ਅਮਰੀਕਾ ’ਚ ਰਾਸ਼ਟਰਪਤੀ ਦੇ ਅਹੁਦੇ ਲਈ ਡੋਨਾਲਡ ਟਰੰਪ ਵਲੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਦੇ ਸਮੇਂ ਤੋਂ ਹੀ ਉੱਥੇ ਭਾਰਤ ਵਿਰੋਧੀ ਲਾਬੀ ਵਲੋਂ ਜਾਰੀ ਕੀਤੇ ਜਾਣ ਵਾਲੇ ਭਾਰਤ ਵਿਰੋਧੀ ਵੀਡੀਓ ਵੱਡੀ ਗਿਣਤੀ ’ਚ ਵਾਇਰਲ ਹੋ ਰਹੇ ਹਨ।
ਇਨ੍ਹਾਂ ’ਚ ਸਵਾਲ ਉਠਾਇਆ ਗਿਆ ਹੈ ਕਿ ਅਮਰੀਕਾ ’ਚ ਭਾਰਤੀ ਡਾਕਟਰ ਅਤੇ ਇੰਜੀਨੀਅਰ ਕਿਉਂ ਆ ਰਹੇ ਹਨ। ਇਨ੍ਹਾਂ ਨੇ ਕਿਸੇ ਚੰਗੇ ਕਾਲਜ ’ਚ ਸਿੱਖਿਆ ਹਾਸਲ ਨਹੀਂ ਕੀਤੀ ਹੁੰਦੀ ਜਦ ਕਿ ਇਸ ਤੋਂ ਪਹਿਲਾਂ ਤੱਕ ਅਮਰੀਕਾ ’ਚ ਤਾਇਨਾਤ ਭਾਰਤੀ ਡਾਕਟਰਾਂ, ਇੰਜੀਨੀਅਰਾਂ ਆਦਿ ਨੂੰ ਬੜੀ ਹੀ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ।
ਇਸ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਰਤ ਦੀ ਤਾਂ ਸ਼ਕਤੀ ਹੀ ਹਮੇਸ਼ਾ ਇਸ ਦੀ ਸਿੱਖਿਆ ਦਾ ਉੱਚ ਪੱਧਰ ਰਿਹਾ ਹੈ। ਆਪਣੀ ਯੋਗਤਾ ਅਤੇ ਪ੍ਰਤਿਭਾ ਦੇ ਦਮ ’ਤੇ ਹੀ ਭਾਰਤੀਆਂ ਨੇ ਵਿਸ਼ਵ ਦੇ ਕੋਨੇ-ਕੋਨੇ ’ਚ ਆਪਣੀ ਖਾਸ ਪਛਾਣ ਕਾਇਮ ਕੀਤੀ ਅਤੇ ਵੱਖ-ਵੱਖ ਦੇਸ਼ਾਂ ’ਚ ਬੜੇ ਹੀ ਸਨਮਾਨ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਇਹ ਗੱਲ ਵੀ ਵਰਣਨਯੋਗ ਹੈ ਕਿ ਸਾਡੀ ਅਰਥਵਿਵਸਥਾ ਦੇ ਵਿਕਾਸ ’ਚ ਸਭ ਤੋਂ ਵੱਧ ਯੋਗਦਾਨ ਸਿੱਖਿਆ ਦਾ ਹੀ ਹੈ। ਇਸੇ ਦੇ ਕਾਰਨ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ, ਭਾਵੇਂ ਇਹ ਤਰੱਕੀ ਵਪਾਰ-ਕਾਰੋਬਾਰ ਦੇ ਖੇਤਰ ’ਚ ਹੋਵੇ ਜਾਂ ਕਿਸੇ ਹੋਰ ਖੇਤਰ ’ਚ, ਇਹ ਸਿੱਖਿਆ ਹੀ ਹੈ ਜਿਸ ’ਤੇ ਭਾਰਤੀ ਮਾਤਾ-ਪਿਤਾ ਬੜਾ ਧਿਆਨ ਦਿੰਦੇ ਰਹੇ ਹਨ ਕਿ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣੀ ਹੀ ਹੈ।
ਅਜੇ ਤੱਕ ਤਾਂ ਭਾਰਤੀ ਮਾਪਿਆਂ ਦੀ ਇਹੀ ਸੋਚ ਸਾਡੀ ਵਿਸ਼ੇਸ਼ਤਾ ਰਹੀ ਸੀ ਪਰ ਹੁਣ ਅਜਿਹਾ ਖਦਸ਼ਾ ਪੈਦਾ ਹੋ ਰਿਹਾ ਹੈ ਕਿ ਇਹੀ ਸ਼ਕਤੀ ਹੁਣ ਕਮਜ਼ੋਰੀ ’ਚ ਬਦਲਦੀ ਜਾ ਰਹੀ ਹੈ ਕਿਉਂਕਿ ਭਾਰਤ ’ਚ ਸਿੱਖਿਆ ਦੀ ਮੌਜੂਦਾ ਸਥਿਤੀ ਦੇ ਬਾਰੇ ’ਚ ਜਾਰੀ ਇਕ ਸਰਕਾਰੀ ਰਿਪੋਰਟ ’ਚ ਕੁਝ ਪ੍ਰੇਸ਼ਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ, ਜਿਸ ’ਚ ਭਾਰਤੀ ਸਕੂਲਾਂ ’ਚ ਮੁੱਢਲੇ ਢਾਂਚੇ ਦੀ ਭਾਰੀ ਕਮੀ ਦਾ ਪਤਾ ਲੱਗਾ ਹੈ।
ਸਿੱਖਿਆ ਮੰਤਰਾਲਾ ਵਲੋਂ ਸੰਚਾਲਿਤ ‘ਯੂਨੀਫਾਈਡ ਡਿਸਟ੍ਰਿਕਟ ਇਨਫਾਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ’ (ਯੂ. ਡੀ. ਆਈ. ਐੱਸ. ਈ. ਪਲੱਸ) ਵਲੋਂ ਜਾਰੀ ਨਵੇਂ ਅੰਕੜਿਆਂ ਦੇ ਅਨੁਸਾਰ ਭਾਰਤ ਦੇ 14.71 ਲੱਖ ਸਕੂਲਾਂ ’ਚੋਂ 10.17 ਲੱਖ ਸਕੂਲ ਸਰਕਾਰੀ ਹਨ। ਇਨ੍ਹਾਂ ’ਚੋਂ 9.12 ਲੱਖ ਸਕੂਲਾਂ ’ਚ ਹੀ ਬਿਜਲੀ ਦੀ ਸਹੂਲਤ ਹੈ, ਬਾਕੀ 1.52 ਲੱਖ ਸਕੂਲਾਂ ’ਚ ਬਿਜਲੀ ਹੀ ਨਹੀਂ ਹੈ। ਇਨ੍ਹਾਂ ਦੇ ਇਲਾਵਾ 4.54 ਲੱਖ ਸਰਕਾਰੀ ਸਹਾਇਤਾ ਪ੍ਰਾਪਤ, ਨਿੱਜੀ ਅਤੇ ਗੈਰ-ਸਹਾਇਤਾ ਪ੍ਰਾਪਤ ਅਤੇ ਹੋਰ ਸਕੂਲ ਹਨ ਜਿਨ੍ਹਾਂ ’ਚੋਂ 4.07 ਲੱਖ ਸਕੂਲਾਂ ’ਚ ਹੀ ਬਿਜਲੀ ਮੁਹੱਈਆ ਹੈ।
ਦੇਸ਼ ਦੇ ਕੁੱਲ ਸਕੂਲਾਂ ’ਚੋਂ 14.47 ਲੱਖ ਸਕੂਲਾਂ ’ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਦੱਸਿਆ ਗਿਆ ਹੈ ਪਰ ਸਿਰਫ 14.11 ਲੱਖ ਸਕੂਲਾਂ ’ਚ ਇਹ ਵਿਵਸਥਾ ਕੰਮ ਕਰ ਰਹੀ ਹੈ। 10.17 ਲੱਖ ਸਰਕਾਰੀ ਸਕੂਲਾਂ ’ਚੋਂ 9.78 ਲੱਖ ਸਕੂਲਾਂ ’ਚ ਹੀ ਪੀਣ ਵਾਲੇ ਪਾਣੀ ਦੀ ਵਿਵਸਥਾ ਲਾਗੂ ਹੈ। ਇਸੇ ਤਰ੍ਹਾਂ ਸਰਕਾਰੀ ਸਹਾਇਤਾ ਪ੍ਰਾਪਤ, ਨਿੱਜੀ ਅਤੇ ਹੋਰ ਸਕੂਲਾਂ ’ਚੋਂ 4.33 ਲੱਖ ਸਕੂਲਾਂ ’ਚ ਪੀਣ ਵਾਲੇ ਪਾਣੀ ਦੀ ਵਿਵਸਥਾ ਕੰਮ ਕਰ ਰਹੀ ਹੈ।
ਦੇਸ਼ ਦੇ 14.71 ਲੱਖ ਸਕੂਲਾਂ ’ਚੋਂ 14.50 ਲੱਖ ਸਕੂਲਾਂ ’ਚ ਪਖਾਨਿਆਂ ਦੀ ਸਹੂਲਤ ਹੈ ਪਰ ਸਿਰਫ 14.04 ਲੱਖ ਪਖਾਨੇ ਹੀ ਕੰਮ ਕਰ ਰਹੇ ਹਨ। 67000 ਸਕੂਲ ਨਕਾਰਾ ਪਖਾਨਿਆਂ ਨਾਲ ਚੱਲ ਰਹੇ ਹਨ ਅਤੇ ਇਨ੍ਹਾਂ ’ਚੋਂ ਵਧੇਰੇ (46,000) ਸਕੂਲ ਸਰਕਾਰੀ ਹਨ।
ਦਿਵਿਆਂਗਾਂ ਦੇ ਮਾਮਲੇ ’ਚ ਤਾਂ ਸਥਿਤੀ ਹੋਰ ਵੀ ਖਰਾਬ ਹੈ ਅਤੇ 10.17 ਲੱਖ ਸਰਕਾਰੀ ਸਕੂਲਾਂ ’ਚੋਂ ਸਿਰਫ 3.37 ਲੱਖ ਸਕੂਲਾਂ ’ਚ ਹੀ ਦਿਵਿਆਂਗਾਂ ਦੇ ਅਨੁਕੂਲ ਪਖਾਨੇ ਹਨ ਅਤੇ ਉਨ੍ਹਾਂ ’ਚੋਂ ਵੀ ਸਿਰਫ 30.6 ਫੀਸਦੀ ਹੀ ਚਾਲੂ ਹਾਲਤ ’ਚ ਹਨ।
ਦੇਸ਼ ਦੇ ਸਿਰਫ 57.2 ਫੀਸਦੀ ਸਕੂਲਾਂ ’ਚ ਹੀ ਕੰਪਿਊਟਰ ਚਾਲੂ ਹਾਲਤ ’ਚ ਹਨ। ਇਸੇ ਤਰ੍ਹਾਂ ਇੰਟਰਨੈੱਟ ਦੀ ਸਹੂਲਤ ਵੀ ਦੇਸ਼ ਦੇ ਸਿਰਫ 53.9 ਫੀਸਦੀ ਸਕੂਲਾਂ ’ਚ ਹੀ ਮੁਹੱਈਆ ਹੈ।
ਉਧਰ ਦੇਸ਼ ਦੇ ਸਕੂਲਾਂ ’ਚ ਹੋਣ ਵਾਲੇ ਦਾਖਲਿਆਂ ’ਚ ਗਿਰਾਵਟ ਆਈ ਹੈ। ਪ੍ਰੀ-ਨਰਸਰੀ ਅਤੇ ਨਰਸਰੀ ਆਦਿ ਜਮਾਤਾਂ ’ਚ ਸਾਲ 2022-23 ਦੀ ਤੁਲਨਾ ’ਚ ਸਾਲ 2023-24 ’ਚ 37 ਲੱਖ ਦਾਖਲੇ ਘੱਟ ਹੋਏ ਹਨ। 2022-23 ’ਚ ਸਕੂਲਾਂ ’ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 25.17 ਕਰੋੜ ਸੀ ਜੋ 2023-24 ’ਚ ਘੱਟ ਕੇ 24.80 ਕਰੋੜ ਰਹਿ ਗਈ। ਪਿਛਲੇ ਸਾਲ ਦੀ ਤੁਲਨਾ ’ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਚ 16 ਲੱਖ ਅਤੇ ਵਿਦਿਆਰਥਣਾਂ ਦੀ ਗਿਣਤੀ ’ਚ 21 ਲੱਖ ਦੀ ਗਿਰਾਵਟ ਆਈ ਹੈ। ਕਈ ਬੱਚੇ ਮੁੱਢਲੀਆਂ ਜਮਾਤਾਂ ਦੇ ਬਾਅਦ ਪੜ੍ਹਾਈ ਛੱਡ ਰਹੇ ਹਨ।
ਇਸ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਪਿਛਲੇ ਦਿਨੀਂ ਇਕ ਹੋਰ ਰਿਪੋਰਟ ’ਚ ਦੱਸਿਆ ਗਿਆ ਕਿ ਦੇਸ਼ ਦੇ ਸਕੂਲਾਂ ’ਚ ਸਿੱਖਿਆ ਦੇ ਪੱਧਰ ’ਚ ਵੀ ਵੱਡੀ ਗਿਰਾਵਟ ਆ ਰਹੀ ਹੈ। ਇੱਥੋਂ ਤੱਕ ਕਿ ਮਿਡਲ ਪੱਧਰ ਦੀਆਂ ਜਮਾਤਾਂ ਦੇ ਬੱਚੇ ਪ੍ਰਾਇਮਰੀ ਜਮਾਤਾਂ ਦੇ ਵੱਖ-ਵੱਖ ਵਿਸ਼ਿਆਂ ਦੇ ਪ੍ਰਸ਼ਨ ਹੱਲ ਕਰਨ ’ਚ ਅਸਮਰੱਥ ਪਾਏ ਗਏ।
ਜੇਕਰ ਸਾਡਾ ਸਿੱਖਿਆ ਦਾ ਪੱਧਰ ਇਸੇ ਤਰ੍ਹਾਂ ਡਿੱਗਦਾ ਚਲਾ ਜਾਵੇਗਾ ਤਾਂ ਸਾਡੀ ਅਰਥਵਿਵਸਥਾ ਕਿਸ ਤਰ੍ਹਾਂ ਚੱਲੇਗੀ। ਸਾਡੇ ਲੋਕਾਂ ਨੂੰ ਰੋਜ਼ਗਾਰ ਕਿਵੇਂ ਮਿਲੇਗਾ ਅਤੇ ਸਾਨੂੰ ਵੱਧ ਪਾਸ ਫੀਸਦੀ ਦੀ ਨਹੀਂ ਸਗੋਂ ਵੱਧ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥੀ ਤਿਆਰ ਕਰਨ ਦੀ ਲੋੜ ਹੈ।
-ਵਿਜੇ ਕੁਮਾਰ
ਆਗੂਆਂ ਨੂੰ ਡਾ. ਅੰਬੇਡਕਰ ਦਾ ਅਧਿਐਨ ਕਰਨਾ ਚਾਹੀਦੈ
NEXT STORY