ਰਾਸ਼ਟਰੀ ਰਾਜਧਾਨੀ ਹੋਣ ਦੇ ਨਾਤੇ ਦਿੱਲੀ ਬਾਕੀ ਦੇਸ਼ ਦੀ ਤੁਲਨਾ ’ਚ ਜ਼ਿਆਦਾ ਸੁਰੱਖਿਅਤ ਮੰਨੀ ਜਾਂਦੀ ਹੈ ਪਰ ਸਥਿਤੀ ਇਸ ਦੇ ਉਲਟ ਹੈ ਅਤੇ ਇਥੇ ਵੀ ਤਰ੍ਹਾਂ-ਤਰ੍ਹਾਂ ਦੇ ਅਪਰਾਧਾਂ ਦੀ ਭਰਮਾਰ ਹੈ। ਕੇਂਦਰ ਸ਼ਾਸਿਤ ਸੂਬਿਆਂ ’ਚ ਸਾਲ 2021 ’ਚ ਔਰਤਾਂ ਵਿਰੁੱਧ ਅਪਰਾਧਾਂ ਦੀ ਸਰਵਉੱਚ ਦਰ ਦਿੱਲੀ ’ਚ ਹੀ ਦਰਜ ਕੀਤੀ ਗਈ ਸੀ ਅਤੇ ਮੌਜੂਦਾ ਸਮੇਂ ਵੀ ਸਥਿਤੀ ਲਗਭਗ ਇਸੇ ਤਰ੍ਹਾਂ ਦੀ ਹੈ।
ਨਵੇਂ ਸਾਲ ਦੀ ਅੱਧੀ ਰਾਤ ਨੂੰ ਇਕ ਕਾਰ ਦੇ ਹੇਠਾਂ ਫਸੀ ਔਰਤ ਨੂੰ ਕਾਰ ਸਵਾਰ ਨੌਜਵਾਨ ਕਈ ਕਿਲੋਮੀਟਰ ਘੜੀਸਦੇ ਲੈ ਗਏ। ਇਸ ਦੌਰਾਨ ਉਸ ਦੇ ਸਰੀਰ ਦੀਆਂ ਹੱਡੀਆਂ ਤਕ ਬਾਹਰ ਨਿਕਲ ਆਈਆਂ ਅਤੇ ਤੜਫ-ਤੜਫ ਕੇ ਉਸ ਦੀ ਮੌਤ ਹੋ ਗਈ।
ਉਨ੍ਹਾਂ ਹੀ ਦਿਨਾਂ ’ਚ ਦਿੱਲੀ ਦੇ ਪਾਂਡਵ ਨਗਰ ’ਚ ਦਿਨ-ਦਿਹਾੜੇ ਇਕ ਲੜਕੀ ਨੂੰ ਕਾਰ ’ਚ ਖਿੱਚਣ ਅਤੇ ਉਸ ’ਤੇ ਤੇਜ਼ਾਬ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਕ ਹੋਰ ਘਟਨਾ ’ਚ ਦੋਸਤੀ ਤੋੜਣ ’ਤੇ ਇਕ ਲੜਕੇ ਨੇ ਲੜਕੀ ਨੂੰ ਚਾਕੂ ਮਾਰ ਦਿੱਤਾ। ਅਜਿਹੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਇਥੇ ਰੋਜ਼ ਹੋ ਰਹੀਆਂ ਹਨ।
ਸਥਿਤੀ ਦੀ ਗੰਭੀਰਤਾ ਦਾ ਅਨੁਮਾਨ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਰਾਜਧਾਨੀ ’ਚ ਔਰਤਾਂ ਦੀ ਸੁਰੱਖਿਆ ਅਤੇ ਪੁਲਸ ਦੀ ਤਾਇਨਾਤੀ ਦੀ ਸਥਿਤੀ ਦਾ ਨਿਰੀਖਣ ਕਰਨ ਨਿਕਲੀ ‘ਦਿੱਲੀ ਮਹਿਲਾ ਕਮਿਸ਼ਨ’ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਵੀ 18 ਜਨਵਰੀ ਨੂੰ ਦੇਰ ਰਾਤ ਮਾੜੇ ਤਜਰਬੇ ਵਿਚੋਂ ਲੰਘਣਾ ਪਿਆ।
ਇਸ ਦੌਰਾਨ ਉਹ ਕੰਝਾਵਲਾ, ਮੁਨੀਰਕਾ, ਮੁੰਡਕਾ ਅਤੇ ਹੌਜਖਾਸ ਆਦਿ ਥਾਵਾਂ ’ਤੇ ਗਈ। ਸਵਾਤੀ ਮਾਲੀਵਾਲ ਦੇ ਅਨੁਸਾਰ, ‘‘ਮੈਂ ਇਹ ਦੇਖਣਾ ਚਾਹੁੰਦੀ ਸੀ ਕਿ ਰਾਤ ਦੇ ਸਮੇਂ ਬੱਸ ਸਟੈਂਡ ’ਤੇ ਇਕੱਲੀ ਖੜ੍ਹੀ ਇਕ ਔਰਤ ਨੂੰ ਕੀ ਕੁਝ ਝੱਲਣਾ ਪੈਂਦਾ ਹੈ।’’
ਜਦੋਂ ਉਹ ‘ਏਮਸ’ ਨੇੜਲੇ ਇਲਾਕੇ ’ਚ ਰਿੰਗ ਰੋਡ ਦੇ ਬੱਸ ਸਟੈਂਡ ’ਤੇ ਖੜ੍ਹੀ ਸੀ ਤਾਂ ਸਫੇਦ ਰੰਗ ਦੀ ‘ਬੋਲੇਨੋ’ ਕਾਰ ’ਚ ਨਸ਼ੇ ’ਚ ਟੱਲੀ ਇਕ ਵਿਅਕਤੀ ਉਥੇ ਆ ਕੇ ਰੁਕਿਆ ਅਤੇ ਕਾਰ ਦੇ ਸ਼ੀਸ਼ੇ ਹੇਠਾਂ ਕਰ ਕੇ ਕਾਰ ’ਚ ਬੈਠਣ ਲਈ ਉਨ੍ਹਾਂ ’ਤੇ ਦਬਾਅ ਪਾਉਣ ਲੱਗਾ। ਉਨ੍ਹਾਂ ਦੇ ਝਾੜ ਪਾਉਣ ’ਤੇ ਪਹਿਲਾਂ ਤਾਂ ਉਹ ਚਲਾ ਗਿਆ ਪਰ ਕੁਝ ਦੇਰ ਬਾਅਦ ਵਾਪਸ ਪਰਤ ਕੇ ਉਨ੍ਹਾਂ ਨੂੰ ਫਿਰ ਆਪਣੀ ਕਾਰ ’ਚ ਬੈਠਣ ਲਈ ਕਹਿਣ ਲੱਗਾ।
ਸਵਾਤੀ ਮਾਲੀਵਾਲ ਮੁਤਾਬਕ, ‘‘ਉਸ ਵਿਅਕਤੀ ਨੇ ਮੈਨੂੰ ਅਸ਼ਲੀਲ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਮੈਂ ਉਸ ਨੂੰ ਝਾੜ ਪਾਉਣ ਲਈ ਉਸ ਦੇ ਨੇੜੇ ਪੁੱਜੀ ਤਾਂ ਉਸ ਨੇ ਮੈਨੂੰ ਫਿਰ ਅਸ਼ਲੀਲ ਇਸ਼ਾਰਾ ਕੀਤਾ। ਜਦੋਂ ਮੈਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖਿੜਕੀ ਦਾ ਸ਼ੀਸ਼ਾ ਉੱਪਰ ਚੁੱਕ ਦਿੱਤਾ ਅਤੇ ਮੇਰਾ ਹੱਥ ਉਸ ’ਚ ਫਸ ਗਿਆ।’’
ਇਹ ਜਾਣਦੇ ਹੋਏ ਵੀ ਕਿ ਉਹ ਨਸ਼ੇ ’ਚ ਟੱਲੀ ਹੈ, ਉਸ ਨੇ ਕਾਰ ਦੌੜਾਅ ਦਿੱਤੀ ਅਤੇ ਮੈਂ ਕਈ ਮੀਟਰ ਤੱਕ ਉਸ ਦੇ ਨਾਲ ਘੜੀਸਦੀ ਚਲੀ ਗਈ। ਮੈਂ ਕਿਸੇ ਤਰ੍ਹਾਂ ਆਪਣਾ ਹੱਥ ਛੁਡਵਾਇਆ ਅਤੇ ਭਗਵਾਨ ਦੀ ਕ੍ਰਿਪਾ ਨਾਲ ਮੈਂ ਅੱਜ ਜ਼ਿੰਦਾ ਹਾਂ।
ਘਟਨਾ ਦੇ ਸਮੇਂ ਸਵਾਤੀ ਮਾਲੀਵਾਲ ਦੀ ਟੀਮ ਉਨ੍ਹਾਂ ਦੇ ਨਾਲ ਸੀ ਪਰ ਉਹ ਕੁਝ ਦੂਰੀ ’ਤੇ ਖੜ੍ਹੀ ਸੀ। ਸਵਾਤੀ ਮਾਲੀਵਾਲ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਪਿੱਛਾ ਕਰ ਕੇ ਕਾਰ ਨੂੰ ਰੋਕਿਆ। ਜੇਕਰ ਦਿੱਲੀ ’ਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਰੱਖਿਅਤ ਨਹੀਂ ਤਾਂ ਕੋਈ ਵੀ ਔਰਤ ਸੁਰੱਖਿਅਤ ਨਹੀਂ ਹੈ।
ਪੁਲਸ ਮੁਤਾਬਕ ਰਾਤ 3.11 ਵਜੇ ਇਕ ਪੀ. ਸੀ. ਆਰ. ’ਤੇ ਉਨ੍ਹਾਂ ਨੂੰ ਕਾਲ ਆਈ ਅਤੇ ਦੋਸ਼ੀ ਨੂੰ ਕਾਰ ਸਮੇਤ ਤੜਕੇ 3.34 ਵਜੇ ਫੜ ਲਿਆ ਗਿਆ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮਾਮਲੇ ’ਤੇ ਦਿੱਲੀ ਪੁਲਸ ਕੋਲੋਂ ਰਿਪੋਰਟ ਮੰਗੀ ਹੈ ਅਤੇ ਦੋਸ਼ੀ ਵਿਰੁੱਧ ਸਖਤ ਕਾਰਵਾਈ ਲਈ ਚਿੱਠੀ ਲਿਖੀ ਹੈ।
ਇਸ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਲ ਛੇੜਖਾਨੀ ਅਤੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਕਾਰ ਰਾਹੀਂ ਘੜੀਸੇ ਜਾਣ ਦੀ ਘਟਨਾ ’ਤੇ ਟਿੱਪਣੀ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ-ਰਾਜਪਾਲ ਨੂੰ ‘ਕਾਨੂੰਨ ਅਤੇ ਵਿਵਸਥਾ ’ਤੇ ਧਿਆਨ ਦੇਣ’ ਦੀ ਬੇਨਤੀ ਕੀਤੀ ਹੈ।
ਸਾਡੇ ਦੇਸ਼ ’ਚ ਹਮੇਸ਼ਾ ਤੋਂ ਹੀ ਨਾਰੀ ਸਸ਼ਕਤੀਕਰਨ ਦੀਅਾਂ ਗੱਲਾਂ ਹੁੰਦੀਅਾਂ ਆਈਅਾਂ ਹਨ ਅਤੇ ਸਾਡੇ ਮਹਾਪੁਰਸ਼ਾਂ ਨੇ ਨਾਰੀ ਸਸ਼ਕਤੀਕਰਨ ਲਈ ਵੱਡੀਆਂ-ਵੱਡੀਆਂ ਮੁਹਿੰਮਾਂ ਚਲਾਈਆਂ ਪਰ ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਲੋਕ ਉਹ ਸਾਰੀਆਂ ਸਿੱਖਿਆਵਾਂ ਭੁੱਲ ਕੇ ਉਲਟੇ ਹੀ ਰਸਤੇ ’ਤੇ ਚੱਲ ਪਏ ਹਨ। ਇਸ ਲਈ ਅਜਿਹੇ ਲੋਕਾਂ ਨੂੰ ਰਸਤੇ ’ਤੇ ਲਿਆਉਣ ਲਈ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਹੀ ਲੋੜ ਹੈ।
–ਵਿਜੇ ਚੋਪੜਾ
ਭਾਰਤੀ ਕੁਸ਼ਤੀ ਮਹਾਸੰਘ ਦੇ ਅਧਿਕਾਰੀਆਂ ’ਤੇ ‘ਮਹਿਲਾ ਖਿਡਾਰਨਾਂ ਦੇ ਸੈਕਸ ਸ਼ੋਸ਼ਣ ਦਾ ਦੋਸ਼’
NEXT STORY