ਈਰਾਨੀ ਜਨਰਲ ’ਤੇ ਅਮਰੀਕੀ ਹਮਲੇ ਦਾ ਇਕ ਪਹਿਲੂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਈਰਾਨ ਦਾ ਰਸੂਖ਼, ਜੋ ਇਰਾਕ ਵਿਚ ਬਹੁਤ ਵਧ ਚੁੱਕਾ ਹੈ, ਸੀਰੀਆ ਵਿਚ ਉਹ ਪਹਿਲਾਂ ਹੀ ਅਸਦ ਦੀ ਮਦਦ ਕਰ ਰਿਹਾ ਹੈ ਅਤੇ ਕੁਰਦ ਵੀ ਉਸ ਦੇ ਨਾਲ ਹਨ, ਅਜਿਹੀ ਹਾਲਤ ਵਿਚ ਮੱਧ ਏਸ਼ੀਆ ਵਿਚ ਇਹ ਸਭ ਤੋਂ ਵੱਡੀ ਸ਼ਕਤੀ ਅਤੇ ਜ਼ਮੀਨ ਦਾ ਮਾਲਕ ਬਣ ਕੇ ਉੱਭਰ ਰਿਹਾ ਸੀ। ਅਜਿਹੀ ਹਾਲਤ ਵਿਚ ਨੇੜੇ-ਤੇੜੇ ਦੇ ਸੁੰਨੀ ਦੇਸ਼ ਅਤੇ ਇਸਰਾਈਲ ਆਪਣੇ ਦਰਮਿਆਨ ਇਕ ਮਜ਼ਬੂਤ ਸ਼ੀਆ ਸ਼ਕਤੀ ਨੂੰ ਨਹੀਂ ਚਾਹੁੰਦੇ ਹਨ। ਅਮਰੀਕਾ ਵੀ ਅਜਿਹਾ ਨਹੀਂ ਚਾਹੁੁੰਦਾ।
ਇਸ ਨੂੰ ਦੇਖਦੇ ਹੋਏ ਫਿਲਹਾਲ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਅਮਰੀਕਾ ਦੇ ਵਿਰੁੱਧ ਈਰਾਨ ਕਿਸ ਤਰ੍ਹਾਂ ਦੀ ਬਦਲੇ ਦੀ ਕਾਰਵਾਈ ਕਰੇਗਾ? ਕੀ ਉਸ ਕੋਲ ਖੁਫੀਆ ਜਾਂ ਖੁੱਲ੍ਹ ਕੇ ਕਾਰਵਾਈ ਕਰਨ ਦੀ ਸਮਰੱਥਾ ਹੈ?
ਈਰਾਨ ਦੀ ਫੌਜੀ ਤਾਕਤ ਦੀ ਗੱਲ ਕਰੀਏ ਤਾਂ ਬ੍ਰਿਟੇਨ ਸਥਿਤ ਸੰਸਥਾ ‘ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼’ ਅਨੁਸਾਰ ਈਰਾਨ ਕੋਲ ਅੰਦਾਜ਼ਨ 5,23,000 ਸਰਗਰਮ ਈਰਾਨੀ ਫੌਜੀ ਹਨ। ਇਨ੍ਹਾਂ ’ਚੋਂ ਫੌਜ ਵਿਚ 3,50,000 ਅਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ’ਚ ਘੱਟੋ-ਘੱਟ 1,50,000 ਫੌਜੀ ਹਨ। ਰੈਵੋਲਿਊਸ਼ਨਰੀ ਗਾਰਡਜ਼ ਕੋਲ ਆਪਣੀ ਸਮੁੰਦਰੀ ਤੇ ਹਵਾਈ ਫੌਜ ਹੈ ਅਤੇ ਈਰਾਨ ਦੇ ਰਣਨੀਤਕ ਹਥਿਆਰਾਂ ਦੀ ਦੇਖ-ਰੇਖ ਵੀ ਇਹੀ ਕਰਦਾ ਹੈ।
ਰੈਵੋਲਿਊਸ਼ਨਰੀ ਗਾਰਡਜ਼ ਦੀ ਸਮੁੰਦਰੀ ਫੌਜ ਵਿਚ ਹੋਰ 20,000 ਤੋਂ ਵੱਧ ਸੇਵਾ ਮੁਲਾਜ਼ਮ ਹਨ। ਇਹ ਗਰੁੱਪ ਹੋਰਮੁਜ ਦੀ ਖਾੜੀ ਵਿਚ ਅਨੇਕ ਹਥਿਆਰਬੰਦ ਗਸ਼ਤੀ ਕਿਸ਼ਤੀਆਂ ਦਾ ਸੰਚਾਲਨ ਕਰਦਾ ਹੈ। 2019 ਵਿਚ ਹੋਰਮੁਜ ਦੀ ਖਾੜੀ ਵਿਚ ਵਿਦੇਸ਼ੀ ਤੇਲ ਟੈਂਕਰਾਂ ਨੂੰ ਲੈ ਕੇ ਕਈ ਟਕਰਾਅ ਹੋਏ ਸਨ।
ਰੈਵੋਲਿਊਸ਼ਨਰੀ ਗਾਰਡਜ਼ ਬਾਸਿਜ਼ ਯੂਨਿਟ ਨੂੰ ਵੀ ਕੰਟਰੋਲ ਕਰਦਾ ਹੈ, ਜੋ ਇਕ ਸਵੈ-ਸੇਵੀ ਫੌਜੀ ਬਲ ਹੈ, ਜਿਸ ਨੇ ਅੰਦਰੂਨੀ ਨਾਰਾਜ਼ਗੀ ਨੂੰ ਦਬਾਉਣ ਵਿਚ ਮਦਦ ਕੀਤੀ ਸੀ। ਇਹ ਯੂਨਿਟ ਕਈ ਹਜ਼ਾਰਾਂ ਮੁਲਾਜ਼ਮਾਂ ਨੂੰ ਜੁਟਾ ਸਕਦੀ ਹੈ। ਇਹ ਆਪਣੇ ਆਪ ਵਿਚ ਇਕ ਪ੍ਰਮੁੱਖ ਫੌਜ, ਸਿਆਸੀ ਅਤੇ ਆਰਥਿਕ ਸ਼ਕਤੀ ਬਣ ਚੁੱਕੀ ਹੈ।
ਨਿਯਮਿਤ ਫੌਜ ਦੀ ਤੁਲਨਾ ਵਿਚ ਘੱਟ ਫੌਜੀ ਹੋਣ ਦੇ ਬਾਵਜੂਦ ਇਸ ਨੂੰ ਈਰਾਨ ਵਿਚ ਸਭ ਤੋਂ ਵੱਧ ਤਾਕਤਵਰ ਫੌਜੀ ਬਲ ਮੰਨਿਆ ਜਾਂਦਾ ਹੈ।
ਦਿ ਕੁਰਦਸ ਫੋਰਸ, ਜਿਸ ਦੀ ਅਗਵਾਈ ਜਨਰਲ ਸੁਲੇਮਾਨੀ ਕਰਦੇ ਸਨ, ਰੈਵੋਲਿਊਸ਼ਨਰੀ ਗਾਰਡਜ਼ ਲਈ ਵਿਦੇਸ਼ ਵਿਚ ਗੁਪਤ ਆਪ੍ਰੇਸ਼ਨ ਕਰਦੀ ਹੈ ਅਤੇ ਸਿੱਧੇ ਈਰਾਨ ਦੇ ਸਰਵਉੱਚ ਆਗੂ ਅਯਾਤੁੱਲਾ ਅਲੀ ਖਾਮੇਨੇਈ ਨੂੰ ਰਿਪੋਰਟ ਕਰਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਵਿਚ 5,000 ਮੁਲਾਜ਼ਮ ਤਾਇਨਾਤ ਹਨ।
ਇਸ ਦੀ ਤਾਇਨਾਤੀ ਸੀਰੀਆ ਵਿਚ ਕੀਤੀ ਗਈ ਸੀ, ਜਿਥੇ ਉਸ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਅਤੇ ਉਨ੍ਹਾਂ ਨਾਲ ਲੜ ਰਹੇ ਹਥਿਆਰਬੰਦ ਸ਼ੀਆਂ ਪ੍ਰਤੀ ਵਫ਼ਾਦਾਰ ਫੌਜੀ ਬਲਾਂ ਦੀ ਸਹਾਇਤਾ ਕੀਤੀ। ਇਰਾਕ ਵਿਚ ਇਸ ਨੇ ਇਕ ਸ਼ੀਆ ਬਹੁਗਿਣਤੀ ਨੀਮ ਫੌਜੀ ਬਲ ਦਾ ਸਮਰਥਨ ਕੀਤਾ ਸੀ, ਜਿਸ ਨੇ ਇਸਲਾਮਿਕ ਸਟੇਟ ਨੂੰ ਹਰਾਉਣ ਵਿਚ ਸਹਾਇਤਾ ਕੀਤੀ।
ਹਾਲਾਂਕਿ ਅਮਰੀਕਾ ਦਾ ਕਹਿਣਾ ਹੈ ਕਿ ਕੁਰਦਸ ਬਲ ਨੇ ਉਨ੍ਹਾਂ ਸੰਗਠਨਾਂ ਨੂੰ ਧਨ, ਸਿਖਲਾਈ, ਹਥਿਆਰ ਅਤੇ ਯੰਤਰ ਮੁਹੱਈਆ ਕਰ ਕੇ ਇਕ ਵਿਆਪਕ ਭੂਮਿਕਾ ਨਿਭਾਈ ਹੈ, ਜਿਨ੍ਹਾਂ ਨੂੰ ਵਾਸ਼ਿੰਗਟਨ ਨੇ ਮੱਧ-ਪੂਰਬ ਵਿਚ ਅੱਤਵਾਦੀ ਗਰੁੱਪ ਐਲਾਨਿਆ ਹੋਇਆ ਹੈ। ਇਸ ਵਿਚ ਲਿਬਨਾਨ ਦਾ ਹਿਜ਼ਬੁੱਲਾ ਅੰਦੋਲਨ ਅਤੇ ਫਿਲਸਤੀਨੀ ਇਸਲਾਮਿਕ ਜੇਹਾਦ ਸ਼ਾਮਿਲ ਹਨ।
ਆਰਥਿਕ ਸਮੱਸਿਆਵਾਂ ਅਤੇ ਪਾਬੰਦੀਆਂ ਕਾਰਣ ਈਰਾਨ ਵਿਚ ਹਥਿਆਰਾਂ ਦੀ ਦਰਾਮਦ ਇਲਾਕੇ ਦੇ ਹੋਰ ਦੇਸ਼ਾਂ ਦੀ ਤੁਲਨਾ ਵਿਚ ਉਮੀਦ ਮੁਤਾਬਿਕ ਘੱਟ ਹੈ। ਵਧੇਰੇ ਹਥਿਆਰ ਉਹ ਰੂਸ ਤੋਂ ਦਰਾਮਦ ਕਰਦਾ ਹੈ ਅਤੇ ਬਾਕੀ ਚੀਨ ਤੋਂ ਪਰ ਮਿਜ਼ਾਈਲਾਂ ਦੀ ਗੱਲ ਕਰੀਏ ਤਾਂ ਇਹ ਉਸ ਦੀ ਫੌਜੀ ਸਮਰੱਥਾ ਦਾ ਮਹੱਤਵਪੂਰਨ ਹਿੱਸਾ ਹਨ, ਜੋ ਮੱਧ-ਪੂਰਬ ਵਿਚ ਸਭ ਤੋਂ ਵੱਧ ਹਨ। ਇਸ ਵਿਚ ਮੁੱਖ ਤੌਰ ’ਤੇ ਘੱਟ ਦੂਰੀ ਅਤੇ ਦਰਮਿਆਨੀ ਦੂਰੀ ਦੀਆਂ ਮਿਜ਼ਾਈਲਾਂ ਸ਼ਾਮਿਲ ਹਨ, ਜਿਸ ਨਾਲ ਉਹ ਸਾਊਦੀ ਅਰਬ ਅਤੇ ਖਾੜੀ ਵਿਚ ਕਈ ਥਾਵਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾ ਸਕਦਾ ਹੈ।
ਈਰਾਨ ਲੰਮੀ ਦੂਰੀ ਤਕ ਮਾਰਕ ਕਰਨ ਵਾਲੀਆਂ ਇੰਟਰ-ਬੈਲਿਸਟਿਕ ਮਿਜ਼ਾਈਲਾਂ ਨੂੰ ਵਿਕਸਿਤ ਕਰਨ ਲਈ ਪੁਲਾੜ ਤਕਨਾਲੋਜੀ ਦਾ ਪ੍ਰੀਖਣ ਵੀ ਕਰਦਾ ਰਿਹਾ ਹੈ। ਦੂਜੇ ਪਾਸੇ ਪਾਬੰਦੀਆਂ ਦੇ ਬਾਵਜੂਦ ਈਰਾਨ ਡਰੋਨ ਸਮਰੱਥਾਵਾਂ ਨੂੰ ਵਿਕਸਿਤ ਕਰਨ ਵਿਚ ਵੀ ਸਮਰੱਥ ਰਿਹਾ ਹੈ। ਆਈ. ਐੱਸ. ਦੇ ਵਿਰੁੱਧ ਉਸ ਨੇ ਡਰੋਨਜ਼ ਦੀ ਖੂਬ ਵਰਤੋਂ ਕੀਤੀ ਸੀ ਅਤੇ ਬੀਤੇ ਵਰ੍ਹੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਨਾਲ ਸਾਊਦੀ ਅਰਬ ਦੀਆਂ 2 ਪ੍ਰਮੁੱਖ ਤੇਲ ਸਹੂਲਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਅਮਰੀਕਾ ਅਤੇ ਸਾਊਦੀ ਅਰਬ ਨੇ ਉਸ ’ਤੇ ਲਾਇਆ ਸੀ।
ਅੱਜ ਕਈ ਦੇਸ਼ਾਂ ਨੇ ਸਾਈਬਰ ਅਟੈਕ (ਇੰਟਰਨੈੱਟ ਹੈਕਿੰਗ ਹਮਲੇ) ਸਮਰੱਥਾਵਾਂ ਵੀ ਵਿਕਸਿਤ ਕੀਤੀਆਂ ਹਨ ਅਤੇ ਈਰਾਨ ਨੇ ਵੀ ਇਸ ਮਾਮਲੇ ਵਿਚ ਕਾਫੀ ਤਰੱਕੀ ਕੀਤੀ ਹੈੈ। ਮੰਨਿਆ ਜਾਂਦਾ ਹੈ ਕਿ ਰੈਵੋਲਿਊਸ਼ਨਰੀ ਗਾਰਡਜ਼ ਦੀ ਆਪਣੀ ਸਾਈਬਰ ਕਮਾਂਡ ਹੈ ਅਤੇ ਉਹ ਵਣਜਕ ਅਤੇ ਫੌਜੀ ਜਾਸੂਸੀ ’ਤੇ ਵੀ ਕੰਮ ਕਰ ਰਿਹਾ ਹੈ। ਇਕ ਰਿਪੋਰਟ ਅਨੁਸਾਰ ਈਰਾਨ ਦੁਨੀਆ ਭਰ ਵਿਚ ਏਅਰੋ ਸਪੇਸ, ਡਿਫੈਂਸ, ਐਨਰਜੀ, ਨੈਚੁਰਲ ਰਿਸੋਰਸਿਜ਼, ਟੈਲੀ-ਕਮਿਊਨੀਕੇਸ਼ਨਜ਼ ਕੰਪਨੀਆਂ ਨੂੰ ਇੰਟਰਨੈੱਟ ’ਤੇ ਨਿਸ਼ਾਨਾ ਬਣਾ ਚੁੱਕਾ ਹੈ।
ਅਜਿਹੀ ਹਾਲਤ ਵਿਚ ਈਰਾਨ ਦਾ ਚੁੱਪ ਬੈਠਣਾ ਮੁਸ਼ਕਿਲ ਹੈ ਪਰ ਉਹ ਅਮਰੀਕਾ ’ਤੇ ਸਿੱਧਾ ਹਮਲਾ ਵੀ ਨਹੀਂ ਕਰ ਸਕੇਗਾ। ਉਹ ਇਰਾਕ ਵਿਚ ਅਮਰੀਕਾ ਦੇ ਫੌਜੀ ਟਿਕਾਣਿਆਂ ’ਤੇ ਡਰੋਨ ਨਾਲ ਜਾਂ ਸਾਈਬਰ ਹਮਲਾ ਕਰ ਸਕਦਾ ਹੈ।
ਈਰਾਨ-ਅਮਰੀਕਾ ਸੰਕਟ ਦਾ ਭਾਰਤ ’ਤੇ ਅਸਰ
ਇਕ ਅਮਰੀਕੀ ਡਰੋਨ ਹਮਲੇ ਵਿਚ ਬਗਦਾਦ ਹਵਾਈ ਅੱਡੇ ਦੇ ਬਾਹਰ ਜਨਰਲ ਸੁਲੇਮਾਨੀ ਦੀ ਮੌਤ ਦੀ ਖ਼ਬਰ ਆਉਂਦਿਆਂ ਹੀ ਭਾਰਤੀ ਸ਼ੇਅਰ ਬਾਜ਼ਾਰ 100 ਤੋਂ ਵੀ ਵੱਧ ਅੰਕ ਡਿੱਗ ਗਿਆ, ਸੋਨੇ ਦੇ ਭਾਅ ਵਿਚ ਸਭ ਤੋਂ ਵੱਡਾ ਉਛਾਲ ਆਇਆ ਪਰ ਇਸ ਤੋਂ ਵੀ ਮਹੱਤਵਪੂਰਨ ਸੀ ਅਮਰੀਕੀ ਡਾਲਰ ਦੀ ਤੁਲਨਾ ਵਿਚ ਰੁਪਏ ’ਚ 38 ਪੈਸੇ ਦੀ ਗਿਰਾਵਟ।
ਇਕ ਸਮੇਂ ਭਾਰਤ ਆਪਣੀ ਲੋੜ ਦੇ ਤੇਲ ਦਾ ਵੱਡਾ ਹਿੱਸਾ ਈਰਾਨ ਤੋਂ ਦਰਾਮਦ ਕਰਦਾ ਸੀ ਅਤੇ ਅੱਜ ਵੀ ਦੋ-ਤਿਹਾਈ ਤੇਲ ਅਤੇ ਅੱਧੀ ਐੱਲ. ਐੱਨ. ਜੀ. ਦੀ ਸਪਲਾਈ ਸਮੁੰਦਰੀ ਜਹਾਜ਼ਾਂ ਰਾਹੀਂ ਹੋਰਮੁਜ ਦੀ ਖਾੜੀ ਤੋਂ ਹੁੰਦੀ ਹੈ। ਘੱਟੋ-ਘੱਟ ਬਿੰਦੂ ’ਤੇ 21 ਮੀਲ ਚੌੜੀ ਈਰਾਨ ਅਤੇ ਓਮਾਨ ਦੇ ਮੱਧ ਵਿਚ ਸਥਿਤ ਇਕ ਭੀੜੀ ਸਮੁੰਦਰੀ ਖਾੜੀ ਪਰਸ਼ੀਅਨ ਖਾੜੀ ਤੋਂ ਬਾਹਰ ਕਿਸੇ ਵੀ ਹੋਰ ਸਮੁੰਦਰ ਤਕ ਤੇਲ ਲਿਆਉਣ ਦਾ ਇਕੋ-ਇਕ ਮਾਰਗ ਹੈ।
ਟਵਿਟਰ ’ਤੇ ਦਾਅਵੇ ਹੋ ਰਹੇ ਹਨ ਅਤੇ ਈਰਾਨੀ ਵੀ ਅਪੀਲ ਕਰ ਰਹੇ ਹਨ ਕਿ ਜੰਗ ਛਿੜ ਸਕਦੀ ਹੈ। ਅਜਿਹੀ ਹਾਲਤ ਵਿਚ ਭਾਰਤ ਨੂੰ ਅਰਥ ਵਿਵਸਥਾ ਪ੍ਰਭਾਵਿਤ ਕਰਨ ਵਾਲੀਆਂ ਤੇਲ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ ਦਾ ਹੀ ਸਾਹਮਣਾ ਨਹੀਂ ਕਰਨਾ ਪਵੇਗਾ, ਸਗੋਂ ਉਸ ਨੂੰ ਅਮਰੀਕਾ ਅਤੇ ਈਰਾਨ ਦਰਮਿਆਨ ਬੇਹੱਦ ਜੋਖਮ ਭਰਿਆ ਸੰਤੁਲਨ ਵੀ ਅਪਣਾਉਣਾ ਪਵੇਗਾ। ਇਸ ਤੋਂ ਇਲਾਵਾ ਸਾਊਦੀ ਅਰਬ ਅਤੇ ਈਰਾਨ ਦੀ ਦੁਸ਼ਮਣੀ ਦੇ ਦਰਮਿਆਨ ਵੀ ਉਸ ਨੂੰ ਸੰਤੁਲਨ ਬਿਠਾਉਣਾ ਹੋਵੇਗਾ।
ਬੀਤੇ ਮਹੀਨੇ ਹੀ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚਾਬਹਾਰ ਬੰਦਰਗਾਹ ’ਤੇ ਕੰਮ ਵਿਚ ਤੇਜ਼ੀ ਲਿਆਉਣ ਲਈ ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਕੋਲੋਂ ਲਿਖਤੀ ਮਨਜ਼ੂਰੀ ਹਾਸਿਲ ਕੀਤੀ ਸੀ ਕਿ ਇਸ ਦੇ ਲਈ ਅਮਰੀਕਾ ਵਿਸ਼ਵ ਪੱਧਰੀ ਬੈਂਕਾਂ ਤੋਂ ਕਰਜ਼ਾ ਪ੍ਰਾਪਤ ਕਰਨ ਵਿਚ ਇਸ ਦੀ ਮਦਦ ਕਰੇਗਾ।
ਇਹ ਬੰਦਰਗਾਹ ਇਸ ਦੇ ਨੇੜੇ ਸਥਿਤ ਪਾਕਿਸਤਾਨ ਅਤੇ ਚੀਨ ਦੀ ਗਵਾਦਰ ਬੰਦਰਗਾਹ ਦਾ ਦਬਦਬਾ ਖਤਮ ਕਰਨ ਲਈ ਭਾਰਤ ਲਈ ਬੇਹੱਦ ਮਹੱਤਵਪੂਰਨ ਹੈ, ਹਾਲਾਂਕਿ ਜਨਰਲ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਭਾਰਤ ਲਈ ਸਥਿਤੀ ਇਕ ਵਾਰ ਫਿਰ ਅਤਿਅੰਤ ਚੁਣੌਤੀਪੂਰਨ ਬਣ ਗਈ ਹੈ।
ਨਵੇਂ ਸਾਲ ’ਤੇ ਮੰਤਰੀ ਨੇ ਆਪਣੇ ਲਈ ‘ਬੁੱਕੇ’ ਨਹੀਂ ਮੰਗਿਆ ਵਿਦਿਆਰਥੀਆਂ ਲਈ ਕਾਪੀਆਂ-ਪੈੱਨਾਂ ਦਾ ਤੋਹਫਾ
NEXT STORY