ਹਾਲਾਂਕਿ ਪੁਲਸ ਵਿਭਾਗ ’ਤੇ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਉਨ੍ਹਾਂ ਤੋਂ ਅਨੁਸ਼ਾਸਿਤ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ’ਚ ਕੁਝ ਪੁਲਸ ਮੁਲਾਜ਼ਮ ਅਾਪਣੀ ਅਨੁਸ਼ਾਸਨਹੀਣਤਾ ਅਤੇ ਡਿਊਟੀ ’ਚ ਲਾਪ੍ਰਵਾਹੀ ਵਰਤਣ ਦੇ ਕਾਰਨ ਆਲੋਚਨਾ ਦੇ ਪਾਤਰ ਬਣਨ ਦੇ ਨਾਲ-ਨਾਲ ਆਪਣੇ ਵਿਭਾਗ ਦੀ ਬਦਨਾਮੀ ਦਾ ਕਾਰਨ ਵੀ ਬਣ ਰਹੇ ਹਨ, ਜਿਸ ਦੀਆਂ ਪਿਛਲੇ ਲਗਭਗ 5 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 9 ਮਈ ਨੂੰ ‘ਦੀਦਾਰਗੰਜ’ ਥਾਣਾ (ਪਟਨਾ, ਬਿਹਾਰ) ਦੇ ਅਧਿਕਾਰੀਆਂ ਨੇ ਇਕ ਰਿਸ਼ਵਤਖੋਰ ਟ੍ਰੈਫਿਕ ਇੰਸਪੈਕਟਰ ‘ਅਭਿਨੰਦਨ ਕੁਮਾਰ’ ਨੂੰ ਇਕ ਆਟੋ ਚਾਲਕ ਤੋਂ 10,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 24 ਜੂਨ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ’ਚ ਟ੍ਰੈਫਿਕ ਪੁਲਸ ਦੇ ਦਰੋਗਾ ‘ਸੁਮਿਤ ਵਸ਼ਿਸ਼ਠ’ ਨੂੰ ਇਕ ਦੁਕਾਨ ਤੋਂ ਕੱਪੜਿਅਾਂ ਦੇ 4 ਬੈਗ ਚੋਰੀ ਕਰਦੇ ਹੋਏ ਫੜਿਆ ਗਿਆ। ਦੁਕਾਨਦਾਰ ਵਲੋਂ ਉੱਚ ਅਧਿਕਾਰੀਅਾਂ ਨੂੰ ਸ਼ਿਕਾਇਤ ਕਰਨ ’ਤੇ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ।
* 27 ਜੂਨ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ਦੇ ‘ਮੰਡੁਵਾਡੀਹ’ ਇਲਾਕੇ ’ਚ ਐਂਟੀ ਕੁਰੱਪਸ਼ਨ ਵਿਭਾਗ ਦੀ ਟੀਮ ਨੇ ਪੁਲਸ ਕਮਿਸ਼ਨਰੇਟ ਦੇ ਇਕ ਦਰੋਗਾ ਅਤੇ ਇਕ ਸਿਪਾਹੀ ਨੂੰ ਇਕ ਵਿਅਕਤੀ ਤੋਂ 15,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ।
* 9 ਅਗਸਤ ਨੂੰ ‘ਅਮਰੋਹਾ’ (ਉੱਤਰ ਪ੍ਰਦੇਸ਼) ਦੇ ‘ਰਜਬਪੁਰਾ’ ਥਾਣਾ ਖੇਤਰ ’ਚ ਚਾਹ ਦੀ ਕੰਟੀਨ ਚਲਾਉਣ ਵਾਲੇ ਪਿਓ-ਪੁੱਤਰ ਵਲੋਂ 5 ਪੁਲਸ ਵਾਲਿਅਾਂ ਨੂੰ ਮਹੀਨਾ ਦੇਣ ਤੋਂ ਇਨਕਾਰ ਕਰਨ ’ਤੇ ਪੁਲਸ ਵਾਲਿਅਾਂ ਵਲੋਂ ਪਿਓ-ਪੁੱਤਰ ਨੂੰ ਦੌੜਾ-ਦੌੜਾ ਕੇ ਕੁੱਟਣ ਦੇ ਮਾਮਲੇ ’ਚ 2 ਸਿਪਾਹੀਅਾਂ ਨੂੰ ਮੁਅੱਤਲ ਅਤੇ 3 ਹੋਰਨਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ।
* 26 ਸਤੰਬਰ ਨੂੰ ‘ਚਿਤੂਰ’ (ਅਾਂਧਰਾ ਪ੍ਰਦੇਸ਼) ’ਚ ਥਾਣੇ ’ਚ ਪੁਲਸ ਤੋਂ ਸਹਾਇਤਾ ਮੰਗਣ ਪਹੁੰਚੀ ਮਹਿਲਾ ਨੂੰ ਕਿਸੇ ਪੀਣ ਵਾਲੇ ਪਦਾਰਥ ’ਚ ਨਸ਼ੀਲੀ ਚੀਜ਼ ਮਿਲਾ ਕੇ ਬੇਹੋਸ਼ ਕਰਨ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਪੁਲਸ ਕਾਂਸਟੇਬਲ ‘ਉਮਾ ਸ਼ੰਕਰ’ ਅਤੇ ਹੋਮਗਾਰਡ ‘ਕਿਰਨ ਕੁਮਾਰ’ ਨੂੰ ਗ੍ਰਿਫਤਾਰ ਕੀਤਾ ਗਿਆ।
* 1 ਅਕਤੂਬਰ ਨੂੰ ‘ਤਿਰੂਵਨਮੱਲਈ (ਤਾਮਿਲਨਾਡੂ) ’ਚ ਇਕ ਟਰੱਕ ਨੂੰ ਰੋਕ ਕੇ ਤਲਾਸ਼ੀ ਲੈਣ ਦੇ ਬਹਾਨੇ ਉਸ ’ਚ ਸਵਾਰ 2 ਮਹਿਲਾਵਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 2 ਕਾਂਸਟੇਬਲਾਂ ‘ਸੁਰੇਸ਼ ਰਾਜ’ ਅਤੇ ‘ਸੁੰਦਰ’ ਨੂੰ ਗ੍ਰਿਫਤਾਰ ਕੀਤਾ ਗਿਆ।
* 9 ਅਕਤੂਬਰ ਨੂੰ ‘ਸਿਵਨੀ’ (ਮੱਧ ਪ੍ਰਦੇਸ਼) ’ਚ ‘ਨਾਗਪੁਰ’ ਤੋਂ ‘ਜਬਲਪੁਰ’ ਲਿਜਾ ਰਹੇ ਹਵਾਲਾ ਦੇ 2.96 ਕਰੋੜ ਰੁਪਏ ਜ਼ਬਤ ਕਰਨ ਲਈ ਅਾਪਣੇ ਸਟਾਫ ਨਾਲ ਪਹੁੰਚੀ ਐੱਸ. ਡੀ. ਓ. ਪੀ. (ਸਬ ਡਵੀਜ਼ਨਲ ਆਫਿਸਰ ਆਫ ਪੁਲਸ) ‘ਪੂਜਾ ਪਾਂਡੇ’ ਦਾ ਇੰਨੇ ਪੈਸੇ ਦੇਖ ਕੇ ਮਨ ਬੇਈਮਾਨ ਹੋ ਗਿਆ ਅਤੇ ਉਹ ਪੂਰੇ ਪੈਸੇ ਡਕਾਰ ਗਈ। ਖਬਰ ਫੈਲੀ ਤਾਂ 10 ਅਕਤੂਬਰ ਨੂੰ ਉਸ ਨੇ 1.45 ਕਰੋੜ ਰੁਪਏ ਦੀ ਜ਼ਬਤੀ ਦਿਖਾ ਦਿੱਤੀ। ਇਸ ਸਿਲਸਿਲੇ ’ਚ ਪੂਜਾ ਪਾਂਡੇ ਅਤੇ 4 ਹੋਰਨਾਂ ਨੂੰ ਗ੍ਰਿਫਤਾਰ ਕੀਤਾ ਗਿਆ।
* 14 ਅਕਤੂਬਰ ਨੂੰ ‘ਗਾਜ਼ੀਅਾਬਾਦ’ (ਉੱਤਰ ਪ੍ਰਦੇਸ਼) ’ਚ ਨਸ਼ੇ ’ਚ ਧੁੱਤ 2 ਪੁਲਸ ਮੁਲਾਜ਼ਮਾਂ ਨੇ ਇਕ ਕੰਟੀਨ ’ਚ ਖਾਣਾ ਖਾਣ ਦੌਰਾਨ ਮਸਤੀ ’ਚ ਆ ਕੇ ਗਾਲ੍ਹਾਂ ਕੱਢਣੀਅਾਂ ਸ਼ੁਰੂ ਕਰ ਦਿੱਤੀਅਾਂ ਅਤੇ ਕੰਟੀਨ ਦੇ ਇਕ ਕਰਮਚਾਰੀ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਨ ਕਰ ਦਿੱਤਾ।
* 16 ਅਕਤੂਬਰ ਨੂੰ ਸੀ. ਬੀ. ਆਈ. ਨੇ ਰੋਪੜ ਰੇਂਜ ਦੇ ਡੀ. ਆਈ. ਜੀ. ‘ਹਰਚਰਨ ਸਿੰਘ ਭੁੱਲਰ’ ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਉਸ ’ਤੇ ਵਿਚੋਲੀਏ ‘ਕਿਰਸ਼ਾਨੂੰ’ ਦੇ ਜ਼ਰੀਏ 5 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਸੀ. ਬੀ. ਆਈ. ਨੂੰ ਉਸ ਦੀ ਕੋਠੀ ਦੀ ਤਲਾਸ਼ੀ ਦੌਰਾਨ ਕਰੀਬ 5 ਕਰੋੜ ਰੁਪਏ ਦੀ ਨਕਦੀ ਤੋਂ ਇਲਾਵਾ ਹੋਰ ਸੰਪਤੀਅਾਂ ਸੰਬੰਧੀ ਦਸਤਾਵੇਜ਼ ਅਤੇ ਗੋਲਾ-ਬਾਰੂਦ ਵੀ ਮਿਲਿਆ ਹੈ।
* ਅਤੇ ਹੁਣ 21 ਅਕਤੂਬਰ ਨੂੰ ‘ਜੋਧਪੁਰ’ (ਰਾਜਸਥਾਨ) ਦੇ ਇਕ ਹੋਟਲ ’ਚ ਰਾਤ ਦੇ ਸਮੇਂ ਖਾਣਾ ਖਾਣ ਪਹੁੰਚੇ ਸਿਪਾਹੀਅਾਂ ਨੇ ਕਿਸੇ ਗੱਲ ’ਤੇ ਵਿਵਾਦ ਹੋ ਜਾਣ ਦੇ ਕਾਰਨ ਹੋਟਲ ਦੇ ਇਕ ਕਰਮਚਾਰੀ ਨੂੰ ਵਾਲਾਂ ਤੋਂ ਘਸੀਟ ਕੇ ਬੁਰੀ ਤਰ੍ਹਾਂ ਕੁੱਟ ਕੇ ਜ਼ਖਮੀ ਕਰ ਦੇਣ ਦੇ ਰੋਸ ’ਚ ਪੀੜਤਾਂ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
* 21 ਅਕਤੂਬਰ ਨੂੰ ਹੀ ‘ਕੂਚਬਿਹਾਰ’ (ਪੱਛਮੀ ਬੰਗਾਲ) ’ਚ ਦੀਵਾਲੀ ਮਨਾ ਰਹੇ ਬੱਚਿਅਾਂ ਅਤੇ ਮਹਿਲਾਵਾਂ ਨੂੰ ਇਕ ਪੁਲਸ ਅਧਿਕਾਰੀ ਨੇ ਬੁਰੀ ਤਰ੍ਹਾਂ ਕੁੱਟ ਦਿੱਤਾ।
ਹਾਲਾਂਕਿ ਪੁਲਸ ਦੀ ਨੌਕਰੀ ਜੁਆਇਨ ਕਰਦੇ ਸਮੇਂ ਵਿਭਾਗ ਵਲੋਂ ਪੁਲਸ ਮੁਲਾਜ਼ਮਾਂ ਨੂੰ ਇਮਾਨਦਾਰੀ ਦੇ ਨਾਲ ਕੰਮ ਕਰਨ ਤੋਂ ਇਲਾਵਾ ਜਨਤਾ ਦੀ ਸੁਰੱਖਿਆ ਕਰਨ ਦੀ ਸਹੁੰ ਚੁਕਾਈ ਜਾਂਦੀ ਹੈ ਪਰ ਨੌਕਰੀ ਜੁਆਇਨ ਕਰਨ ਤੋਂ ਬਾਅਦ ਕੁਝ ਪੁਲਸ ਮੁਲਾਜ਼ਮ ਇਸ ਸਹੁੰ ਨੂੰ ਦਰਕਿਨਾਰ ਕਰ ਕੇ ਮਨਮਾਨੀ ਕਰਨ ਲੱਗਦੇ ਹਨ। ਇਸ ਲਈ ਉਕਤ ਘਟਨਾਵਾਂ ’ਚ ਦੋਸ਼ੀਅਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਤੁਰੰਤ ਜ਼ਰੂਰਤ ਹੈ, ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।
–ਵਿਜੇ ਕੁਮਾਰ
ਜਾਗਰੂਕਤਾ ਅਤੇ ਕਾਨੂੰਨੀ ਸਖਤੀ ਨਾਲ ਹੀ ਰੁਕੇਗੀ ਆਨਰ ਕਿਲਿੰਗ
NEXT STORY