ਦੇਸ਼ ’ਚ ਬੇਰੋਜ਼ਗਾਰੀ ਵਾਂਗ ਭੀਖ ਮੰਗਣਾ ਵੀ ਵੱਡੀ ਸਮੱਸਿਆ ਬਣ ਚੁੱਕਾ ਹੈ। ਵਿਸ਼ੇਸ਼ ਤੌਰ ’ਤੇ ਮਹਾਨਗਰਾਂ ’ਚ ਭੀਖ ਮੰਗਣਾ ਵਧ ਗਿਆ ਹੈ। ਸੂਬਿਆਂ ’ਚ ਸਭ ਤੋਂ ਵੱਧ 81, 244 ਭਿਖਾਰੀ ਬੰਗਾਲ ’ਚ ਜਦੋਂ ਕਿ ਕੇਂਦਰ ਸ਼ਾਸਿਤ ਖੇਤਰਾਂ ’ਚ ਦਿੱਲੀ ’ਚ ਸਭ ਤੋਂ ਵੱਧ 23 ,000 ਭਿਖਾਰੀ ਦੱਸੇ ਜਾਂਦੇ ਹਨ। ਹੁਣੇ ਜਿਹੇ ਹੀ ਬੱਚਾ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਔਰਤ ਨੇ ਮੁੰਬਈ ਦੀ ਰੇਲਵੇ ਪੁਲਸ ਨੂੰ ਦੱਸਿਆ ਕਿ ਉਹ ਚੋਰੀ ਕੀਤੇ ਛੋਟੇ ਬੱਚੇ ਦਿੱਲੀ ਲਿਆ ਕੇ ਉਥੇ ‘ਭਿਖਾਰੀ ਮਾਫੀਆ’ ਨੂੰ ਵੇਚ ਦਿੰਦੀ ਸੀ ਕਿਉਂਕਿ ਇਨ੍ਹਾਂ ਰਾਹੀਂ ਵਧੇਰੇ ਭੀਖ ਮਿਲਦੀ ਹੈ ਅਤੇ ਉਥੋਂ ਦੇ ਭਿਖਾਰੀ ਮਾਫੀਆ ’ਚ ਛੋਟੇ ਬੱਚਿਆਂ ਦੀ ਵਧੇਰੇ ਮੰਗ ਹੈ।
ਅਜਿਹੇ ਹੀ ਇਕ ਹੋਰ ਮਾਮਲੇ ’ਚ ਹੁਣੇ ਜਿਹੇ ਹੀ ਕਿਦਵਈ ਨਗਰ, ਕਾਨਪੁਰ ਦੀ ‘ਲੇਬਰ ਮੰਡੀ’ ਤੋਂ ਸੁਰੇਸ਼ ਮਾਂਝੀ ਨਾਮੀ ਨੌਜਵਾਨ ਨੂੰ ਧੋਖੇ ਨਾਲ ਦਿੱਲੀ ਲਿਜਾ ਕੇ 70,000 ਰੁਪਏ ’ਚ ਉਥੋਂ ਦੇ ਭਿਖਾਰੀ ਗੈਂਗ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਸੁਰੇਸ਼ ਮਾਂਝੀ ਮੁਤਾਬਕ 6 ਮਹੀਨੇ ਪਹਿਲਾਂ ਵਿਜੇ ਨਾਮੀ ਇਕ ਨੌਜਵਾਨ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਉਸ ਨੂੰ ਆਪਣੇ ਨਾਲ ਇਕ ਔਰਤ ਦੇ ਘਰ ਲੈ ਗਿਆ, ਜਿਥੇ ਉਨ੍ਹਾਂ ਲੋਕਾਂ ਨੇ ਨਸ਼ੀਲਾ ਪਦਾਰਥ ਖੁਆਉਣ ਪਿਛੋਂ ਉਸ ਨੂੰ ਆਪਣੇ ਘਰ ’ਚ ਕੈਦ ਰੱਖ ਕੇ ਉਸ ਦੇ ਹੱਥ-ਪੈਰ ਤੋੜ ਦਿੱਤੇ ਅਤੇ ਫਿਰ ਇਕ ਭਿਖਾਰੀ ਮਾਫੀਆ ਨੂੰ ਵੇਚ ਦਿੱਤਾ।
ਸੁਰੇਸ਼ ਨੂੰ ਸ਼ਹਿਰ ਦੇ ਅਹਿਮ ਚੌਕਾਂ ’ਚ ਖੜ੍ਹਾ ਹੋ ਕੇ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਭੀਖ ਮੰਗਣ ਲਈ ਮਜਬੂਰ ਕੀਤਾ ਜਾਂਦਾ। ਸ਼ਾਮ ਹੋਣ ’ਤੇ ਭਿਖਾਰੀ ਮਾਫੀਆ ਦੇ ਮੈਂਬਰ ਉਸ ਕੋਲੋਂ ਸਾਰਾ ਦਿਨ ਮੰਗੀ ਗਈ ਭੀਖ ਦੀ ਸਾਰੀ ਰਕਮ ਖੋਹ ਲੈਂਦੇ ਸੁਰੇਸ਼ ਅਨੁਸਾਰ, ‘‘ਲਗਾਤਾਰ ਨਸ਼ੀਲੇ ਇੰਜੈਕਸ਼ਨ ਲਾਉਣ ਕਾਰਨ ਮੇਰੇ ਸਰੀਰ ’ਚ ਇਨਫੈਕਸ਼ਨ ਹੋ ਗਈ। ਹਾਲਤ ਵਿਗੜਣ ’ਤੇ ਉਹ ਲੋਕ ਮੈਨੂੰ ਵਾਪਸ ਕਾਨਪੁਰ ਸੈਂਟਰਲ ਸਟੇਸ਼ਨ ਲੈ ਆਏ ਅਤੇ ਮੁੜ ਭੀਖ ਮੰਗਣ ਲਈ ਮਜਬੂਰ ਕਰਨ ਲੱਗੇ। ਕਿਸੇ ਤਰ੍ਹਾਂ ਮੈਂ ਉਨ੍ਹਾਂ ਕੋਲੋਂ ਬਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਆਪਣੇ ਭਰਾ ਦੇ ਘਰ ਪੁੱਜਾ।’’
ਰਾਜਧਾਨੀ ’ਚ ਇਹੋ ਜਿਹੇ ਪਤਾ ਨਹੀਂ ਕਿੰਨੇ ਭਿਖਾਰੀ ਮਾਫੀਆ ਪਨਪ ਰਹੇ ਹੋਣਗੇ ਜਿਨ੍ਹਾਂ ਦਾ ਪਤਾ ਲਾ ਕੇ ਉਨ੍ਹਾਂ ’ਤੇ ਰੋਕ ਲਾਉਣ ਦੀ ਲੋੜ ਹੈ ਤਾਂ ਜੋ ਇਨ੍ਹਾਂ ਦੇ ਚੁੰਗਲ ’ਚ ਫਸ ਕੇ ਲੋੜਵੰਦ ਅਤੇ ਨਿਰਦੋਸ਼ ਲੋਕਾਂ ਦੀ ਜ਼ਿੰਦਗੀ ਬਰਬਾਦ ਨਾ ਹੋਵੇ।
–ਵਿਜੇ ਕੁਮਾਰ
ਯੂਰਪ-ਅਮਰੀਕਾ ’ਚ ਮੰਗ ਵਧਣ ’ਤੇ ਭਾਰਤ ’ਚ ਨਰਸਾਂ ਦੀ ਕਮੀ ਹੋਣ ਦਾ ਖਦਸ਼ਾ
NEXT STORY