ਕਾਫੀ ਸਮੇਂ ਤੋਂ ਦੇਸ਼ ’ਚ ਮਾਈਨਿੰਗ ਮਾਫੀਆ ਨੇ ਕੁਦਰਤ ਨੂੰ ਨੁਕਸਾਨ ਪਹੁੰਚਾਉਣ ਦਾ ਸਿਲਸਿਲਾ ਸ਼ੁਰੂ ਕਰ ਰੱਖਿਆ ਹੈ। ਮਿੱਟੀ ਅਤੇ ਪੱਥਰ ਦੇ ਲਈ ਪਹਾੜਾਂ ਅਤੇ ਨਦੀਆਂ ’ਚ ਅੰਨ੍ਹੇਵਾਹ ਖੋਦਾਈ ਨਾਲ ਕੁਦਰਤੀ ਸੰਤੁਲਨ ਬੁਰੀ ਤਰ੍ਹਾਂ ਵਿਗੜਣ ਦੇ ਨਾਲ ਹੀ ਸਾਡੇ ਸੁਰੱਖਿਆ ਤੇ ਜੰਗੀ ਮਹੱਤਵ ਦੇ ਨਿਰਮਾਣਾਂ ਨੂੰ ਵੀ ਨੁਕਸਾਨ ਪੁੱਜ ਰਿਹਾ ਹੈ।
* ਹਾਲ ਹੀ ’ਚ ਫੌਜ ਨੇ ਪੰਜਾਬ-ਹਰਿਆਣਾ ਹਾਈ ਕੋਰਟ ’ਚ ਦੱਸਿਆ ਕਿ ਕੌਮਾਂਤਰੀ ਸਰਹੱਦ ’ਤੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ’ਚ ਨਾਜਾਇਜ਼ ਮਾਈਨਿੰਗ ਪਾਕਿਸਤਾਨ ਦੀ ਖੁਫੀਆ ਏਜੰਸੀ ਵੱਲੋਂ ਪ੍ਰਾਯੋਜਿਤ ਨਸ਼ਾ ਸਮੱਗਲਰਾਂ, ਅੱਤਵਾਦੀਆਂ ਅਤੇ ਰਾਸ਼ਟਰ ਵਿਰੋਧੀ ਤੱਤਾਂ ਦੇ ਲਈ ਸਹੂਲਤ ਵਾਲੀ ਸਥਿਤੀ ਬਣਾ ਰਹੀ ਹੈ। ਨਾਜਾਇਜ਼ ਮਾਈਨਿੰਗ ਨਾਲ ਨਦੀਆਂ ਦੀ ਡੂੰਘਾਈ ਵੱਧ ਜਾਣ ਨਾਲ ਫੌਜ ਦੇ ਬੰਕਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਵਰਨਣਯੋਗ ਹੈ ਕਿ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਮੁਕੰਮਲ ਰੋਕ ਦੇ ਹੁਕਮ ਦੇ ਬਾਵਜੂਦ ਗੁਰਦਾਸਪੁਰ ਅਤੇ ਪਠਾਨਕੋਟ ’ਚ ਨਾਜਾਇਜ਼ ਮਾਈਨਿੰਗ ਲਗਾਤਾਰ ਜਾਰੀ ਹੈ।
ਇਸੇ ਦਰਮਿਆਨ 12 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ’ਚ ਹੋਣ ਵਾਲੀ ਨਾਜਾਇਜ਼ ਮਾਈਨਿੰਗ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨਾਲ ਸਰਹੱਦ ’ਤੇ ਬਣੇ ਫੌਜ ਦੇ ਮੋਰਚਿਆਂ, ਬੰਕਰਾਂ ਅਤੇ ਪੁਲਾਂ ਤੱਕ ਨੂੰ ਨੁਕਸਾਨ ਪਹੁੰਚ ਰਿਹਾ ਹੈ, ਜੋ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਵੱਡਾ ਖਤਰਾ ਹੈ, ਇਸ ਲਈ ਅਜਿਹੇ ਲੋਕਾਂ ਦੇ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਦੀ ਆੜ ’ਚ ਰਾਸ਼ਟਰ ਵਿਰੋਧੀ ਤੱਤ ਦੇਸ਼ ’ਚ ਦਾਖਲ ਹੋ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਰਹੱਦੀ ਇਲਾਕਿਆਂ ’ਚ ਨਾਜਾਇਜ਼ ਮਾਈਨਿੰਗ ਸਖਤੀ ਨਾਲ ਰੋਕਣ ਦੇ ਹੁਕਮ ਵੀ ਦਿੱਤੇ। ਦੂਜੇ ਪਾਸੇ ਰੇਲ ਮੰਤਰਾਲਾ ਦੇ ਅਨੁਸਾਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ’ਚੋਂ ਹੋ ਕੇ ਲੰਘ ਰਹੀਆਂ ਨਦੀਆਂ ’ਚ ਨਾਜਾਇਜ਼ ਖੋਦਾਈ ਅਤੇ ਰੇਲ ਪਿੱਲਰਾਂ ਤੱਕ ਜ਼ਮੀਨ ਖੋਦ ਦੇਣ ਦੇ ਕਾਰਨ ਕਈ ਛੋਟੇ-ਵੱਡੇ ਰੇਲਵੇ ਪੁਲਾਂ ਲਈ ਖਤਰਾ ਵਧ ਗਿਆ ਹੈ।
* ਹਿਮਾਚਲ ਪ੍ਰਦੇਸ਼ ’ਚ ਬੀਤੀ 20 ਅਗਸਤ ਨੂੰ ਨਾਜਾਇਜ਼ ਮਾਈਨਿੰਗ ਦੇ ਕਾਰਨ ‘ਚੱਕੀ ਨਾਲੇ’ ’ਤੇ ਬਣੇ ਰੇਲਵੇ ਪੁਲ ਦੇ ਢਹਿ ਜਾਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨਿਪੁਣ ਜਿੰਦਲ ਨੇ ਹੁਕਮ ਦਿੱਤਾ ਹੈ ਕਿ ਨਾਜਾਇਜ਼ ਮਾਈਨਿੰਗ ’ਚ ਸ਼ਾਮਲ ਲੋਕਾਂ ਦੇ ਵਿਰੁੱਧ ਸਰਕਾਰੀ ਜਾਇਦਾਦ ਦੀ ਚੋਰੀ ਦੇ ਦੋਸ਼ ’ਚ ਕੇਸ ਦਰਜ ਕੀਤਾ ਜਾਵੇ, ਜੋ ਗੈਰ-ਜ਼ਮਾਨਤੀ ਅਪਰਾਧ ਹੈ।
* ਹਰਿਆਣਾ ’ਚ ਵੀ ਰਾਜਸਥਾਨ ਸਰਹੱਦ ’ਤੇ ਅਰਾਵਲੀ ਲੜੀ ਦੇ ਨੇੜੇ ਅਤੇ ਹੋਰਨਾਂ ਥਾਵਾਂ ’ਤੇ ਨਾਜਾਇਜ਼ ਮਾਈਨਿੰਗ ਜ਼ੋਰਾਂ ’ਤੇ ਹੈ, ਜਿਸ ਕਾਰਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਸ ਇਲਾਕੇ ਨੂੰ ‘ਨੋ ਮਾਈਨਿੰਗ ਜ਼ੋਨ’ ਐਲਾਨ ਦਿੱਤਾ ਹੈ।
* ਹਰਿਆਣਾ ’ਚ ਮਹਿੰਦਰਗੜ੍ਹ ਜ਼ਿਲ੍ਹੇ ਦੀ ਪੁਲਸ ਨੇ ਲੋਕਾਂ ਨੂੰ ਨਾਜਾਇਜ਼ ਮਾਈਨਿੰਗ ਦੇ ਵਿਰੁੱਧ ਜਾਗਰੂਕ ਕਰਨ ਦੇ ਲਈ ਪਿੰਡਾਂ ’ਚ ਮੁਨਾਦੀ ਕਰਵਾਉਣੀ ਸ਼ੁਰੂ ਕਰ ਰੱਖੀ ਹੈ ਅਤੇ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੂੰ ਨਾਜਾਇਜ਼ ਮਾਈਨਿੰਗ ’ਚ ਸ਼ਾਮਲ ਨਾ ਹੋਣ ਅਤੇ ਨਾਜਾਇਜ਼ ਤੌਰ ’ਤੇ ਮਾਈਨਿੰਗ ਕੀਤੇ ਹੋਏ ਸਾਮਾਨ ਦੀ ਢੋਆਈ ’ਚ ਸਹਿਯੋਗ ਨਾ ਦੇਣ ਦੀ ਅਪੀਲ ਕਰ ਰਹੀ ਹੈ।
* ਹਾਲ ਹੀ ’ਚ ਜੰਮੂ ਡਵੀਜ਼ਨ ’ਚ ਮਾਈਨਿੰਗ ਮਾਫੀਆ ਦੀਆਂ ਸਰਗਰਮੀਆਂ ’ਚ ਤੇਜ਼ੀ ਦੇਖੀ ਗਈ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਖਾਸ ਤੌਰ ’ਤੇ ਪਠਾਨਕੋਟ ਦੇ ਨਾਲ ਲੱਗਦੇ ਕਠੂਆ ਜ਼ਿਲ੍ਹੇ ’ਚ ਨਾਜਾਇਜ਼ ਮਾਈਨਿੰਗ ’ਚ ਸ਼ਾਮਲ ਲੋਕਾਂ ਵਿਰੁੱਧ ਹਰਕਤ ’ਚ ਆਇਆ ਹੈ। ਪਿਛਲੇ ਕੁਝ ਸਮੇਂ ਦੇ ਦੌਰਾਨ ਕਠੂਆ ’ਚ ਰਾਵੀ ਨਦੀ ’ਚੋਂ ਨਾਜਾਇਜ਼ ਖੋਦਾਈ ਕਰ ਰਹੇ 40 ਤੋਂ ਵੱਧ ਵਾਹਨ ਜ਼ਬਤ ਕੀਤੇ ਗਏ ਹਨ। ਜੰਮੂ ਜ਼ਿਲ੍ਹੇ ’ਚ ਹੀ ਨਾਜਾਇਜ਼ ਮਾਈਨਿੰਗ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਜਿਸ ਦੇ ਮੱਦੇਨਜ਼ਰ ਜੰਮੂ ਦੀ ਡਿਪਟੀ ਕਮਿਸ਼ਨਰ ‘ਅਵਨੀ ਲਵਾਸਾ’ ਨੇ ਸਬੰਧਤ ਅਧਿਕਾਰੀਆਂ ਨੂੰ ਅਜਿਹੀਆਂ ਸਰਗਰਮੀਆਂ ’ਚ ਸ਼ਾਮਲ ਪਾਏ ਜਾਣ ਵਾਲੇ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦਾ ਹੁਕਮ ਦਿੱਤਾ ਹੈ।
* ਉੱਤਰ ਪ੍ਰਦੇਸ਼ ’ਚ ਵੀ ਕਈ ਥਾਵਾਂ ’ਤੇ ਨਾਜਾਇਜ਼ ਮਾਈਨਿੰਗ ਸਰਗਰਮੀਆਂ ਦੀਆਂ ਖਬਰਾਂ ਮਿਲ ਰਹੀਆਂ ਹਨ। 14 ਸਤੰਬਰ ਨੂੰ ਮਾਫੀਆ ਦੇ ਮੈਂਬਰ ਮਾਈਨਿੰਗ ਵਿਭਾਗ ਦੀ ਪੂਰੀ ਟੀਮ ਨੂੰ ਬੰਧਕ ਬਣਾ ਕੇ ਉਸ ਦੇ ਵਲੋਂ ਜ਼ਬਤ ਕੀਤਾ ਡੰਪਰ ਖੋਹ ਕੇ ਲੈ ਗਏ।
* ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਵੀ ਮਾਈਨਿੰਗ ਮਾਫੀਆ ਸਰਗਰਮ ਹੈ ਅਤੇ ਧੌਲਪੁਰ ਅਤੇ ਹੋਰਨਾਂ ਥਾਵਾਂ ’ਤੇ ਧੜੱਲੇ ਨਾਲ ਮਾਈਨਿੰਗ ਕਰ ਕੇ ਮਾਈਨਿੰਗ ਉਤਪਾਦਾਂ ਨੂੰ ਸ਼ਹਿਰ ਤੱਕ ਪਹੁੰਚਾ ਰਿਹਾ ਹੈ। ਧੌਲਪੁਰ ਦੇ ਚਾਂਦਪੁਰਾ ਪਿੰਡ ’ਚ ਨਾਜਾਇਜ਼ ਮਾਈਨਿੰਗ ਰੋਕਣ ਗਈ ਜੰਗਲਾਤ ਵਿਭਾਗ ਦੀ ਟੀਮ ’ਤੇ ਮਾਫੀਆ ਦੇ 3 ਦਰਜਨ ਤੋਂ ਵੱਧ ਮੈਂਬਰਾਂ ਨੇ ਹਮਲਾ ਕਰ ਕੇ ਜੰਗਲਾਤ ਵਿਭਾਗ ਦੀ ਜੀਪ ਭੰਨ ਦਿੱਤੀ ਅਤੇ ਕੁਝ ਅਧਿਕਾਰੀਆਂ ਨੂੰ ਜ਼ਖਮੀ ਵੀ ਕਰ ਦਿੱਤਾ।
ਉਕਤ ਘਟਨਾਕ੍ਰਮਾਂ ਤੋਂ ਸਪੱਸ਼ਟ ਹੈ ਕਿ ਅੱਜ ਦੇਸ਼ ’ਚ ਮਾਈਨਿੰਗ ਮਾਫੀਆ ਵਾਤਾਵਰਣ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਨੂੰ ਵੀ ਖਤਰੇ ’ਚ ਪਾ ਰਿਹਾ ਹੈ, ਜਿਸ ਨੂੰ ਕਿਸੇ ਨਾ ਕਿਸੇ ਤੌਰ ’ਤੇ ਸਿਆਸੀ ਅਤੇ ਪੁਲਸ ਦੀ ਸ਼ਹਿ ਪ੍ਰਾਪਤ ਹੈ ਅਤੇ ਇਸ ਦੇ ਸਾਹਮਣੇ ਕਾਨੂੰਨ ਬੇਵੱਸ ਹੋ ਕੇ ਰਹਿ ਗਿਆ ਹੈ। ਇਸ ਲਈ ਇਸ ਸਬੰਧ ’ਚ ਮਾਫੀਆ ਦੇ ਨਾਲ-ਨਾਲ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਸਿਆਸਤਦਾਨਾਂ ਅਤੇ ਪੁਲਸ ਮੁਲਾਜ਼ਮਾਂ, ਅਧਿਕਾਰੀਆਂ ਆਦਿ ਦਾ ਪਤਾ ਲਗਾ ਕੇ ਉਨ੍ਹਾਂ ਦੇ ਵਿਰੁੱਧ ਸਖਤ ਤੋਂ ਸਖਤ ਕਦਮ ਚੁੱਕਣ ਦੀ ਲੋੜ ਹੈ।
–ਵਿਜੇ ਕੁਮਾਰ
ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਡਾ. ਗੋਵਿੰਦ ਨੰਦਕੁਮਾਰ ਨੇ ਲਗਾਈ 3 ਕਿਲੋਮੀਟਰ ਦੌੜ
NEXT STORY