ਸੱਤਾ ਅਦਾਰੇ ਨਾਲ ਜੁੜੇ ਲੋਕਾਂ, ਸਿਆਸਤਦਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਖੁਦ ਨੂੰ ਸੱਚਾ ਜਨਸੇਵਕ ਸਿੱਧ ਕਰਦੇ ਹੋਏ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਲਝਾਉਣ ’ਚ ਮਦਦ ਕਰਨਗੇ ਪਰ ਅੱਜ ਇਨ੍ਹਾਂ ਹੀ ’ਚੋਂ ਕੁਝ ਲੋਕ ਦਬੰਗਈ ਅਤੇ ਗਲਤ ਕੰਮਾਂ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਸ ਦੀਆਂ ਲਗਭਗ ਚਾਰ ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 19 ਜੂਨ ਨੂੰ ‘ਰਾਏਪੁਰ’ (ਛੱਤੀਸਗੜ੍ਹ) ’ਚ ਇਕ ਪਟਵਾਰੀ ਨੂੰ ਡਰਾ-ਧਮਕਾ ਕੇ ਉਸ ਤੋਂ 70 ਲੱਖ ਰੁਪਏ ਵਸੂਲ ਕਰਨ ਅਤੇ ਉਸ ਦੀ ਜ਼ਮੀਨ ਹੜੱਪਣ ਦਾ ਯਤਨ ਕਰਨ ਦੇ ਦੋਸ਼ ’ਚ ਕਾਂਗਰਸ ਨੇਤਾ ਹਸਨ ਆਬਿਦੀ ਨੂੰ ਗ੍ਰਿਫਤਾਰ ਕੀਤਾ ਿਗਆ।
* 26 ਜੁਲਾਈ ਨੂੰ ‘ਬਰੇਲੀ’ (ਉੱਤਰ ਪ੍ਰਦੇਸ਼) ’ਚ ਸਪਾ ਵਿਦਿਆਰਥੀ ਪ੍ਰੀਸ਼ਦ ਦੇ ਪ੍ਰਧਾਨ ‘ਅਵਿਨਾਸ਼ ਮਿਸ਼ਰਾ’, ਮੀਤ ਪ੍ਰਧਾਨ ‘ਬ੍ਰਜੇਸ਼ ਸ਼੍ਰੀਵਾਸਤਵ’ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਸੇ ਗੱਲ ’ਤੇ ਵਿਵਾਦ ਹੋ ਜਾਣ ’ਤੇ ‘ਸ਼ਿਆਮ ਕ੍ਰਿਸ਼ਨ ਗੁਪਤਾ’ ਨਾਂ ਦੇ ਵਪਾਰੀ ਨੂੰ ਲੱਤਾਂ-ਮੁੱਕਿਆਂ ਨਾਲ ਪਹਿਲਾਂ ਤਾਂ ਬੁਰੀ ਤਰ੍ਹਾਂ ਕੁੱਟਿਆ, ਫਿਰ ਧੱਕਾ ਦੇ ਕੇ ਨਾਲੀ ’ਚ ਸੁੱਟ ਦਿੱਤਾ।
* 5 ਸਤੰਬਰ ਨੂੰ ‘ਸੋਲਾਪੁਰ’ (ਮਹਾਰਾਸ਼ਟਰ) ’ਚ ਨਾਜਾਇਜ਼ ਖਨਨ ਰੋਕਣ ਗਈ ਮਹਿਲਾ ਆਈ. ਪੀ. ਐੱਸ. ਅਧਿਕਾਰੀ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਰਾਕਾਂਪਾ ਨੇਤਾ ‘ਅਜੀਤ ਪਵਾਰ’ ਨੇ ਤੁਰੰਤ ਕਾਰਵਾਈ ਰੋਕਣ ਦੇ ਸਖਤ ਨਿਰਦੇਸ਼ ਦਿੱਤੇ।
ਮਹਿਲਾ ਅਧਿਕਾਰੀ ਵਲੋਂ ਇਸ ਦਾ ਵਿਰੋਧ ਕਰਨ ’ਤੇ ਵਿਵਾਦ ਇੰਨਾ ਵਧਿਆ ਕਿ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਪ ਮੁੱਖ ਮੰਤਰੀ ਨੂੰ ਬਿਆਨ ਜਾਰੀ ਕਰਨਾ ਪਿਆ ਕਿ ਉਨ੍ਹਾਂ ਦਾ ਕਾਨੂੰਨੀ ਕਾਰਵਾਈ ’ਚ ਦਖਲ ਦੇਣ ਦਾ ਕੋਈ ਇਰਾਦਾ ਨਹੀਂ ਸੀ।
* 6 ਸਤੰਬਰ ਨੂੰ ‘ਮੁਰਾਦਨਗਰ’ (ਉੱਤਰ ਪ੍ਰਦੇਸ਼) ’ਚ ਸਪਾ ਨੇਤਾ ‘ਭੂਰੇ ਖਾਨ’ ਨੇ ਪੁਲਸ ਚੌਕੀ ’ਚ ਹੰਗਾਮਾ ਕੀਤਾ ਅਤੇ ਇਹ ਕਹਿੰਦੇ ਹੋਏ ‘ਸਾਜਿਦ’ ਨਾਂ ਦੇ ਇਕ ਹਿਸਟਰੀ ਸ਼ੀਟਰ ਨੂੰ ਛੁਡਾ ਕੇ ਲੈ ਗਿਆ ਕਿ ‘‘ਕਿਸੇ ਭੁਲੇਖੇ ’ਚ ਨਾ ਰਹਿਣਾ, ਹੋਸ਼ ਠਿਕਾਣੇ ਲਗਾ ਦੇਵਾਂਗਾ। ਕਿਸੇ ’ਚ ਹਿੰਮਤ ਨਹੀਂ ਹੈ, ਜੋ ਮੈਨੂੰ ਰੋਕ ਸਕੇ।’’
* 30 ਸਤੰਬਰ ਨੂੰ ‘ਦੇਵਾਸ’ (ਮੱਧ ਪ੍ਰਦੇਸ਼) ਦੇ ਪਿੰਡ ‘ਮੁਹੜੀ’ ’ਚ ਭਾਜਪਾ ਦੇ ਸਾਬਕਾ ਮੰਡਲ ਜਨਰਲ ਸਕੱਤਰ ‘ਦਸ਼ਰਥ ਧਾਕੜ’ ਅਤੇ ਉਸ ਦੇ ਤਿੰਨ ਭਰਾਵਾਂ ’ਤੇ ਆਪਣੇ ਵਿਰੋਧੀਆਂ ’ਤੇ ਨਾਜਾਇਜ਼ ਹਥਿਆਰਾਂ ਨਾਲ ਹਮਲਾ ਅਤੇ ਫਾਇਰਿੰਗ ਕਰਨ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।
ਵਰਣਨਯੋਗ ਹੈ ਕਿ ਵਿਵਾਦ ਦੇ ਦੌਰਾਨ ਹੱਥੋਪਾਈ ’ਚ ਦਸ਼ਰਥ ਧਾਕੜ ਦੀ ਧੋਤੀ ਖੁੱਲ੍ਹ ਗਈ ਪਰ ਉਸ ਦੇ ਬਾਅਦ ਵੀ ਉਸ ਨੇ ਸਿਰਫ ਚੱਡੀ ਪਹਿਨੇ ਹੋਏ ਹੀ ਪੀੜਤ ਪਰਿਵਾਰ ਨੂੰ ਹਥਿਆਰ ਦਿਖਾ ਕੇ ਧਮਕਾਉਣਾ ਜਾਰੀ ਰੱਖਿਆ।
* 4 ਅਕਤੂਬਰ ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ਦੇ ਭਾਜਪਾ ਗ੍ਰਾਮੀਣ ਮੰਡਲ ਦਾ ਜ਼ਿਲਾ ਸੈਕਟਰੀ ‘ਅਮਿਤੇਸ਼ ਸ਼ੁਕਲਾ’ ਇਕ ਧਾਰਮਿਕ ਸਮਾਰੋਹ ’ਚ ਸ਼ਰਾਬ ਪੀ ਕੇ ਹਿੱਸਾ ਲੈਣ ਲਈ ਪਹੁੰਚ ਗਿਆ ਅਤੇ ਉੱਥੇ ਨੋਟ ਉਡਾਉਣ ਲੱਗਾ। ਆਯੋਜਕਾਂ ਵਲੋਂ ਇਤਰਾਜ਼ ਜਤਾਉਣ ’ਤੇ ‘ਅਮਿਤੇਸ਼ ਸ਼ੁਕਲਾ’ ਨੇ ਪਿਸਤੌਲ ਕੱਢ ਕੇ ਉਨ੍ਹਾਂ ਨੂੰ ਲਲਕਾਰ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ‘‘ਗੋਲੀ ਮਾਰਾਂਗਾ, ਤਾਂ ਕੋਈ ਬਚਾ ਨਹੀਂ ਸਕੇਗਾ।’’
* 19 ਅਕਤੂਬਰ ਨੂੰ ‘ਨਰਸਿੰਹਪੁਰ’ (ਮੱਧ ਪ੍ਰਦੇਸ਼) ਦੇ ‘ਬਿਲਵਾਰੀ’ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ‘ਜਗਦੀਸ਼ ਪਟੇਲ’ ਅਤੇ ਉਸ ਦੇ ਬੇਟੇ ‘ਗੋਬਿੰਦ’ ਨੇ ਦੀਵਾਲੀ ਦੇ ਮੌਕੇ ’ਤੇ ਪਿੰਡ ਦੇ ਜਨਤਕ ਚਬੂਤਰੇ ’ਤੇ ਦੁਕਾਨ ਲਗਾ ਕੇ ਬੈਠੇ ਇਕ ਨੌਜਵਾਨ ਅਤੇ ਪਟਾਕੇ ਖਰੀਦਣ ਆਈ ਇਕ ਬਜ਼ੁਰਗ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ।
* 21 ਅਕਤੂਬਰ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ‘ਭਾਜਪਾ ਕਿਸਾਨ ਮੋਰਚਾ’ ਦੇ ਜ਼ਿਲਾ ਮੀਤ ਪ੍ਰਧਾਨ ‘ਵਿਕੁਲ ਚਪਰਾਣਾ’ ਨੂੰ 3 ਨੌਜਵਾਨਾਂ ਨਾਲ ਅਭੱਦਰਤਾ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਇਸ ਘਟਨਾ ਦੇ ਵੀਡੀਓ ’ਚ ‘ਵਿਕੁਲ ਚਪਰਾਣਾ’ ਅਤੇ ਉਸ ਦੇ ਸਾਥੀ ਦੋ ਨੌਜਵਾਨਾਂ ਨੂੰ ਧਮਕਾਉਂਦੇ ਅਤੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜਦੇ ਦਿਖਾਈ ਦੇ ਰਹੇ ਹਨ ਅਤੇ ਕਾਰ ’ਚ ਸਵਾਰ ਤੀਜਾ ਨੌਜਵਾਨ ਹੱਥ ਜੋੜ ਕੇ ‘ਵਿਕੁਲ ਚਪਰਾਣਾ’ ਤੋਂ ਮੁਆਫੀ ਮੰਗਦਾ ਅਤੇ ਸੜਕ ’ਤੇ ਨੱਕ ਰਗੜਦਾ ਦਿਖਾਈ ਦੇ ਰਿਹਾ ਹੈ।
ਪ੍ਰਭਾਵਸ਼ਾਲੀ ਲੋਕਾਂ ਵਲੋਂ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਨਾ ਇਕ ਬਹੁਤ ਗਲਤ ਰਵਾਇਤ ਨੂੰ ਜਨਮ ਦੇਣਾ ਵਾਲਾ ਖਤਰਨਾਕ ਰੁਝਾਨ ਹੈ। ਬਦਕਿਸਮਤੀ ਦੀ ਗੱਲ ਹੈ ਕਿ ਸਿਆਸੀ ਦਲਾਂ ਦੇ ਮੁਖੀ ਵੀ ਆਪਣੇ ਨੇਤਾਵਾਂ ਦੀਆਂ ਅਜਿਹੀਆਂ ਹਰਕਤਾਂ ਦੇਖਣ ਦੇ ਬਾਵਜੂਦ ਉਨ੍ਹਾਂ ਦੇ ਵਿਰੁੱਧ ਕਾਰਵਾਈ ਨਹੀਂ ਕਰਦੇ। ਜੇਕਰ ਸਿਆਸੀ ਦਲਾਂ ਦੇ ਮੁਖੀ ਅਜਿਹੇ ਨੇਤਾਵਾਂ ਨੂੰ ਕੱਢ ਕੇ ਬਾਹਰ ਕਰਨ ਤਾਂ ਇਸ ਤਰ੍ਹਾਂ ਦੇ ਨੇਤਾਵਾਂ ਦੇ ਦਬੰਗਪੁਣੇ ’ਚ ਕੁਝ ਕਮੀ ਜ਼ਰੂਰ ਆ ਸਕਦੀ ਹੈ।
–ਵਿਜੇ ਕੁਮਾਰ
ਭਾਰਤ ਨੂੰ ਅਸਥਿਰ ਕਰਨ ਦੇ ਪਾਕਿ ਯਤਨਾਂ ਦਾ ਰਣਨੀਤਕ ਮੋਰਚਾ ਬਣਿਆ ਪੰਜਾਬ
NEXT STORY