ਛੂਆਛਾਤ ਅਤੇ ਜਾਤੀ ਆਧਾਰਿਤ ਵਿਤਕਰਾ ਮਿਟਾਉਣ ਲਈ ਸਵਾਮੀ ਦਯਾਨੰਦ, ਸਵਾਮੀ ਵਿਵੇਕਾਨੰਦ, ਮਹਾਤਮਾ ਗਾਂਧੀ ਅਤੇ ਹੋਰਨਾਂ ਮਹਾਪੁਰਸ਼ਾਂ ਨੇ ਅਣਥੱਕ ਯਤਨ ਕੀਤੇ ਪਰ ਆਜ਼ਾਦੀ ਦੇ 76 ਸਾਲ ਬਾਅਦ ਵੀ ਦੇਸ਼ ’ਚ ਕਈ ਥਾਵਾਂ ’ਤੇ ਦਲਿਤਾਂ ਨਾਲ ਵਿਤਕਰਾ ਅਤੇ ਗੈਰ-ਮਨੁੱਖੀ ਰਵੱਈਆ ਜਾਰੀ ਹੈ।
ਇਸ ਦੀ ਤਾਜ਼ਾ ਉਦਾਹਰਣ ਬੈਂਗਲੁਰੂ (ਕਰਨਾਟਕ) ਦੇ ‘ਕੋਲਾਕ’ ਤੋਂ ਸਾਹਮਣੇ ਆਈ ਹੈ ਜਿੱਥੇ ‘ਮੋਰਾਰਜੀ ਦੇਸਾਈ ਆਵਾਸੀ ਵਿਦਿਆਲਾ’ ’ਚ ਦਲਿਤ ਭਾਈਚਾਰੇ ਨਾਲ ਸਬੰਧਤ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਉਨ੍ਹਾਂ ਨੂੰ ਸਕੂਲ ਦੇ ਸੈਪਟਿਕ ਟੈਂਕ ’ਚ ਉਤਰ ਕੇ ਆਪਣੇ ਕੋਮਲ ਹੱਥਾਂ ਨਾਲ ਮਲ-ਮੂਤਰ ਦੇ ਟੋਏ ਸਾਫ ਕਰਨ ਲਈ ਮਜਬੂਰ ਕੀਤੇ ਜਾਣ ਦਾ ਇਕ ਵੀਡੀਓ ਸਾਹਮਣੇ ਆਇਆ ਹੈ।
ਇਕ ਟੀਚਰ ਵੱਲੋਂ ਬਣਾਏ ਗਏ ਇਸ ਘਟਨਾ ਦੇ ਵੀਡੀਓ ’ਚ 7ਵੀਂ ਤੋਂ 9ਵੀਂ ਜਮਾਤ ’ਚ ਪੜ੍ਹਨ ਵਾਲੇ 5-6 ਵਿਦਿਆਰਥੀਆਂ ਤੋਂ ਸਕੂਲ ਦੀ ਪ੍ਰਿੰਸੀਪਲ ਦੀ ਮੌਜੂਦਗੀ ’ਚ ਟਾਇਲਟ ਅਤੇ ਮਲ-ਮੂਤਰ ਦੇ ਟੋਏ ਦੀ ਸਫਾਈ ਕਰਵਾਈ ਜਾ ਰਹੀ ਸੀ।
ਇਹ ਇਸ ਤਰ੍ਹਾਂ ਦੀ ਇਕੱਲੀ ਘਟਨਾ ਨਹੀਂ ਹੈ। ਅਜੇ ਕੁਝ ਹੀ ਸਮਾਂ ਪਹਿਲਾਂ ਉੱਤਰਾਖੰਡ ’ਚ ਪੌੜੀ ਜ਼ਿਲੇ ਦੇ ਲਾਲਢਾਂਗ ਖੇਤਰ ’ਚ ‘ਸਰਕਾਰੀ ਸੈਕੰਡਰੀ ਵਿਦਿਆਲਾ, ‘ਬਾਹਰ ਪੀਲੀ’ ’ਚ ਸਫਾਈ ਕਰਮਚਾਰੀ ਦੇ ਨਾ ਹੋਣ ਕਾਰਨ ਪ੍ਰਿੰਸੀਪਲ ਵੱਲੋਂ ਸਕੂਲੀ ਬੱਚਿਆਂ ਕੋਲੋਂ ਟਾਇਲਟ ਨੂੰ ਸਾਫ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਹੱਥ ’ਚ ਬਾਲਟੀ, ਬਰੱਸ਼ ਅਤੇ ਝਾੜੂ ਲੈ ਕੇ ਟਾਇਲਟ ਸਾਫ ਕਰ ਰਹੇ ਬੱਚਿਆਂ ਦਾ ਵੀਡੀਓ ਵਾਇਰਲ ਹੋਇਆ ਸੀ।
ਦੇਸ਼ ’ਚ ਹੱਥ ਨਾਲ ਮੈਲਾ ਚੁਕਵਾਉਣ ’ਤੇ ਪਾਬੰਦੀ ਨੂੰ ਧਿਆਨ ’ਚ ਰੱਖਦਿਆਂ ਅਜਿਹਾ ਕਰਵਾਉਣਾ ਘੋਰ ਅਪਰਾਧ ਹੈ ਅਤੇ ਉਹ ਵੀ ਸਿੱਖਿਆ ਦੇ ਮੰਦਰ ’ਚ ਜਿੱਥੇ ਅਜਿਹੀਆਂ ਕੁਰੀਤੀਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਲਈ ਉਕਤ ਘਟਨਾ ਲਈ ਜ਼ਿੰਮੇਵਾਰ ਅਧਿਆਪਕਾਂ ਦੀ ਸਿਰਫ ਮੁਅੱਤਲੀ ਕਾਫੀ ਨਹੀਂ ਹੈ, ਉਨ੍ਹਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ।
- ਵਿਜੇ ਕੁਮਾਰ
ਬੱਚਿਆਂ ਦੇ ਸਹੀ ਪਾਲਣ-ਪੋਸ਼ਣ ਅਤੇ ਆਚਰਣ ਲਈ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜਵਾਬਦੇਹ ਬਣਾਉਣਾ ਜ਼ਰੂਰੀ
NEXT STORY