ਹਾਲ ਹੀ ’ਚ ਪਾਕਿਸਤਾਨ ਅਤੇ ਸਾਊਦੀ ਅਰਬ ਦੇ ਦਰਮਿਆਨ ਰੱਖਿਆ ਸਮਝੌਤਾ ਹੋਇਆ, ਜਿਸ ਦੇ ਅਨੁਸਾਰ ਇਨ੍ਹਾਂ ਦੋਵਾਂ ’ਚੋਂ ਜੇਕਰ ਕਿਸੇ ਇਕ ਦੇਸ਼ ’ਤੇ ਹਮਲਾ ਕੀਤਾ ਗਿਆ ਤਾਂ ਇਸ ਨੂੰ ਦੋਵਾਂ ਦੇਸ਼ਾਂ ’ਤੇ ਕੀਤਾ ਗਿਆ ਹਮਲਾ ਮੰਨਿਆ ਜਾਵੇਗਾ।
ਦਰਅਸਲ ਮਈ 1998 ’ਚ ਭਾਰਤ ਵਲੋਂ ਪੋਖਰਣ ’ਚ ਪ੍ਰਮਾਣੂ ਪ੍ਰੀਖਣ ਕਰਨ ਦੇ ਕੁਝ ਹਫਤੇ ਬਾਅਦ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਿਰਆਦ ’ਚ ਤਤਕਾਲੀਨ ਕ੍ਰਾਊਨ ਪ੍ਰਿੰਸ ਅਬਦੁੱਲਾ ਬਿਨ ਅਬਦੁੱਲ ਅਜ਼ੀਜ਼ ਨੂੰ ਫੋਨ ਕਰ ਕੇ ਉਨ੍ਹਾਂ ਤੋਂ ਇਹ ਜਾਣਨਾ ਚਾਹਿਆ ਕਿ ਕੀ ਪਾਕਿਸਤਾਨ ਵਲੋਂ ਭਾਰਤ ਦੇ ਪ੍ਰਮਾਣੂ ਪ੍ਰੀਖਣ ਦੇ ਜਵਾਬ ’ਚ ਪ੍ਰੀਖਣ ਕਰਨ ’ਤੇ ਪੱਛਮੀ ਦੇਸ਼ਾਂ ਦੇ ਉਸ ’ਤੇ ਪਾਬੰਦੀ ਲਗਾਉਣ ਦੀ ਸਥਿਤੀ ’ਚ ਸਾਊਦੀ ਅਰਬ ‘ਆਪਣੇ ਮੁਸਲਿਮ ਭਰਾ’ ਦੇ ਨਾਲ ਖੜ੍ਹਾ ਹੋਵੇਗਾ?
ਇਸ ਦਾ ਜਵਾਬ ਪਾਕਿਸਤਾਨ ਵਲੋਂ ਆਪਣੇ ਪ੍ਰਮਾਣੂ ਪ੍ਰੀਖਣ ਕਰਨ ਦੇ ਕੁਝ ਹੀ ਦਿਨਾਂ ਦੇ ਅੰਦਰ ਸਪੱਸ਼ਟ ਹੋ ਗਿਆ ਜਦ ਸਾਊਦੀ ਅਰਬ ਨੇ ਪਾਕਿਸਤਾਨ ਨੂੰ 50,000 ਬੈਰਲ ਤੇਲ ਰੋਜ਼ਾਨਾ ਮੁਫਤ ਦੇਣਾ ਸ਼ੁਰੂ ਕਰ ਦਿੱਤਾ। ਇਸ ਨਾਲ ਪੱਛਮੀ ਦੇਸ਼ਾਂ ਵਲੋਂ ਪਾਕਿਸਤਾਨ ’ਤੇ ਲਾਈਆਂ ਗਈਆਂ ਪਾਬੰਦੀਆਂ ਦਾ ਸਾਹਮਣਾ ਕਰਨ ’ਚ ਕਾਫੀ ਸਹਾਇਤਾ ਮਿਲੀ।
ਇਸ ਹਫਤੇ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਰਿਆਦ ਦਾ ਦੌਰਾ ਕੀਤਾ ਪਰ ਇਸ ਵਾਰ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਫੌਜ ਮੁਖੀ ਅਸੀਮ ਮੁਨੀਰ ਵੀ ਗਏ ਸਨ। ਇਸ ਵਾਰ ਪਾਕਿਸਤਾਨ ਮਦਦ ਕਰਨ ਪਹੁੰਚਿਆ ਹੈ।
ਉਨ੍ਹਾਂ ਦਾ ਸਾਂਝਾ ਐਲਾਨ ਪੱਤਰ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਮੱਧ ਪੂਰਬ ਨੂੰ ਬੇਕਾਬੂ ਇਜ਼ਰਾਈਲ, ਜ਼ਖਮੀ ਈਰਾਨ ਅਤੇ ਅਣਕਿਆਸੇ ਅਮਰੀਕਾ ਵਲੋਂ ਨਵਾਂ ਰੂਪ ਦਿੱਤਾ ਜਾ ਰਿਹਾ ਹੈ। 9 ਸਤੰਬਰ ਨੂੰ ਜਦੋਂ ਇਜ਼ਰਾਈਲ ਨੇ ਅਮਰੀਕਾ ਦੇ ਇਕ ਪ੍ਰਮੁੱਖ ਸਹਿਯੋਗੀ ਦੇਸ਼ ਕਤਰ ’ਚ ਹਮਾਸ ਦੇ ਸਿਆਸੀ ਆਗੂਆਂ ’ਤੇ ਹਮਲਾ ਕੀਤਾ, ਤਾਂ ਰਾਸ਼ਟਰਪਤੀ ਡੋਨਾਲਡ ਟਰੰਪ ਮੂਕਦਰਸ਼ਕ ਬਣੇ ਰਹੇ। ਦੋਹਾ ਦੇ ਮੱਧ ’ਚ ਹੋਏ ਇਸ ਹਮਲੇ ਨੇ ਖਾੜੀ ਦੇ ਨੇਤਾਵਾਂ ਨੂੰ ਹਿਲਾ ਕੇ ਰੱਖ ਦਿੱਤਾ।
ਅਮਰੀਕੀ ਹਥਿਆਰਾਂ ਅਤੇ ਤਕਨੀਕ ’ਤੇ ਬਹੁਤ ਜ਼ਿਆਦਾ ਨਿਰਭਰ ਸਾਊਦੀ ਅਰਬ ਨੇ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਪਾਕਿਸਤਾਨ ਨੂੰ ਪ੍ਰਤੀਰੱਖਿਆ ਸਮਝੌਤਾ ਕਰਨ ਲਈ ਸਹਿਮਤ ਕਰ ਲਿਆ। ਇਸ ਸਮਝੌਤੇ ਦਾ ਪੂਰਾ ਵੇਰਵਾ ਅਜੇ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਦੋਵਾਂ ਦੇਸ਼ਾਂ ਨੇ ਸਿਰਫ ਇੰਨਾ ਦੱਸਿਆ ਹੈ ਕਿ ਹੁਣ ਉਹ ਇਕ-ਦੂਜੇ ਨੂੰ ਸੁਰੱਖਿਆ ਦੀ ਗਾਰੰਟੀ ਦੇਣਗੇ ਅਤੇ ਕਿਸੇ ਵੀ ਹਾਲਤ ’ਚ ‘ਕਿਸੇ ਇਕ ਦੇਸ਼ ’ਤੇ ਹਮਲਾ ਦੋਵਾਂ ਦੇਸ਼ਾਂ ’ਤੇ ਹਮਲਾ’ ਮੰਨਿਆ ਜਾਵੇਗਾ।
ਪਾਕਿਸਤਾਨ ਅਤੇ ਸਾਊਦੀ ਅਰਬ ਦੇ ਦਰਮਿਆਨ ਇਸ ਤਰ੍ਹਾਂ ਦੇ ਸਮਝੌਤੇ ਦੀ ਗੱਲ ਤਾਂ ਕਈ ਸਾਲਾਂ ਤੋਂ ਚੱਲੀ ਆ ਰਹੀ ਸੀ, ਕਿਉਂਕਿ ਦੋਵਾਂ ਦੇਸ਼ਾਂ ਦੇ ਫੌਜੀ ਹਿੱਤ ਦਹਾਕਿਆਂ ਤੋਂ ਇਕ-ਦੂਜੇ ਦੇ ਨਾਲ ਜੁੜੇ ਹੋਏ ਹਨ।
1974 ’ਚ ਜਦੋਂ ਭਾਰਤ ਆਪਣਾ ਪਹਿਲਾ ਪ੍ਰਮਾਣੂ ਪ੍ਰੀਖਣ ਕਰਨ ਹੀ ਵਾਲਾ ਸੀ ਤਾਂ ਪਾਕਿਸਤਾਨ ਦੇ ਤੱਤਕਾਲੀਨ ਪ੍ਰਧਾਨ ਮੰਤਰੀ ਜ਼ੁਲਿਫਕਾਰ ਅਲੀ ਭੁੱਟੋ ਨੇ ਸਾਊਦੀ ਅਰਬ ਦੇ ‘ਸ਼ਾਹ ਫੈਸਲ’ ਨਾਲ ਸੰਪਰਕ ਕਰ ਕੇ ਪਾਕਿਸਤਾਨ ਵਲੋਂ ਪ੍ਰਮਾਣੂ ਬੰਬ ਬਣਾਉਣ ਦੀ ਆਪਣੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਦੀ ਸਹਾਇਤਾ ਮੰਗੀ ਸੀ।
ਪਾਕਿਸਤਾਨ ਦੇ 1998 ਦੇ ਪ੍ਰਮਾਣੂ ਪ੍ਰੀਖਣ ਦੇ ਬਾਅਦ ਵਧੇਰੇ ਮੁਸਲਿਮ ਜਗਤ ਨੇ ‘ਇਸਲਾਮਿਕ ਬੰਬ’ ਦੇ ਆਗਮਨ ਦਾ ਸਵਾਗਤ ਕੀਤਾ। ਪਾਕਿਸਤਾਨ ਦੇ ਪ੍ਰਮਾਣੂ ਧਮਾਕੇ ਦੇ ਪਿੱਛੇ ਦਹਾਕਿਆਂ ਦੀ ਚੋਰੀ, ਅੰਧ ਰਾਸ਼ਟਰਵਾਦ ਅਤੇ ਕੂਟਨੀਤਿਕ ਚਾਲਾਂ ਸਨ। ਪਾਕਿਸਤਾਨ ਦੇ ਪ੍ਰਮਾਣੂ ਬੰਬ ਦਾ ਜਨਮਦਾਤਾ ਅਬਦੁੱਲ ਕਾਦਿਰ 1980 ਅਤੇ 1990 ਦੇ ਦਹਾਕੇ ’ਚ ਪੱਛਮੀ ਦੇਸ਼ਾਂ ਤੋਂ ਪ੍ਰਮਾਣੂ ਤਕਨੀਕ ਚੋਰੀ ਕਰ ਕੇ ਲਿਆਇਆ ਸੀ। ਅਬਦੁੱਲ ਕਾਦਿਰ ਨੇ ਖੁਦ ਕਈ ਵਾਰ ਇਹ ਗੱਲ ਮੰਨੀ ਸੀ ਕਿ ਪਹਿਲਾਂ ਉਸ ਨੇ ਇਹ ਤਕਨੀਕ ਈਰਾਨ, ਲੀਬੀਆ ਅਤੇ ਹੋਰਨਾਂ ਦੇਸ਼ਾਂ ਨੂੰ ਦਿੱਤੀ ਪਰ ਫੌਜੀ ਸਲਾਹਕਾਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਮਾਣੂ ਕਲੱਬ ’ਚ ਸ਼ਾਮਲ ਹੋਣ ਦਾ ਲੰਬਾ ਰਸਤਾ ਸਾਊਦੀ ਅਰਬ ਦੇ ਪੈਟਰੋ ਡਾਲਰ ਤੋਂ ਉਨ੍ਹਾਂ ਨੂੰ ਮਿਲਿਆ ਸੀ।
ਵਰਣਨਯੋਗ ਹੈ ਕਿ 1960 ਦੇ ਬਾਅਦ ਤੋਂ ਅਰਬ ਦੇਸ਼ਾਂ ਤੋਂ ਬਾਅਦ ਕਿਸੇ ਦੇਸ਼ ਨੂੰ ਜੇਕਰ ਸਾਊਦੀ ਅਰਬ ਨੇ ਸਭ ਤੋਂ ਵੱਧ ਸਹਾਇਤਾ ਦਿੱਤੀ ਹੈ ਤਾਂ ਉਹ ਪਾਕਿਸਤਾਨ ਹੀ ਹੈ। ਪਾਕਿਸਤਾਨ ਸਰਕਾਰ ਨੂੰ ਇਹ ਸਹਾਇਤਾ ਸਕੂਲਾਂ, ਮਸਜਿਦਾਂ ਤੇ ਦੂਜੇ ਇਸਲਾਮਵਾਦੀ ਚੈਰੀਟੇਬਲ ਪ੍ਰੋਗਰਾਮ ਦੇ ਨਾਂ ’ਤੇ ਦਿੱਤੀ ਗਈ। ਸਾਊਦੀ ਅਰਬ ਨੇ ਉਸ ਨੂੰ ਦਿਆਲਤਾ ਵਜੋਂ ਆਰਥਿਕ ਸਹਾਇਤਾ ਦਿੱਤੀ ਤਾਂ ਕਿ ਉਹ ਆਪਣਾ ਪ੍ਰਮਾਣੂ ਪ੍ਰੋਗਰਾਮ ਜਾਰੀ ਰੱਖ ਸਕੇ।
ਫਿਲਹਾਲ, ਹੁਣ ਜਦਕਿ ਦੋਵਾਂ ਦੇਸ਼ਾਂ ’ਚ ਸਮਝੌਤਾ ਹੋ ਗਿਆ ਹੈ, ਅਜਿਹੇ ’ਚ ਸਵਾਲ ਉੱਠਦਾ ਹੈ ਕਿ ਕੀ ਹੁਣ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਕੋਈ ਜੰਗ ਹੋਣ ’ਤੇ ਸਾਊਦੀ ਅਰਬ ਪਾਕਿਸਤਾਨ ਦੇ ਨਾਲ ਖੜ੍ਹਾ ਹੋਵੇਗਾ।
ਵਿਸ਼ਵ ਪੱਧਰੀ ਚੁਣੌਤੀ ਅਤੇ ਪਾਕਿਸਤਾਨ ਅਤੇ ਸਾਊਦੀ ਅਰਬ ਦੇ ਦਰਮਿਆਨ ਇਸ ਸਮਝੌਤੇ ਨੂੰ ਦੇਖਦੇ ਹੋਏ ਭਾਰਤ ਨੂੰ ਆਪਣੀ ਫੌਜ ਦਾ ਹੋਰ ਆਧੁਨਿਕੀਕਰਨ ਕਰਨਾ ਹੋਵੇਗਾ ਕਿਉਂਕਿ ਰਵਾਇਤੀ ਜੰਗ ਦਾ ਸਰੂਪ ਹੁਣ ਬਦਲ ਚੁੱਕਾ ਹੈ। ਹਾਲਾਂਕਿ ਭਾਰਤ ਅਤੇ ਸਾਊਦੀ ਅਰਬ ਦੇ ਰਿਸ਼ਤੇ ਚੰਗੇ ਅਤੇ ਮਜ਼ਬੂਤ ਹੋ ਰਹੇ ਹਨ ਪਰ ਭਾਰਤ ਜਿਵੇਂ ਹਮੇਸ਼ਾ ਤੋਂ ਖੁਦ ਇਕ ਮਜ਼ਬੂਤ ਸ਼ਕਤੀ ਬਣ ਕੇ ਖੜ੍ਹਾ ਰਿਹਾ ਹੈ, ਹੁਣ ਵੀ ਇਹੀ ਭਾਰਤ ਦਾ ਬਦਲ ਹੋਣਾ ਚਾਹੀਦਾ ਹੈ।
ਕ੍ਰਿਪਟੋਕਰੰਸੀ : ਭਾਰਤ ਲਈ ਇਕ ਚੁਣੌਤੀ
NEXT STORY