ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਹਾਕਮਾਂ ’ਤੇ ਫੌਜ ਦੇ ਦਬਦਬੇ ਅਤੇ ਮਾੜੇ ਰਾਜ ਦੇ ਸਿੱਟੇ ਵਜੋਂ ਦੇਸ਼ ਦੀ ਜਨਤਾ ਪਿਸ ਰਹੀ ਹੈ। ਇਸ ਕਾਰਨ ਉੱਥੇ ਇਕ ਸਾਲ ਅੰਦਰ ਹੀ ਗਰੀਬਾਂ ਦੀ ਗਿਣਤੀ 5 ਫੀਸਦੀ ਵਧ ਕੇ 39.4 ਫੀਸਦੀ ਹੋ ਗਈ ਜੋ ਬੀਤੇ ਸਾਲ 34.2 ਫੀਸਦੀ ਸੀ।
ਕਿਉਂਕਿ ਦੇਸ਼ ਦੀ ਆਰਥਿਕ ਮੰਦਹਾਲੀ ਦਾ ਸਭ ਤੋਂ ਵੱਧ ਖਮਿਆਜ਼ਾ ਤਾਂ ਗਰੀਬਾਂ ਨੂੰ ਹੀ ਭੁਗਤਣਾ ਪੈਂਦਾ ਹੈ, ਇਸ ਲਈ ਅਨਾਜ ਅਤੇ ਫਿਊਲ ਦੀ ਕਮੀ ਅਤੇ ਆਸਮਾਨ ਛੂੰਹਦੀਆਂ ਕੀਮਤਾਂ ਕਾਰਨ ਆਮ ਆਦਮੀ ਲਈ ਪੇਟ ਭਰਨਾ ਮੁਸ਼ਕਲ ਹੋ ਗਿਆ ਹੈ।
ਹਾਲਤ ਇਹ ਹੋ ਗਈ ਹੈ ਕਿ ਇਸ ਸਮੇਂ ਪਾਕਿਸਤਾਨ ਤੋਂ ਵੱਡੀ ਗਿਣਤੀ ’ਚ ਭਿਖਾਰੀ ਵਿਦੇਸ਼ ਜਾ ਰਹੇ ਹਨ ਜਿਸ ਕਾਰਨ ਮਨੁੱਖੀ ਸਮੱਗਲਿੰਗ ਨੂੰ ਹੱਲਾਸ਼ੇਰੀ ਮਿਲ ਰਹੀ ਹੈ ਅਤੇ ਪਾਕਿਸਤਾਨ ਅਰਬ ਦੇਸ਼ਾਂ ਲਈ ਭਿਖਾਰੀਆਂ ਦਾ ਸਭ ਤੋਂ ਵੱਡਾ ‘ਐਕਸਪੋਰਟਰ’ ਬਣ ਗਿਆ ਹੈ। ਇਕ ਰਿਪੋਰਟ ਅਨੁਸਾਰ ਅਰਬ ਦੇਸ਼ਾਂ ’ਚ ਵੱਡੀ ਗਿਣਤੀ ’ਚ ਗ੍ਰਿਫਤਾਰ ਕੀਤੇ ਗਏ 90 ਫੀਸਦੀ ਭਿਖਾਰੀ ਪਾਕਿਸਤਾਨ ਦੇ ਹਨ।
ਸਾਊਦੀ ਅਰਬ, ਇਰਾਕ ਅਤੇ ਈਰਾਨ ਦੀਆਂ ਜੇਲਾਂ ’ਚ ਸਭ ਤੋਂ ਵੱਧ ਪਾਕਿਸਤਾਨੀ ਭਿਖਾਰੀ ਬੰਦ ਹਨ ਜੋ ਉਮਰਾ (ਮੱਕਾ ਦੀ ਤੀਰਥ ਯਾਤਰਾ) ਦੇ ਨਾਂ ’ਤੇ ਵੀਜ਼ਾ ਲੈ ਕੇ ਵਿਦੇਸ਼ ਪਹੁੰਚਦੇ ਹੀ ਭੀਖ ਮੰਗਣ ਦੇ ਧੰਦੇ ’ਚ ਲੱਗ ਜਾਂਦੇ ਹਨ।
ਇੱਥੋਂ ਤੱਕ ਕਿ ਇਰਾਕ ਅਤੇ ਸਾਊਦੀ ਅਰਬ ਦੇ ਰਾਜਦੂਤ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ਉਨ੍ਹਾਂ ਦੀਆਂ ਜੇਲਾਂ ਪਾਕਿਸਤਾਨੀ ਭਿਖਾਰੀਆਂ ਨਾਲ ਭਰੀਆਂ ਪਈਆਂ ਹਨ ਅਤੇ ਸਾਊਦੀ ਅਰਬ ’ਚ ਗ੍ਰਿਫਤਾਰ ਕੀਤੇ ਗਏ ਜੇਬਕਤਰਿਆਂ ’ਚ ਪਾਕਿਸਤਾਨੀਆਂ ਦੀ ਗਿਣਤੀ ਬਹੁਤ ਵੱਧ ਹੈ।
ਇਸ ਲਈ ਸਾਊਦੀ ਅਰਬ ਨੇ ਪਾਕਿਸਤਾਨ ਸਰਕਾਰ ਨੂੰ ਇਥੋਂ ਤੱਕ ਕਹਿ ਦਿੱਤਾ ਹੈ ਕਿ ਜ਼ਾਇਰੀਨ (ਤੀਰਥ ਯਾਤਰੀਆਂ) ਦੇ ਨਾਂ ’ਤੇ ਸਾਡੇ ਇੱਥੇ ਜੇਬਕਤਰਿਆਂ ਨੂੰ ਭੇਜਣਾ ਬੰਦ ਕਰੋ। ਸਾਡੀਆਂ ਜੇਲਾਂ ਤੁਹਾਡੇ ਜੇਬਕਤਰਿਆਂ ਕਾਰਨ ਭਰ ਗਈਆਂ ਹਨ।
ਸਾਊਦੀ ਅਰਬ ਨੇ ਆਪਣੇ ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਦੀ ਇਕ ਬੈਠਕ ’ਚ ਪਾਕਿਸਤਾਨ ਨੂੰ ਆਪਣੇ ਹੱਜ ਕੋਟੇ ਤੋਂ ਜ਼ਾਇਰੀਨਾਂ (ਤੀਰਥ ਯਾਤਰੀਆਂ) ਦੀ ਚੋਣ ਕਰਨ ’ਚ ਚੌਕਸੀ ਵਰਤਣ ਲਈ ਕਿਹਾ ਹੈ।
ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਪ੍ਰਬੰਧ ਨਿਰਦੇਸ਼ਕ ‘ਕ੍ਰਿਸਟਾਲਿਨਾ ਜਾਰਜੀਵਾ’ ਨੇ ਪਾਕਿਸਤਾਨ ਦੇ ਗਰੀਬਾਂ ਨੂੰ ਉਨ੍ਹਾਂ ਦੀ ਦੁਰਦਸ਼ਾ ਤੋਂ ਕੁਝ ਰਾਹਤ ਦੇਣ ਲਈ ਅਮੀਰਾਂ ਤੋਂ ਵੱਧ ਟੈਕਸ ਵਸੂਲਣ ਦਾ ਸੁਝਾਅ ਦਿੱਤਾ ਹੈ।
ਆਈ. ਐੱਮ. ਐੱਫ. ਨੇ ਪਾਕਿਸਤਾਨ ਦੀ ਲੜਖੜਾਉਂਦੀ ਅਰਥਵਿਵਸਥਾ ਨੂੰ ਸੰਕਟ ਤੋਂ ਉਭਾਰਨ ਲਈ ਇਸ ਸਾਲ ਜੁਲਾਈ ’ਚ 1.2 ਅਰਬ ਡਾਲਰ ਦੀ ਰਾਹਤ ਦਿੱਤੀ ਸੀ, ਜੋ 9 ਮਹੀਨਿਆਂ ਲਈ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ 3 ਬਿਲੀਅਨ ਅਮਰੀਕੀ ਡਾਲਰ ਦੇ ਬੇਲਆਊਟ ਪ੍ਰੋਗਰਾਮ ਦਾ ਇਕ ਿਹੱਸਾ ਹੈ।
ਆਈ. ਐੱਮ. ਐੱਫ. ਤੋਂ ਮਦਦ ਲੈਣ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਦੇ ਨਤੀਜੇ ਵਜੋਂ ਬਿਜਲੀ ਅਤੇ ਪੈਟਰੋਲ ਦੀਆਂ ਕੀਮਤਾਂ ’ਚ ਭਾਰੀ ਵਾਧੇ ਨਾਲ ਅਗਸਤ ਮਹੀਨੇ ’ਚ ਮਹਿੰਗਾਈ 27.4 ਫੀਸਦੀ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ।
ਅਜਿਹੇ ਹਾਲਾਤ ’ਚ ਆਈ. ਐੱਮ. ਐੱਫ. ਦੀ ਪ੍ਰਬੰਧ ਨਿਰਦੇਸ਼ਕ ‘ਕ੍ਰਿਸਟਾਲਿਨਾ ਜਾਰਜੀਵਾ’ ਨੇ ਪਾਕਿਸਤਾਨ ਸਰਕਾਰ ਨੂੰ ਅਮੀਰਾਂ ਤੋਂ ਵੱਧ ਟੈਕਸ ਵਸੂਲ ਕੇ ਗਰੀਬਾਂ ਦੇ ਹਿੱਤਾਂ ਦੀ ਰੱਖਿਆ ਕਰਨ ਦਾ ਸੁਝਾਅ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਦੇ ਲੋਕ ਵੀ ਇਹੀ ਚਾਹੁੰਦੇ ਹੋਣਗੇ ਕਿਉਂਕਿ ਸਰਕਾਰ ਵੱਲੋਂ ਅਤੀਤ ਦੀਆਂ ਕਮੀਆਂ ’ਤੇ ਧਿਆਨ ਦੇ ਕੇ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਜ਼ਿੰਦਾ ਕਰਨਾ ਹੀ ਉੱਥੋਂ ਦੇ ਲੋਕਾਂ ਦੇ ਹਿੱਤਾਂ ’ਚ ਹੈ।
ਵਰਨਣਯੋਗ ਹੈ ਕਿ ਇਸ ਸਾਲ ਅਪ੍ਰੈਲ ’ਚ ਵੀ ‘ਕ੍ਰਿਸਟਾਲਿਨਾ ਜਾਰਜੀਵਾ’ ਨੇ ਪਾਕਿਸਤਾਨ ਸਰਕਾਰ ਨੂੰ ਅਮੀਰਾਂ ਨੂੰ ਰਾਹਤਾਂ ਦੇਣਾ ਬੰਦ ਕਰਨ ਦੀ ਸਲਾਹ ਦਿੱਤੀ ਸੀ ਅਤੇ ਕਿਹਾ ਸੀ ਕਿ ‘‘ਆਰਥਿਕ ਮੰਦਹਾਲੀ ਤੋਂ ਪੀੜਤ ਪਾਕਿਸਤਾਨ ਜੇ ਸੱਚਮੁੱਚ ਇਕ ਦੇਸ਼ ਵਜੋਂ ਕੰਮ ਕਰਨਾ ਚਾਹੁੰਦਾ ਹੈ ਅਤੇ ਖਤਰਨਾਕ ਥਾਂ ਨਹੀਂ ਬਣਨਾ ਚਾਹੁੰਦਾ ਤਾਂ ਇਸ ਦੇ ਹਾਕਮਾਂ ਨੂੰ ਕੁਝ ਕਦਮ ਉਠਾਉਣੇ ਹੋਣਗੇ।’’
‘‘ਟੈਕਸ ਉਨ੍ਹਾਂ ’ਤੇ ਵਧਾਇਆ ਜਾਵੇ ਜੋ ਚੰਗਾ ਕਮਾਉਂਦੇ ਹਨ ਅਤੇ ਸਬਸਿਡੀ ਦੀ ਵੰਡ ਸਹੀ ਢੰਗ ਨਾਲ ਕੀਤੀ ਜਾਵੇ। ਜਿਨ੍ਹਾਂ ਨੂੰ ਲੋੜ ਹੈ ਉਨ੍ਹਾਂ ਨੂੰ ਸਬਸਿਡੀ ਮਿਲੇ। ਇਹ ਅਮੀਰਾਂ ਲਈ ਨਹੀਂ ਸਗੋਂ ਗਰੀਬਾਂ ਲਈ ਹੈ।’’
ਉਨ੍ਹਾਂ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ‘‘ਗਰੀਬਾਂ ਨੂੰ ਸਬਸਿਡੀ ਦਾ ਲਾਭ ਨਾ ਮਿਲਣਾ ਅਤੇ ਅਮੀਰਾਂ ਵੱਲੋਂ ਉਨ੍ਹਾਂ ਨੂੰ ਅਧਿਕਾਰ ਤੋਂ ਵਾਂਝੇ ਕਰਨਾ ਢੁੱਕਵਾਂ ਨਹੀਂ ਹੈ। ਇਸ ਲਈ ਅਮੀਰਾਂ ’ਤੇ ਟੈਕਸ ਵਧਾਉਣਾ ਜ਼ਰੂਰੀ ਹੈ।’’
ਹੁਣ ਤਕ ਤਾਂ ਪਾਕਿਸਤਾਨ ਦੁਨੀਆ ’ਚ ਸਭ ਤੋਂ ਵੱਧ ਦਹਿਸ਼ਤਗਰਦਾਂ (ਅੱਤਵਾਦੀਆਂ) ਦੀ ਬਰਾਮਦ ਲਈ ਬਦਨਾਮ ਸੀ ਅਤੇ ਹੁਣ ਦੁਨੀਆ ’ਚ ਭਿਖਾਰੀਆਂ ਦੀ ‘ਬਰਾਮਦ’ ਲਈ ਵੀ ਚਰਚਾ ’ਚ ਆ ਗਿਆ ਹੈ।
ਜਿੱਥੇ ਪਾਕਿਸਤਾਨ ਤੋਂ ਤੀਰਥ ਯਾਤਰਾ ਦੇ ਨਾਂ ’ਤੇ ਵਿਦੇਸ਼ ਜਾ ਰਹੇ ਪਾਕਿਸਤਾਨੀ ਆਪਣੇ ਦੇਸ਼ ਦੇ ਹਾਕਮਾਂ ਲਈ ਸ਼ਰਮਿੰਦਗੀ ਦਾ ਕਾਰਨ ਬਣ ਰਹੇ ਹਨ, ਉੱਥੇ ਕੌਮਾਂਤਰੀ ਮੁਦਰਾ ਫੰਡ ਦੀ ਪ੍ਰਬੰਧ ਨਿਰਦੇਸ਼ਕ ਨੇ ਪਾਕਿਸਤਾਨ ਦੇ ਹੁਕਮਾਂ ਨੂੰ ਅਮੀਰਾਂ ’ਤੇ ਭਾਰੀ ਟੈਕਸ ਲਾਉਣ ਦਾ ਸੁਝਾਅ ਦੇ ਕੇ ਦੇਸ਼ ਦੀ ਖਸਤਾਹਾਲ ਸਥਿਤੀ ਅਤੇ ਗਰੀਬਾਂ ਨੂੰ ਸਬਸਿਡੀ ਦੇਣ ’ਚ ਵਿਤਕਰੇ ਦੀ ਪੋਲ ਖੋਲ੍ਹ ਦਿੱਤੀ ਹੈ।
-ਵਿਜੇ ਕੁਮਾਰ
ਆਖਿਰ ਕਿਉਂ ਨਹੀਂ ਰੁਕ ਰਿਹਾ ਦੇਸ਼ ’ਚ ਔਰਤਾਂ ਦਾ ਸ਼ੋਸ਼ਣ
NEXT STORY