ਰੂਸ ਅਤੇ ਕੈਨੇਡਾ ਤੋਂ ਬਾਅਦ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਚੀਨ 1949 ਵਿਚ ਕਮਿਊਨਿਸਟ ਪਾਰਟੀ ਦੇ ਸੱਤਾ ਵਿਚ ਆਉਣ ਦੇ ਬਾਅਦ ਤੋਂ ਹੀ ਆਪਣੇ ਗੁਆਂਢੀ ਦੇਸ਼ਾਂ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਿਆਂ ਅਤੇ ਝਗੜਿਆਂ ਨੂੰ ਲੈ ਕੇ ਵਿਵਾਦਾਂ ਵਿਚ ਚਲਿਆ ਆ ਰਿਹਾ ਹੈ।
ਚੀਨ ਨੇ ਮਕਾਊ, ਤਾਈਵਾਨ, ਪੂਰਬੀ ਤੁਰਕਿਸਤਾਨ, ਤਿੱਬਤ, ਦੱਖਣੀ ਮੰਗੋਲੀਆ ਅਤੇ ਹਾਂਗਕਾਂਗ ਵਰਗੇ 6 ਦੇਸ਼ਾਂ ਦੀ ਲਗਭਗ 41,13,709 ਵਰਗ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਇਹ ਚੀਨ ਦੇ ਕੁੱਲ ਖੇਤਰਫਲ ਦਾ ਲਗਭਗ 43 ਫੀਸਦੀ ਹੈ।
ਚੀਨ 14 ਦੇਸ਼ਾਂ ਨਾਲ ਅੰਤਰਰਾਸ਼ਟਰੀ ਸਰਹੱਦਾਂ ਸਾਂਝੀਆਂ ਕਰਦਾ ਹੈ। ਇਨ੍ਹਾਂ ਵਿਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਭੂਟਾਨ, ਰੂਸ, ਤਜ਼ਾਕਿਸਤਾਨ, ਕਜ਼ਾਕਿਸਤਾਨ, ਵੀਅਤਨਾਮ, ਕਿਰਗਿਸਤਾਨ, ਲਾਓਸ, ਮੰਗੋਲੀਆ, ਮਿਆਂਮਾਰ, ਨੇਪਾਲ ਅਤੇ ਉੱਤਰੀ ਕੋਰੀਆ ਸ਼ਾਮਲ ਹਨ।
ਚੀਨ ਦਾ ਭਾਰਤ ਨਾਲ ਕਈ ਮੁੱਦਿਆਂ ’ਤੇ ਵਿਵਾਦ ਹੈ। ਇਨ੍ਹਾਂ ਵਿਚੋਂ ਇਕ ਵਿਵਾਦ ਲੱਦਾਖ ਦੀ ਸਰਹੱਦ ਨਾਲ ਲੱਗਦੇ ‘ਹੋਤਾਨ’ ਖੇਤਰ ਨੂੰ ਲੈ ਕੇ ਵੀ ਹੈ। ਲੱਦਾਖ ’ਚ ਹੀ ਸਾਢੇ ਚਾਰ ਸਾਲ ਪਹਿਲਾਂ ਦੋਹਾਂ ਦੇਸ਼ਾਂ ਵਿਚਾਲੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ ਅਤੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਆਪਸ ’ਚ ਉਲਝ ਗਈਆਂ ਸਨ।
ਹਾਲਾਂਕਿ ਇਹ ਵਿਵਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਰੂਸ ’ਚ ਹੋਈ ਮੁਲਾਕਾਤ ਤੋਂ ਬਾਅਦ ਸੁਲਝਾ ਲਿਆ ਗਿਆ ਸੀ ਅਤੇ ਦੋਵਾਂ ਦੇਸ਼ਾਂ ਨੇ ਆਪਣੀਆਂ ਫੌਜਾਂ ਪਿੱਛੇ ਹਟਾ ਲਈਆਂ ਸਨ, ਪਰ 2020 ’ਚ ਉਸ ਸੰਘਰਸ਼ ਤੋਂ ਬਾਅਦ ਸੁਧਰੇ ਹਾਲਾਤ ਹੁਣ ਮੁੜ ਚੀਨ ਦੇ ਮਾੜੇ ਇਰਾਦਿਆਂ ਦਾ ਸ਼ਿਕਾਰ ਹੋਣ ਦੇ ਰਾਹ ’ਤੇ ਹਨ।
ਚੀਨ ਨੇ ‘ਸ਼ਿਨਜਿਆਂਗ ਉਈਗਰ ਖੁਦਮੁਖਤਾਰ ਖੇਤਰ’ ਦੇ ਲੱਦਾਖ ਦੀ ਸਰਹੱਦ ਨਾਲ ਲੱਗਦੇ ‘ਹੋਤਾਨ’ ਸੂਬੇ ’ਚ ‘ਹੇਆਨ’ ਅਤੇ ‘ਹੇਕਾਂਗ’ ਨਾਂ ਦੀਆਂ ਦੋ ਕਾਊਂਟੀਆਂ ਦੀ ਸਥਾਪਨਾ ਦਾ ਐਲਾਨ ਕੀਤਾ ਹੈ। ਭਾਰਤ ਨੇ ਇਸ ਮੁੱਦੇ ’ਤੇ ਚੀਨ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਹੈ ਕਿਉਂਕਿ ਇਸ ਦੇ ਕੁਝ ਹਿੱਸੇ ਲੱਦਾਖ ’ਚ ਪੈਂਦੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਹੈ ਕਿ ‘‘ਭਾਰਤ ਨੇ ਚੀਨ ਦੇ ਇਸ ਐਲਾਨ ’ਤੇ ਆਪਣਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਨਾ ਤਾਂ ਨਵੀਆਂ ਕਾਊਂਟੀਆਂ ਬਣਾਉਣ ਨਾਲ ਭਾਰਤ ਦੀ ਪ੍ਰਭੂਸੱਤਾ ’ਤੇ ਕੋਈ ਫਰਕ ਪਵੇਗਾ ਅਤੇ ਨਾ ਹੀ ਇਹ ਚੀਨ ਦੇ ਗੈਰ-ਕਾਨੂੰਨੀ ਅਤੇ ਜਬਰੀ ਕਬਜ਼ੇ ਨੂੰ ਜਾਇਜ਼ ਠਹਿਰਾਏਗਾ। ਭਾਰਤ ਨੇ ਇਸ ਖੇਤਰ ’ਤੇ ਚੀਨ ਦੇ ਕਬਜ਼ੇ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਹੈ।’’
ਇੰਨਾ ਹੀ ਨਹੀਂ, ਭਾਰਤ ਨੇ ਚੀਨ ਵਲੋਂ ਤਿੱਬਤ ਵਿਚ ‘ਯਾਰਲੁੰਗ ਤਸੰਗਪੋ ਨਦੀ’ (ਭਾਰਤ ਵਿਚ ਬ੍ਰਹਮਪੁੱਤਰ ਨਦੀ) ’ਤੇ ਪਣ-ਬਿਜਲੀ ਪ੍ਰਾਜੈਕਟ ਲਈ ਇਕ ਵੱਡੇ ਡੈਮ ਦੇ ਨਿਰਮਾਣ ਅਤੇ ਭਾਰਤ ’ਤੇ ਪੈਣ ਵਾਲੇ ਇਸ ਦੇ ਮਾੜੇ ਪ੍ਰਭਾਵ ’ਤੇ ਵੀ ਚਿੰਤਾ ਪ੍ਰਗਟ ਕੀਤੀ ਹੈ, ਜਿਸ ਨਾਲ ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਨੂੰ ਨੁਕਸਾਨ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਅਨੁਸਾਰ :
“ਅਸੀਂ ਨਿਗਰਾਨੀ ਕਰਨਾ ਜਾਰੀ ਰੱਖਾਂਗੇ ਅਤੇ ਆਪਣੇ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ ਕਦਮ ਚੁੱਕਾਂਗੇ। ਨਦੀ ਦੇ ਪ੍ਰਵਾਹ ਦੇ ਹੇਠਲੇ ਖੇਤਰਾਂ ’ਚ ਪਾਣੀ ਦੀ ਵਰਤੋਂ ਕਰਨ ਦਾ ਅਧਿਕਾਰ ਰੱਖਣ ਵਾਲੇ ਦੇਸ਼ ਹੋਣ ਦੇ ਨਾਤੇ, ਅਸੀਂ ਆਪਣੇ ਖੇਤਰ ਵਿਚ ਦਰਿਆਵਾਂ ’ਤੇ ਵੱਡੇ ਪ੍ਰਾਜੈਕਟਾਂ ਦੇ ਸਬੰਧ ਵਿਚ ਮਾਹਿਰ ਪੱਧਰ ਦੇ ਨਾਲ-ਨਾਲ ਕੂਟਨੀਤਕ ਚੈਨਲਾਂ ਰਾਹੀਂ ਚੀਨੀ ਪੱਖ ਸਾਹਮਣੇ ਲਗਾਤਾਰ ਆਪਣੇ ਵਿਚਾਰ ਅਤੇ ਚਿੰਤਾਵਾਂ ਰੱਖੀਆਂ ਹਨ।’’
ਜ਼ਿਕਰਯੋਗ ਹੈ ਕਿ ਚੀਨ ਨੇ ਰਿਸ਼ਤਿਆਂ ’ਚ ਕੁੜੱਤਣ ਲਿਆਉਣ ਵਾਲੇ ਇਹ ਕਦਮ ਉਦੋਂ ਚੁੱਕੇ ਹਨ ਜਦੋਂ ਸਾਢੇ ਚਾਰ ਸਾਲ ਤੋਂ ਵੀ ਵੱਧ ਸਮੇਂ ਤੋਂ ਚੱਲੇ ਆ ਰਹੇ ਸਰਹੱਦ ਅੜਿੱਕੇ ਨੂੰ ਖਤਮ ਕਰਨ ਅਤੇ ਵਿਸ਼ਵਾਸ ਬਹਾਲੀ ਲਈ 18 ਦਸੰਬਰ, 2024 ਨੂੰ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ‘ਵਾਂਗ ਯੀ’ ਵਿਚਾਲੇ ਗੱਲਬਾਤ ਮੁੜ ਸ਼ੁਰੂ ਹੋਈ ਹੈ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਆਪਣੀ ਹੋਂਦ ’ਚ ਆਉਣ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਚੀਨ ਅਤੇ ਭਾਰਤ ਵਿਚਾਲੇ ਸਮਝੌਤੇ ਹੋਏ ਹਨ, ਚੀਨ ਨੇ ਭਾਰਤ ਦੀ ਪਿੱਠ ਵਿਚ ਛੁਰਾ ਹੀ ਮਾਰਿਆ ਹੈ। ਫਰਵਰੀ, 2022 ਵਿਚ ਭਾਰਤ ਦੇ ਤਤਕਾਲੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਲੋਕ ਸਭਾ ਵਿਚ ਕਿਹਾ ਸੀ ਕਿ ਚੀਨ ਨੇ ਲੱਦਾਖ ਵਿਚ ਸਾਡੀ 38,000 ਵਰਗ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ।
ਇਸ ਲਈ ਹੁਣ ਜੇ ਚੀਨ ਇਕ ਵਾਰ ਫਿਰ ਭਾਰਤ ਨਾਲ ਸਮਝੌਤਾ ਵਾਰਤਾ ਅਤੇ ਦੂਜੇ ਪਾਸੇ ਭਾਰਤ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੋ ਰਿਹਾ ਹੈ ਤਾਂ ਇਸ ’ਚ ਕੋਈ ਹੈਰਾਨੀ ਵਾਲੀ ਗੱਲ ਨਹੀਂ। ਲੋੜ ਸਾਡੀ ਸਰਕਾਰ ਦੇ ਵਧੇਰੇ ਸੁਚੇਤ ਹੋਣ ਦੀ ਹੈ।
-ਵਿਜੇ ਕੁਮਾਰ
ਚੁਣੌਤੀਆਂ ਨਾਲ ਨਜਿੱਠਣ ਲਈ ਸਰਕਾਰ ਵਲੋਂ ਸਹੀ ਨੀਤੀਆਂ ਬਣਾਉਣ ਦੀ ਲੋੜ
NEXT STORY