ਅਸੀਂ ਸਮੇਂ-ਸਮੇਂ ’ਤੇ ਲਿਖਦੇ ਰਹਿੰਦੇ ਹਾਂ ਕਿ ਨੇਤਾਵਾਂ ਨੂੰ ਹਰ ਬਿਆਨ ਸੋਚ ਸਮਝ ਕੇ ਹੀ ਦੇਣਾ ਚਾਹੀਦਾ ਹੈ ਤਾਂ ਜੋ ਬੇਲੋੜੇ ਵਿਵਾਦ ਪੈਦਾ ਨਾ ਹੋਣ ਪਰ ਸਭ ਪਾਰਟੀਆਂ ਦੇ ਨੇਤਾਵਾਂ ਨੇ ਬਿਨਾਂ ਸੋਚੇ-ਸਮਝੇ ਬਿਆਨ ਦੇ ਕੇ ਵਾਤਾਵਰਣ ਵਿਚ ਕੁੜੱਤਣ ਫੈਲਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ।
ਹੁਣੇ ਜਿਹੇ ਹੀ ਗੁਜਰਾਤ ਦੀਆਂ ਚੋਣਾਂ ’ਚ ਕਾਂਗਰਸ ਦੇ ਕੁਝ ਚੋਟੀ ਦੇ ਆਗੂਆਂ ਨੇ ਭਾਜਪਾ ਨੇਤਾਵਾਂ ਵਿਰੁੱਧ ਇਤਰਾਜ਼ਯੋਗ ਬਿਆਨ ਦਿੱਤੇ, ਜਿਨ੍ਹਾਂ ਕਾਰਨ ਬੇਲੋੜਾ ਵਿਵਾਦ ਪੈਦਾ ਹੋਇਆ। ਚੋਣ ਪ੍ਰਚਾਰ ਮੁਹਿੰਮ ਦੌਰਾਨ :
* 12 ਨਵੰਬਰ ਨੂੰ ਸੀਨੀਅਰ ਕਾਂਗਰਸ ਨੇਤਾ ਮਧੁਸੂਦਨ ਮਿਸਤਰੀ ਨੇ ਇਕ ਬਿਆਨ ’ਚ ਕਿਹਾ ਕਿ ‘‘ਗੁਜਰਾਤ ਦੀਆਂ ਚੋਣਾਂ ’ਚ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਔਕਾਤ ਵਿਖਾਵਾਂਗੇ।’’
* 28 ਨਵੰਬਰ ਨੂੰ ਕਾਂਗਰਸ ਦੇ ਨਵੇਂ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਰਾਵਣ ਨਾਲ ਕੀਤੀ।
* 2 ਦਸੰਬਰ ਨੂੰ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਵੀ. ਐੱਸ. ਉਗਰੱਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਭਸਮਾਸੁਰ ਨਾਲ ਕਰ ਸੁੱਟੀ।
ਕਾਂਗਰਸ ਵਿਰੋਧੀ ਬਿਆਨਬਾਜ਼ੀ ’ਚ ਭਾਜਪਾ ਵੀ ਪਿੱਛੇ ਨਹੀਂ ਰਹੀ :
* 23 ਨਵੰਬਰ ਨੂੰ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਅਹਿਮਦਾਬਾਦ ਦੀ ਇਕ ਰੈਲੀ ’ਚ ਰਾਹੁਲ ਗਾਂਧੀ ’ਤੇ ਟਿੱਪਣੀ ਕਰਦੇ ਹੋਏ ਕਿਹਾ, ‘‘ਕਾਂਗਰਸ ਦੇ ਇਕ ਨੇਤਾ ਦਾ ਲੁਕ ਬਦਲ ਗਿਆ ਹੈ, ਜਿਸ ਪਿੱਛੋਂ ਉਹ ਸਦਾਮ ਹੁਸੈਨ ਵਾਂਗ ਨਜ਼ਰ ਆਉਣ ਲੱਗੇ ਹਨ।’’
* 3 ਦਸੰਬਰ ਨੂੰ ਨਰਿੰਦਰ ਮੋਦੀ ਨੇ ਕਿਹਾ, ‘‘ਕਾਂਗਰਸ ਵਿਚ ਇਸ ਗੱਲ ਦੀ ਦੌੜ ਲੱਗੀ ਹੈ ਕਿ ਕੌਣ ਮੈਨੂੰ ਕਿੰਨੀਆਂ ਗਾਲ੍ਹਾਂ ਦੇ ਸਕਦਾ ਹੈ। ਕਦੇ ਰਾਮ ਦੀ ਹੋਂਦ ਵਿਚ ਭਰੋਸਾ ਨਹੀਂ ਕਰਦੇ ਸਨ ਉਹ ਹੁਣ ਰਾਮਾਇਣ ’ਚੋਂ ਰਾਵਣ ਲੈ ਆਏ ਹਨ। ਕਾਂਗਰਸ ਦੇ ਮਿੱਤਰ ਕੰਨ ਖੋਲ੍ਹ ਕੇ ਸੁਣ ਲੈਣ ਕਿ ਜਿੰਨਾ ਚਿਕੜ ਉਹ ਉਛਾਲਣਗੇ, ਓਨਾ ਹੀ ਵੱਧ ਕਮਲ ਖਿੜੇਗਾ।’’
ਅਤੇ ਹੁਣ ਹਾਲਾਂਕਿ ਚੋਣਾਂ ਸੰਪੰਨ ਹੋ ਗਈਆਂ ਹਨ ਅਤੇ ਗੁਜਰਾਤ ਵਿਚ ਭਾਜਪਾ ਨੇ ਇਕ ਵਾਰ ਮੁੜ ਸੱਤਾ ’ਤੇ ਕਬਜ਼ਾ ਕਾਇਮ ਰੱਖਿਆ ਹੈ ਪਰ ਕਾਂਗਰਸ ਦੇ ਆਗੂਆਂ ਵੱਲੋਂ ਇਤਰਾਜ਼ਯੋਗ ਬਿਆਨ ਦੇਣ ਦਾ ਸਿਲਸਿਲਾ ਰੁਕਿਆ ਨਹੀਂ ਹੈ।
12 ਦਸੰਬਰ ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਨੇਤਾ ‘ਰਾਜਾ ਪਟੇਰੀਆ’ ਨੇ ‘ਪੰਨਾ’ ਦੇ ‘ਪਵਈ ਕਸਬੇ’ ਵਿਚ ਕਾਂਗਰਸ ਦੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਕਹਿ ਕੇ ਵਿਵਾਦ ਪੈਦਾ ਕਰ ਦਿੱਤਾ ਕਿ ‘‘ਜੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਅਤੇ ਆਦਿਵਾਸੀਆਂ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਮੋਦੀ ਦੀ ਹੱਤਿਆ ਲਈ ਤਿਆਰ ਰਹੋ।’’ ਇਸ ਬਿਆਨ ’ਤੇ ਰੌਲਾ ਪੈਣ ਪਿੱਛੋਂ ਰਾਜਾ ਪਟੇਰੀਆ ਨੇ ਇਹ ਕਹਿ ਕੇ ਵਿਵਾਦ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ ਸੀ ਪਰ ਵਿਵਾਦ ਤਾਂ ਖੜ੍ਹਾ ਹੋ ਹੀ ਗਿਆ।
ਜਿੱਥੇ ਮੱਧ ਪ੍ਰਦੇਸ਼ ਵਿਚ ਪਟੇਰੀਆ ਵਿਰੁੱਧ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ, ਉੱਥੇ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਹੈ ਕਿ ‘‘ਪਟੇਰੀਆ ਦੇ ਬਿਆਨ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਇਹ ਮਹਾਤਮਾ ਗਾਂਧੀ ਦੀ ਨਹੀਂ ਸਗੋਂ ਇਟਲੀ ਦੀ ਕਾਂਗਰਸ ਹੈ ਅਤੇ ਇਟਲੀ ਦੀ ਮਾਨਸਿਕਤਾ ਮੁਸੋਲਿਨੀ ਵਾਲੀ ਰਹਿੰਦੀ ਹੈ।’’
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ਵਿਚ ਸਿਆਸੀ ਭਾਸ਼ਾ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਇਹ ਇਕ ਅਜਿਹੀ ਗਲਤ ਪ੍ਰੰਪਰਾ ਹੈ ਜੋ ਨਾ ਹੀ ਅਜਿਹੀ ਬਿਆਨਬਾਜ਼ੀ ਕਰਨ ਵਾਲਿਆਂ ਅਤੇ ਨਾ ਹੀ ਦੇਸ਼ ਦੇ ਹਿੱਤਾਂ ਵਿਚ ਹੈ। ਕਾਂਗਰਸ ਦੀ ਭਾਜਪਾ ਵਿਰੋਧੀ ਬਿਆਨਬਾਜ਼ੀ ਦਾ ਖਮਿਆਜ਼ਾ ਇਸ ਨੂੰ ਗੁਜਰਾਤ ਵਿਚ ਭੁਗਤਨਾ ਪਿਆ ਅਤੇ ਭਾਜਪਾ ਨੇਤਾਵਾਂ ਦੀ ਕਾਂਗਰਸ ਵਿਰੋਧੀ ਬਿਆਨਬਾਜ਼ੀ ਦਾ ਭਾਜਪਾ ਨੂੰ ਹਿਮਾਚਲ ’ਚ ਨੁਕਸਾਨ ਹੋਇਆ।
- ਵਿਜੇ ਕੁਮਾਰ
ਹੁਣ ਮੁੰਬਈ ’ਚ ਵਾਤਾਵਰਣ ਨੂੰ ਬਚਾਉਣਾ ਵੀ ਜ਼ਰੂਰੀ
NEXT STORY