ਕਿਹੜੀ ਬੁਰਾਈ ਜ਼ਿਆਦਾ ਵੱਡੀ ਹੈ– ਫਿਰਕਾਪ੍ਰਸਤੀ ਜਾਂ ਭ੍ਰਿਸ਼ਟਾਚਾਰ? ਇਹੀ ਉਹ ਸਵਾਲ ਸੀ ਜੋ 2014 ’ਚ ਵੋਟਿੰਗ ਕੇਂਦਰਾਂ ’ਤੇ ਜਾਂਦੇ ਸਮੇਂ ਚਿੰਤਤ ਭਾਰਤੀਆਂ ਨੇ ਖੁਦ ਤੋਂ ਪੁੱਛਿਆ ਸੀ। ਕੀ ਜਾਤੀਵਾਦ ਇਨ੍ਹਾਂ ਦੋਵਾਂ ਤੋਂ ਵੀ ਬਦਤਰ ਹੈ? ਇਸ ਸਵਾਲ ਨੂੰ ਜੋੜਨਾ ਜ਼ਰੂਰੀ ਹੈ। ਈਸਾਈ ਧਰਮ ਅਤੇ ਇਸਲਾਮ ਦੇ ਹਮਲਾਵਰਾਂ ਅਤੇ ਵਪਾਰੀਆਂ ਦੇ ਨਾਲ ਆਉਣ ਤੋਂ ਪਹਿਲਾਂ, ਇਹ ਯਕੀਨੀ ਤੌਰ ’ਤੇ ਸਮਾਜਿਕ ਜੀਵਨ ’ਤੇ ਹਾਵੀ ਸੀ। ਭ੍ਰਿਸ਼ਟਾਚਾਰ ਹਮੇਸ਼ਾ ਪਰਛਾਵੇਂ ’ਚ ਲੁਕਿਆ ਰਿਹਾ ਪਰ ਆਜ਼ਾਦੀ ਤੋਂ ਬਾਅਦ ਲੋਕਤੰਤਰ ਅਤੇ ਚੋਣਾਂ ਦੇ ਕੇਂਦਰ ’ਚ ਆਉਣ ਤੋਂ ਬਾਅਦ ਇਸ ’ਤੇ ਜ਼ੋਰਦਾਰ ਚਰਚਾ ਹੋਣ ਲੱਗੀ।
ਹਰਿਆਣਾ ਸਰਕਾਰ ਦੋ ਖੁਦਕੁਸ਼ੀਆਂ ਤੋਂ ਉਪਜੇ ਤੂਫਾਨਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਬੇਵੱਸ ਹੈ। ਜਿਸ ਆਈ. ਪੀ. ਐੱਸ. ਅਧਿਕਾਰੀ ਨੇ ਆਪਣੇ ਗੰਨਮੈਨ ਦੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ, ਉਸ ਦੀ ਪਤਨੀ ਆਪਣੇ ਪਤੀ ਦਾ ਅੰਤਿਮ ਸੰਸਕਾਰ ਉਦੋਂ ਤਕ ਨਹੀਂ ਹੋਣ ਦੇਵੇਗੀ ਜਦੋਂ ਤਕ ਕਿ ਮ੍ਰਿਤਕ ਨੂੰ ਖੁਦਕੁਸ਼ੀ ਲਈ ਪ੍ਰੇਰਿਤ ਕਰਨ ਵਾਲਿਆਂ ਨੂੰ ਗ੍ਰਿਫਤਾਰ ਜਾਂ ਦੋਸ਼ੀ ਨਹੀਂ ਠਹਿਰਾਇਆ ਜਾਂਦਾ।
ਮ੍ਰਿਤਕ ਦਲਿਤ ਸੀ ਅਤੇ ਉਸ ਦੀ ਪਤਨੀ ਵੀ ਜੋ ਇਕ ਆਈ. ਏ. ਐੱਸ. ਸੀ, ਨੇ ਸੂਬੇ ਦੇ ਡੀ. ਜੀ. ਪੀ. ’ਤੇ ਜਾਤੀ ਆਧਾਰਿਤ ਤਸ਼ੱਦਦ ਅਤੇ ਭੇਦਭਾਵ ਦਾ ਦੋਸ਼ ਲਗਾਇਆ, ਜੋ ਵਿਭਾਗ ’ਚ ਮ੍ਰਿਤਕ ਦੇ ਸਭ ਤੋਂ ਵੱਡੇ ਅਧਿਕਾਰੀ ਸਨ। ਹੈਰਾਨੀ ਦੀ ਗੱਲ ਹੈ ਕਿ ਮ੍ਰਿਤਕ ਤੋਂ ਜੂਨੀਅਰ ਇਕ ਪੁਲਸ ਸੁਪਰਿੰਟੈਂਡੈਂਟ ਨੂੰ ਮੁੱਖ ਅਪਰਾਧੀ ਦੇ ਰੂਪ ’ਚ ਜੋੜਿਆ ਗਿਆ। ਬਾਕੀ 6 ਜਾਂ 8 ਪ੍ਰੇਸ਼ਾਨ ਕਰਨ ਵਾਲਿਆਂ ਦੇ ਨਾਂ ਅਤੇ ਅਹੁਦੇ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਮੇਰਾ ਸ਼ੱਕ ਹੈ ਕਿ ਉਹ ਸੱਜਣ ਸੁਬਾਰਡੀਨੇਟ ਪੁਲਸ ਅਧਿਕਾਰੀ ਅਤੇ ਪੁਲਸ ਕਰਮਚਾਰੀ ਰਹੇ ਹੋਣਗੇ।
ਮੇਰੇ ਸ਼ੱਕ ਦਾ ਕਾਰਨ ਇਹ ਹੈ ਕਿ ਹਰਿਆਣਾ ਪੁਲਸ ਦੇ ਇਕ ਸਹਾਇਕ ਸਬ-ਇੰਸਪੈਕਟਰ ਨੇ ਮ੍ਰਿਤਕ ਆਈ. ਪੀ. ਐੱਸ. ਦੀ ਖੁਦਕੁਸ਼ੀ ਦੇ ਦੋ ਜਾਂ ਤਿੰਨ ਦਿਨ ਬਾਅਦ ਖੁਦਕੁਸ਼ੀ ਕਰ ਲਈ ਅਤੇ ਮ੍ਰਿਤਕ ਆਈ. ਪੀ. ਐੱਸ. ਦਫਤਰ ਦੇ ‘ਭ੍ਰਿਸ਼ਟਾਚਾਰ’ ਅਤੇ ਮ੍ਰਿਤਕ ਦੀ ਪਤਨੀ ਵਲੋਂ ਲਗਾਏ ਗਏ ਝੂਠੇ ਦੋਸ਼ਾਂ ਨੂੰ ਆਪਣੇ ਵਲੋਂ ਉਠਾਏ ਗਏ ਘਾਤਕ ਕਦਮ ਦਾ ਕਾਰਨ ਦੱਸਿਆ। ਇਕ ਅੰਗਰੇਜ਼ੀ ਅਖਬਾਰ ਨੇ ਏ. ਐੱਸ. ਆਈ. ਵਲੋਂ ਆਈ. ਪੀ. ਐੱਸ. ਅਧਿਕਾਰੀ ਵਿਰੁੱਧ ਕੀਤੀ ਜਾ ਰਹੀ ਕਿਸੇ ਜਾਂਚ ਦਾ ਹਵਾਲਾ ਦਿੱਤਾ।
ਹਾਲਾਂਕਿ ਦੋਵੇਂ ਸੰਬੰਧਤ ਖੁਦਕੁਸ਼ੀਆਂ ਦੇ ਅਸਲੀ ਤੱਥ ਜਨਤਕ ਨਹੀਂ ਕੀਤੇ ਗਏ ਹਨ, ਫਿਰ ਵੀ ਕੋਈ ਵੀ ਅਨੁਭਵੀ ਪੁਲਸ ਮੁਲਾਜ਼ਮ ਇਹ ਸਿੱਟਾ ਕੱਢੇਗਾ ਕਿ ਇਸ ਘਿਨਾਉਣੀ ਕਹਾਣੀ ’ਚ ਭ੍ਰਿਸ਼ਟਾਚਾਰ ਅਤੇ ਜਾਤੀਵਾਦ ਦਾ ਡੂੰਘਾ ਅਤੇ ਅੰਤਰੀਵ ਸੰਬੰਧ ਹੈ।
ਸਾਰੇ ਸਰਕਾਰੀ ਵਿਭਾਗਾਂ ਅਤੇ ਕੇਂਦਰ ਦੇ ਸਾਰੇ ਸੂਬਿਆਂ ’ਚ ਧਨ ਅਤੇ ਲਾਲਚ ਦਾ ਬੋਲਬਾਲਾ ਹੈ। ਨਰਿੰਦਰ ਮੋਦੀ ਭ੍ਰਿਸ਼ਟਾਚਾਰ ਦੀ ਬੁਰਾਈ ਨੂੰ ਜੜ੍ਹ ਤੋਂ ਮਿਟਾਉਣ ਦੇ ਵਾਅਦੇ ’ਤੇ ਸੱਤਾ ’ਚ ਆਏ ਸਨ। ਉਹ ਇਸ ਵਿਸ਼ਾਲ ਦੇਸ਼ ’ਚ ਲੜੀਆਂ ਜਾ ਰਹੀਆਂ ਚੋਣਾਂ ਨੂੰ ਜਿੱਤਣ ਦੀ ਕੋਸ਼ਿਸ਼ ’ਚ ਇੰਨੇ ਬਿਜ਼ੀ ਰਹਿੰਦੇ ਹਨ ਕਿ ਜੇਕਰ ਕਿਸੇ ਨੂੰ ਇਹ ਦੱਸਿਆ ਜਾਏ ਕਿ ਸਾਡੇ ਸਰਵਉੱਚ ਨੇਤਾ ਨੂੰ ਸ਼ਾਸਨ ਦੇ ਿਸਖਰ ’ਤੇ ਵਧਦੇ ਭ੍ਰਿਸ਼ਟਾਚਾਰ ਸੂਚਕ ਅੰਕ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।
ਇਨ੍ਹਾਂ ਦੋਵਾਂ ਸੰਬੰਧਤ ਖੁਦਕੁਸ਼ੀਆਂ ਦੀ ਸੱਚਾਈ ਦਾ ਸਿਰਫ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ-ਇਕ ‘ਰਾਖਵੀਂ’ ਸ਼੍ਰੇਣੀ ਦੇ ਇਕ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਦੀ ਅਤੇ ਦੂਸਰੀ ਇਕ ਸੁਬਾਰਡੀਨੇਟ ਅਧਿਕਾਰੀ ਦੀ, ਜੋ ਸਪੱਸ਼ਟ ਤੌਰ ’ਤੇ ਉਸ ਅਧਿਕਾਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਟੀਮ ਦਾ ਹਿੱਸਾ ਸੀ।
ਜੇਕਰ ਉਨ੍ਹਾਂ ਦੋਸ਼ਾਂ ਅਤੇ ਉਸ ਦੇ ਬਾਅਦ ਦੀ ਜਾਂਚ ਦਾ ਵੇਰਵਾ ਜਨਤਾ ਦੇ ਸਾਹਮਣੇ ਆਏਗਾ ਤਾਂ ਦੋਵਾਂ ਖੁਦਕੁਸ਼ੀਆਂ ਦਾ ਅਸਲੀ ਕਾਰਨ ਸਪੱਸ਼ਟ ਹੋ ਜਾਵੇਗਾ। ਆਈ. ਪੀ. ਐੱਸ., ਆਈ. ਏ. ਐੱਸ. ਜੋੜੇ ਦੀ ਮੂਲ ਸ਼ਿਕਾਇਤ ਇਹ ਸੀ ਕਿ ਮ੍ਰਿਤਕ ਨੂੰ ਉਸ ਦੇ ਬਿੱਗ ਬੌਸ ਅਤੇ ਪੁਲਸ ਸੁਪਰਿੰਟੈਂਡੈਂਟ ਪੱਧਰ ਦੇ ਇਕ ਹੋਰ ਜੂਨੀਅਰ ਆਈ. ਪੀ. ਐੱਸ. ਅਧਿਕਾਰੀ ਵਲੋਂ ਇਸ ਲਈ ਦੁਖੀ ਕੀਤਾ ਜਾਂਦਾ ਸੀ ਕਿਉਂਕਿ ਉਹ ਅਨੁਸੂਚਿਤ ਜਾਤੀ ਦਾ ਸੀ।
ਇਹ ਸੱਚ ਹੈ ਕਿ ਹਰਿਆਣਾ ’ਚ ਜਾਟਾਂ, ਜਿਨ੍ਹਾਂ ਦੀ ਗਿਣਤੀ 28 ਫੀਸਦੀ ਹੈ ਅਤੇ ਦਲਿਤਾਂ, ਜਿਨ੍ਹਾਂ ਦੀ ਗਿਣਤੀ ਲਗਭਗ ਓਨੀ ਹੀ ਹੈ, ਦੇ ਵਿਚਾਲੇ ਹਮੇਸ਼ਾ ਤੋਂ ਹੀ ਬਹੁਤ ਹੀ ਨਾਜ਼ੁਕ ਰਿਸ਼ਤਾ ਰਿਹਾ ਹੈ। ਮਹਾਰਾਸ਼ਟਰ ’ਚ ਮਰਾਠਿਆਂ ਅਤੇ ਉਥੋਂ ਦੇ ਦਲਿਤਾਂ ਵਿਚਾਲੇ ਵੀ ਆਪਸੀ ਰਿਸ਼ਤੇ ਇਸੇ ਤਰ੍ਹਾਂ ਨਾਜ਼ੁਕ ਹਨ ਪਰ ਹਰਿਆਣਾ ਅਤੇ ਹੋਰਨਾਂ ਹਿੰਦੀ ਭਾਸ਼ੀ ਰਾਜਾਂ ਜਿੰਨੇ ਸਪੱਸ਼ਟ ਨਹੀਂ ਹਨ (ਇਹ ਸਿੱਟਾ ਕਿਸੇ ਤਜਰਬੇਕਾਰ ਦੇ ਅਧਿਐਨ ’ਤੇ ਆਧਾਰਿਤ ਨਹੀਂ ਹੈ ਸਗੋਂ ਸੇਵਾ ’ਚ ਮਿੱਤਰਾਂ ਨਾਲ ਗੱਲਬਾਤ ’ਤੇ ਆਧਾਰਿਤ ਧਾਰਨਾ ’ਤੇ ਆਧਾਰਿਤ ਹੈ)।
ਮਹਾਰਾਸ਼ਟਰ ਅਤੇ ਪੰਜਾਬ ’ਚ ਮੇਰੇ ਨਾਲ ਕੰਮ ਕਰ ਚੁੱਕੇ ਅਨੁਸੂਚਿਤ ਜਾਤੀ ਦੇ ਅਧਿਕਾਰੀਆਂ ਨਾਲ ਮੇਰਾ ਆਪਣਾ ਤਜਰਬਾ ਇਹ ਰਿਹਾ ਹੈ ਕਿ ਉਹ ਜ਼ਿਆਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਜਾਤੀਆਂ ਦੇ ਅਧਿਕਾਰੀਆਂ ਤੋਂ ਅਲੱਗ ਨਹੀਂ ਹਨ। ਹਰ ਜਾਤੀ ’ਚ ਚੰਗੇ, ਬੁਰੇ ਅਤੇ ‘ਉਦਾਸੀਨ’ ਅਧਿਕਾਰੀ ਹੁੰਦੇ ਹਨ! ਹਰ ਜਾਤੀ ’ਚ ਈਮਾਨਦਾਰ ਅਤੇ ਬੇਈਮਾਨ ਅਧਿਕਾਰੀ ਹੁੰਦੇ ਹਨ! ਪੁਲਸ ਮੁਖੀ ਨੂੰ ਉਨ੍ਹਾਂ ’ਚੋਂ ਹਰੇਕ ਤੋਂ ਸਰਵਸ੍ਰੇਸ਼ਠ ਹਾਸਲ ਕਰਨਾ ਹੁੰਦਾ ਹੈ।
ਵਰਦੇਰਾਜਨ ਮੁਦਲਿਆਰ ਨਾਂ ਦਾ ਇਕ ਗੈਂਗਸਟਰ 70 ਦੇ ਦਹਾਕੇ ਦੇ ਅੰਤ ਅਤੇ 80 ਦੇ ਦਹਾਕੇ ਦੀ ਸ਼ੁਰੂਆਤ ’ਚ ਮੁੰਬਈ ਸ਼ਹਿਰ ’ਚ ਨਾਜਾਇਜ਼ ਸ਼ਰਾਬ ਦੇ ਧੰਦੇ ’ਤੇ ਹਾਵੀ ਸੀ। ਜਦੋਂ ਮੈਂ ਫਰਵਰੀ 1982 ’ਚ ਪੁਲਸ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਤਾਂ ਮੈਂ ਰੇਲਵੇ ਤੋਂ ਇਕ ਵਿਸ਼ੇਸ਼ ਅਧਿਕਾਰੀ ਨੂੰ ਸ਼ਹਿਰ ’ਚ ਤਾਇਨਾਤ ਕਰਨ ਦੀ ਅਪੀਲ ਕੀਤੀ, ਜਿਥੇ ਉਹ ਉਸ ਸਮੇਂ ਕੰਮ ਕਰਦੇ ਸਨ। ਉਹ ਅਨੁਸੂਚਿਤ ਜਾਤੀ ਦੇ ਵਿਅਕਤੀ ਸਨ ਪਰ ਮੇਰੀ ਅਪੀਲ ਦਾ ਕਾਰਨ ਨਿਸ਼ਚਿਤ ਤੌਰ ’ਤੇ ਇਹ ਨਹੀਂ ਸੀ। ਉਨ੍ਹੀਂ ਦਿਨੀਂ ਮੁੰਬਈ ਅੰਡਰਵਰਲਡ ’ਤੇ ਰਾਜ ਕਰਨ ਵਾਲੇ ਤਿੰਨ ਵੱਡੇ ਗੈਂਗਸਟਰਾਂ ’ਚੋਂ ਇਕ ਨਾਲ ਨਜਿੱਠਣ ਲਈ ਆਪਣੀਆਂ ਸਮਰੱਥਾਵਾਂ ਦੀ ਵਰਤੋਂ ਕਰਨ ਦੀ ਉਨ੍ਹਾਂ ਦੀ ਸਮਰੱਥਾ ਅਤੇ ਇੱਛਾ ਸ਼ਕਤੀ ਨੇ ਮੈਨੂੰ ਪ੍ਰੇਰਿਤ ਕੀਤਾ।
ਵਾਈ. ਸੀ. ਪਵਾਰ, ਕਿਉਂਕਿ ਇਹੀ ਉਨ੍ਹਾਂ ਦਾ ਨਾਂ ਸੀ, ਨੇ ਨਿਰਾਸ਼ ਨਹੀਂ ਕੀਤਾ। ਉਨ੍ਹਾਂ ਨੇ ਇਕ ਅਤਿਅੰਤ ਸਖਤ ਕੰਮ ਨੂੰ ਸਟੀਕਤਾ ਅਤੇ ਆਪਣੇ ਅਨੋਖੇ ਅੰਦਾਜ਼ ’ਚ ਅੰਜਾਮ ਦਿੱਤਾ। ਉਨ੍ਹਾਂ ਦੀ ਆਵਾਜ਼ ਬਹੁਤ ਉੱਚੀ ਸੀ ਅਤੇ ਉਨ੍ਹਾਂ ਨੇ ਇਸ ਦਾ ਭਰਪੂਰ ਫਾਇਦਾ ਉਠਾਇਆ। ਉਨ੍ਹਾਂ ਦੀ ਪ੍ਰਸਿੱਧੀ ਦਾ ਕੁਝ ਅਸਰ ਮੇਰੇ ’ਤੇ ਵੀ ਪਿਆ ਅਤੇ ਮੈਂ ਸਹੀ ਚੋਣ ਕਰ ਕੇ ਬਹੁਤ ਖੁਸ਼ ਹੋਇਆ।
ਅਨੁਸੂਚਿਤ ਜਾਤੀਆਂ ਲਈ 12.5 ਫੀਸਦੀ ਸੀਟਾਂ ਦੀ ਰਿਜ਼ਰਵੇਸ਼ਨ ਸਦੀਆਂ ਤੋਂ ਹੋ ਰਹੇ ਉਸ ਅਨਿਆਂ ਦੀ ‘ਮੁਆਫੀ ਮੰਗਣਾ’ ਸੀ ਜੋ ‘ਵਰਣ’ ਵਿਵਸਥਾ ਤੋਂ ਵਾਂਝੇ ਲੋਕਾਂ ਨਾਲ ਹੋ ਰਿਹਾ ਸੀ ਪਰ ਬਾਅਦ ’ਚ ਉੱਚ ਅਹੁਦਿਆਂ ’ਤੇ ਖਾਲੀ ਆਸਾਮੀਆਂ ਲਈ ਰਿਜ਼ਰਵੇਸ਼ਨ ਦੇ ਸਿਧਾਂਤ ਦੇ ਵਿਸਥਾਰ ਨੇ ਵਰਦੀਧਾਰੀ ਬਲ ’ਚ ਵਿਆਪਕ ਅਸੰਤੋਸ਼ ਨੂੰ ਜਨਮ ਦਿੱਤਾ। ਜਦੋਂ ਇੰਸਪੈਕਟਰ ਏ., ਬੀ. ਜਾਂ ਸੀ. ਵਲੋਂ ਟ੍ਰੇਂਡ ਨੌਜਵਾਨ ਸਬ-ਇੰਸਪੈਕਟਰਾਂ ਨੂੰ ਉੱਚ ਅਹੁਦਿਆਂ ’ਤੇ 12.5 ਫੀਸਦੀ ਕੋਟਾ ਪੂਰਾ ਕਰਨ ਲਈ ਇੰਸਪੈਕਟਰ ਅਤੇ ਫਿਰ ਅਸਿਸਟੈਂਟ ਕਮਿਸ਼ਨਰ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਤਾਂ ਤਜਰਬੇਕਾਰ ਅਤੇ ਸਮਰੱਥ ਇੰਸਪੈਕਟਰ ਅਨੁਸ਼ਾਸਨ ਅਤੇ ਪ੍ਰੋਟੋਕਾਲ ਦੀ ਮੰਗ ਅਨੁਸਾਰ ਆਪਣੇ ਨਵੇਂ ਅਧਿਕਾਰੀਆਂ ਦਾ ਸਵਾਗਤ ਕਰਨ ਤੋਂ ਬਚਦੇ ਰਹੇ। ਫੌਜ ’ਚ ਅਜਿਹਾ ਨਹੀਂ ਸੀ!
ਕਈ ਸਦੀਆਂ ਤੋਂ ਚਲੀਆਂ ਆ ਰਹੀਆਂ ਸਮਾਜਿਕ ਬੁਰਾਈਆਂ ਨਾਲ ਨਜਿੱਠਣਾ ਇਕ ਅਜਿਹਾ ਬੋਝ ਹੈ ਜਿਸ ਨੂੰ ਸਾਡੇ ਨੇਤਾਵਾਂ ਨੂੰ ਸਿੱਖਣਾ ਅਤੇ ਸੁਲਝਾਉਣਾ ਹੋਵੇਗਾ। ਹਰਿਆਣਾ ਪੁਲਸ ’ਚ ਹੋਈਆਂ ਦੋ ਖੁਦਕੁਸ਼ੀਆਂ ਉਨ੍ਹਾਂ ਦੀ ਹਿੰਮਤ ਅਤੇ ਸਮਰੱਥਾਵਾਂ ਦੀ ਸਖਤ ਪ੍ਰੀਖਿਆ ਲੈਣਗੀਆਂ।
- ਜੂਲੀਓ ਰਿਬੈਰੋ
ਨਿਆਂ ਹਾਸਲ ਕਰਨ ਦੀ ਪ੍ਰਕਿਰਿਆ ’ਚ ਵਕੀਲ, ਮੁਵੱਕਲ ਅਤੇ ਪੁਲਸ ਤਿੰਨਾਂ ਦੀ ਭੂਮਿਕਾ ਅਹਿਮ
NEXT STORY