ਕਾਲੇ ਧਨ ਅਤੇ ਨਕਲੀ ਕਰੰਸੀ ਦੀ ਲਾਹਨਤ ਖਤਮ ਕਰਨ ਦੇ ਕੇਂਦਰ ਸਰਕਾਰ ਦੇ ਯਤਨਾਂ ਦੇ ਬਾਵਜੂਦ ਦੇਸ਼ਧ੍ਰੋਹੀ ਅਨਸਰਾਂ ਵਲੋਂ ਅਜੇ ਵੀ ਦੇਸ਼ ’ਚ ਨਕਲੀ ਕਰੰਸੀ ਛਾਪ ਕੇ ਜਾਂ ਦੂਜੇ ਦੇਸ਼ਾਂ ਤੋਂ ਸਮੱਗਲਿੰਗ ਦੇ ਜ਼ਰੀਏ ਮੰਗਵਾ ਕੇ ਭਾਰਤੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣਾ ਜਾਰੀ ਹੈ। ਦੇਸ਼ ’ਚ ਕਿੰਨੀ ਵੱਡੀ ਮਾਤਰਾ ’ਚ ਨਕਲੀ ਕਰੰਸੀ ਫੜੀ ਜਾ ਰਹੀ ਹੈ, ਇਹ ਇਸੇ ਸਾਲ (2025) ਦੀਆਂ ਪਿਛਲੇ 4 ਮਹੀਨਿਆਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 23 ਅਗਸਤ ਨੂੰ ‘ਰਾਂਚੀ’ (ਝਾਰਖੰਡ) ਪੁਲਸ ਨੇ ਸੁਖਦੇਵ ਨਗਰ ਦੇ ਨਿਊ ਮਾਰਕੀਟ ਬੱਸ ਸਟੈਂਡ ’ਤੇ ਛਾਪਾ ਮਾਰ ਕੇ ਇਕ ਬੱਸ ’ਚ ਲਿਜਾਏ ਜਾ ਰਹੇ ਲਗਭਗ 2 ਕਰੋੜ ਰੁਪਏ ਦੇ ਨਕਲੀ ਨੋਟ ਜ਼ਬਤ ਕਰ ਕੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ।
* 22 ਸਤੰਬਰ ਨੂੰ ‘ਸੂਰਤ’ (ਗੁਜਰਾਤ) ’ਚ ਨਕਲੀ ਨੋਟ ਬਣਾਉਣ ਵਾਲੀ ਇਕ ਫੈਕਟਰੀ ਦਾ ਭਾਂਡਾ ਭੰਨ ਕੇ ਗ੍ਰਿਫਤਾਰ ਕੀਤੇ ਗਏ 4 ਲੋਕਾਂ ਤੋਂ 1.20 ਲੱਖ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ ਗਈ। ਇਸ ਦੇ ਨਾਲ ਹੀ ਪੁਲਸ ਨੇ ਮੁਲਜ਼ਮਾਂ ਕੋਲੋਂ ਫੋਇਲ ਪੇਪਰ, ਰੰਗੀਨ ਪ੍ਰਿੰਟਰ, ਪ੍ਰਿੰਟਿੰਗ ਸਿਆਹੀ, ਲੈਮੀਨੇਸ਼ਨ ਮਸ਼ੀਨ ਆਦਿ ਨਕਲੀ ਕਰੰਸੀ ਬਣਾਉਣ ’ਚ ਵਰਤੀਆਂ ਜਾਣ ਵਾਲੀਆਂ ਵਸਤਾਂ ਵੀ ਬਰਾਮਦ ਕੀਤੀਆਂ।
* 5 ਨਵੰਬਰ ਨੂੰ ‘ਦਿੱਲੀ’ ਪੁਲਸ ਦੀ ਅਪਰਾਧ ਸ਼ਾਖਾ ਨੇ ਨਕਲੀ ਨੋਟਾਂ ਦੇ ਨਿਰਮਾਣ ’ਚ ਸ਼ਾਮਲ ਇਕ ਅੰਤਰਰਾਜੀ ਗਿਰੋਹ ਦੇ 3 ਪ੍ਰਮੁੱਖ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 3.2 ਲੱਖ ਰੁਪਏ ਦੀ ਨਕਲੀ ਕਰੰਸੀ ਜ਼ਬਤ ਕੀਤੀ।
* 16 ਨਵੰਬਰ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ’ਚ ਪੁਲਸ ਨੇ ਨਕਲੀ ਨੋਟ ਛਾਪਣ ਵਾਲੇ ਇਕ ਵੱਡੇ ਰੈਕੇਟ ਦਾ ਪਤਾ ਲਾ ਕੇ ਉੱਤਰ ਪ੍ਰਦੇਸ਼ ਨਿਵਾਸੀ ‘ਵਿਵੇਕ ਯਾਦਵ’ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ 2.25 ਲੱਖ ਰੁਪਏ ਦੇ 500-500 ਰੁਪਇਆਂ ਵਾਲੇ ਨਕਲੀ ਨੋਟ ਅਤੇ ਨਕਲੀ ਕਰੰਸੀ ਤਿਆਰ ਕਰਨ ’ਚ ਵਰਤਿਆ ਜਾਣ ਵਾਲਾ ਲਗਭਗ 3 ਲੱਖ ਰੁਪਏ ਦਾ ਕੱਚਾ ਮਾਲ ਬਰਾਮਦ ਕੀਤਾ।
* 1 ਦਸੰਬਰ ਨੂੰ ‘ਅਨੂਪਗੜ੍ਹ’ (ਰਾਜਸਥਾਨ) ਪੁਲਸ ਨੇ 500-500 ਰੁਪਏ ਦੇ ਨਕਲੀ ਨੋਟਾਂ ਦੇ ਰੂਪ ’ਚ 44000 ਰੁਪਏ ਦੀ ਨਕਲੀ ਕਰੰਸੀ ਬਰਾਮਦ ਕਰ ਕੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ।
* 18 ਦਸੰਬਰ ਨੂੰ ‘ਜੈਪੁਰ’ (ਰਾਜਸਥਾਨ) ਪੁਲਸ ਨੇ ‘ਸਹਾਰਨਪੁਰ’ (ਉੱਤਰ ਪ੍ਰਦੇਸ਼) ’ਚ ਇਕ ਨਕਲੀ ਨੋਟ ਬਣਾਉਣ ਵਾਲੀ ਫੈਕਟਰੀ ਦਾ ਭਾਂਡਾ ਭੰਨ ਕੇ ਇਸ ਗਿਰੋਹ ਦੇ ਸਰਗਣੇ ‘ਗੌਰਵ ਪੁੰਡੀਰ’ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 6 ਲੱਖ ਰੁਪਏ ਤੋਂ ਵੱਧ ਮੁੱਲ ਦੇ ਨਕਲੀ ਨੋਟ ਬਰਾਮਦ ਕੀਤੇ।
* 20 ਦਸੰਬਰ ਨੂੰ ਚੰਡੀਗੜ੍ਹ ’ਚ ਇਕ ਕਾਰ ਦੀ ਤਲਾਸ਼ੀ ਦੌਰਾਨ 2 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 4 ਲੱਖ 76 ਹਜ਼ਾਰ 300 ਰੁਪਏ ਮੁੱਲ ਦੀ ਨਕਲੀ ਭਾਰਤੀ ਕਰੰਸੀ ਜ਼ਬਤ ਕੀਤੀ।
* 24 ਦਸੰਬਰ ਨੂੰ ‘ਸਤਨਾ’ (ਮਹਾਰਾਸ਼ਟਰ) ਪੁਲਸ ਨੇ 500 ਰੁਪਏ ਵਾਲੇ ਨਕਲੀ ਨੋਟਾਂ ਦੇ ਰੂਪ ’ਚ 15000 ਰੁਪਏ ਮੁੱਲ ਦੀ ਨਕਲੀ ਕਰੰਸੀ ਨਾਲ ਇਕ ਡਾਕਟਰ ਸਮੇਤ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ।
* 26 ਦਸੰਬਰ ਨੂੰ ‘ਪੁਲਵਾਮਾ’ (ਜੰਮੂ-ਕਸ਼ਮੀਰ) ਜ਼ਿਲੇ ਦੀ ‘ਪੰਪੋਰ’ ਪੁਲਸ ਨੇ 27 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 500-500 ਰੁਪਏ ਮੁੱਲ ਵਾਲੇ ਨੋਟਾਂ ਦੇ ਰੂਪ ’ਚ 86000 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ।
* ਅਤੇ ਹੁਣ 26 ਦਸੰਬਰ ਨੂੰ ‘ਯੂ. ਟੀ. ਚੰਡੀਗੜ੍ਹ’ ਦੀ ਪੁਲਸ ਨੇ ਜਾਅਲੀ ਨੋਟ ਛਾਪਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 500, 200 ਅਤੇ 100 ਰੁਪਏ ਮੁੱਲ ਵਾਲੇ ਨੋਟਾਂ ਦੇ ਰੂਪ ’ਚ 7 ਲੱਖ 17 ਹਜ਼ਾਰ 400 ਰੁਪਏ ਦੀ ਨਕਲੀ ਕਰੰਸੀ ਜ਼ਬਤ ਕੀਤੀ।
ਸਥਾਨਕ ਤੌਰ ’ਤੇ ਨਕਲੀ ਨੋਟ ਛਾਪਣ ਤੋਂ ਇਲਾਵਾ ਗੁਆਂਢੀ ਦੇਸ਼ਾਂ ਤੋਂ ਵੀ ਨਕਲੀ ਨੋਟਾਂ ਅਤੇ ਉਨ੍ਹਾਂ ਦੇ ਨਿਰਮਾਣ ’ਚ ਵਰਤੀ ਜਾਣ ਵਾਲੀ ਸਮੱਗਰੀ ਦੀ ਸਮੱਗਲਿੰਗ ਕੀਤੀ ਜਾਂਦੀ ਹੈ ਅਤੇ ਇਸ ਕਾਲੇ ਕਾਰੋਬਾਰ ’ਚ ਕੁਝ ਵਿਦੇਸ਼ੀ ਵੀ ਸ਼ਾਮਲ ਪਾਏ ਜਾ ਰਹੇ ਹਨ। ਹਾਲ ਹੀ ’ਚ ਰਿਲੀਜ਼ ਹੋਈ ਹੁਣ ਤੱਕ ਦੀ ਸਭ ਤੋਂ ਵੱਧ ਸੁਪਰਹਿੱਟ ਫਿਲਮ ‘ਧੁਰੰਧਰ’ ’ਚ ਵੀ ਨਕਲੀ ਕਰੰਸੀ ਦਾ ਵਰਣਨ ਕੀਤਾ ਿਗਆ ਹੈ।
ਕਿਉਂਕਿ ਨਕਲੀ ਕਰੰਸੀ ਚਲਾਉਣਾ ਕਿਸੇ ਵੀ ਦੇਸ਼ ਦੀਆਂ ਜੜ੍ਹਾਂ ਪੁੱਟਣ ਵਰਗਾ ਹੈ, ਇਸ ਲਈ ਇਸ ਦੇ ਨਿਰਮਾਣ ਜਾਂ ਸਪਲਾਈ ਨਾਲ ਜੁੜੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦੋਸ਼ ਦੇ ਅਧੀਨ ਤੁਰੰਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
–ਵਿਜੇ ਕੁਮਾਰ
ਘਰੇਲੂ ਹਿੰਸਾ ਦੀ ਸ਼ਿਕਾਰ ਅੱਧੀ ਆਬਾਦੀ ਚੋਣਾਂ ਦਾ ਮੁੱਦਾ ਨਹੀਂ
NEXT STORY