੇਨ ਅਤੇ 8 ਲੇਨ ਵਾਲੀਆਂ ਬਣਾਇਆ ਜਾ ਰਿਹਾ ਹੈ। ਓਵਰਬ੍ਰਿਜ ਅਤੇ ਬਾਈਪਾਸ ਬਣਾਏ ਜਾ ਰਹੇ ਹਨ, ਤਾਂ ਕਿ ਆਉਣ-ਜਾਣ 'ਚ ਪ੍ਰੇਸ਼ਾਨੀ ਘੱਟ ਹੋਵੇ।
ਦੇਸ਼ ਵਿਚ ਕਾਰਾਂ ਅਤੇ ਹੋਰ ਗੱਡੀਆਂ ਦੀ ਵਿਕਰੀ ਲਗਾਤਾਰ ਵਧ ਰਹੀ ਹੈ। ਭੋਜਨ ਅਤੇ ਪਹਿਰਾਵੇ ਵਿਚ ਸੁਧਾਰ ਹੋਇਆ ਹੈ। ਹਰ ਹੱਥ ਵਿਚ ਮੋਬਾਇਲ ਤੇ ਲੋਕਾਂ ਨੂੰ ਰਹਿਣ ਲਈ ਚੰਗੇ ਮਕਾਨ ਉਪਲੱਬਧ ਹੋ ਰਹੇ ਹਨ।
ਸਾਡੀ ਅਰਥ ਵਿਵਸਥਾ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਈ ਹੈ। ਖੇਡਾਂ ਵਿਚ ਅਸੀਂ ਤਰੱਕੀ ਕੀਤੀ ਹੈ ਤੇ ਚੀਨ ਤੋਂ ਬਾਅਦ ਸਾਡੀ ਫੌਜ ਦੁਨੀਆ ਦੀ ਸਭ ਤੋਂ ਵੱਡੀ ਫੌਜ ਬਣ ਗਈ ਹੈ।
ਜਿਹੜੇ ਸੂਬਿਆਂ ਵਿਚ ਸਰਕਾਰਾਂ ਬਦਲ-ਬਦਲ ਕੇ ਆਈਆਂ, ਜਿਵੇਂ ਹਿਮਾਚਲ ਪ੍ਰਦੇਸ਼ 'ਚ, ਉਥੇ ਖੁਸ਼ਹਾਲੀ ਆਈ ਹੈ ਅਤੇ ਕੇਰਲਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਮੁਕੰਮਲ ਸਾਖਰਤਾ ਦਰ ਵਾਲਾ ਦੇਸ਼ ਦਾ ਦੂਜਾ ਸੂਬਾ ਬਣ ਗਿਆ ਹੈ। ਇਸ ਦੇ ਨਾਲ ਹੀ ਜੇਕਰ ਸੰਸਦ ਅਤੇ ਵਿਧਾਨ ਸਭਾਵਾਂ ਦਾ ਕਾਰਜਕਾਲ ਅਮਰੀਕਾ ਅਤੇ ਇੰਗਲੈਂਡ ਵਾਂਗ 4 ਵਰ੍ਹਿਆਂ ਦਾ ਹੋ ਜਾਵੇ, ਤਾਂ ਦੇਸ਼ ਦੀ ਤਰੱਕੀ 'ਚ ਹੋਰ ਤੇਜ਼ੀ ਆਵੇਗੀ।
ਆਉਣ ਵਾਲੇ ਕੁਝ ਸਮੇਂ ਬਾਅਦ 4 ਸੂਬਿਆਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਇਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਲੋਕ ਸਭਾ ਚੋਣਾਂ ਦੇ ਨਾਲ ਹੀ 10 ਸੂਬਿਆਂ ਦੀਆਂ ਚੋਣਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ।
ਉਮੀਦ ਕਰਨੀ ਚਾਹੀਦੀ ਹੈ ਕਿ ਅੱਜ ਜਦੋਂ ਪਾਠਕ ਇਹ ਲੇਖ ਪੜ੍ਹ ਰਹੇ ਹੋਣਗੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲੇ ਤੋਂ ਆਪਣੇ ਇਸ ਵਾਰ ਦੇ ਆਖਰੀ ਸੰਬੋਧਨ 'ਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਦੇਸ਼ਵਾਸੀਆਂ ਨੂੰ ਕੁਝ ਨਵੀਆਂ ਰਿਆਇਤਾਂ ਆਦਿ ਦੇਣ ਦਾ ਐਲਾਨ ਵੀ ਕਰਨ।
—ਵਿਜੇ ਕੁਮਾਰ
ਕਾਂਗੜਾ ਜ਼ਿਲੇ ਅਤੇ ਰਾਮਪੁਰ 'ਚ ਬਿਨਾਂ ਹੈਲਮੇਟ ਨਹੀਂ ਮਿਲੇਗਾ ਪੈਟਰੋਲ
NEXT STORY